02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਜੰਗਬਾਜ਼ ਜਰਨੈਲ ਸ਼ਹੀਦ ਭਾਈ ਉਦੈ ਸਿੰਘ

ਅਜੀਤ ਡੈਸਕ 20-07-2026

ਇਸ ਵਿਚ ਕੋਈ ਸ਼ੱਕ ਨਹੀਂ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਸਿਰਲੱਥ, ਧਰਮ ਅਤੇ ਕੌਮ ਲਈ ਮਰ-ਮਿਟਣ ਵਾਲੇ ਯੋਧਿਆਂ ਦੀ ਫ਼ੌਜ ਸੀ। ਬਹੁਤ ਸਾਰੇ ਸਿੰਘ ਆਪਣੇ ਵਿਲੱਖਣ ਗੁਣਾਂ ਕਰਕੇ ਜਾਣੇ ਜਾਂਦੇ ਸਨ। ਅਜਿਹੇ ਹੀ ਯੋਧਿਆਂ ਵਿਚ ਭਾਈ ਉਦੈ ਸਿੰਘ ਦਾ ਨਾਂਅ ਆਉਂਦਾ ਹੈ, ਜਿਨ੍ਹਾਂ ਦਾ ਜਨਮ 27 ਅਕਤੂਬਰ, 1665 ਨੂੰ ਪਿਤਾ ਭਾਈ ਮਨੀ ਸਿੰਘ ਅਤੇ ਮਾਤਾ ਬੀਬੀ ਸੀਤੋ ਬਾਈ ਦੇ ਘਰ ਹੋਇਆ। ਭਾਈ ਮਨੀ ਸਿੰਘ ਜੀ ਦੇ ਦਸ ਸਪੁੱਤਰ ਸਨ ਬਚਿੱਤਰ ਸਿੰਘ, ਚਿੱਤ੍ਰ ਸਿੰਘ, ਉਦੈ ਸਿੰਘ, ਅਨਿਕ ਸਿੰਘ, ਅਜਬ ਸਿੰਘ, ਅਜਾਇਬ ਸਿੰਘ, ਗੁਰਬਖ਼ਸ਼ ਸਿੰਘ, ਭਗਵਾਨ ਸਿੰਘ, ਬਲਰਾਮ ਸਿੰਘ ਤੇ ਦੇਸਾ ਸਿੰਘ ਸਨ। ਭਾਈ ਉਦੈ ਸਿੰਘ ਉਨ੍ਹਾਂ ਪੰਜ ਪੁੱਤਰਾਂ 'ਚ ਸ਼ਾਮਿਲ ਸਨ, ਜਿਨ੍ਹਾਂ ਨੂੰ ਦਸਮ ਪਿਤਾ ਦੀ ਸੇਵਾ ਲਈ ਭੇਟ ਕੀਤਾ ਗਿਆ ਸੀ। ਭਾਈ ਬਚਿੱਤਰ ਸਿੰਘ ਤੇ ਭਾਈ ਉਦੈ ਸਿੰਘ ਬਹੁਤ ਸਮਾਂ ਅਨੰਦਪੁਰ ਸਾਹਿਬ ਹੀ ਰਹੇ ਤੇ ਉਨ੍ਹਾਂ ਦਾ ਵਿਆਹ 2 ਮਾਰਚ, 1693 ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੀ ਹੋਇਆ। ਭਾਈ ਉਦੈ ਸਿੰਘ ਬਹੁਤ ਦਲੇਰ, ਜੰਗਜੂ ਤੇ ਜੰਗੀ ਕਰਤੱਵਾਂ 'ਚ ਨਿਪੁੰਨ ਸਨ। ਉਹ ਤੀਰਅੰਦਾਜ਼ੀ ਤੇ ਤਲਵਾਰਬਾਜ਼ੀ ਦੇ ਮਾਹਰ ਸਨ। ਉਨ੍ਹਾਂ ਦੀ ਬਹਾਦਰੀ ਦੇ ਜੀਵਨ ਬਿਰਤਾਂਤ 'ਚ ਦੱਸਿਆ ਜਾਂਦਾ ਹੈ ਕਿ 9 ਮਾਰਚ, 1696 ਨੂੰ ਉਨ੍ਹਾਂ ਨੇ ਇਕ ਸ਼ੇਰ ਨੂੰ ਮਾਰ ਦਿੱਤਾ ਸੀ ਤੇ ਇਸ ਬਾਰੇ ਦਸਮ ਪਿਤਾ ਨੂੰ ਉਨ੍ਹਾਂ ਨੇ ਆਪ ਜਾ ਕੇ ਦੱਸਿਆ। ਇਸੇ ਤਰ੍ਹਾਂ ਜਦੋਂ ਦੋ ਪਹਾੜੀ ਰਾਜਿਆਂ ਬਲੀਆ ਚੰਦ ਤੇ ਆਲਮ ਚੰਦ ਨੇ ਸੈਨਿਕਾਂ ਨਾਲ ਗੁਰੂ ਜੀ 'ਤੇ ਹਮਲਾ ਕੀਤਾ ਤਾਂ ਉਸ ਸਮੇਂ ਭਾਈ ਉਦੈ ਸਿੰਘ ਤੇ ਆਲਮ ਸਿੰਘ ਨੇ ਬਾਕੀ ਸਿੱਖਾਂ ਨਾਲ ਮਿਲ ਕੇ ਇਕ ਲੜਾਈ 'ਚ ਦੋਵਾਂ ਨੂੰ ਜ਼ਖ਼ਮੀ ਕਰਕੇ ਭੱਜਣ ਲਈ ਮਜਬੂਰ ਕੀਤਾ।
ਪ੍ਰਸਿੱਧ ਇਤਿਹਾਸਕਾਰ ਡਾ. ਗੁਰਚਰਨ ਸਿੰਘ ਔਲਖ ਲਿਖਦੇ ਹਨ ਕਿ 30 ਮਾਰਚ, 1699 ਨੂੰ ਭਾਈ ਉਦੈ ਨੇ ਵਿਸਾਖੀ ਵਾਲੇ ਦਿਨ ਆਪਣੇ ਪਿਤਾ ਤੇ ਭਰਾਵਾਂ ਨਾਲ ਤੀਜੇ ਜਥੇ ਵਿਚ ਅੰਮ੍ਰਿਤ ਛਕਿਆ। ਉਸ ਤੋਂ ਬਾਅਦ ਭਾਈ ਉਦੈ ਸਿੰਘ ਨੇ ਹਰ ਜੰਗੀ ਝੜਪਾਂ ਤੇ ਯੁੱਧਾਂ 'ਚ ਹਿੱਸਾ ਲਿਆ। ਭਾਈ ਉਦੈ ਸਿੰਘ ਨੇ ਕਈ ਲੜੀਆਂ ਲੜਾਈਆਂ। ਉਨ੍ਹਾਂ ਦੇ ਯੁੱਧ-ਕਾਰਨਾਮਿਆਂ ਦੀਆਂ ਕਈ ਸਾਖੀਆਂ ਪ੍ਰਸਿੱਧ ਹਨ। ਸਿੱਖ ਇਤਿਹਾਸ ਅਨੁਸਾਰ ਖ਼ਾਲਸਾ ਪੰਥ ਦੀ ਸਿਰਜਣਾ ਤੋਂ ਬਾਅਦ ਜਦੋਂ ਪੋਠੋਹਾਰ ਵਲੋਂ ਆ ਰਹੀ ਸੰਗਤ ਨੂੰ ਰਸਤੇ ਵਿਚ ਪਿੰਡ ਨੂਹ ਦੇ ਰੰਘੜਾਂ ਨੇ ਲੁੱਟ ਲਿਆ ਤਾਂ ਰੰਘੜਾਂ 'ਤੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਨੇ ਹਮਲਾ ਕਰ ਉਨ੍ਹਾਂ ਦੇ ਆਗੂ ਨੂੰ ਫੜ ਕੇ ਅਨੰਦਪੁਰ ਸਾਹਿਬ ਲਿਆਂਦਾ ਸੀ।
ਭਾਈ ਉਦੈ ਸਿੰਘ ਨੇ 1700 ਈ. 'ਚ ਵੀ ਅਨੰਦਪੁਰ ਸਾਹਿਬ 'ਤੇ ਹੋਏ ਹਮਲੇ ਸਮੇਂ ਬਹਾਦਰੀ ਦੇ ਜੌਹਰ ਦਿਖਾਏ। ਜਦੋਂ ਦੁਸ਼ਮਣਾਂ ਨੇ 30 ਅਗਸਤ ਨੂੰ ਕਿਲ੍ਹਾ ਫ਼ਤਹਿਗੜ੍ਹ 'ਤੇ ਹਮਲਾ ਕੀਤਾ, ਫਿਰ ਹਾਰ ਖਾਣ ਦੇ ਬਾਵਜੂਦ 31 ਅਗਸਤ ਨੂੰ ਅੰਗਮਗੜ੍ਹ 'ਤੇ ਹਮਲਾ ਕੀਤਾ। ਫਿਰ ਇਸੇ ਕੜੀ ਵਿਚ ਕਿਲ੍ਹਾ ਅਨੰਦਗੜ੍ਹ 'ਤੇ ਹਮਲਾ ਕੀਤਾ, ਜਿਸ ਦੀ ਅਗਵਾਈ ਪਹਿਲੀ ਸਤੰਬਰ ਨੂੰ ਕੇਸਰੀ ਚੰਦ ਜਸਵਾਲੀਆ ਕਰ ਰਿਹਾ ਸੀ, ਇੱਥੇ ਵੀ ਭਾਈ ਉਦੈ ਸਿੰਘ ਨੇ ਆਪਣੀ ਵੀਰਤਾ ਦਿਖਾਈ। ਇਸੇ ਤਰ੍ਹਾਂ ਜਦੋਂ ਮੁਗ਼ਲਾਂ ਤੇ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫ਼ੌਜਾਂ ਨੇ ਗੁਰੂ ਜੀ ਤੋਂ ਅਨੰਦਪੁਰ ਸਾਹਿਬ ਖਾਲੀ ਕਰਵਾਉਣ ਲਈ ਜ਼ੋਰ ਪਾਇਆ, ਪਰ ਤਿੰਨ ਹਮਲਿਆਂ ਵਿਚ ਬੁਰੀ ਤਰ੍ਹਾਂ ਹਾਰ ਖਾ ਕੇ ਵੀ ਉਨ੍ਹਾਂ ਅਨੰਦਪੁਰ ਸਾਹਿਬ ਨੂੰ ਘੇਰਾ ਪਾਈ ਰੱਖਿਆ। ਫਿਰ ਕੇਸਰੀ ਚੰਦ ਨੇ ਸਲਾਹ ਦੇ ਕੇ ਕਿਲ੍ਹਾ ਲੋਹਗੜ੍ਹ 'ਤੇ ਹਮਲਾ ਕਰਨ ਲਈ ਮਸਤ ਹਾਥੀ ਨੂੰ ਭੇਜਿਆ, ਜਿਸ ਦਾ ਮੁਕਾਬਲਾ ਭਾਈ ਬਚਿੱਤਰ ਸਿੰਘ ਨੇ ਅਦਭੁੱਤ ਬਹਾਦਰੀ ਨਾਲ ਕੀਤਾ। ਉਸ ਸਮੇਂ ਭਾਈ ਉਦੈ ਸਿੰਘ ਨੇ ਕੇਸਰੀ ਚੰਦ ਨੂੰ ਵੰਗਾਰਿਆ। ਕੇਸਰੀ ਚੰਦ ਨੇ ਉਦੈ ਸਿੰਘ ਵੱਲ ਤੀਰ ਚਲਾਇਆ, ਜੋ ਘੋੜੇ ਦੀ ਕਾਠੀ ਨੂੰ ਛੂੂਹ ਕੇ ਲੰਘ ਗਿਆ। ਉਦੈ ਸਿੰਘ ਨੇ ਮੌਕਾ ਸੰਭਾਲ ਕੇ ਕੇਸਰੀ ਚੰਦ ਦਾ ਸਿਰ ਲਾਹ ਦਿੱਤਾ ਤੇ ਉਸ ਸਿਰ ਨੂੰ ਬਰਛੇ 'ਤੇ ਟੰਗ ਕੇ ਫ਼ਤਹਿ ਦਾ ਜੈਕਾਰਾ ਲਾਉਂਦੇ ਹੋਏ ਕਿਲ੍ਹੇ ਅੰਦਰ ਚਲੇ ਗਏ। ਜਦੋਂ ਪਹਾੜੀ ਹਿੰਦੂ ਰਾਜਿਆਂ ਦੇ ਧੋਖੇ ਕਾਰਨ ਗੁਰੂ ਜੀ ਕੀਰਤਪੁਰ ਤੋਂ ਇਕ ਮੀਲ ਦੂਰ ਨਿਰਮੋਹਗੜ੍ਹ ਜਾ ਬਿਰਾਜੇ ਤਾਂ ਰਾਜਾ ਅਜਮੇਰ ਚੰਦ ਤੇ ਕਾਂਗੜੇ ਦੇ ਰਾਜੇ ਨੇ ਨਿਰਮੋਹਗੜ੍ਹ 'ਤੇ ਹਮਲਾ ਕਰ ਦਿੱਤਾ, ਜਿਸ ਦੌਰਾਨ ਗੁਰੂ ਜੀ, ਉਦੈ ਸਿੰਘ, ਬਚਿੱਤਰ ਸਿੰਘ, ਆਲਮ ਸਿੰਘ ਤੇ ਹੋਰ ਸਿੰਘਾਂ ਨੇ ਮੁਕਾਬਲਾ ਕੀਤਾ ਤੇ ਸਿੰਘਾਂ ਦੀ ਜਿੱਤ ਹੋਈ। ਸਿੱਖ ਇਤਿਹਾਸ ਅਨੁਸਾਰ ਇਹ ਲੜਾਈ 8 ਅਕਤੂਬਰ, 1700 ਨੂੰ ਲੜੀ ਗਈ। ਅਗਲੇ ਦਿਨ ਪਹਾੜੀ ਰਾਜਿਆਂ ਨੇ ਮੁਗ਼ਲ ਸੈਨਾ ਨਾਲ ਫਿਰ ਵੱਡਾ ਹਮਲਾ ਕੀਤਾ ਪਰ ਗੁਰੂ ਜੀ ਨੇ ਬਾਸ਼ਾਲੀ ਵੱਲ ਜਾਣ ਦਾ ਫ਼ੈਸਲਾ ਕੀਤਾ। ਗੁਰੂ ਜੀ ਨੇ ਨਾਲ ਭਾਈ ਉਦੈ ਸਿੰਘ, ਆਲਮ ਸਿੰਘ, ਦਇਆ ਸਿੰਘ ਤੇ ਮੋਹਕਮ ਸਿੰਘ 2000 ਸਿੱਖ ਸੈਨਿਕਾਂ ਦੀ ਅਗਵਾਈ ਕਰਦੇ ਜਾ ਰਹੇ ਸਨ। ਬਾਸ਼ਾਲੀ ਕੀਰਤਪੁਰ ਸਾਹਿਬ ਤੇ ਨਿਰਮੋਹਗੜ੍ਹ ਤੋਂ 13-14 ਕਿਲੋਮੀਟਰ ਦੂਰੀ 'ਤੇ ਸਥਿਤ ਹੈ। ਇੱਥੇ ਵੀ ਰਾਜਾ ਅਜਮੇਰ ਚੰਦ ਨੇ ਭਾਈ ਉਦੈ ਸਿੰਘ ਦਾ ਪਿੱਛਾ ਕਰਨ ਦਾ ਯਤਨ ਕੀਤਾ ਪਰ ਉਸ ਸੂਰਬੀਰ ਨੇ ਤੀਰਾਂ ਤੇ ਗੋਲੀਆਂ ਨਾਲ ਅਜਮੇਰ ਚੰਦ ਦਾ ਮੂੰਹ ਮੋੜ ਦਿੱਤਾ।
15 ਮਾਰਚ, 1703 ਨੂੰ ਬੱਸੀ ਕਲਾਂ ਦੇ ਚੌਧਰੀ ਜਬਰ ਬੇਗ ਨੇ ਇਕ ਬ੍ਰਾਹਮਣ ਦੀ ਬ੍ਰਾਹਮਣੀ ਆਪਣੇ ਕਬਜ਼ੇ ਵਿਚ ਲੈ ਲਈ ਤਾਂ ਉਸ ਬ੍ਰਾਹਮਣ ਵਲੋਂ ਗੁਰੂ ਜੀ ਕੋਲ ਫਰਿਆਦ ਕਰਨ 'ਤੇ ਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਦੀ ਅਗਵਾਈ ਵਿਚ 100 ਸਿੰਘਾਂ ਦਾ ਜਥਾ ਬ੍ਰਾਹਮਣੀ ਨੂੰ ਛੁਡਾਉਣ ਲਈ ਭੇਜਿਆ। ਲੜਾਈ ਵਿਚ ਜਬਰ ਜੰਗ ਖ਼ਾਂ ਮਾਰਿਆ ਗਿਆ ਤੇ ਬ੍ਰਾਹਮਣੀ ਨੂੰ ਉਸ ਦੇ ਪਤੀ ਕੋਲ ਪਹੁੰਚਾ ਦਿੱਤਾ ਗਿਆ। ਇਸ ਤੋਂ ਬਾਅਦ ਜਦੋਂ ਦਸਮੇਸ਼ ਪਿਤਾ ਨੇ ਅਨੰਦਪੁਰ ਸਾਹਿਬ ਨੂੰ ਖਾਲੀ ਕਰਕੇ ਰੋਪੜ ਵੱਲ ਨੂੰ ਚਾਲੇ ਪਾਏ ਤਾਂ ਭਾਈ ਦਇਆ ਸਿੰਘ ਤੇ ਭਾਈ ਉਦੈ ਸਿੰਘ ਗੁਰੂ ਜੀ ਦੇ ਅਗਲੇ ਪਾਸੇ ਭਾਈ ਮੋਹਕਮ ਸਿੰਘ ਤੇ ਭਾਈ ਸਾਹਿਬ ਸਿੰਘ ਸੱਜੇ ਪਾਸੇ ਅਤੇ ਗੁਰੂ ਜੀ ਦੇ ਸਾਹਿਬਜ਼ਾਦੇ ਮਗਰ-ਮਗਰ ਸਨ ਅਤੇ ਭਾਈ ਹਿੰਮਤ ਸਿੰਘ ਬੰਦੂਕਾਂ ਤੇ ਅਸਲ੍ਹੇ ਨਾਲ ਪਿੱਛੇ ਸਨ। ਗੁਰੂ ਜੀ ਦੇ ਹੋਰ ਸੇਵਕਾਂ ਦੀ ਗਿਣਤੀ 500 ਦੱਸੀ ਗਈ ਹੈ। ਜਦੋਂ ਗੁਰੂ ਜੀ ਨਿਰਮੋਹ ਕੋਲ ਪੁੱਜੇ ਤਾਂ ਦੁਸ਼ਮਣਾਂ ਨੇ ਪਿੱਛੋਂ ਹਮਲਾ ਕਰ ਦਿੱਤਾ। ਗੁਰੂ ਜੀ ਨੇ ਭਾਈ ਉਦੈ ਸਿੰਘ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਦੀ ਮਦਦ ਲਈ ਭੇਜਿਆ, ਕਿਉਂਕਿ ਉਹ ਨਿਰਭੈ ਯੋਧਾ ਤੇ ਅਨੇਕਾਂ ਖ਼ਤਰਨਾਕ ਲੜਾਈਆਂ ਦਾ ਨਾਇਕ ਸੀ। ਇਤਿਹਾਸਕਾਰ ਭਾਈ ਪਿਆਰ ਸਿੰਘ ਲਿਖਦੇ ਹਨ, 'ਉਦੈ ਸਿੰਘ ਨੇ ਆਪਣੇ ਦਲ ਦੇ ਉਸ ਪਿਛਲੇ ਭਾਗ ਦੀ ਕਮਾਨ ਸਾਹਿਬਜ਼ਾਦਾ ਅਜੀਤ ਸਿੰਘ ਤੋਂ ਸੰਭਾਲ ਲਈ ਅਤੇ ਭਾਰੀ ਫ਼ੌਜ ਦੇ ਨਾਲ ਜੀਅ-ਜਾਨ ਨਾਲ ਲੜੇ। ਕੀਰਤਪੁਰ ਤੋਂ 6 ਕਿਲੋਮੀਟਰ ਦੱਖਣ ਵੱਲ ਇਕ ਛੋਟੀ ਟਿੱਬੀ, ਜਿਸ ਨੂੰ ਸ਼ਾਹੀ ਜਾਂ ਸਿਆਹੀ ਟਿੱਬੀ ਕਿਹਾ ਜਾਂਦਾ ਹੈ, ਵਿਖੇ ਆਖਰੀ ਦਮ ਤੱਕ ਲੜਦੇ ਹੋਏ ਭਾਈ ਉਦੈ ਸਿੰਘ ਤੇ ਉਨ੍ਹਾਂ ਦੇ 50 ਸਾਥੀ ਸ਼ਹੀਦ ਹੋ ਗਏ।' ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਭਾਈ ਉਦੈ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ ਤੇ ਨਿਰਭੈਅ ਜਰਨੈਲਾਂ 'ਚੋਂ ਇਕ ਸਨ।
-ਮਕਾਨ ਨੰ: 3098,
ਸੈਕਟਰ-37ਡੀ, ਚੰਡੀਗੜ੍ਹ।
ਮੋਬਾਈਲ : 98764-52223

ਪਿਛਲੀ ਖ਼ਬਰ ਤੋੜਨਾ ਨਹੀਂ, ਜੋੜਨਾ ਸਿੱਖੋ ਅਗਲੀ ਖ਼ਬਰ ਸੁਰੀਲਾ ਰਾਗੀ ਭਾਈ ਗੁਰਪ੍ਰੀਤ ਸਿੰਘ ਬੰਗਿਆਂ ਵਾਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।