02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਸੁਰੀਲਾ ਰਾਗੀ ਭਾਈ ਗੁਰਪ੍ਰੀਤ ਸਿੰਘ ਬੰਗਿਆਂ ਵਾਲੇ

ਅਜੀਤ ਡੈਸਕ 20-07-2026

ਆਪਣੀ ਵਿੱਲਖਣ ਕੀਰਤਨ-ਸ਼ੈਲੀ ਦੁਆਰਾ ਸੰਗਤਾਂ ਦੇ ਮਨਾਂ 'ਚ ਆਪਣੀ ਵੱਖਰੀ ਜਗ੍ਹਾ ਬਣਾਉਣ ਵਾਲੇ ਕੀਰਤਨੀਏ ਭਾਈ ਗੁਰਪ੍ਰੀਤ ਸਿੰਘ ਬੰਗਿਆਂ ਵਾਲੇ ਅਜੋਕੀ ਪੀੜ੍ਹੀ ਦੇ ਕੀਰਤਨੀਆਂ ਵਿਚ ਕਾਫ਼ੀ ਸਤਿਕਾਰੇ ਜਾਂਦੇ ਹਨ। ਆਪਣੀ ਵੱਖਰੀ ਸੁਰੀਲੀ ਆਵਾਜ਼ ਵਿਚ ਗੁਰਬਾਣੀ ਸ਼ਬਦ ਗਾਇਨ ਕਰਦਿਆਂ ਉਹ ਅਜਿਹੇ ਰੂਹਾਨੀ ਰਸ ਵਿਚ ਮਗਨ ਹੋ ਜਾਂਦੇ ਹਨ ਕਿ ਸਨਮੁੱਖ ਸਜੀਆਂ ਸੰਗਤਾਂ ਆਤਮ ਵਿਭੋਰ ਹੋ ਜਾਂਦੀਆਂ ਹਨ। ਉਨ੍ਹਾਂ ਦਾ ਜਨਮ ਪਿਤਾ ਗੁਰਦਿੱਤ ਸਿੰਘ ਅਤੇ ਮਾਤਾ ਰਾਜਵਿੰਦਰ ਕੌਰ ਦੇ ਗ੍ਰਹਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਸ਼ਹਿਰ ਬੰਗਾ ਵਿਖੇ 10 ਜੁਲਾਈ 2000 ਨੂੰ ਹੋਇਆ। ਉਹ ਦੋ ਵੱਡੀਆਂ ਭੈਣਾਂ ਦਾ ਛੋਟਾ ਵੀਰ ਹੈ। ਉਸ ਦਾ ਵਿਆਹ ਪਿੰਡ ਨੌਰਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਜੰਮਪਲ ਬੀਬੀ ਜਸਮੀਨ ਕੌਰ ਨਾਲ 20 ਨਵੰਬਰ 2023 ਨੂੰ ਹੋਇਆ। ਭਾਈ ਸਾਹਿਬ ਦੀਆਂ ਵਿੱਦਿਅਕ ਪ੍ਰਾਪਤੀਆਂ ਅਨੁਸਾਰ ਉਨ੍ਹਾਂ ਨੇ ਪਹਿਲੀ ਤੋਂ ਦਸਵੀਂ ਜਮਾਤ ਦੀ ਪੜ੍ਹਾਈ ਪੰਡਤ ਰੀਠਾ ਰਾਮ ਟਾਹ ਪਬਲਿਕ ਹਾਈ ਸਕੂਲ ਬੰਗਾ ਤੋਂ ਕੀਤੀ। ਉਪਰੰਤ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ (ਐਮ.ਏ. ਪੰਜਾਬੀ) ਸਿੱਖ ਨੈਸ਼ਨਲ ਕਾਲਜ ਬੰਗਾ ਤੋਂ ਕੀਤੀ। ਆਪਣੀ ਰੂਹ 'ਚ ਰਚੇ ਸੰਗੀਤ ਸ਼ੌਕ ਨੂੰ ਪੂਰਨ ਲਈ ਉਨ੍ਹਾਂ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਤੋਂ ਐਮ.ਏ. ਮਿਊਜ਼ਿਕ (ਵੋਕਲ) ਕਰਕੇ ਜ਼ਿੰਦਗੀ 'ਚ ਅਗਲਾ ਕਦਮ ਪੁੱਟਿਆ।
ਉਨ੍ਹਾਂ ਦੇ ਦੱਸਣ ਮੁਤਾਬਿਕ ਭਾਈ ਸਾਹਿਬ ਨੇ ਉਮਰ ਦੇ ਨੌਵੇਂ ਵਰ੍ਹੇ ਤੋਂ ਹੀ ਸੰਗੀਤ ਸਿੱਖਿਆ ਦੇ ਖੇਤਰ ਵਿਚ ਪੈਰ ਧਰ ਲਿਆ ਸੀ। ਗੁਰਮਤਿ ਸੰਗੀਤ ਦੀ ਸਿਖਲਾਈ ਉਨ੍ਹਾਂ ਉਸਤਾਦ ਭਾਈ ਮਨਦੀਪ ਸਿੰਘ ਜੀਂਦੋਵਾਲ, ਉਸਤਾਦ ਸੁਰਿੰਦਰ ਸਿਘ ਤੇ ਉਸਤਾਦ ਸ਼ਾਮ ਤੋਂ ਪ੍ਰਾਪਤ ਕੀਤੀ। ਉਨ੍ਹਾਂ ਗੁਰਮਤਿ ਸੰਗੀਤ ਅਤੇ ਗੁਰਮਤਿ ਦੀ ਸਿੱਖਿਆ ਭਾਈ ਗੁਰਦਾਸ ਜੀ ਗੁਰਮਤਿ ਸੰਗੀਤ ਅਕੈਡਮੀ ਬੰਗਾ ਤੋਂ ਹਾਸਲ ਕੀਤੀ। ਇਹ ਸੰਗੀਤ ਸਿਖਲਾਈ ਨਿਰੰਤਰ ਜਾਰੀ ਹੈ। ਅੱਜ-ਕੱਲ੍ਹ ਭਾਈ ਸਾਹਿਬ ਬਤੌਰ ਹਜ਼ੂਰੀ ਰਾਗੀ ਗੁਰਦੁਆਰਾ ਨਾਭ ਕੰਵਲ ਰਾਜਾ ਸਾਹਿਬ ਮਜਾਰਾ ਵਿਖੇ ਕੀਰਤਨ ਦੀ ਸੇਵਾ ਨਿਭਾਅ ਰਹੇ ਹਨ। ਉਨ੍ਹਾਂ ਨੇ ਗੁਰਬਾਣੀ-ਸ਼ਬਦਾਂ ਦੀ ਪਲੇਠੀ ਐਲਬਮ ਦਾ ਪਹਿਲਾ ਸ਼ਬਦ ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ, ਪੇਸ਼ ਕੀਤਾ। ਇਸ ਐਲਬਮ ਦੀ ਪੇਸ਼ਕਾਰੀ 'ਤੇ ਉਨ੍ਹਾਂ ਸਿੱਖ ਨੈਸ਼ਨਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਤਰਸੇਮ ਸਿੰਘ ਭਿੰਡਰ, ਪ੍ਰੋ. ਗੁਰਪ੍ਰੀਤ ਸਿੰਘ ਨਿਊਜ਼ੀਲੈਂਡ, ਪ੍ਰੋ. ਸ਼ਾਮ ਸਿੰਘ ਅਤੇ ਆਪਣੇ ਉਸਤਾਦ ਭਾਈ ਮਨਦੀਪ ਸਿੰਘ ਜੀਂਦੋਵਾਲ ਦਾ ਉਹ ਧੰਨਵਾਦ ਕੀਤਾ।
-ਮੋਬਾਈਲ : 98146-81444

ਪਿਛਲੀ ਖ਼ਬਰ ਜੰਗਬਾਜ਼ ਜਰਨੈਲ ਸ਼ਹੀਦ ਭਾਈ ਉਦੈ ਸਿੰਘ ਅਗਲੀ ਖ਼ਬਰ ਸੂਚੇ ਏਹਿ ਨ ਆਖੀਅਹਿ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।