25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਉੱਤਰੀ ਅਮਰੀਕਾ 'ਚ ਗੁਰਮਤਿ ਕੈਂਪਾਂ ਦੇ ਮੋਢੀ ਕੁਲਦੀਪ ਸਿੰਘ ਦਾ ਵਿਛੋੜਾ

ਅਜੀਤ ਡੈਸਕ 15-06-2026

ਲੰਘੀ 27 ਮਈ ਨੂੰ ਸਿੱਖ ਜਗਤ ਤੇ ਉੱਤਰੀ ਅਮਰੀਕਾ ਦੀ ਸੰਗਤ ਇਕ ਅਜਿਹੇ ਸਮਰਪਿਤ ਸੇਵਾਦਾਰ ਤੇ ਮਾਰਗਦਰਸ਼ਕ ਤੋਂ ਵਾਂਝੀ ਹੋ ਗਈ, ਜਿਸ ਨੇ ਆਪਣੀ ਜ਼ਿੰਦਗੀ ਖ਼ਾਲਸਾ ਪੰਥ ਦੇ ਲੇਖੇ ਲਾਈ ਅਤੇ ਪੱਛਮ ਵਿਚ ਜੰਮੀ-ਪਲੀ ਨਵੀਂ ਪੀੜ੍ਹੀ ਦੀਆਂ ਜੜ੍ਹਾਂ ਨੂੰ ਸਿੱਖੀ ਨਾਲ ਜੋੜਨ 'ਚ ਅਹਿਮ ਯੋਗਦਾਨ ਪਾਇਆ। ਉਨ੍ਹਾਂ ਦਾ ਅਕਾਲ ਚਲਾਣਾ ਆਪਣੇ ਮੌੌਜੂਦਾ ਸ਼ਹਿਰ ਟੈਂਪਾ (ਫਲੋਰੀਡਾ) ਵਿਖੇ ਇਕ ਅਚਾਨਕ ਹੋਏ ਹਾਦਸੇ ਦੌਰਾਨ ਹੋਇਆ। 26 ਮਈ ਦੀ ਸ਼ਾਮ ਨੂੰ ਹੀ ਉਹ ਡੀਟਰਾਇਟ (ਮਿਸ਼ੀਗਨ) ਵਿਖੇ 18 ਤੋਂ 35 ਸਾਲ ਦੇ ਨੌਜਵਾਨਾਂ ਲਈ ਹੋਈ ਸਿੱਖ ਯੂਥ ਰਿਟਰੀਟ ਦੀ ਅਗਵਾਈ ਕਰ ਕੇ ਵਾਪਸ ਆਏ ਸਨ। ਇਸ ਤਰ੍ਹਾਂ ਉਨ੍ਹਾਂ ਦੀ ਸੇਵਾ ਅਖੀਰਲੇ ਸਮੇਂ ਤੱਕ ਨਿਰੰਤਰ ਜਾਰੀ ਰਹੀ। ਉਨ੍ਹਾਂ ਦਾ ਜਨਮ 1939 ਵਿਚ ਹੋਇਆ। ਉਨ੍ਹਾਂ ਦਾ ਪਰਿਵਾਰ ਨਵੀਂ ਦਿੱਲੀ ਦੇ ਬੇਅਰਡ ਰੋਡ (ਮੌਜੂਦਾ ਬੰਗਲਾ ਸਾਹਿਬ ਰੋਡ) 'ਤੇ ਰਹਿੰਦਾ ਸੀ। ਉਨ੍ਹਾਂ ਦੇ ਪਿਤਾ ਸ. ਗੁਰਬਖਸ਼ ਸਿੰਘ ਆਰਮੀ ਹੈੱਡਕੁਆਰਟਰ 'ਚ ਅਫ਼ਸਰ ਸੁਪਰਵਾਈਜ਼ਰ ਸਨ ਤੇ ਉਨ੍ਹਾਂ ਦੇ ਦਾਦਾ ਸ. ਨੱਥਾ ਸਿੰਘ ਸ਼ਿਮਲੇ ਦੇ ਇਕ ਮੰਨੇ-ਪ੍ਰਮੰਨੇ ਸਿੱਖ ਆਗੂ ਸਨ, ਜਿਨ੍ਹਾਂ ਨੇ ਸ਼ਿਮਲੇ ਦੇ ਗੁਰਦੁਆਰਾ ਸਾਹਿਬ ਲਈ ਆਪਣੀ ਜਾਇਦਾਦ ਵੀ ਦਾਨ ਕੀਤੀ ਸੀ। ਉਨ੍ਹਾਂ ਦੇ ਜੀਵਨ 'ਚ ਸਭ ਤੋਂ ਵੱਡਾ ਮੋੜ ਉਦੋਂ ਆਇਆ ਜਦੋਂ ਉਹ ਰਾਮਜਸ ਸੀਨੀਅਰ ਸੈਕੰਡਰੀ ਸਕੂਲ, ਪਹਾੜਗੰਜ ਵਿਚ ਪੜ੍ਹਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ 'ਚ ਸ਼ਾਮਿਲ ਹੋਏ। ਗੁਰਦੁਆਰਾ ਬੰਗਲਾ ਸਾਹਿਬ ਤੇ ਰਕਾਬਗੰਜ ਸਾਹਿਬ ਵਿਖੇ ਸੂਰਜ ਪ੍ਰਕਾਸ਼ ਦੀ ਕਥਾ ਤੇ ਗਿਆਨੀ ਪ੍ਰਤਾਪ ਸਿੰਘ ਵਰਗੇ ਵਿਦਵਾਨਾਂ ਦੇ ਵਿਚਾਰਾਂ ਨੇ ਉਨ੍ਹਾਂ ਅੰਦਰ ਸਿੱਖ ਇਤਿਹਾਸ ਤੇ ਗੁਰਬਾਣੀ ਲਈ ਅਥਾਹ ਪਿਆਰ ਪੈਦਾ ਕਰ ਦਿੱਤਾ। ਸਿੰਘ ਸਾਹਿਬ ਗਿਆਨੀ ਭਾਨ ਸਿੰਘ, ਸ. ਸਰੂਪ ਸਿੰਘ ਕੱਲਾ, ਪ੍ਰੋ. ਸੁਖਬੀਰ ਸਿੰਘ, ਪ੍ਰੋ. ਭਰਪੂਰ ਸਿੰਘ, ਪ੍ਰੋ. ਜਸਵੰਤ ਸਿੰਘ ਫੁੱਲ, ਪ੍ਰੋ. ਕਿਰਪਾਲ ਸਿੰਘ ਤੇ ਡਾ. ਗੰਡਾ ਸਿੰਘ ਵਰਗੀਆਂ ਹਸਤੀਆਂ ਨੇ ਉਨ੍ਹਾਂ ਦੇ ਅੰਦਰ ਪੰਥਕ ਚੇਤਨਾ ਤੇ ਨੌਜਵਾਨਾਂ ਲਈ ਜ਼ਿੰਮੇਵਾਰੀ ਦਾ ਭਾਵ ਮਜ਼ਬੂਤ ਕੀਤਾ।
ਪੰਜਾਬੀ ਸੂਬਾ ਮੋਰਚੇ ਦੌਰਾਨ ਫੈਡਰੇਸ਼ਨ ਦੇ ਦਿੱਲੀ ਦੇ ਪ੍ਰਧਾਨ (1960 ਤੋਂ 1964) ਹੋਣ ਦੇ ਨਾਤੇ ਪੁਲਿਸ ਨੇ ਕੁਲਦੀਪ ਸਿੰਘ ਨੂੰ ਹਿਰਾਸਤ 'ਚ ਲੈਣ ਲਈ ਉਨ੍ਹਾਂ ਦੇ ਘਰ ਤੇ ਪਿਤਾ ਦੇ ਦਫ਼ਤਰ 'ਤੇ ਦਬਾਅ ਪਾਇਆ। ਜਦੋਂ ਉਹ ਖ਼ੁਦ ਪੁਲਿਸ ਸਾਹਮਣੇ ਪੇਸ਼ ਹੋਏ ਤਾਂ ਉਨ੍ਹਾਂ 'ਤੇ ਇਰਾਦਾ ਕਤਲ ਸਮੇਤ 13 ਗੰਭੀਰ ਦੋਸ਼ ਲਾ ਕੇ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ। 1964 'ਚ ਉਹ ਦਿੱਲੀ ਯੂਨੀਵਰਸਿਟੀ ਤੋਂ ਬੀ.ਐਸ.ਸੀ. (ਕੈਮਿਸਟਰੀ) ਦੀ ਡਿਗਰੀ ਤੇ ਨੌਕਰੀ ਦਾ ਤਜਰਬਾ ਲੈ ਕੇ ਇੰਗਲੈਂਡ ਚਲੇ ਗਏ, ਜਿੱਥੇ ਉਨ੍ਹਾਂ ਨੂੰ ਧਾਰਮਿਕ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਯੋਗਤਾ ਤੇ ਦ੍ਰਿੜ੍ਹਤਾ ਸਦਕਾ ਉਨ੍ਹਾਂ ਨੂੰ ਦੋ ਵੱਡੀਆਂ ਕੰਪਨੀਆਂ ਵਲੋਂ ਨੌਕਰੀ ਦੀ ਪੇਸ਼ਕਸ਼ ਮਿਲੀ। 1967 'ਚ ਉਹ ਇੰਗਲੈਂਡ ਤੋਂ ਟੋਰਾਂਟੋ (ਕੈਨੇਡਾ) ਚਲੇ ਗਏ। ਉਨ੍ਹਾਂ ਦਾ ਵਿਆਹ 1971 'ਚ ਬੀਬੀ ਅਰਮਿੰਦਰ ਕੌਰ ਨਾਲ ਹੋਇਆ। 1972 'ਚ ਉਹ ਅਮਰੀਕਾ ਦੇ ਮਿਸ਼ੀਗਨ ਸੂਬੇ ਦੇ ਡੀਟਰਾਇਟ ਸ਼ਹਿਰ ਆ ਗਏ, ਜਿੱਥੇ ਉਨ੍ਹਾਂ ਲੰਮਾ ਸਮਾਂ ਬਤੌਰ ਕੈਮਿਸਟ ਹਸਪਤਾਲਾਂ ਤੇ ਆਪਣੀ ਲੈਬ 'ਚ ਕੰਮ ਕੀਤਾ। ਉੱਤਰੀ ਅਮਰੀਕਾ 'ਚ ਆ ਕੇ ਉਨ੍ਹਾਂ ਮਹਿਸੂਸ ਕੀਤਾ ਕਿ ਇੱਥੇ ਰਹਿ ਰਹੇ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਆਪਣੀ ਅਮੀਰ ਵਿਰਾਸਤ ਤੇ ਇਤਿਹਾਸ ਨਾਲ ਜੋੜਨ ਲਈ ਕੋਈ ਮੰਚ ਨਹੀਂ ਹੈ। ਉਨ੍ਹਾਂ 1973 'ਚ ਮੈਡੀਸਨ ਹਾਈਟਸ, ਮਿਸ਼ੀਗਨ ਸਥਿਤ ਆਪਣੇ ਘਰ ਤੋਂ ਗੁਰਮਤਿ ਕੈਂਪ ਸੇਵਾ ਦੀ ਸ਼ੁਰੂਆਤ ਕੀਤੀ। ਜੁਲਾਈ 2023 'ਚ ਉਨ੍ਹਾਂ ਦੇ 7 ਦਿਨਾ ਗੁਰਮਤਿ ਕੈਂਪ ਨੇ ਆਪਣੇ ਸਫ਼ਲ 50 ਸਾਲ (ਗੋਲਡਨ ਜੁਬਲੀ) ਪੂਰੇ ਕੀਤੇ। ਇਹ ਕੈਂਪ ਹੁਣ ਮਿਸ਼ੀਗਨ ਦੇ ਫੈਂਟਨ ਇਲਾਕੇ ਵਿਚ ਇਕ ਸੁੰਦਰ ਕੈਂਪ ਸਥਾਨ 'ਤੇ ਲਗਾਇਆ ਜਾਂਦਾ ਹੈ। ਉਨ੍ਹਾਂ ਦੀ ਪਤਨੀ ਬੀਬੀ ਅਰਮਿੰਦਰ ਕੌਰ ਨੇ ਉਨ੍ਹਾਂ ਦਾ ਬਹੁਤ ਸਾਥ ਦਿੱਤਾ। ਕੈਂਪ ਤੇ ਰਿਟਰੀਟ ਸਿਰਫ਼ ਬੱਚਿਆਂ ਜਾਂ ਨੌਜਵਾਨਾਂ ਲਈ ਹੀ ਨਹੀਂ, ਸਗੋਂ ਮਾਪਿਆਂ ਤੇ ਸੇਵਾਦਾਰਾਂ ਲਈ ਵੀ ਸਿੱਖਣ ਦਾ ਮੰਚ ਬਣੇ। ਉਨ੍ਹਾਂ ਨੇ ਉੱਤਰੀ ਅਮਰੀਕਾ ਦੇ ਸਿੱਖ ਨੌਜਵਾਨਾਂ ਨੂੰ ਇਕ ਸੂਤਰ ਵਿਚ ਪਰੋਣ ਲਈ ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ (ਸਿਆਨਾ)ਸੰਸਥਾ ਦੀ ਸਥਾਪਨਾ ਕੀਤੀ। ਇਸ ਦੇ ਬੈਨਰ ਹੇਠ ਉਨ੍ਹਾਂ ਨੇ ਕੈਂਪਾਂ ਦੇ ਨਾਲ-ਨਾਲ ਕੌਮਾਂਤਰੀ ਪੱਧਰ ਦੇ ਭਾਸ਼ਨ ਸਿਮਪੋਜ਼ੀਅਮ ਤੇ ਨੌਜਵਾਨਾਂ ਲਈ ਯੂਥ ਰਿਟਰੀਟ ਵਰਗੇ ਪ੍ਰੋਗਰਾਮ ਵੀ ਸ਼ੁਰੂ ਕੀਤੇ, ਜੋ ਅੱਜ ਵੀ ਹਰ ਸਾਲ ਮੈਮੋਰੀਅਲ ਡੇਅ ਵੀਕਐਂਡ 'ਤੇ ਕਰਵਾਏ ਜਾਂਦੇ ਹਨ। ਉਨ੍ਹਾਂ ਦਾ ਮੁੱਖ ਜ਼ੋਰ ਹਮੇਸ਼ਾ ਇਸ ਗੱਲ 'ਤੇ ਰਿਹਾ ਕਿ ਕੈਂਪ 'ਚ ਕਿਸੇ ਡੇਰੇ ਜਾਂ ਵਿਅਕਤੀ ਵਿਸ਼ੇਸ਼ ਦੀ ਮਰਿਆਦਾ ਦੀ ਬਜਾਏ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਹੀ ਲਾਗੂ ਕੀਤਾ ਜਾਵੇ ਤਾਂ ਜੋ ਬੱਚਿਆਂ ਨੂੰ ਮੁੱਖ ਧਾਰਾ ਦੀ ਸਿੱਖੀ ਨਾਲ ਜੋੜਿਆ ਜਾ ਸਕੇ। ਇਸ ਤਰ੍ਹਾਂ ਸ. ਕੁਲਦੀਪ ਸਿੰਘ ਨੇ ਆਪਣੀ ਨੇਕ ਕਮਾਈ, ਵਕਤ ਤੇ ਪਰਿਵਾਰ ਨੂੰ ਪੰਥ ਦੀ ਸੇਵਾ ਵਿਚ ਲਾ ਦਿੱਤਾ।

-ਡੇਟਨ, ਓਹਾਇਓ (ਅਮਰੀਕਾ)।
ਵਟਸਐਪ : +1-937-654-8873

ਪਿਛਲੀ ਖ਼ਬਰ ਪਵਿੱਤਰ ਗੰਗਾ ਸਾਗਰ ਦਾ ਰਾਏਕੋਟ ਤੋਂ ਸਰੀ ਤੱਕ ਦਾ ਸਫ਼ਰ ਅਗਲੀ ਖ਼ਬਰ ਬਰਸੀ 'ਤੇ ਵਿਸ਼ੇਸ਼-108 ਸੰਤ ਬਾਬਾ ਤਾਰਾ ਸਿੰਘ ਖ਼ੁਸ਼ਦਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।