07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਪੰਜਾਬ ਵਲੋਂ ਉੱਦਮ ਅਤੇ ਨਿਵੇਸ਼ ਲਈ ਨਵੀਂ ਪਹਿਲ

ਅਜੀਤ ਡੈਸਕ 30-03-2026

ਪਿਛਲੇ ਹਫ਼ਤੇ, ਮੈਨੂੰ ਪੰਜਾਬ ਪ੍ਰੋਗਰੈਸਿਵ ਇਨਵੈਸਟਰਜ਼ ਸੰਮੇਲਨ 2026 ਦੇ ਮੌਕੇ 'ਤੇ ਦੁਨੀਆ ਦੇ ਕਈ ਪ੍ਰਮੁੱਖ ਵਪਾਰਕ ਆਗੂਆਂ ਨਾਲ ਗੱਲਬਾਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਉਦਘਾਟਨੀ ਸੈਸ਼ਨ ਵਿਚ ਆਲਮੀ ਭਾਰਤੀ ਉਦਯੋਗਪਤੀਆਂ ਦੇ ਵਿਸ਼ੇਸ਼ ਇਕੱਠ ਨੇ ਇਹ ਸੰਕੇਤ ਦਿੱਤਾ ਕਿ ਪੰਜਾਬ ਇਕ ਵਾਰ ਫਿਰ ਉਦਯੋਗ, ਨਵੀਨਤਾ ਅਤੇ ਨਿਵੇਸ਼ ਲਈ ਇਕ ਜੀਵੰਤ ਕੇਂਦਰ ਵਜੋਂ ਉੱਭਰ ਰਿਹਾ ਹੈ।
ਮੌਜੂਦ ਪ੍ਰਮੁੱਖ ਆਗੂਆਂ ਵਿਚ ਗਲੋਬਲ ਸਟੀਲ ਉਤਪਾਦਕ ਲਕਸ਼ਮੀ ਨਿਵਾਸ ਮਿੱਤਲ ਵੀ ਸ਼ਾਮਿਲ ਸਨ, ਜੋ ਪੈਰਿਸ ਤੋਂ ਉਡਾਣ ਭਰ ਕੇ ਸਵੇਰੇ 2 ਵਜੇ ਸਮਾਗਮ ਵਿਚ ਸ਼ਾਮਿਲ ਹੋਣ ਲਈ ਪਹੁੰਚੇ - ਇਕ ਅਜਿਹਾ ਸੰਕੇਤ, ਜੋ ਪੰਜਾਬ ਪ੍ਰਤੀ ਉਨ੍ਹਾਂ ਦੀ ਪੱਕੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਨਾਲ ਮੁਲਾਕਾਤ ਨੇ ਦੱਖਣੀ ਅਫ਼ਰੀਕਾ ਵਿਚ ਸਾਡੇ ਵਿਚਾਰ ਵਟਾਂਦਰਿਆਂ ਦੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ, ਜਿੱਥੇ ਉਨ੍ਹਾਂ ਨੇ ਦੱਖਣੀ ਅਫ਼ਰੀਕਾ ਸਰਕਾਰ ਦੇ ਉਦਯੋਗਿਕ ਵਿਕਾਸ ਨਿਗਮ ਦੇ ਸਹਿਯੋਗ ਨਾਲ ਆਪਣੇ ਸ਼ੁਰੂਆਤੀ ਸਟੀਲ ਪਲਾਂਟਾਂ ਵਿਚੋਂ ਇਕ ਸਥਾਪਤ ਕੀਤਾ ਸੀ, ਜਿਸ ਨਾਲ ਮਿਲ ਕੇ ਅਸੀਂ ਵੀ ਇਕ ਖਾਦ ਪਲਾਂਟ ਸਥਾਪਤ ਕੀਤਾ ਸੀ।
ਉਨ੍ਹਾਂ ਨੇ ਪੰਜਾਬ ਵਿਚ ਆਲਮੀ ਨਿਵੇਸ਼ ਨੂੰ ਪ੍ਰੇਰਿਤ ਕਰਨ ਵਿਚ ਮੇਰੇ ਯਤਨਾਂ ਦਾ ਨਿੱਘਾ ਸਵਾਗਤ ਕੀਤਾ। ਮੈਨੂੰ ਕਈ ਸਾਲ ਪਹਿਲਾਂ ਲੰਡਨ ਵਿਚ ਉਨ੍ਹਾਂ ਦੇ ਮਹਿਲ ਵਾਲੇ ਕੇਨਸਿੰਗਟਨ ਪੈਲੇਸ ਵਾਲੇ ਨਿਵਾਸ ਦੇ ਬਗੀਚਿਆਂ ਵਿਚ ਸਾਦੀ ਭਾਰਤੀ ਚਾਟ ਪਾਪੜੀ ਦਾ ਅਨੰਦ ਮਾਣਦੇ ਹੋਏ ਇਕ ਸੁਹਾਵਣੀ ਸ਼ਾਮ ਵੀ ਯਾਦ ਆਈ। ਅਜਿਹੀਆਂ ਗੱਲਬਾਤਾਂ ਸਿਰਫ਼ ਵਪਾਰਕ ਸੰਗਠਨਾਂ ਨੂੰ ਹੀ ਨਹੀਂ ਸਗੋਂ ਭਾਰਤ ਨਾਲ ਸਾਂਝੇ ਭਾਵਨਾਤਮਕ ਸੰਬੰਧ ਨੂੰ ਵੀ ਦਰਸਾਉਂਦੀਆਂ ਸਨ। ਉਨ੍ਹਾਂ ਦੇ ਵਪਾਰਕ ਗਰੁੱਪ ਨੇ ਬਠਿੰਡਾ ਵਿਖੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿਚ ਨਿਵੇਸ਼ ਕੀਤਾ ਸੀ, ਅਤੇ ਉਨ੍ਹਾਂ ਨੇ ਪੰਜਾਬ ਵਿਚ 2,600 ਕਰੋੜ ਰੁਪਏ ਦਾ ਹੋਰ ਨਿਵੇਸ਼ ਕਰਨ ਦੀ ਵਚਨਬੱਧਤਾ ਵੀ ਪ੍ਰਗਟ ਕੀਤੀ ।
ਸੱਜਣ ਜਿੰਦਲ ਨਾਲ ਮੇਰੀ ਗੱਲਬਾਤ ਵੀ ਓਨੀ ਹੀ ਉਤਸ਼ਾਹਜਨਕ ਸੀ। ਉਨ੍ਹਾਂ ਦੇ ਪਰਿਵਾਰ ਦੀਆਂ ਜੜ੍ਹਾਂ ਹਿਸਾਰ ਵਿਚ ਹਨ। ਉੱਥੇ ਆਪਣਾ ਪਹਿਲਾ ਸਟੀਲ ਪਲਾਂਟ ਸਥਾਪਤ ਕਰਨ ਤੋਂ ਬਾਅਦ ਜਿੰਦਲ ਸਮੂਹ ਇਕ ਵਿਸ਼ਵ-ਵਿਆਪੀ ਉਦਯੋਗਿਕ ਪਾਵਰਹਾਊਸ ਬਣ ਗਿਆ ਹੈ। ਉਨ੍ਹਾਂ ਦੀ ਕੰਪਨੀ ਪਹਿਲਾਂ ਹੀ ਰਾਜਪੁਰਾ ਵਿਚ ਇਕ ਪਲਾਂਟ ਚਲਾਉਂਦੀ ਹੈ ਅਤੇ ਹੁਣ ਉਨ੍ਹਾਂ ਵਲੋਂ 1,500 ਕਰੋੜ ਰੁਪਏ ਦਾ ਹੋਰ ਨਿਵੇਸ਼ ਕਰਨ ਦੀ ਵਚਨਬੱਧਤਾ ਪ੍ਰਗਟ ਕੀਤੀ ਹੈ, ਜਿਸ ਨਾਲ ਪੰਜਾਬ ਦੇ ਉਦਯੋਗਿਕ ਵਾਤਾਵਰਨ ਵਿਚ ਵਿਸ਼ਵਾਸ ਮਜ਼ਬੂਤ ਹੋਇਆ ਹੈ। ਇਕ ਹੋਰ ਦਿਲਖਿੱਚਵੀਂ ਗੱਲਬਾਤ ਸੁਨੀਲ ਕਾਂਤ ਮੁੰਜਾਲ ਨਾਲ ਹੋਈ, ਜਿਨ੍ਹਾਂ ਦੇ ਪਰਿਵਾਰ ਨੇ ਲੁਧਿਆਣਾ ਵਿਚ ਛੋਟੇ ਜਿਹੇ ਸਾਈਕਲ ਉਦਯੋਗ ਨਾਲ ਆਪਣੀ ਵਪਾਰਕ ਯਾਤਰਾ ਸ਼ੁਰੂ ਕੀਤੀ ਸੀ ਅਤੇ ਅੱਜ ਵਿਸ਼ਵ ਪੱਧਰ 'ਤੇ ਪ੍ਰਸਿੱਧ ਹੀਰੋ ਸਮੂਹ ਨੂੰ ਖੜਾ ਕਰਨ ਵਿਚ ਕਾਮਯਾਬ ਹੋਏ ਹਨ। ਅੱਜ ਇਹ ਸਮੂਹ ਇਲੈਕਟ੍ਰਿਕ ਵਾਹਨਾਂ ਅਤੇ ਉੱਭਰ ਰਹੇ ਤਕਨਾਲੋਜੀ ਖੇਤਰਾਂ ਵਿਚ ਫੈਲ ਰਿਹਾ ਹੈ। ਉਨ੍ਹਾਂ ਨੇ ਆਪਣੇ ਨੈੱਟਵਰਕ ਵਲੋਂ ਪੰਜਾਬ ਵਿਚ ਨਿਵੇਸ਼ ਦੀ ਪੇਸ਼ਕਸ਼ ਕੀਤੀ।
ਸਾਡੀ ਗੱਲਬਾਤ ਨੇ ਪਿਛਲੇ ਸਮੇਂ ਵਿਚ ਲਾਹੌਰ, ਇਸਲਾਮਾਬਾਦ ਅਤੇ ਕਰਾਚੀ ਦੀ ਇਕੱਠਿਆਂ ਯਾਤਰਾ ਕਰਨ ਦੀਆਂ ਮਿੱਠੀਆਂ ਯਾਦਾਂ ਨੂੰ ਤਾਜ਼ਾ ਕਰਵਾਇਆ, ਜਿੱਥੇ ਅਸੀਂ ਆਰਥਿਕ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨ ਲਈ ਕੰਮ ਕੀਤਾ ਸੀ। ਉਨ੍ਹਾਂ ਪੁਰਾਣੀਆਂ ਯਾਦਾਂ ਨੇ ਇਕ ਸਾਂਝੀ ਉਮੀਦ ਨੂੰ ਵੀ ਮੁੜ ਜਗਾਇਆ ਕਿ ਚੰਗੀ ਸਮਝ ਪ੍ਰਬਲ ਹੋਵੇਗੀ, ਅਤੇ ਵਾਹਗਾ ਸਰਹੱਦ ਵਪਾਰ ਲਈ ਪੂਰੀ ਤਰ੍ਹਾਂ ਖੁੱਲ੍ਹ ਜਾਵੇਗੀ - ਇਕ ਅਜਿਹਾ ਵਿਕਾਸ ਜੋ ਪੰਜਾਬ ਦੀ ਆਰਥਿਕਤਾ ਲਈ ਨਵਾਂ ਮੋੜ ਸਾਬਤ ਹੋ ਸਕਦਾ ਹੈ।
ਟੀ. ਵੀ. ਨਰਿੰਦਰਨ ਨਾਲ ਦੁਬਾਰਾ ਜੁੜਨਾ ਵੀ ਖੁਸ਼ੀ ਦੀ ਗੱਲ ਸੀ, ਜਿਨ੍ਹਾਂ ਨਾਲ ਮੈਂ ਬ੍ਰਿਕਸ ਬਿਜ਼ਨਸ ਕੌਂਸਲ ਵਿਚ ਆਪਣੇ ਮੁਕਾਮ ਦੌਰਾਨ ਇਕੱਠੇ ਕੰਮ ਕੀਤਾ ਸੀ, ਅਤੇ ਕਈ ਬ੍ਰਿਕਸ ਦੇਸ਼ਾਂ ਵਿਚ ਪ੍ਰਧਾਨ ਮੰਤਰੀ ਦੇ ਵਫ਼ਦ ਦੇ ਹਿੱਸੇ ਵਜੋਂ। ਭਾਰਤ ਦੀ ਨੁਮਾਇੰਦਗੀ ਕੀਤੀ ਸੀ।
ਟਾਟਾ ਸਟੀਲ ਇਸ ਸਮੇਂ ਲੁਧਿਆਣਾ ਵਿਚ 3,200 ਕਰੋੜ ਰੁਪਏ ਦਾ ਸਟੀਲ ਰੀਸਾਈਕਲਿੰਗ ਪਲਾਂਟ ਸਥਾਪਤ ਕਰ ਰਿਹਾ ਹੈ। ਸਾਡੀ ਗੱਲਬਾਤ ਦੌਰਾਨ, ਉਸਨੇ ਇਹ ਵੀ ਟਿੱਪਣੀ ਕੀਤੀ ਕਿ ਮੰਡੀ ਗੋਬਿੰਦਗੜ੍ਹ ਲੰਬੇ ਸਮੇਂ ਤੋਂ ਕੰਪਨੀ ਲਈ ਸਭ ਤੋਂ ਮਹੱਤਵਪੂਰਨ ਮੰਡੀ ਰਿਹਾ ਹੈ।
ਪੰਜਾਬ ਦੇ ਘਰੇਲੂ ਉਦਯੋਗਿਕ ਦਿੱਗਜ - ਸੋਨਾਲੀਕਾ ਦੇ ਏ.ਐਸ. ਮਿੱਤਲ, ਟ੍ਰਾਈਡੈਂਟ ਦੇ ਰਾਜਿੰਦਰ ਗੁਪਤਾ, ਮੋਂਟੇ ਕਾਰਲੋ ਦੇ ਕਮਲ ਓਸਵਾਲ ਅਤੇ ਲਾਲ ਕਿਲ੍ਹਾ ਬਾਸਮਤੀ ਚੌਲਾਂ ਦੇ ਅਰਵਿੰਦਰ ਸਿੰਘ ਨਾਲ ਮੇਰੀ ਗੱਲਬਾਤ ਵੀ ਓਨੀ ਹੀ ਪ੍ਰੇਰਨਾਦਾਇਕ ਸੀ ਦੂਰਦਰਸ਼ੀ ਉੱਦਮੀ ਜਿਨ੍ਹਾਂ ਨੇ ਆਪਣੀਆਂ ਜੜ੍ਹਾਂ ਨਾਲ ਡੂੰਘਾਈ ਨਾਲ ਜੁੜਦਿਆਂ ਵਿਸ਼ਵ ਪੱਧਰ 'ਤੇ ਆਦਰਯੋਗ ਸਥਾਨ ਹਾਸਿਲ ਕੀਤੇ ਹਨ। ਉਨ੍ਹਾਂ ਸਾਰਿਆਂ ਨੇ ਰਾਜ ਦੇ ਵਿਕਸਤ ਹੋ ਰਹੇ ਉਦਯੋਗਿਕ ਦ੍ਰਿਸ਼ ਵਿਚ ਵਿਸ਼ਵਾਸ ਦੀ ਇਕ ਮਜ਼ਬੂਤ ਭਾਵਨਾ ਪ੍ਰਗਟ ਕੀਤੀ।
ਮੋਹਾਲੀ ਵਿਚ ਇਨਫੋਸਿਸ ਕੈਂਪਸ ਦੇ ਨੀਂਹ ਪੱਥਰ ਸਮਾਰੋਹ ਵਿਚ ਸ਼ਾਮਿਲ ਹੋਣਾ ਮੇਰੇ ਲਈ ਬਹੁਤ ਸੰਤੁਸ਼ਟੀ ਦਾ ਵਿਸ਼ਾ ਸੀ। ਮੈਂ ਇਸ ਪ੍ਰੋਜੈਕਟ ਨੂੰ ਬੂਰ ਪੈਣ ਤੱਕ ਇਸ ਨਾਲ ਜੁੜਿਆ ਰਿਹਾ ਹਾਂ ਅਤੇ ਮੈਂ ਆਪਣੀ ਰਾਜ ਸਭਾ ਸਹਿਯੋਗੀ ਸੁਧਾ ਮੂਰਤੀ ਦਾ ਇਸ ਪਹਿਲਕਦਮੀ ਨੂੰ ਸੱਚ ਸਾਬਤ ਕਰਨ ਵਿਚ ਉਨ੍ਹਾਂ ਦੇ ਰੋਲ ਲਈ ਧੰਨਵਾਦੀ ਹਾਂ। ਇਸ ਪ੍ਰੋਜੈਕਟ ਤੋਂ ਆਈ.ਟੀ ਖੇਤਰ ਵਿਚ ਲਗਭਗ 5,000 ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੀ ਉਮੀਦ ਹੈ। ਇਨਫੋਸਿਸ ਦਾ ਨਿਵੇਸ਼ ਪੰਜਾਬ ਦੇ ਤਕਨਾਲੋਜੀ ਆਧਾਰਿਤ ਵਿਕਾਸ ਲਈ ਇਕ ਜੀਵੰਤ ਹੱਬ ਵਜੋਂ ਉਭਰਨ ਵਿਚ ਇਕ ਮਹੱਤਵਪੂਰਨ ਮੀਲ ਪੱਥਰ ਹੈ।
ਮੈਂ ਮੋਹਾਲੀ ਵਿਚ ਸੈਮੀਕੰਡਕਟਰ ਲੈਬਾਰਟਰੀ (SCL) ਦੇ ਆਧੁਨਿਕੀਕਰਨ ਲਈ ਫਰਵਰੀ 2024 ਵਿਚ ਕੇਂਦਰ ਸਰਕਾਰ ਦੁਆਰਾ ਐਲਾਨੇ ਗਏ 10,000 ਕਰੋੜ ਰੁਪਏ ਦੀ ਰਕਮ ਛੇਤੀ ਜਾਰੀ ਕਰਵਾਉਣ ਲਈ ਵੀ ਯਤਨਸ਼ੀਲ ਰਿਹਾ ਹਾਂ, ਜੋ ਇਸ ਨੂੰ ਇਕ ਆਧੁਨਿਕ ਸੈਮੀਕੰਡਕਟਰ ਨਿਰਮਾਣ ਅਤੇ ਖੋਜ ਹੱਬ ਵਿਚ ਬਦਲਣ ਦੇ ਸਮਰੱਥ ਹੈ। ਇਸ ਦੌਰਾਨ ਅਸੀਂ ਕਾਂਟੀਨੈਂਟਲ ਡਿਵਾਈਸਿਜ਼ ਵਰਗੀਆਂ ਕੰਪਨੀਆਂ ਤੋਂ ਨਿੱਜੀ ਸੈਮੀਕੰਡਕਟਰ ਅਤੇ ਇਲੈਕਟ੍ਰਾਨਿਕਸ ਨਿਵੇਸ਼ਕਾਂ ਨੂੰ ਆਕਰਸ਼ਿਤ ਕਰ ਸਕਦੇ ਹਾਂ। ਇਸੇ ਤਰ੍ਹਾਂ, ਰਾਜਪੁਰਾ ਵਿਖੇ 1,100 ਏਕੜ ਦੇ ਏਕੀਕ੍ਰਿਤ ਨਿਰਮਾਣ ਕਲੱਸਟਰ, ਜਿਸ ਨੂੰ ਅਗਸਤ 2024 ਵਿਚ ਰਾਸ਼ਟਰੀ ਉਦਯੋਗਿਕ ਕੋਰੀਡੋਰ ਵਿਕਾਸ ਪ੍ਰੋਗਰਾਮ ਅਧੀਨ 1,367 ਕਰੋੜ ਰੁਪਏ ਦੀ ਪ੍ਰੋਜੈਕਟ ਲਾਗਤ ਨਾਲ ਮਨਜ਼ੂਰੀ ਦਿੱਤੀ ਗਈ ਸੀ, ਵਿਚ ਬਹੁਤ ਸੰਭਾਵਨਾਵਾਂ ਹਨ। ਇਕ ਵਾਰ ਚਾਲੂ ਹੋਣ ਤੋਂ ਬਾਅਦ, ਚੰਡੀਗੜ੍ਹ ਦੇ ਨੇੜੇ ਇਹ ਕੋਰੀਡੋਰ ਇਕ ਵੱਡਾ ਨਿਰਮਾਣ ਕੇਂਦਰ ਬਣ ਸਕਦਾ ਹੈ ਅਤੇ ਪੰਜਾਬ ਦੇ ਉਦਯੋਗਿਕ ਵਿਕਾਸ ਲਈ ਇਕ ਗੇਮ-ਚੇਂਜਰ ਬਣ ਸਕਦਾ ਹੈ, ਬਸ਼ਰਤੇ ਕਿ ਲੰਬਿਤ ਪ੍ਰਕਿਰਿਆਤਮਕ ਦੇਰੀ ਨੂੰ ਜਲਦੀ ਹੱਲ ਕੀਤਾ ਜਾਵੇ। ਮੈਂ ਸੰਸਦ ਵਿਚ ਲਗਾਤਾਰ ਇਹ ਗੱਲ ਉਠਾਈ ਹੈ ਕਿ ਸਾਈਕਲ, ਚਮੜਾ ਅਤੇ ਖੇਡਾਂ ਦੇ ਸਾਮਾਨ ਵਰਗੇ ਕਿਰਤ-ਅਧਾਰੀ ਖੇਤਰਾਂ ਨੂੰ ਵੀ ਉਤਪਾਦਨ ਲਿੰਕਡ ਇਨਸੈਂਟਿਵ (PLI) ਸਕੀਮ ਅਧੀਨ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਭਾਰਤ ਦਾ ਸਾਈਕਲ ਉਦਯੋਗ ਇਕੱਲਾ ਸਾਲਾਨਾ ਲਗਭਗ 20 ਮਿਲੀਅਨ ਸਾਈਕਲਾਂ ਦਾ ਉਤਪਾਦਨ ਕਰਦਾ ਹੈ, ਜਿਸ ਵਿਚ ਲੁਧਿਆਣਾ 75-80 ਮਿਲੀਅਨ ਤੋਂ ਵੱਧ ਸਾਈਕਲਾਂ ਦਾ ਉਤਪਾਦਨ ਕਰਦਾ ਹੈ। ਇਸੇ ਤਰ੍ਹਾਂ, ਜਲੰਧਰ ਦਾ ਖੇਡ ਸਾਮਾਨ ਉਦਯੋਗ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿਚ ਵਰਤੇ ਜਾਣ ਵਾਲੇ ਉਪਕਰਨਾਂ ਦੀ ਸਪਲਾਈ ਕਰਦਾ ਹੈ ਅਤੇ 100 ਤੋਂ ਵੱਧ ਦੇਸ਼ਾਂ ਨੂੰ ਨਿਰਯਾਤ ਕਰਦਾ ਹੈ, ਜਦੋਂ ਕਿ ਭਾਰਤ ਦਾ ਚਮੜਾ ਖੇਤਰ 40 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ। ਇਹਨਾਂ ਖੇਤਰਾਂ ਨੂੰ PLI ਸਹਾਇਤਾ ਦੇਣ ਨਾਲ ਨਾ ਸਿਰਫ਼ ਪੰਜਾਬ ਵਿਚ ਰਵਾਇਤੀ ਨਿਰਮਾਣ ਸਮੂਹਾਂ ਨੂੰ ਮਜ਼ਬੂਤੀ ਮਿਲੇਗੀ, ਬਲਕਿ ਵੱਡੇ ਪੱਧਰ 'ਤੇ ਰੁਜ਼ਗਾਰ ਦੇ ਅਵਸਰ ਵੀ ਪੈਦਾ ਹੋਣਗੇ ਅਤੇ ਨਿਰਯਾਤ ਨੂੰ ਵੀ ਹੁਲਾਰਾ ਮਿਲੇਗਾ।
ਇਹ ੳਮੀਦ ਦੀ ਕਿਰਨ ਪੰਜਾਬ ਦੀ ਨਵੀਂ ਉਦਯੋਗਿਕ ਨੀਤੀ ਦੁਆਰਾ ਦਰਸਾਈ ਗਈ ਹੈ, ਜੋ ਕਿ ਰਾਜ ਨੂੰ ਸਭ ਤੋਂ ਵੱਧ ਨਿਵੇਸ਼ਕ ਅਨੁਕੂਲ ਸਥਾਨਾਂ ਵਜੋਂ ਵੇਖਣ ਦੇ ਉਦੇਸ਼ ਨਾਲ ਪ੍ਰਗਤੀਸ਼ੀਲ ਸੁਧਾਰਾਂ ਦੇ ਇਕ ਉਦਮ ਦੀ ਸ਼ੁਰੂਆਤ ਹੈ।

(ਬਾਕੀ ਕੱਲ੍ਹ)
-ਲੇਖਕ ਪਦਮਸ੍ਰੀ ਤੇ ਰਾਜ ਸਭਾ ਦੇ ਮੈਂਬਰ ਹਨ।
ਮੋਬਾਈਲ : 098100-61111
vikramsahney@mppunjab.com

ਪਿਛਲੀ ਖ਼ਬਰ ਵਿਦੇਸ਼ਾਂ 'ਚ ਬੱਚਿਆਂ ਅੰਦਰ ਵਧ ਰਿਹਾ ਹੈ ਪੰਜਾਬੀ ਭਾਸ਼ਾ ਦਾ ਚਲਣ ਅਗਲੀ ਖ਼ਬਰ ਲੋਕ ਪ੍ਰਤੀਨਿਧੀਆਂ ਦੇ ਖ਼ਿਲਾਫ਼ ਅਪਰਾਧਿਕ ਮਾਮਲੇ-ਇਕ ਗੰਭੀਰ ਮਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।