26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਪਵਿੱਤਰ ਗੰਗਾ ਸਾਗਰ ਦਾ ਰਾਏਕੋਟ ਤੋਂ ਸਰੀ ਤੱਕ ਦਾ ਸਫ਼ਰ

ਅਜੀਤ ਡੈਸਕ 15-06-2026

ਸਿੱਖ ਕੌਮ ਬਾਰੇ ਇਕ ਧਾਰਨਾ ਹੈ ਕਿ ਇਹ ਕੌਮ ਇਤਿਹਾਸ ਸਿਰਜ ਤਾਂ ਲੈਂਦੀ ਹੈ ਪਰ ਸੰਭਾਲਦੀ ਨਹੀਂ। ਇਹੀ ਧਾਰਨਾ ਵਿਰਾਸਤੀ ਵਸਤੂਆਂ ਤੇ ਵਿਰਾਸਤੀ ਇਮਾਰਤਾਂ ਬਾਰੇ ਵੀ ਲਾਗੂ ਹੁੰਦੀ ਹੈ। ਪਰ ਸਦਕੇ ਜਾਈਏ ਰਾਏ ਖ਼ਾਨਦਾਨ ਦੇ, ਜਿਨ੍ਹਾਂ ਨੇ ਦਸਮ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਪਵਿੱਤਰ ਗੰਗਾ ਸਾਗਰ ਨੂੰ 320 ਸਾਲਾਂ ਤੋਂ ਸੰਭਾਲ ਕੇ ਰੱਖਿਆ ਹੋਇਆ ਹੈ। ਏਥੇ ਹੀ ਬਸ ਨਹੀਂ ਸਮੇਂ-ਸਮੇਂ 'ਤੇ ਵਿਦੇਸ਼ਾਂ ਵਿਚ ਸੰਗਤਾਂ ਦੀ ਬੇਨਤੀ 'ਤੇ ਸੰਗਤਾਂ ਨੂੰ ਉਸ ਦੇ ਦਰਸ਼ਨ ਵੀ ਕਰਵਾਉਂਦੇ ਰਹਿੰਦੇ ਹਨ। 12ਵੀਂ ਸਦੀ (1183) ਵਿਚ ਮੋਕਲ ਨਾਂਅ ਦਾ ਇਕ ਹਿੰਦੂ ਰਾਜਪੂਤ ਰਾਜਸਥਾਨ ਦੇ ਜੈਸਲਮੇਰ ਇਲਾਕੇ ਤੋਂ ਪੰਜਾਬ ਆਇਆ। ਪੰਜਾਬ ਆ ਕੇ ਉਸ ਨੇ ਮੋਹਕਲਹਰ ਨਗਰ ਵਸਾਇਆ, ਜਿਸ ਦਾ ਨਾਂਅ ਬਾਅਦ 'ਚ ਬਾਬਾ ਸ਼ੇਖ ਫ਼ਰੀਦ ਸ਼ਕਰਗੰਜ ਦੇ ਨਾਂਅ 'ਤੇ ਫ਼ਰੀਦਕੋਟ ਪੈ ਗਿਆ। ਮੋਕਲ ਦੀ ਚੌਥੀ ਪੀੜ੍ਹੀ (1323 ਈ:) 'ਚ ਤੁਲਸੀ ਦਾਸ ਨੇ ਮਖਦੂਮ ਜਹਾਨੀਆਂ ਜਹਾਨ ਗਸ਼ਤ ਨਾਂਅ ਦੇ ਮਹਾਨ ਸੂਫ਼ੀ ਫ਼ਕੀਰ ਰਾਹੀਂ ਇਸਲਾਮ ਕਬੂਲ ਕਰਕੇ ਸਿਰਾਜੂਦੀਨ ਨਾਂਅ ਰੱਖਿਆ ਤੇ ਇਸੇ ਸਾਲ ਹੀ ਉਨ੍ਹਾਂ ਨੇ ਮਸ਼ਹੂਰ ਪਿੰਡ ਚਕਰ ਵਸਾਇਆ। ਇਹੀ ਸੂਫ਼ੀ ਫਕੀਰ 'ਉੱਚ ਦੇ ਪੀਰ' ਵਜੋਂ ਜਾਣੇ ਜਾਂਦੇ ਸਨ। ਪਾਕਿਸਤਾਨ ਦੇ ਪੁਰਾਣੇ ਨਗਰ 'ਉੱਚ ਸ਼ਰੀਫ਼' ਵਿਖੇ ਮਖਦੂਮ ਜਹਾਨੀਆਂ ਜਹਾਨ ਗਸ਼ਤ ਦੇ ਪਵਿੱਤਰ ਮਜ਼ਾਰ ਦੇ ਕੋਲ ਹੀ ਤੁਲਸੀ ਦਾਸ (ਸਰਾਜੂਦੀਨ ਉਰਫ਼ ਸ਼ੇਖ ਚਾਚੂ) ਦੀ ਕਬਰ ਹੈ। ਸ਼ੇਖ ਚਾਚੂ ਦਾ ਇਕ ਪੁੱਤਰ ਭਾਰੂ ਸੀ, ਜਿਸ ਨੇ ਹਠੂਰ ਪਿੰਡ 'ਤੇ ਕਬਜ਼ਾ ਕਰ ਲਿਆ। ਭਾਰੂ ਦੀ ਸੱਤਵੀਂ ਪੀੜ੍ਹੀ 'ਚ ਰਾਏ ਕੱਲਾ (ਪਹਿਲਾ) ਹੋਇਆ, ਜੋ 15ਵੀਂ ਸਦੀ ਦੇ ਸ਼ੁਰੂ ਵਿਚ ਦਿੱਲੀ ਦੇ ਬਾਦਸ਼ਾਹ ਅਲਾਉਦੀਨ ਖਿਲਜੀ ਦਾ ਜਗੀਰਦਾਰ ਬਣਿਆ। ਖਿਲਜੀ ਨੇ ਹੀ ਕੱਲਾ ਦੇ ਕੰਮ ਤੋਂ ਖੁਸ਼ ਹੋ ਕੇ ਉਸ ਨੂੰ 'ਰਾਏ' ਦੇ ਖ਼ਿਤਾਬ ਨਾਲ ਨਿਵਾਜਿਆ ਤੇ 1300 ਪਿੰਡਾਂ ਦੀ ਜਗੀਰ ਦਿੱਤੀ। ਰਾਏ ਕੱਲਾ ਨੇ ਹਠੂਰ ਤੋਂ ਆ ਕੇ 1478 ਵਿਚ ਤਲਵੰਡੀ ਰਾਏ ਨਗਰ ਵਸਾਇਆ। ਰਾਏ ਕੱਲਾ ਤੋਂ ਅੱਠ ਪੀੜ੍ਹੀਆਂ ਬਾਅਦ ਰਾਏ ਕੱਲਾ (ਦੂਜਾ) ਪੈਦਾ ਹੋਇਆ ਤੇ ਰਾਏ ਕੱਲਾ (ਦੂਜਾ) ਤੋਂ ਚਾਰ ਪੀੜ੍ਹੀਆਂ ਬਾਅਦ ਰਾਏ ਕੱਲਾ (ਤੀਜਾ) ਹੋਇਆ। ਇਸ ਖ਼ਾਨਦਾਨ 'ਚ ਅੱਜ ਤੋਂ ਕੋਈ 500 ਸਾਲ ਪਹਿਲਾਂ ਰਾਏ ਕਮਾਲਦੀਨ (ਪਹਿਲਾ) ਹੋਇਆ। ਇਸੇ ਖ਼ਾਨਦਾਨ ਦੇ ਰਾਏ ਅਹਿਮਦ ਨੇ 1648 'ਚ ਰਾਏਕੋਟ ਨਗਰ ਵਸਾਇਆ। ਇਸੇ ਖ਼ਾਨਦਾਨ ਦੇ ਰਾਏ ਕਮਾਲਦੀਨ (ਦੂਜਾ) ਨੇ 1680 'ਚ (ਰਾਵਾਂ ਦਾ ਜੱਗ ਜਾਂ ਜੱਗ-ਰਾਵਾਂ) ਜਗਰਾਉਂ ਨਗਰ ਵਸਾਇਆ। ਰਾਏ ਕੱਲਾ (ਤੀਜਾ) ਰਾਏ ਕਮਾਲਦੀਨ ਦਾ ਪੁੱਤਰ ਸੀ। ਰਾਏ ਕੱਲਾ (ਤੀਜਾ) ਦੀ ਨੌਵੀਂ ਪੀੜ੍ਹੀ 'ਚੋਂ ਰਾਏ ਅਜ਼ੀਜ਼ਉੱਲਾ ਖ਼ਾਨ ਅੱਜ-ਕੱਲ੍ਹ ਕੈਨੇਡਾ ਦੇ ਸਰੀ ਸ਼ਹਿਰ ਵਿਚ ਰਹਿ ਰਹੇ ਹਨ, ਜੋ ਗੰਗਾ ਸਾਗਰ ਦੀ ਸਾਂਭ-ਸੰਭਾਲ ਕਰ ਰਹੇ ਹਨ। ਅੱਗੇ ਉਨ੍ਹਾਂ ਨੇ ਆਪਣੇ ਪੁੱਤਰ ਰਾਏ ਮੁਹੰਮਦ ਅਲੀ ਖ਼ਾਨ ਨੂੰ ਵੀ ਗੰਗਾ ਸਾਗਰ ਦੀ ਮਰਿਆਦਾ ਤੇ ਅਹਿਮੀਅਤ ਸਮਝਾ ਦਿੱਤੀ ਹੈ।
ਹੁਣ ਗੱਲ ਕਰਦੇ ਹਾਂ ਪਵਿੱਤਰ ਗੰਗਾ ਸਾਗਰ ਦੀ। ਇਹ ਇਕ ਖ਼ਾਸ ਮੁਹਾਰਤ ਨਾਲ ਧਾਤ ਦਾ ਬਣਿਆ ਸੁਰਾਹੀਨੁਮਾ ਫੁੱਟ ਕੁ ਉੱਚਾ ਬਰਤਨ ਹੈ। ਇਸ ਦੀ ਖ਼ਾਸੀਅਤ ਇਹ ਹੈ ਕਿ ਇਸ ਵਿਚ ਇਸ ਦੀ ਗੋਲਾਈ ਅਤੇ ਉੱਪਰ-ਥੱਲੇ 288 ਛੇਕ ਹਨ ਪਰ ਇਸ ਵਿਚ ਤਰਲ ਪਾਇਆਂ ਸ਼ੁਰੂ 'ਚ ਥੋੜ੍ਹਾ ਜਿਹਾ ਸਿੰਮਦਾ ਹੈ ਪਰ ਭਰ ਜਾਣ 'ਤੇ ਤੁਪਕਾ ਵੀ ਨਹੀਂ ਡਿਗਦਾ, ਜਦਕਿ ਰੇਤ ਪਾਇਆਂ ਇਸ 'ਚੋਂ ਕਿਰ ਜਾਂਦੀ ਹੈ। ਇਤਿਹਾਸ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਕੁਝ ਸਿੰਘਾਂ ਸਣੇ ਮਾਛੀਵਾੜੇ ਦੇ ਜੰਗਲਾਂ 'ਚੋਂ ਹੁੰਦੇ ਹੋਏ ਗੁਰਦੁਆਰਾ ਟਾਹਲੀਆਣਾ ਸਾਹਿਬ ਵਾਲੇ ਸਥਾਨ 'ਤੇ ਪੁੱਜੇ, ਜਿੱਥੇ ਰਾਏ ਕੱਲਾ ਨੂੰ ਉਸ ਦੇ ਚਰਵਾਹੇ ਨੂਰੇ ਮਾਹੀ ਨੇ ਗੁਰੂ ਜੀ ਨੂੰ ਦੁੱਧ ਛਕਾਉਣ ਮਗਰੋਂ ਗੁਰੂ ਜੀ ਦੇ ਆਉਣ ਬਾਰੇ ਦੱਸਿਆ। ਰਾਏ ਕੱਲਾ ਝੱਟ ਗੂਰੂ ਜੀ ਦੇ ਦਰਸ਼ਨਾਂ ਲਈ ਆਇਆ ਤੇ ਆਪਣੀ ਹਵੇਲੀ ਪਧਾਰਨ ਤੇ ਮਹਿਮਾਨ ਨਿਵਾਜ਼ੀ ਦੀ ਪੇਸ਼ਕਸ਼ ਕੀਤੀ। ਗੁਰੂ ਜੀ ਨੇ 1705 ਵਿਚ 19, 20 ਤੇ 21 ਪੋਹ ਨੂੰ ਤਿੰਨ ਦਿਨ ਰਾਏ ਕੱਲਾ ਦੀ ਹਵੇਲੀ 'ਚ ਵਿਸ਼ਰਾਮ ਕੀਤਾ। ਗੁਰੂ ਸਾਹਿਬ ਨੇ ਪਰਿਵਾਰ ਦੀ ਸੇਵਾ ਤੋਂ ਖੁਸ਼ ਹੋ ਕੇ ਵਿਦਾਇਗੀ ਸਮੇਂ ਗੰਗਾ ਸਾਗਰ, ਇਕ ਕਿਰਪਾਨ ਤੇ ਇਕ ਲੱਕੜ ਦੀ ਰਿਹਲ ਦੇ ਕੇ ਖ਼ਾਨਦਾਨ ਨੂੰ ਸਲਾਮਤ ਰਹਿਣ ਦੀ ਅਸੀਸ ਦਿੱਤੀ। ਪੀੜ੍ਹੀ ਦਰ ਪੀੜ੍ਹੀ ਇਸ ਖ਼ਾਨਦਾਨ ਨੇ ਤਿੰਨੇ ਵਸਤੂਆਂ ਸੰਭਾਲੀ ਰੱਖੀਆਂ ਪਰ ਰਿਹਲ ਲੱਕੜ ਦੀ ਹੋਣ ਕਰਕੇ ਆਪਣੀ ਅਹੁਦ ਪੁਗਾ ਗਈ। ਕਿਰਪਾਨ ਬਾਰੇ ਜਾਣਕਾਰੀ ਹੈ ਕਿ 1854 'ਚ ਰਾਣੀ ਭਾਗਭਰੀ ਚੱਲ ਵਸੀ ਤਾਂ ਉਸ ਸਮੇਂ ਲੁਧਿਆਣੇ ਦਾ ਅੰਗਰੇਜ਼ ਡਿਪਟੀ ਕਮਿਸ਼ਨਰ ਅਫ਼ਸੋਸ ਕਰਨ ਲਈ ਰਾਏਕੋਟ ਆਇਆ ਤਾਂ ਰਾਣੀ ਦੇ ਪਾਲਿਤ ਪੁੱਤਰ (ਰਾਣੀ ਦੇ ਸਕੇ ਭਤੀਜੇ) ਤੇ ਵਾਰਸ ਇਮਾਮ ਬਖਸ਼ ਨੇ ਉਹ ਕਿਰਪਾਨ ਉਸ ਅਫ਼ਸਰ ਨੂੰ ਭੇਟ ਕਰ ਦਿੱਤੀ, ਜੋ ਉਸ ਨੇ 25 ਨਵੰਬਰ, 1854 ਨੂੰ ਇੰਗਲੈਂਡ ਭੇਜ ਦਿੱਤੀ। ਪਰ ਰਾਏ ਪਰਿਵਾਰ ਦਾ ਕਹਿਣਾ ਹੈ ਕਿ ਉਹ ਕਿਰਪਾਨ ਅੰਗਰੇਜ਼ਾਂ ਨੇ ਉਨ੍ਹਾਂ ਤੋਂ ਹਕੂਮਤ ਦੇ ਜ਼ੋਰ ਨਾਲ ਹਥਿਆ ਲਈ ਸੀ। ਵੰਡ ਸਮੇਂ ਰਾਏ ਇਨਾਇਤ ਖ਼ਾਨ (ਰਾਏ ਅਜ਼ੀਜ਼ਉੱਲਾ ਖ਼ਾਨ ਦੇ ਦਾਦਾ) ਚੀਚਾਵਤਨੀ (ਪਾਕਿਸਤਾਨ) ਚਲੇ ਗਏ ਤੇ ਗੰਗਾ ਸਾਗਰ ਨੂੰ ਵੀ ਬੜੀ ਹਿਫ਼ਾਜ਼ਤ ਨਾਲ ਆਪਣੇ ਨਾਲ ਲੈ ਗਏ।
ਰਾਏ ਅਜ਼ੀਜ਼ਉੱਲਾ ਖ਼ਾਨ ਦਾ ਜਨਮ 1951 'ਚ ਹੋਇਆ। 2 ਸਾਲ ਬਾਅਦ ਹੀ ਉਨ੍ਹਾਂ ਦੇ ਦਾਦਾ ਰਾਏ ਇਨਾਇਤ ਖ਼ਾਨ ਤੇ 1958 'ਚ ਪਿਤਾ ਰਾਏ ਫਕੀਰਉੱਲਾ ਖ਼ਾਨ ਅੱਲਾ ਨੂੰ ਪਿਆਰੇ ਹੋ ਗਏ। ਉਨ੍ਹਾਂ ਦੀ ਦਾਦੀ ਅਜ਼ੀਜ਼ ਬੀਬੀ ਨੇ ਉਨ੍ਹਾਂ ਦਾ ਪਾਲਣ-ਪੋਸ਼ਣ ਕੀਤਾ, ਪੜ੍ਹਾਇਆ ਤੇ ਨਾਲ-ਨਾਲ ਗੰਗਾ ਸਾਗਰ ਬਾਰੇ ਜਾਣਕਾਰੀ ਦਿੱਤੀ ਤੇ ਮਰਿਆਦਾ ਸਮਝਾਈ। ਅਜ਼ੀਜ਼ਉੱਲਾ ਖ਼ਾਨ ਨੇ ਗੰਗਾ ਸਾਗਰ ਬਾਰੇ ਤੇ ਆਪਣੇ ਖ਼ਾਨਦਾਨ ਬਾਰੇ ਜਾਣਕਾਰੀ ਇਕੱਤਰ ਕਰਨੀ ਸ਼ੁਰੂ ਕੀਤੀ। ਇਸ ਜਨੂੰਨ ਲਈ ਉਨ੍ਹਾਂ ਨੇ ਲਾਹੌਰ ਤੋਂ ਲੰਡਨ ਤੱਕ ਦੀਆਂ ਲਾਇਬ੍ਰੇਰੀਆਂ ਛਾਣ ਮਾਰੀਆਂ ਤੇ ਢੇਰ ਸਾਰਾ ਰਿਕਾਰਡ ਇਕੱਠਾ ਕੀਤਾ। ਫਿਰ ਰਾਏ ਅਜ਼ੀਜ਼ਉੱਲਾ ਨੇ ਸੋਚਿਆ ਕਿ ਕਿਉਂ ਨਾ ਗੰਗਾ ਸਾਗਰ ਬਾਰੇ ਫਿਰ ਤੋਂ ਸਿੱਖ ਸੰਗਤ ਨੂੰ ਜਾਣਕਾਰੀ ਦਿੱਤੀ ਜਾਵੇ। 1993 'ਚ ਉਹ ਆਪਣੀ ਨਿੱਜੀ ਫੇਰੀ 'ਤੇ ਲੰਡਨ ਗਏ ਤੇ ਹੈਵਲੋਕ ਰੋਡ ਸਾਊਥਹਾਲ ਦੇ ਸਿੰਘ ਸਭਾ ਗੁਰਦੁਆਰੇ 'ਚ ਪਹਿਲੀ ਵਾਰ ਗੰਗਾ ਸਾਗਰ ਬਾਰੇ ਦੱਸਿਆ ਤਾਂ ਸੰਗਤਾਂ ਖੁਸ਼ੀ 'ਚ ਝੂਮ ਉੱਠੀਆਂ ਤੇ ਜਲਦੀ ਦਰਸ਼ਨ ਕਰਾਉਣ ਦੀ ਬੇਨਤੀ ਕੀਤੀ। 7 ਅਗਸਤ, 1994 ਨੂੰ ਹੇਜ਼ ਮਿਡਲਸੈਕਸ ਵਿਚਲੇ ਗੁਰੂ ਨਾਨਕ ਸਿੱਖ ਕਾਲਜ ਦੇ ਗੁਰਦੁਆਰੇ 'ਚ ਸੰਗਤਾਂ ਨੂੰ ਗੰਗਾ ਸਾਗਰ ਦੇ ਦਰਸ਼ਨ ਕਰਵਾਏ ਗਏ। ਫਿਰ 2004 'ਚ ਛੋਟੇ ਸਾਹਿਬਜ਼ਾਦਿਆਂ ਦੇ 300 ਸਾਲਾ ਸ਼ਹੀਦੀ ਪੁਰਬ ਮੌਕੇ ਭਾਰਤੀ ਪੰਜਾਬ 'ਚ ਗੰਗਾ ਸਾਗਰ ਦੇ ਦਰਸ਼ਨ ਕਰਵਾਏ ਗਏ। ਰਾਏ ਅਜ਼ੀਜ਼ਉੱਲਾ ਖ਼ਾਨ ਪਾਕਿਸਤਾਨ ਅਸੈਂਬਲੀ ਦੇ ਵੀ ਮੈਂਬਰ ਰਹੇ ਹਨ।
ਰਾਏ ਸਾਹਿਬ ਕੁਝ ਸਮਾਂ ਇੰਗਲੈਂਡ ਵੀ ਰਹੇ ਤੇ ਗੰਗਾ ਸਾਗਰ ਵੀ ਆਪਣੇ ਕੋਲ ਰੱਖਿਆ। 2008 ਵਿਚ ਉਹ ਪੱਕੇ ਤੌਰ 'ਤੇ ਕੈਨੇਡਾ ਦੇ ਸਰੀ ਸ਼ਹਿਰ ਵਸ ਗਏ। ਅੱਜ-ਕੱਲ੍ਹ ਗੰਗਾ ਸਾਗਰ ਇਥੇ ਇਨ੍ਹਾਂ ਕੋਲ ਸੁਰੱਖਿਅਤ ਹੈ। ਰਾਏ ਅਜ਼ੀਜ਼ਉੱਲਾ ਖ਼ਾਨ ਕਹਿੰਦੇ ਹਨ ਕਿ ਮੈ ਅੱਲਾ ਪਾਕਿ ਦਾ ਕੋਟਿਨ-ਕੋਟਿ ਸ਼ੁਕਰਗੁਜ਼ਾਰ ਹਾਂ ਜਿਸ ਨੇ ਕਿ ਰਾਏ ਕੱਲਾ ਵਲੋਂ ਗੁਰੂ ਜੀ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਪਵਿੱਤਰ ਬਖ਼ਸ਼ਿਸ਼ਾਂ ਕਰਨ ਦੇ ਸੁਨਹਿਰੀ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕਰਨ ਦਾ ਉੱਦਮ ਤੇ ਮੌਕਾ ਬਖਸ਼ਿਆ। ਸਾਡੀ ਇਹੀ ਖਾਹਿਸ਼ ਹੈ ਕਿ ਅੱਲ੍ਹਾ ਪਾਕਿ ਰਾਏ ਖ਼ਾਨਦਾਨ ਨੂੰ ਇਸੇ ਤਰ੍ਹਾਂ ਹੀ ਸੇਵਾ ਕਰਨ ਦਾ ਬਲ ਬਖਸ਼ਦੇ ਰਹਿਣ।

-ਸਰੀ (ਬੀ.ਸੀ.) ਕੈਨੇਡਾ।
ਵਟਸਐਪ : +1-236-622-7799

ਪਿਛਲੀ ਖ਼ਬਰ ਚੰਦੋ ਕਲਾਂ ਵਿਖੇ ਗ੍ਰੰਥੀ ਸਭਾ ਹਰਿਆਣਾ ਦੀ ਬੈਠਕ, ਜ਼ਿਲ੍ਹਾ ਤੇ ਬਲਾਕ ਪੱਧਰੀ ਕਮੇਟੀਆਂ ਦਾ ਗਠਨ <br/> ਅਗਲੀ ਖ਼ਬਰ ਉੱਤਰੀ ਅਮਰੀਕਾ 'ਚ ਗੁਰਮਤਿ ਕੈਂਪਾਂ ਦੇ ਮੋਢੀ ਕੁਲਦੀਪ ਸਿੰਘ ਦਾ ਵਿਛੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।