ਭਾਰਤ ਇਕ ਬਹੁਧਰਮੀ ਤੇ ਧਰਮ ਨਿਰਪੱਖ ਦੇਸ਼ ਹੈ। ਇਸ ਦੀ ਖੂਬਸੂਰਤੀ ਇਹੋ ਹੈ ਕਿ ਇੱਥੇ ਹਰ ਫਿਰਕੇ, ਹਰ ਮਜ਼੍ਹਬ ਤੇ ਹਰ ਬੋਲੀ ਨਾਲ ਜੁੜੇ ਲੋਕ ਵੱਖ-ਵੱਖ ਰੀਤੀ-ਰਿਵਾਜ ਹੋਣ ਦੇ ਬਾਵਜੂਦ ਵੀ ਇਕ ਸੰਵਿਧਾਨ ਦੀ ਹੇਠ ਬਰਾਬਰੀ ਦੇ ਹੱਕ ਲੈ ਕੇ ਰਹਿ ਰਹੇ ਹਨ। 1947 ਵਿਚ ਇਹ ਮੁਲਕ ਧਰਮ ਦੇ ਆਧਾਰ 'ਤੇ ਵੰਡਿਆ ਜ਼ਰੂਰ ਗਿਆ ਸੀ ਪਰ ਉਸ ਤਕਸੀਮ ਤੋਂ ਬਾਅਦ ਧਰਮ ਦੇ ਆਧਾਰ 'ਤੇ ਨਾ ਤਾਂ ਇਹ ਕਦੇ ਚੱਲਿਆ ਤੇ ਨਾ ਹੀ ਕਿਸੇ ਨੇ ਇਸ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ। ਜਿਵੇਂ ਇਕ ਪਰਿਵਾਰ ਦੇ ਜੀਅ ਇਕ ਹੀ ਛੱਤ ਹੇਠ ਰਹਿੰਦੇ ਹਨ, ਇਕ ਹੀ ਨਲਕੇ ਦਾ ਪਾਣੀ ਪੀਂਦੇ ਹਨ ਅਤੇ ਇਕ ਹੀ ਰਸੋਈ 'ਚ ਬਣਿਆ ਭੋਜਨ ਛਕਦੇ ਹਨ ਪਰ ਫਿਰ ਵੀ ਆਪਣੀ ਵੱਖਰੀ ਹੋਂਦ, ਆਪਣੇ ਵੱਖਰੇ ਵਿਚਾਰ ਤੇ ਆਪਣੀ ਵੱਖਰੀ ਜੀਵਨ ਸ਼ੈਲੀ ਰੱਖਦੇ ਹਨ, ਉਸੇ ਤਰ੍ਹਾਂ ਸਭ ਭਾਰਤ ਵਾਸੀਆਂ ਨੇ ਸਦਾ ਦੇਸ਼ ਦੇ ਸੰਵਿਧਾਨ ਤੇ ਕਾਨੂੰਨਾਂ ਦੀ ਪਾਲਣਾ ਕੀਤੀ ਹੈ।
ਬੜੇ ਹੀ ਦੁੱਖ ਤੇ ਅਫ਼ਸੋਸ ਦੀ ਗੱਲ ਹੈ ਕਿ ਬੀਤੇ ਕੁਝ ਸਮੇਂ ਤੋਂ ਸਾਡੇ ਮੁਲਕ ਅੰਦਰ 'ਧਰਮ ਪਰਿਵਰਤਨ' ਦੇ ਨਾਂਅ ਹੇਠ ਜਾਂ ਆਪੋ-ਆਪਣੇ ਧਰਮ ਦੇ ਪਾਸਾਰ ਦੇ ਨਾਂਅ 'ਤੇ ਨਫ਼ਰਤ ਦਾ ਜ਼ਹਿਰ ਫੈਲਾਇਆ ਜਾ ਰਿਹਾ ਹੈ। ਇਹ ਜ਼ਹਿਰ ਸਾਡੇ ਅੰਦਰ ਵਸੀ ਮਨੁੱਖਤਾ ਨੂੰ ਬੁਰੀ ਤਰ੍ਹਾਂ ਕੋਹ-ਕੋਹ ਕੇ ਮਾਰ ਰਿਹਾ ਹੈ। ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਦਾ ਹਰ ਨਾਗਰਿਕ ਧਰਮ ਦੇ ਅਸਲ ਮਾਅਨਿਆਂ ਨੂੰ ਘੋਖੇ, ਸਮਝੇ ਤੇ ਹਰ ਬੰਦੇ ਦੇ ਅੰਦਰ ਪਰਮਾਤਮਾ ਦਾ ਦੀਦਾਰ ਕਰਦਿਆਂ ਉਸ ਪ੍ਰਤੀ ਪ੍ਰੇਮ ਤੇ ਸਤਿਕਾਰ ਦੀ ਭਾਵਨਾ ਰੱਖੇ। ਸਭ ਤੋਂ ਪਹਿਲੀ ਤੇ ਮਹੱਤਵਪੂਰਨ ਗੱਲ ਇਹ ਹੈ ਕਿ ਦੁਨੀਆ ਦਾ ਹਰ ਧਰਮ ਆਪਣੇ-ਆਪ 'ਚ ਸ੍ਰੇਸ਼ਟ ਹੈ, ਚੰਗਾ ਹੈ ਅਤੇ ਮਨੁੱਖ ਨੂੰ ਬੁਰਾਈ ਤੋਂ ਦੂਰ ਕਰਨ ਤੇ ਚੰਗਿਆਈ ਦੇ ਲੜ ਲਗਾਉਣ ਲਈ ਹੀ ਹੈ। ਕੋਈ ਵੀ ਧਰਮ ਜਾਂ ਮਜ਼੍ਹਬ ਸਾਨੂੰ ਚੋਰੀ, ਠੱਗੀ, ਦੂਜਿਆਂ 'ਤੇ ਜ਼ੁਲਮ ਕਰਨ ਆਦਿ ਨਹੀਂ ਪੜ੍ਹਾਉਂਦਾ। ਉੱਘੇ ਸ਼ਾਇਰ ਡਾ. ਇਕਬਾਲ ਦੇ ਰਚੇ ਸ਼ਬਦ 'ਮਜ਼੍ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ' ਅਨੁਸਾਰ ਕੋਈ ਵੀ ਧਰਮ ਸਾਨੂੰ ਦੂਜਿਆਂ ਨਾਲ ਨਫ਼ਰਤ ਕਰਨਾ ਜਾਂ ਵੈਰ ਰੱਖਣਾ ਨਹੀਂ ਸਿਖਾਉਂਦਾ। ਜੇ ਉਕਤ ਸਭ ਗੱਲਾਂ ਸੱਚ ਹਨ ਤਾਂ ਫਿਰ ਦੁਨੀਆ ਵਿਚ ਧਰਮ ਦੇ ਨਾਂਅ 'ਤੇ ਐਨੀ ਨਫ਼ਰਤ, ਈਰਖਾ ਤੇ ਕਤਲੋਗਾਰਤ ਕਿਉਂ ਹੈ? ਸਾਰੇ ਵਿਵਾਦ ਤੇ ਫ਼ਸਾਦ ਦੀ ਜੜ੍ਹ ਸਿਰਫ਼ ਆਪਣੇ ਧਰਮ ਨੂੰ ਸਰਬਸ੍ਰੇਸ਼ਠ ਮੰਨਣਾ ਤੇ ਬਾਕੀਆਂ ਨੂੰ ਮਾੜਾ ਜਾਂ ਨੀਵਾਂ ਸਮਝਣ ਦੀ ਹੈ। ਕਿਸ ਵਿਅਕਤੀ ਨੇ ਕਿਸ ਦੇਸ਼ ਅਤੇ ਕਿਸ ਧਰਮ ਵਿਚ ਪੈਦਾ ਹੋਣਾ ਹੈ, ਇਹ ਫ਼ੈਸਲਾ ਪਰਮਾਤਮਾ ਦੇ ਹੱਥ ਹੈ। ਇਸ ਲਈ ਸਿੱਖ, ਈਸਾਈ, ਬੋਧੀ, ਪਾਰਸੀ, ਜੈਨੀ ਜਾਂ ਕਿਸੇ ਵੀ ਹੋਰ ਧਰਮ ਨੂੰ ਮੰਨਣ ਵਾਲੇ ਹਰ ਸ਼ਖ਼ਸ ਨੂੰ ਆਪਣੇ ਸਬੰਧਿਤ ਧਰਮ ਵਿਚ ਪੱਕਾ ਤੇ ਪੂਰਾ ਰਹਿਣਾ ਚਾਹੀਦਾ ਹੈ। ਇਸ ਲਈ ਜਦੋਂ ਕੋਈ ਵਿਅਕਤੀ ਧਰਮ ਪਰਿਵਰਤਨ ਕਰਦਾ ਹੈ ਤਾਂ ਉਹ ਪਰਮਾਤਮਾ ਨੂੰ ਗਲਤ ਸਾਬਿਤ ਕਰਦਾ ਹੋਇਆ ਉਸ ਦੀ ਗ਼ਲਤੀ ਨੂੰ ਆਪ ਠੀਕ ਕਰਨ ਦੀ ਕੋਸ਼ਿਸ਼ ਵਿਚ ਆਪਣੇ-ਆਪ ਨੂੰ ਪਰਮਾਤਮਾ ਨਾਲੋਂ ਵੱਧ ਸਿਆਣਾ ਸਾਬਿਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਬਹੁਤ ਸਾਰੇ ਅਜਿਹੇ ਧਰਮੀ ਲੋਕ ਵੀ ਇਸ ਦੁਨੀਆ 'ਚ ਆਏ ਹਨ, ਜਿਨ੍ਹਾਂ ਨੇ ਸੀਸ ਕਟਵਾ ਦਿੱਤੇ, ਖੋਪੜੀਆਂ ਲੁਹਾ ਦਿੱਤੀਆਂ, ਆਰਿਆਂ ਨਾਲ ਚੀਰ ਦਿੱਤੇ ਗਏ, ਦੇਗਾਂ 'ਚ ਉਬਾਲੇ ਗਏ ਪਰ ਉਨ੍ਹਾਂ ਨੇ ਆਪਣਾ ਧਰਮ ਬਿਲਕੁਲ ਨਹੀਂ ਛੱਡਿਆ।
ਇਸ ਸੰਸਾਰ ਵਿਚ ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਆਪਣੇ ਧਰਮ ਨੂੰ ਹੀ ਸਰਬਸ੍ਰੇਸ਼ਠ ਹੋਣ ਦਾ ਦਰਜਾ ਦੇ ਦਿੰਦੇ ਹਨ ਤੇ ਬਾਕੀ ਧਰਮਾਂ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਅਜਿਹੀ ਪ੍ਰਵਿਰਤੀ ਜਾਂ ਐਸੀ ਸੋਚ ਬਿਲਕੁਲ ਵੀ ਵਾਜਿਬ ਨਹੀਂ ਹੈ। ਸੱਚਾ ਧਰਮ ਤਾਂ ਇਹੋ ਸਿੱਖਿਆ ਜਾਂ ਉਪਦੇਸ਼ ਦਿੰਦਾ ਹੈ ਕਿ ਸਭ ਧਰਮਾਂ, ਜਾਤਾਂ, ਧਰਮ ਗ੍ਰੰਥਾਂ ਤੇ ਮਾਨਵਤਾ ਦਾ ਆਦਰ ਕੀਤਾ ਜਾਣਾ ਚਾਹੀਦਾ ਹੈ। ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ॥ ਜਿਹੇ ਸੰਕਲਪ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਸੋਚ ਜੇ ਸਮੂਹ ਧਰਮਾਂ ਦੇ ਪੈਰੋਕਾਰ ਅਪਣਾ ਲੈਣ ਤਾਂ ਇਹ ਹਰ ਤਰ੍ਹਾਂ ਦੀ ਨਫ਼ਰਤ, ਵੈਰ ਤੇ ਕਤਲੋਗਾਰਤ ਬੰਦ ਹੋ ਜਾਵੇ ਅਤੇ ਇਹ ਵਿਸ਼ਵ ਸ਼ਾਂਤੀ, ਪ੍ਰੇਮ ਤੇ ਅਮਨ ਦਾ ਪਵਿੱਤਰ ਸਥਾਨ ਬਣ ਜਾਵੇ। ਇਹ ਵੀ ਸੱਚ ਹੈ ਕਿ ਜਿਸ ਦਿਲ ਵਿਚ ਦੂਜਿਆਂ ਪ੍ਰਤੀ ਪ੍ਰੇਮ, ਸਤਿਕਾਰ ਤੇ ਸੇਵਾ ਦੀ ਭਾਵਨਾ ਹੁੰਦੀ ਹੈ, ਉਸ ਦਿਲ ਵਿਚ ਪਰਮਾਤਮਾ ਖ਼ੁਦ ਵਸਦਾ ਹੁੰਦਾ ਹੈ।
ਸੋ ਮੁੱਕਦੀ ਗੱਲ ਇਹ ਹੈ ਕਿ ਸਾਨੂੰ ਆਪਣੇ ਧਰਮ ਦੀ ਪਾਲਣਾ ਕਰਨ ਦੇ ਨਾਲ-ਨਾਲ ਦੂਜਿਆਂ ਦੇ ਧਰਮਾਂ, ਧਰਮ ਗ੍ਰੰਥਾਂ ਅਤੇ ਧਰਮ ਗੁਰੂਆਂ ਨੂੰ ਸਤਿਕਾਰ ਦੇਣਾ ਚਾਹੀਦਾ ਹੈ ਅਤੇ ਸਭ ਮਹਿ ਜੋਤਿ ਜੋਤਿ ਹੈ ਸੋਇ॥ ਜਾਂ ਪਰਮਾਤਮਾ ਇਕ ਹੈ ਵਰਗੇ ਸੰਕਲਪ ਸਵੀਕਾਰ ਕਰ ਲੈਣੇ ਚਾਹੀਦੇ ਹਨ। ਜੇ ਅਸੀਂ ਸਭਨਾਂ ਦੇ ਪ੍ਰਤੀ ਪ੍ਰੇਮ ਦਾ ਤੇ ਸਤਿਕਾਰ ਦਾ ਭਾਵ ਰੱਖਾਂਗੇ ਤਾਂ ਫਿਰ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥ ਦੇ ਪਾਵਨ ਉਪਦੇਸ਼ ਅਨੁਸਾਰ ਪਰਮਾਤਮਾ ਦੀ ਪ੍ਰਾਪਤੀ ਜ਼ਰੂਰ ਹੋਵੇਗੀ ਤੇ ਹਰ ਧਰਮ ਦਾ ਮੂਲ ਉਦੇਸ਼ ਉਸ ਪਰਮ ਪਿਤਾ ਪਰਮੇਸ਼ਰ ਦੀ ਪ੍ਰਾਪਤੀ ਹੀ ਹੈ। ਇਸ ਲਈ ਸਭਨਾਂ ਨਾਲ ਪ੍ਰੇਮ ਤੇ ਸਭ ਧਰਮਾਂ ਦਾ ਸਤਿਕਾਰ ਹੀ ਸਾਨੂੰ ਪਰਮਾਤਮਾ ਰੂਪੀ ਪਰਮ ਅਨੰਦ ਦੀ ਪ੍ਰਾਪਤੀ ਕਰਵਾ ਸਕਦਾ ਹੈ।
-410, ਚੰਦਰ ਨਗਰ, ਬਟਾਲਾ।
ਮੋਬਾਈਲ : 97816-46008