ਰਾਜਾ ਜੋਗੀ ਮਹਾਨ ਤਪੱਸਵੀ ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਦੀ 56ਵੀਂ ਬਰਸੀ 15 ਜੂਨ (1 ਹਾੜ) ਨੂੰ ਫ਼ਾਜ਼ਿਲਕਾ ਜ਼ਿਲ੍ਹੇ ਦੇ ਕਸਬਾ ਅਰਨੀਵਾਲਾ ਦੇ ਨੇੜੇ ਪਿੰਡ ਜੰਡਵਾਲਾ ਭੀਮੇਸ਼ਾਹ ਵਿਖੇ ਮਨਾਈ ਜਾ ਰਹੀ ਹੈ ਅਤੇ ਇਸ ਦਿਨ ਇਕ ਮਹੀਨੇ ਤੋਂ ਸ਼ੁਰੂ ਹੋਈ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਏ ਜਾਣਗੇ। ਇਹ ਸ੍ਰੀ ਅਖੰਡ ਪਾਠ ਸਾਹਿਬ ਦੇਸ਼-ਵਿਦੇਸ਼ਾਂ ਵਿਚ ਵਸਦੀਆਂ ਸੰਗਤਾਂ ਵਲੋਂ ਰਖਵਾਏ ਜਾਂਦੇ ਹਨ। ਮਹਾਨ ਤਪੱਸਵੀ ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ ਦਾ ਜਨਮ 26 ਸਾਉਣ 1879 ਨੂੰ ਮਾਤਾ ਮਾਜਰਾ ਦੇਵੀ ਤੇ ਪਿਤਾ ਜਵਾਲਾ ਰਾਮ ਦੇ ਘਰ ਪਿੰਡ ਬਿਲਾਸਪੁਰ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਵਿਖੇ ਹੋਇਆ। ਬਾਬਾ ਤਾਰਾ ਸਿੰਘ ਛੋਟੀ ਉਮਰ ਤੋਂ ਹੀ ਸੇਵਾ ਤੇ ਸਿਮਰਨ ਵਿਚ ਲੀਨ ਹੋ ਗਏ ਸਨ। ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਮਨ ਦੇਖ ਉਨ੍ਹਾਂ ਨੂੰ ਕਰਿਆਨੇ ਦੀ ਦੁਕਾਨ ਖੋਲ੍ਹ ਦਿੱਤੀ, ਪਰ ਉਨ੍ਹਾਂ ਮਨ ਉਸ 'ਚ ਨਾ ਲੱਗਾ ਅਤੇ ਸਾਰਾ ਸਾਮਾਨ ਲੋੜਵੰਦਾਂ ਨੂੰ ਦੇ ਕੇ ਦੁਕਾਨ ਦੀਆਂ ਚਾਬੀਆਂ ਆਪਣੀ ਮਾਤਾ ਜੀ ਨੂੰ ਫੜਾ ਦਿੱਤੀਆਂ ਤੇ ਘਰ-ਬਾਰ ਤਿਆਗ ਗਏ। ਉਨ੍ਹਾਂ ਨੇ ਵੱਖ-ਵੱਖ ਸੰਤਾਂ, ਮਹਾਤਮਾਂ ਦੀ ਸੰਗਤ ਕੀਤੀ। ਉਨ੍ਹਾਂ ਨੇ ਫ਼ੌਜ ਵਿਚ 5 ਸਾਲ ਨਾਇਬ ਸੂਬੇਦਾਰ ਵਜੋਂ ਨੌਕਰੀ ਵੀ ਕੀਤੀ। ਜਦ ਉਨ੍ਹਾਂ ਦਾ ਮਨ ਇੱਥੇ ਵੀ ਨਾ ਲੱਗਾ ਤਾਂ ਫਿਰ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਵਿਖੇ 14 ਸਾਲ ਲੰਗਰਾਂ ਦੀ ਸੇਵਾ ਕੀਤੀ। ਇੱਥੇ ਹੀ ਉਨ੍ਹਾਂ ਦੀ ਸੇਵਾ ਵਿਸ਼ੇਸ਼ ਕਰਕੇ ਉਨ੍ਹਾਂ ਵਲੋਂ ਲੰਗਰਾਂ ਲਈ ਬਣਾਈ ਚਟਣੀ ਦੀ ਸੇਵਾ ਤੋਂ ਖ਼ੁਸ਼ ਹੋ ਕੇ ਬਾਬਾ ਨਿਧਾਨ ਸਿੰਘ ਨੇ ਇਨ੍ਹਾਂ ਦਾ ਨਾਂਅ ਤਾਰਾ ਸਿੰਘ ਖ਼ੁਸ਼ਦਿਲ ਰੱਖ ਦਿੱਤਾ। ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਵੱਖ-ਵੱਖ ਟਿਕਾਣਿਆਂ ਤੋਂ ਹੁੰਦੇ ਹੋਏ ਪਿੰਡ ਜੰਡਵਾਲਾ ਭੀਮੇਸ਼ਾਹ ਵਿਖੇ ਡੇਰੇ ਲਗਾਏ। ਮਾਲਵਾ ਦੇ ਇਸ ਇਤਿਹਾਸਕ ਪਿੰਡ ਦਾ ਦਰਜਾ ਵੀ ਇਨ੍ਹਾਂ ਦੀ ਕੀਤੀ ਸੇਵਾ ਦੀ ਬਦੌਲਤ ਪਿੰਡ ਨੂੰ ਮਿਲਿਆ। ਬਾਬਾ ਨਿਧਾਨ ਸਿੰਘ ਤੋਂ ਮਿਲੇ ਅਸ਼ੀਰਵਾਦ ਸਦਕਾ ਉਨ੍ਹਾਂ ਨੇ 24 ਘੰਟੇ ਲੰਗਰ ਚਲਾਏ, ਜੋ ਅੱਜ ਵੀ ਵੱਡੇ ਪੱਧਰ 'ਤੇ 24 ਘੰਟੇ ਜਾਰੀ ਹਨ। ਨਾਲ ਹੀ ਦੀਨ-ਦੁਖੀਆਂ ਦੀ ਮਦਦ ਲਈ ਕਈ ਕਾਰਜ ਆਰੰਭ ਕੀਤੇ। ਉਹ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਦੇ ਹੋਏ 27 ਮਈ 1970 (15 ਜੇਠ) ਨੂੰ ਗੁਰੂ ਚਰਚਾ ਵਿਚ ਲੀਨ ਹੋ ਗਏ। ਉਸ ਤੋਂ ਬਾਅਦ ਬਾਬਾ ਬੱਗਾ ਸਿੰਘ ਤੇ ਬਾਬਾ ਹਰੀ ਸਿੰਘ ਨੇ ਬਾਬਾ ਜੀ ਦੀ ਬਖ਼ਸ਼ੀਸ਼ ਸਦਕਾ ਇਸ ਕਾਰਜ ਨੂੰ ਅੱਗੇ ਤੋਰਿਆ। ਜਿਸ ਥਾਂ 'ਤੇ ਬਾਬਾ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ, ਉੱਥੇ ਤਿੰਨ ਮੰਜ਼ਿਲਾਂ ਬਣੇ ਗੁਰਦੁਆਰਾ ਸਾਹਿਬ ਵਿਖੇ ਹਰ ਸਾਲ 15 ਜੂਨ ਨੂੰ ਬਾਬਾ ਜੀ ਦੀ ਯਾਦ 'ਚ ਮਨਾਈ ਜਾਂਦੀ ਬਰਸੀ ਇਕ ਵੱਡੇ ਮੇਲੇ ਦਾ ਰੂਪ ਧਾਰ ਚੁੱਕੀ ਹੈ। ਬਰਸੀ ਮੌਕੇ ਪੰਥ ਦੇ ਪ੍ਰਸਿੱਧ ਰਾਗੀ, ਢਾਡੀ ਜਥੇ, ਸਿੰਘ ਸਾਹਿਬਾਨ, ਕਥਾਵਾਚਕ ਤੇ ਹੋਰ ਧਾਰਮਿਕ ਸ਼ਖ਼ਸੀਅਤਾਂ ਪੁੱਜ ਕੇ ਅੰਮ੍ਰਿਤ ਵੇਲੇ ਤੋਂ ਸ਼ਾਮ ਤੱਕ ਸਜਦੇ ਦੀਵਾਨ 'ਚ ਆਪਣੀ ਹਾਜ਼ਰੀ ਲਗਵਾਉਂਦੀਆਂ ਹਨ। ਇਸ ਦਿਨ ਹਜ਼ਾਰਾਂ ਨਹੀਂ, ਲੱਖਾਂ ਦੀ ਗਿਣਤੀ 'ਚ ਸੰਗਤਾਂ ਦੇਸ਼-ਵਿਦੇਸ਼ ਤੋਂ ਪੁੱਜ ਕੇ ਗੁਰੂ ਘਰ ਨਤਮਸਤਕ ਹੁੰਦੀਆਂ ਹਨ।
-ਸਟਾਫ਼ ਰਿਪੋਰਟਰ, ਉਪ ਦਫ਼ਤਰ, ਫ਼ਾਜ਼ਿਲਕਾ।
ਮੋਬਾਈਲ : 98729-03544