07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਵਿਦੇਸ਼ਾਂ 'ਚ ਬੱਚਿਆਂ ਅੰਦਰ ਵਧ ਰਿਹਾ ਹੈ ਪੰਜਾਬੀ ਭਾਸ਼ਾ ਦਾ ਚਲਣ

ਅਜੀਤ ਡੈਸਕ 30-03-2026

ਪੰਜਾਬੀ ਸਿਰਫ਼ ਇਕ ਭਾਸ਼ਾ ਨਹੀਂ, ਸਗੋਂ ਸਾਡੀ ਪਛਾਣ, ਸੱਭਿਆਚਾਰ ਤੇ ਵਿਰਾਸਤ ਦੀ ਜਿਉਂਦੀ ਜਾਗਦੀ ਨਿਸ਼ਾਨੀ ਹੈ। ਇਸ ਗੱਲ ਦਾ ਅਹਿਸਾਸ ਮੈਨੂੰ ਆਪਣੀ ਕੈਨੇਡਾ ਫੇਰੀ ਦੌਰਾਨ ਹੋਇਆ। ਕੈਨੇਡਾ ਵਿਖੇ ਮੈਂ ਆਪਣੇ ਪੁੱਤਰ ਤੇ ਭਾਣਜੇ ਦੇ ਵਿਆਹ ਵਿਚ ਸ਼ਮੂਲੀਅਤ ਕੀਤੀ। ਇਸ ਕਰਕੇ ਮੈਂ ਟੋਰਾਂਟੋ ਤੇ ਵੈਨਕੁਵਰ ਵਿਚ ਘੁੰਮਦਿਆਂ ਹੋਇਆਂ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਮੌਜੂਦਾ ਸਮੇਂ 'ਚ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਪਰਿਵਾਰ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਜਾਂ ਕੋਈ ਹੋਰ ਭਾਸ਼ਾਵਾਂ ਸਿਖਾਉਣ ਉੱਤੇ ਤਾਂ ਜ਼ੋਰ ਦਿੰਦੇ ਹਨ, ਉੱਥੇ ਹੀ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਵਿਦੇਸ਼ ਵਿਚ ਬੱਚਿਆਂ ਅੰਦਰ ਪੰਜਾਬੀ ਭਾਸ਼ਾ ਦਾ ਚਲਨ ਵੀ ਲਗਾਤਾਰ ਵਧ ਰਿਹਾ ਹੈ। ਦੂਜੇ ਪਾਸੇ ਜੇਕਰ ਗੱਲ ਕਰੀਏ ਆਪਣੇ ਮੁਲਕ ਭਾਰਤ ਦੀ ਤਾਂ ਇੱਥੋਂ ਦੇ ਬੱਚੇ ਲਗਾਤਾਰ ਪੰਜਾਬੀ ਭਾਸ਼ਾ ਵਲੋਂ ਮੂੰਹ ਮੋੜਦੇ ਨਜ਼ਰ ਆ ਰਹੇ ਹਨ। ਵਿਦੇਸ਼ ਵਿਚ ਪੰਜਾਬੀ ਭਾਸ਼ਾ ਦੇ ਚਲਨ ਪਿੱਛੇ ਉਹ ਕਿਹੜੇ ਕਾਰਨ ਹਨ, ਗੱਲ ਕਰਦੇ ਹਾਂ ਉਨ੍ਹਾਂ ਬਾਰੇ:-
ਪੰਜਾਬੀ ਭਾਈਚਾਰੇ ਦੀ ਭੂਮਿਕਾ-ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਅਮਰੀਕਾ, ਨਿਊਜ਼ੀਲੈਂਡ ਤੇ ਸਿੰਗਾਪੁਰ ਵਰਗੇ ਦੇਸ਼ਾਂ ਵਿਚ ਜਿੱਥੇ ਵੱਡੀ ਗਿਣਤੀ ਵਿਚ ਪੰਜਾਬੀ ਵਸਦੇ ਹਨ। ਇਨ੍ਹਾਂ ਦੇਸ਼ਾਂ ਵਿਚ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਗੁਰਦੁਆਰਿਆਂ, ਸੱਭਿਆਚਾਰਕ ਸੰਸਥਾਵਾਂ ਅਤੇ ਸਕੂਲਾਂ ਰਾਹੀਂ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿੱਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਹਫ਼ਤੇ ਵਿਚ ਸਕੂਲਾਂ ਅਤੇ ਕਮਿਊਨਿਟੀ ਸੈਂਟਰਾਂ ਅੰਦਰ ਪੰਜਾਬੀ ਭਾਸ਼ਾ ਪੜ੍ਹਾਈ ਜਾ ਰਹੀ ਹੈ, ਬੱਚਿਆਂ ਦੀਆਂ ਗੁਰਮਤਿ ਦੀਆਂ ਕਲਾਸਾਂ ਲਾਈਆਂ ਜਾ ਰਹੀਆਂ ਹਨ। ਇਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਨਵੀਂ ਪੀੜ੍ਹੀ ਆਪਣੀ ਮਾਂ-ਬੋਲੀ ਪੰਜਾਬੀ ਨਾਲ ਜੁੜੀ ਰਹਿੰਦੀ ਹੈ।
ਘਰ ਦਾ ਮਾਹੌਲ-ਵਿਦੇਸ਼ ਵਿਚ ਵਸਦੇ ਮਾਪੇ ਹੁਣ ਇਹ ਗੱਲ ਚੰਗੀ ਤਰ੍ਹਾਂ ਸਮਝਣ ਲੱਗ ਪਏ ਹਨ ਕਿ ਮਾਂ-ਬੋਲੀ ਪੰਜਾਬੀ ਨਾਲ ਜੋੜ ਕੇ ਬੱਚਿਆਂ ਦੀ ਸੋਚ ਤੇ ਪਛਾਣ ਮਜ਼ਬੂਤ ਕੀਤੀ ਜਾ ਸਕਦੀ ਹੈ। ਘਰ ਵਿਚ ਦਾਦਾ-ਦਾਦੀ, ਨਾਨਾ-ਨਾਨੀ ਜਾਂ ਪਤੀ-ਪਤਨੀ ਵਲੋਂ ਬੱਚਿਆਂ ਨਾਲ ਪੰਜਾਬੀ ਬੋਲਣ ਦੀ ਪਹਿਲਕਦਮੀ ਕੀਤੀ ਜਾਂਦੀ ਹੈ। ਬੱਚਿਆਂ ਨੂੰ ਪੰਜਾਬੀ ਬੋਲਣ, ਪੰਜਾਬੀ ਕਹਾਣੀਆਂ ਸੁਣਾਉਣ ਅਤੇ ਪੰਜਾਬੀ ਗੀਤ ਸੁਣਨ ਦੀ ਪ੍ਰਥਾ ਉਨ੍ਹਾਂ ਵਿਚ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਤੇ ਵਿਸ਼ਵਾਸ ਪੈਦਾ ਕਰਦੀ ਹੈ। ਉਂਝ ਵੀ ਸਿੱਖਿਆ ਮਾਹਿਰ ਮੰਨਦੇ ਹਨ ਕਿ ਜਦੋਂ ਬੱਚੇ ਦੋ ਜਾਂ ਤਿੰਨ ਭਾਸ਼ਾਵਾਂ ਸਿੱਖਦੇ ਹਨ, ਉਹ ਬੌਧਿਕ ਤੌਰ 'ਤੇ ਵੀ ਜ਼ਿਆਦਾ ਮਜ਼ਬੂਤ ਬਣਦੇ ਹਨ।
ਗੁਰਦੁਆਰੇ ਤੇ ਧਾਰਮਿਕ ਸਿੱਖਿਆ-ਵਿਦੇਸ਼ਾਂ ਵਿਚ ਸਥਿਤ ਗੁਰਦੁਆਰੇ ਸਿਰਫ਼ ਸ਼ਰਧਾ ਭੇਟ ਕਰਨ ਦਾ ਧਾਰਮਿਕ ਕੇਂਦਰ ਹੀ ਨਹੀਂ, ਸਗੋਂ ਸੱਭਿਆਚਾਰਕ ਤੇ ਭਾਸ਼ਾਈ ਸਿੱਖਿਆ ਦੇ ਮੁਢਲੇ ਕੇਂਦਰ ਵੀ ਹਨ। ਆਮ ਤੌਰ 'ਤੇ ਉੱਥੇ ਬੱਚਿਆਂ ਨੂੰ ਗੁਰਮੁਖੀ ਸਿਖਾਈ ਜਾਂਦੀ ਹੈ ਅਤੇ ਕੀਰਤਨ, ਕਥਾ ਤੇ ਗੁਰ-ਇਤਿਹਾਸ ਰਾਹੀਂ ਪੰਜਾਬੀ ਭਾਸ਼ਾ ਨਾਲ ਜੋੜਿਆ ਜਾਂਦਾ ਹੈ। ਇਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਬੱਚੇ ਆਪਣੇ ਵਿਰਸੇ ਤੇ ਇਤਿਹਾਸ ਨੂੰ ਜਾਣਨ ਲਈ ਹੋਰ ਉਤਸ਼ਾਹਿਤ ਹੁੰਦੇ ਹਨ। ਮੈਂ ਆਪਣੇ ਭਾਣਜੇ ਦੇ ਘਰ ਵਿਚ ਹੀ ਵੇਖਿਆ ਕਿ ਉਸ ਦੇ ਸੰਢੂ ਦਾ ਮੁੰਡਾ ਮੈਨੂੰ ਕਹਿੰਦਾ ਕਿ ਮੈਂ ਤਾਂ ਆਪਣੇ ਕੇਸ ਰੱਖਣੇ ਹਨ ਤੇ ਪੱਗ ਬੰਨ੍ਹਣੀ ਹੈ। ਪੱਗ ਵਿਚ ਮੈਂ ਸੋਹਣਾ-ਸੁਨੱਖਾ ਲੱਗਦਾ ਹਾਂ। ਮੈਂ ਉਸ ਦੇ ਪਿਤਾ ਨੂੰ ਪ੍ਰ੍ਰੇਰਿਤ ਕੀਤਾ ਕਿ ਉਹ ਆਪਣੇ ਬੱਚੇ ਦੀ ਭਾਵਨਾ ਦੀ ਕਦਰ ਕਰੇ। ਘਰ ਵਿਚ ਨਿੱਕੇ-ਨਿੱਕੇ ਬੱਚੇ ਆਪਸ ਵਿਚ ਪੰਜਾਬੀ 'ਚ ਹੀ ਗੱਲਬਾਤ ਕਰਦੇ ਹਨ। ਖ਼ਾਸ ਤੌਰ 'ਤੇ ਜਦੋਂ ਉਹ ਮੇਰੇ ਨਾਲ ਪੰਜਾਬੀ ਬੋਲਦੇ ਹਨ ਤਾਂ ਮੈਨੂੰ ਆਪਣੇ ਭਾਰਤ, ਖ਼ਾਸ ਤੌਰ 'ਤੇ ਦਿੱਲੀ ਦੇ ਘਰਾਂ ਦੇ ਬੱਚੇ ਯਾਦ ਆ ਜਾਂਦੇ ਹਨ, ਜਿੱਥੇ ਬੱਚੇ ਸਿਰਫ਼ ਤੇ ਸਿਰਫ਼ ਹਿੰਦੀ ਭਾਸ਼ਾ ਹੀ ਬੋਲਦੇ ਹਨ।
ਸੋਸ਼ਲ ਮੀਡੀਆ ਤੇ ਤਕਨਾਲੋਜੀ-ਹੁਣ ਅਸੀਂ ਹਰ ਕਿਸੇ ਨੂੰ ਇਹ ਕਹਿੰਦਿਆਂ ਵੀ ਸੁਣਦੇ ਹਾਂ ਕਿ ਅੱਜ ਦਾ ਯੁੱਗ ਸੋਸ਼ਲ ਮੀਡੀਆ ਦਾ ਹੈ। ਮੌਜੂਦਾ ਸਮੇਂ ਵਿਚ ਮੋਬਾਈਲ ਐਪਸ, ਯੂ-ਟਿਊਬ ਚੈਨਲ ਅਤੇ ਵੱਖ-ਵੱਖ ਸੋਸ਼ਲ ਮੀਡੀਆ ਮੰਚ ਵੀ ਪੰਜਾਬੀ ਦੇ ਪ੍ਰਚਾਰ-ਪਸਾਰ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ। ਪੰਜਾਬੀ ਕਾਰਟੂਨ, ਕਵਿਤਾਵਾਂ ਤੇ ਕਹਾਣੀਆਂ ਬੱਚਿਆਂ ਨੂੰ ਆਸਾਨ ਤੇ ਮਨੋਰੰਜਕ ਢੰਗ ਨਾਲ ਭਾਸ਼ਾ ਸਿਖਾਉਂਦੀਆਂ ਹਨ। ਇਸ ਕਰਕੇ ਇੱਥੋਂ ਦੇ ਬੱਚੇ ਟੈਬ, ਲੈਪਟਾਪ ਤੇ ਟੀ.ਵੀ. ਰਾਹੀਂ ਪੰਜਾਬੀ ਭਾਸ਼ਾ ਦੇ ਕਾਰਟੂਨ ਪਹਿਲ ਦੇ ਆਧਾਰ 'ਤੇ ਵੇਖਦੇ ਹਨ।
ਸਕੂਲਾਂ 'ਚ ਪੰਜਾਬੀ ਦੀ ਮਾਨਤਾ-ਕੁਝ ਬਾਹਰਲੇ ਦੇਸ਼ਾਂ ਦੇ ਸਕੂਲਾਂ ਵਿਚ ਪੰਜਾਬੀ ਭਾਸ਼ਾ ਨੂੰ ਚੋਣਵੇਂ ਵਿਸ਼ੇ ਵਜੋਂ ਵੀ ਪੜ੍ਹਾਇਆ ਜਾ ਰਿਹਾ ਹੈ। ਇਸ ਨਾਲ ਬੱਚਿਆਂ ਨੂੰ ਸਰਕਾਰੀ ਤੌਰ 'ਤੇ ਆਪਣੀ ਭਾਸ਼ਾ ਸਿੱਖਣ ਦਾ ਮੌਕਾ ਮਿਲਦਾ ਹੈ ਅਤੇ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਦਾ ਹੈ। ਟੋਰਾਂਟੋ ਵਿਖੇ ਮੇਰੀ ਆਪਣੀ ਇਕ ਵਿਦਿਆਰਥਣ ਹਰਪ੍ਰੀਤ ਕੌਰ ਵੀ ਸਕੂਲ ਵਿਚ ਬੱਚਿਆਂ ਨੂੰ ਪੰਜਾਬੀ ਭਾਸ਼ਾ ਤੇ ਕੀਰਤਨ ਦੀ ਸਿਖਲਾਈ ਦੇ ਰਹੀ ਹੈ।
ਅਖੀਰ ਵਿਚ ਕਿਹਾ ਜਾ ਸਕਦਾ ਹੈ ਕਿ ਵਿਦੇਸ਼ ਵਿਚ ਬੱਚਿਆਂ ਅੰਦਰ ਵਧ ਰਿਹਾ ਪੰਜਾਬੀ ਭਾਸ਼ਾ ਦਾ ਚਲਨ ਬਹੁਤ ਹੀ ਸੁਖਦ ਸੰਕੇਤ ਹੈ। ਇਹ ਸਾਡੀਆਂ ਸੱਭਿਆਚਾਰਕ ਜੜ੍ਹਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਨਵੀਂ ਪੀੜ੍ਹੀ ਨੂੰ ਆਪਣੀ ਪਛਾਣ ਨਾਲ ਜੋੜਦਾ ਹੈ। ਜੇ ਮਾਪੇ, ਸਮਾਜਿਕ ਸੰਸਥਾਵਾਂ ਅਤੇ ਸਕੂਲ ਇਕੱਠੇ ਹੋ ਕੇ ਯਤਨ ਕਰਦੇ ਰਹੇ ਤਾਂ ਪੰਜਾਬੀ ਭਾਸ਼ਾ ਵਿਦੇਸ਼ਾਂ ਵਿਚ ਹੋਰ ਵੀ ਪ੍ਰਫੁੱਲਤ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਦੀ ਰਹੇਗੀ।

-ਲੈਕਚਰਾਰ (ਪੰਜਾਬੀ),
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਸ਼ਾਹਦਰਾ (ਦਿੱਲੀ)।
ਮੋਬਾਈਲ : 92126-32234

ਪਿਛਲੀ ਖ਼ਬਰ ਚੋਣ ਕਮਿਸ਼ਨ ਨੂੰ ਕਿਸ ਗੱਲ ਦਾ ਡਰ ਹੈ? ਅਗਲੀ ਖ਼ਬਰ ਪੰਜਾਬ ਵਲੋਂ ਉੱਦਮ ਅਤੇ ਨਿਵੇਸ਼ ਲਈ ਨਵੀਂ ਪਹਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।