25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਸੰਸਾਰ ਲਈ ਚਾਨਣ ਮੁਨਾਰਾ ਹਨ ਗੁਰੂ ਗ੍ਰੰਥ ਸਾਹਿਬ

ਅਜੀਤ ਡੈਸਕ 15-06-2026

ਇਸ ਸਮੇਂ ਸੰਸਾਰ ਬਹੁਤ ਹੀ ਨਾਜ਼ੁਕ ਦੌਰ 'ਚੋਂ ਗੁਜ਼ਰ ਰਿਹਾ ਹੈ। ਇਕ ਪਾਸੇ ਇਸ ਸਦੀ ਨੂੰ ਗਿਆਨ ਤੇ ਸੂਚਨਾ ਦੀ ਸਦੀ ਆਖਿਆ ਜਾਂਦਾ ਹੈ, ਜਦਕਿ ਦੂਜੇ ਪਾਸੇ ਸੰਸਾਰ ਦੀ ਅੱਧੀ ਤੋਂ ਵਧ ਵਸੋਂ ਦੀ ਪਹੁੰਚ ਤੋਂ ਗਿਆਨ ਤੇ ਸੂਚਨਾ ਬਾਹਰ ਹੈ। ਇਹ ਲੋਕ ਜੀਵਨ ਦੀਆਂ ਮੁਢਲੀਆਂ ਲੋੜਾਂ ਭਾਵ ਰੋਟੀ, ਕੱਪੜਾ ਤੇ ਮਕਾਨ ਨੂੰ ਤਰਸ ਰਹੇ ਹਨ। ਵਿੱਦਿਆ ਪ੍ਰਾਪਤੀ ਬਾਰੇ ਤਾਂ ਇਹ ਸੋਚ ਵੀ ਨਹੀਂ ਸਕਦੇ। ਹਰ ਤਰ੍ਹਾਂ ਦੀਆਂ ਬਿਮਾਰੀਆਂ ਦੀ ਮਾਰ ਇਨ੍ਹਾਂ ਨੂੰ ਝੱਲਣੀ ਪੈਂਦੀ ਹੈ, ਕਿਉਂਕਿ ਸਿਹਤ ਸਹੂਲਤਾਂ ਇਨ੍ਹਾਂ ਦੀ ਪਹੁੰਚ ਤੋਂ ਬਾਹਰ ਹਨ। 'ਤਕੜੇ ਦਾ ਸੱਤੀਂ ਵੀਹੀਂ ਸੌ' ਹੋ ਰਿਹਾ ਹੈ। ਜਿੱਥੇ ਇਕ ਪਾਸੇ ਤਾਕਤਵਰ ਤਾਕਤ ਦੇ ਜ਼ੋਰ 'ਤੇ ਸੰਸਾਰ ਨੂੰ ਆਪਣੀ ਮਰਜ਼ੀ ਨਾਲ ਚਲਾਉਣਾ ਚਾਹੁੰਦੇ ਹਨ, ਉੱਥੇ ਧਾਰਮਿਕ ਕੱਟੜਵਾਦੀ ਸਾਰੇ ਸੰਸਾਰ ਵਿਚ ਧਰਮ ਦੇ ਨਾਂਅ 'ਤੇ ਅੱਤਵਾਦ ਫੈਲਾ ਰਹੇ ਹਨ। ਹਰ ਪਾਸੇ ਉਪਰਾਮਤਾ, ਬੇਚੈਨੀ ਅਤੇ ਮੌਤ ਬਿਖੇਰ ਰਹੇ ਹਨ। ਗਰੀਬ ਲੋਕ ਥੁੜਾਂ ਭਰਿਆ ਜੀਵਨ ਜੀਅ ਰਹੇ ਹਨ ਪਰ ਅਮੀਰ ਲੋਕ ਬਹੁਤਾਤ ਦੀ ਹਵਸ ਵਿਚ ਝੁਲਸ ਰਹੇ ਹਨ। ਇੰਝ ਚੈਨ ਕਿਸੇ ਨੂੰ ਵੀ ਨਹੀਂ ਹੈ। ਕੁਦਰਤ ਨੇ ਇਸ ਧਰਤੀ ਨੂੰ ਇੰਨਾ ਮਾਲਾਮਾਲ ਕੀਤਾ ਹੈ ਕਿ ਜੇਕਰ ਕਾਣੀ ਵੰਡ ਨੂੰ ਰੋਕ ਕੇ ਛਕਿਆ ਜਾਵੇ ਤਾਂ ਇਸ ਸੰਸਾਰ 'ਚੋਂ ਭੁੱਖ, ਨੰਗ ਤੇ ਗਰੀਬੀ ਨੂੰ ਸਹਿਜੇ ਹੀ ਦੂਰ ਕੀਤਾ ਜਾ ਸਕਦਾ ਹੈ। ਵਿਗਿਆਨ ਵਿਚ ਹੋਏ ਇਨਕਲਾਬੀ ਵਿਕਾਸ ਦੇ ਬਾਵਜੂਦ ਵੀ ਅੱਜ ਦਾ ਮਨੁੱਖ ਹਊਮੈ, ਈਰਖਾ ਤੇ ਹਵਸ ਦੀ ਜਕੜ ਵਿਚ ਜਕੜਿਆ ਹੋਇਆ ਹੈ। ਇਸੇ ਹਵਸ ਦਾ ਇਹ ਨਤੀਜਾ ਹੈ ਕਿ ਸੰਸਾਰ ਵਿਚਲੇ ਕੁਦਰਤੀ ਵਸੀਲਿਆਂ ਦੀ ਬੇਰਹਿਮੀ ਨਾਲ ਵਰਤੋਂ ਕੀਤੀ ਜਾ ਰਹੀ ਹੈ, ਜਿਸ ਕਰਕੇ ਇਹ ਧਰਤੀ ਤਬਾਹੀ ਵੱਲ ਬੜੀ ਤੇਜ਼ੀ ਨਾਲ ਵਧ ਰਹੀ ਹੈ। ਇਸ ਸਮੇਂ ਸੰਸਾਰ ਨੂੰ ਇਕ ਅਜਿਹੀ ਸੇਧ ਦੀ ਲੋੜ ਹੈ, ਜਿਸ ਸਦਕਾ ਸੰਸਾਰ ਨੂੰ ਤਬਾਹੀ ਦੇ ਰਸਤੇ ਤੋਂ ਮੋੜਿਆ ਜਾ ਸਕੇ। ਇਕ ਅਜਿਹੀ ਜੀਵਨ ਜਾਚ ਦੀ ਲੋੜ ਹੈ, ਤਾਂ ਜੋ ਸੰਸਾਰ 'ਚੋਂ ਨਫ਼ਰਤ ਅਤੇ ਈਰਖਾ ਦੂਰ ਹੋ ਸਕੇ। ਇਕ ਅਜਿਹੇ ਫ਼ਲਸਫ਼ੇ ਦੀ ਲੋੜ ਹੈ ਜਿਸ ਰਾਹੀਂ ਹਊਮੈ ਅਤੇ ਲਾਲਸਾ ਦੀ ਥਾਂ ਆਪਸੀ ਪਿਆਰ, ਹਮਦਰਦੀ ਅਤੇ ਮਿਲਵਰਤਨ ਵਿਚ ਵਾਧਾ ਹੋਵੇ। ਇਨ੍ਹਾਂ ਸਭਨਾਂ ਦਾ ਉੱਤਰ ਉਸ ਪਵਿੱਤਰ ਅਤੇ ਅਨੋਖੇ ਗ੍ਰੰਥ ਵਿਚ ਹੈ, ਜਿਸ ਦੀ ਸੰਪਾਦਨਾ ਕੋਈ ਚਾਰ ਸਦੀਆਂ ਪਹਿਲਾਂ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ।
ਗੁਰੂ ਗ੍ਰੰਥ ਸਾਹਿਬ ਕਿਸੇ ਇਕ ਫ਼ਿਰਕੇ, ਮਜ਼੍ਹਬ ਜਾਂ ਪ੍ਰਾਂਤ ਲਈ ਨਹੀਂ ਹੈ, ਸਗੋਂ ਇਸ ਦਾ ਸੰਦੇਸ਼ ਤਾਂ ਸਾਰੀ ਲੋਕਾਈ ਲਈ ਹੈ। ਗੁਰੂ ਗ੍ਰੰਥ ਸਾਹਿਬ ਵਿਚ ਊਚ-ਨੀਚ ਤੇ ਜਾਤ-ਪਾਤ ਦੇ ਭੇਦਭਾਵ ਨੂੰ ਮਿਟਾ ਕੇ ਸਾਰੇ ਵਰਗਾਂ ਦੇ ਭਗਤਾਂ ਤੇ ਸੰਤਾਂ ਦੀ ਬਾਣੀ ਦਰਜ ਕੀਤੀ ਗਈ ਹੈ। ਇਸ ਮਹਾਨ ਗ੍ਰੰਥ ਵਿਚ ਸਾਰੀ ਲੋਕਾਈ ਲਈ ਅਜਿਹੀ ਜੀਵਨ-ਜਾਚ ਦੀ ਬਖਸ਼ਿਸ਼ ਕੀਤੀ ਗਈ ਹੈ, ਜਿਸ ਨੂੰ ਅਪਣਾਇਆਂ ਇਸ ਸੰਸਾਰ 'ਚੋਂ ਨਫ਼ਰਤ, ਊਚ-ਨੀਚ, ਲੜਾਈ, ਝਗੜੇ ਅਤੇ ਗਰੀਬੀ ਖ਼ਤਮ ਹੋ ਸਕਦੇ ਹਨ ਅਤੇ ਇਸ ਸੰਸਾਰ ਨੂੰ ਸਵਰਗ ਰੂਪ ਪ੍ਰਾਪਤ ਹੋ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਰਚਨਾ ਮਹਾਨ ਆਤਮਾਵਾਂ ਨੇ ਉਦੋਂ ਕੀਤੀ, ਜਦੋਂ ਉਹ ਕਾਦਰ ਨਾਲ ਇਕਮਿਕ ਹੁੰਦੇ ਸਨ ਤੇ ਉਸੇ ਦੇ ਆਦੇਸ਼ਾਂ ਨੂੰ ਉਨ੍ਹਾਂ ਨੇ ਮਾਨਵਤਾ ਤੀਕ ਪਹੁੰਚਾਇਆ। ਗੁਰੂ ਗ੍ਰੰਥ ਸਾਹਿਬ 'ਚ ਦਰਜ ਬਾਣੀ ਚੌਹਾਂ ਵਰਣਾਂ ਦੀ ਰਚਨਾ ਹੈ ਤੇ ਧਰਮ ਅਤੇ ਜਾਤ-ਪਾਤ ਦੇ ਭੇਦਭਾਵ ਤੋਂ ਨਿਰਮਲ ਹੈ। ਜਦੋਂ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਸੀਸ ਝੁਕਾਉਂਦਾ ਹੈ ਤਾਂ ਉਹ ਜਾਤ-ਪਾਤ ਤੇ ਊਚ-ਨੀਚ ਨੂੰ ਭੁੱਲ ਕੇ ਸਾਰੀ ਮਾਨਵਤਾ ਅੱਗੇ ਸੀਸ ਝੁਕਾਉਂਦਾ ਹੈ। ਇਸ ਵਿਚ ਕਿਸੇ ਸਥਾਨ ਜਾਂ ਪ੍ਰਾਂਤ ਨੂੰ ਵੀ ਵਿਸ਼ੇਸ਼ਤਾ ਨਹੀਂ ਦਿੱਤੀ ਗਈ, ਸਗੋਂ ਸਮੁੱਚੇ ਦੇਸ਼ ਦੀ ਪ੍ਰਤੀਨਿਧਤਾ ਕੀਤੀ ਗਈ ਹੈ। ਇਸ ਵਿਚ ਮਹਾਰਾਸ਼ਟਰ ਦੇ ਸੰਤ ਨਾਮਦੇਵ ਦੀ ਬਾਣੀ ਵੀ ਹੈ ਤੇ ਦੇਸ਼ ਦੇ ਦੂਜੇ ਪਾਸੇ ਬੰਗਾਲ ਦੇ ਭਗਤ ਜੈ ਦੇਵ ਦੀ ਰਚਨਾ ਵੀ ਸ਼ਾਮਿਲ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਸੇ ਇਕ ਸਮੇਂ ਰਚੀ ਗਈ ਰਚਨਾ ਨਹੀਂ ਹੈ, ਸਗੋਂ ਕਾਲ ਦੀਆਂ ਹੱਦਾਂ-ਬੰਨ੍ਹੇ ਟੱਪ 12ਵੀਂ ਤੋਂ ਲੈ ਕੇ 17ਵੀਂ ਸਦੀ ਵਿਚਕਾਰ ਹੋਏ ਗੁਰੂਆਂ, ਸੰਤਾਂ ਤੇ ਭਗਤਾਂ ਦੀ ਬਾਣੀ ਇਸ ਵਿਚ ਦਰਜ ਹੈ। ਇੰਝ ਇਹ ਸਦੀਵੀ ਤੇ ਜੁਗੋ-ਜੁਗ ਅਟਲ ਬਣ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖ ਕੇ ਉਸ ਨੂੰ ਸਾਰੀ ਲੋਕਾਈ ਦਾ ਮੰਦਰ ਬਣਾਇਆ ਸੀ। ਇਸੇ ਤਰ੍ਹਾਂ ਉਨ੍ਹਾਂ ਨੇ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਦੇ ਸਮੇਂ ਕੇਵਲ ਸਿੱਖ ਗੁਰੂਆਂ ਦੀ ਬਾਣੀ ਹੀ ਦਰਜ ਨਹੀਂ ਕੀਤੀ, ਸਗੋਂ ਇਸ ਵਿਚ ਗੁਰੂਆਂ, ਭਗਤਾਂ, ਗੁਰ ਸਿੱਖਾਂ ਤੇ ਭੱਟਾਂ ਦੀ ਬਾਣੀ ਦਰਜ ਕਰਕੇ ਇਸ ਨੂੰ ਸਮੁੱਚੀ ਮਾਨਵਤਾ ਦਾ ਗ੍ਰੰਥ ਬਣਾਇਆ। ਇਸ ਵਿਚ ਕੋਈ ਧਾਰਮਿਕ ਕਰਮ ਕਾਂਡ ਨਹੀਂ ਦੱਸੇ ਗਏ, ਸਗੋਂ ਵਿਖਾਵੇ ਦੇ ਬੰਧਨਾਂ ਤੋਂ ਮੁਕਤ ਹੋ ਕੇ ਸੱਚਾ ਅਤੇ ਸੁੱਚਾ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਸਰਬੱਤ ਦੇ ਭਲੇ ਅਤੇ ਚੜ੍ਹਦੀ ਕਲਾ ਦਾ ਸੰਦੇਸ਼ ਹੈ। ਗੁਰੂ ਗ੍ਰੰਥ ਸਾਹਿਬ ਤੋਂ ਸਾਂਝੀਵਾਲਤਾ, ਆਪਸੀ ਪ੍ਰੇਮ, ਸਮਾਜਿਕ ਬਰਾਬਰੀ, ਸੁੱਚੀ ਕਿਰਤ, ਸੱਚ ਅਤੇ ਸ਼ਾਂਤੀ ਦਾ ਉਪਦੇਸ਼ ਪ੍ਰਾਪਤ ਹੁੰਦਾ ਹੈ। ਮਨ ਨੂੰ ਜਿੱਤ ਕੇ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ 'ਤੇ ਕਾਬੂ ਪਾਉਣ ਦੀ ਵਿਧੀ ਵੀ ਗੁਰੂਆਂ ਵਲੋਂ ਦੱਸੀ ਗਈ ਹੈ।
ਗੁਰੂ ਸਾਹਿਬ ਅਖੀਰ ਵਿਚ ਸਾਨੂੰ ਮੁੜ ਦ੍ਰਿੜ੍ਹ ਕਰਵਾਉਂਦੇ ਹਨ ਕਿ ਸਫ਼ਲ ਸੁਖਾਵਾਂ ਜੀਵਨ ਜਿਊਣ ਲਈ ਉਨ੍ਹਾਂ ਵਲੋਂ ਬਖਸ਼ਿਸ਼ ਕੀਤੀ ਸਿੱਖਿਆ ਨੂੰ ਆਪਣਾਈਏ ਅਤੇ ਦੂਜਿਆਂ ਲਈ ਤੁਹਾਡਾ ਜੀਵਨ ਪ੍ਰੇਰਨਾ ਸਰੋਤ ਬਣੇ।
ਥਾਲ ਵਿਚਿ ਤਿੰਨਿ ਵਸਤੂ
ਪਈਓ ਸਤੁ ਸੰਤੋਖੁ ਵੀਚਾਰੋ॥
ਅੰਮ੍ਰਿਤ ਨਾਮੁ ਠਾਕੁਰ ਕਾ
ਪਇਓ ਜਿਸ ਕਾ ਸਭਸੁ ਅਧਾਰੋ॥
ਜੇ ਕੋ ਖਾਵੈ ਜੇ ਕੋ ਭੁੰਚੈ
ਤਿਸ ਕਾ ਹੋਇ ਉਧਾਰੋ॥
ਏਹ ਵਸਤੁ ਤਜੀ ਨਹ ਜਾਈ
ਨਿਤ ਨਿਤ ਰਖੁ ਉਰਿ ਧਾਰੋ॥
ਤਮ ਸੰਸਾਰੁ ਚਰਨ ਲਗਿ
ਤਰੀਐ ਸਭੁ ਨਾਨਕ ਬ੍ਰਹਮ ਪਸਾਰੋ॥
(ਮੁੰਦਾਵਣੀ, ਮ:5, ਅੰਗ:1429)
ਗੁਰੂ ਗ੍ਰੰਥ ਸਾਹਿਬ ਅੱਗੇ ਕਰੋੜਾਂ ਪ੍ਰਾਣੀ ਆਪਣੀ ਚੜ੍ਹਦੀ ਕਲਾ ਲਈ ਅਰਜੋਈਆਂ ਕਰਦੇ ਹਨ। ਇਸ ਲਈ ਸਾਨੂੰ ਗੁਰੂ ਸਾਹਿਬਾਨ ਵਲੋਂ ਦਿੱਤੀ ਗਈ ਸਿੱਖਿਆ ਤੇ ਹੁਕਮਾਂ ਨੂੰ ਆਪਣੇ ਜੀਵਨ ਵਿਚ ਅਪਨਾਉਣਾ ਚਾਹੀਦਾ ਹੈ। ਜੇ ਸਾਰੀ ਲੋਕਾਈ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਨੂੰ ਧਾਰਨ ਕਰ ਲਵੇ ਤਾਂ ਕਿਤੇ ਕੋਈ ਦੁੱਖ-ਤਕਲੀਫ਼ ਨਹੀਂ ਹੋਵੇਗੀ, ਕਿਤੇ ਕਿਸੇ ਕਿਸਮ ਦੀ ਨਫ਼ਰਤ ਨਹੀਂ ਹੋਵੇਗੀ, ਕਿਤੇ ਲੜਾਈ-ਝਗੜੇ ਨਹੀਂ ਹੋਣਗੇ, ਕੋਈ ਭੁੱਖਾ ਨਹੀਂ ਰਹੇਗਾ ਅਤੇ ਸਾਰੇ ਪਾਸੇ ਖ਼ੁਸ਼ਹਾਲੀ ਹੀ ਖ਼ੁਸ਼ਹਾਲੀ ਨਜ਼ਰ ਆਏਗੀ।

-ਮੋਬਾਈਲ : 94170-87328

ਪਿਛਲੀ ਖ਼ਬਰ ਬਰਸੀ 'ਤੇ ਵਿਸ਼ੇਸ਼-108 ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਅਗਲੀ ਖ਼ਬਰ ਗੁਰੂ ਨਾਨਕ ਗੁਰਦੁਆਰਾ, ਐਡਿਨਬਰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।