ਅਕਸਰ ਔਰਤਾਂ ਦੀ ਇੱਛਾ ਹੁੰਦੀ ਹੈ ਕਿ ਸਵੈ-ਸਨਮਾਨ ਅਤੇ ਆਜ਼ਾਦੀ ਹਾਸਿਲ ਕਰਨ। ਉਨ੍ਹਾਂ ਨੂੰ ਇੰਝ ਜਾਪਦਾ ਹੈ ਕਿ ਨੌਕਰੀਪੇਸ਼ਾ ਔਰਤਾਂ ਦੀ ਜ਼ਿੰਦਗੀ ਵਧੇਰੇ ਸਫ਼ਲ ਹੈ, ਸੁਖਦਾਇਕ ਹੈ ਪਰ ਜੇਕਰ ਹਕੀਕਤ ਵੱਲ ਧਿਆਨ ਦਈਏ ਤਾਂ ਇਹ ਸਮਝਣਾ ਚਾਹੀਦਾ ਹੈ ਕਿ ਸਿੱਖਿਆ ਦਾ ਅੰਤਿਮ ਨਿਸ਼ਾਨਾ ਕੇਵਲ ਪੈਸਾ ਕਮਾਉਣਾ ਨਹੀਂ। ਇਕ ਸਫ਼ਲ, ਸੁਚੱਜੀ, ਸਮਝਦਾਰ ਸੁਆਣੀ ਬਣਾਉਣਾ ਵੀ ਸਿੱਖਿਆ ਦਾ ਉਦੇਸ਼ ਹੈ।
ਘਰੇਲੂ ਔਰਤਾਂ ਕੋਲ ਬੱਚਿਆਂ ਅਤੇ ਪਤੀ ਦੀ ਦੇਖ-ਰੇਖ ਲਈ ਬਹੁਤ ਸਮਾਂ ਹੁੰਦਾ ਹੈ। ਬੱਚਿਆਂ ਦਾ ਸਹੀ ਪਾਲਣ-ਪੋਸ਼ਣ, ਉਨ੍ਹਾਂ ਨੂੰ ਖ਼ੁਦ ਪੜ੍ਹਾਉਣਾ ਅਜਿਹੇ ਕੰਮ ਹਨ, ਜੋ ਘਰੇਲੂ ਔਰਤਾਂ ਸਮੇਂ ਦੀ ਖੁੱਲ੍ਹ ਕਾਰਨ ਬਾਖੂਬੀ ਨਿਭਾਅ ਸਕਦੀਆਂ ਹਨ। ਘਰੇਲੂ ਔਰਤਾਂ ਨੂੰ ਨੌਕਰੀਸ਼ੁਦਾ ਔਰਤਾਂ ਵੱਲ ਦੇਖ ਕੇ ਹੀਣ-ਭਾਵਨਾ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਜੇਕਰ ਉਹ ਨੌਕਰੀ ਹਾਸਿਲ ਨਹੀਂ ਕਰ ਸਕੀਆਂ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਤਣਾਅ ਜਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ, ਕਿਉਂਕਿ ਘਰ ਦਾ ਕੰਮ ਖ਼ੁਦ ਕਰਨ ਵਿਚ ਜੋ ਅਸੀਮ ਅਨੰਦ ਮਿਲਦਾ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਿਲ ਹੈ। ਘਰੇਲੂ ਕੰਮਾਂ ਵਿਚ ਜੇਕਰ ਬਹੁਤ ਦਿਲਚਸਪੀ ਨਾ ਹੋਵੇ ਤਾਂ ਵਾਧੂ ਕੰਮ ਲਈ ਕੋਈ ਸਹਾਇਕ ਲਗਾਈ ਜਾ ਸਕਦੀ ਹੈ ਤੇ ਆਪਣਾ ਸਮਾਂ ਆਪਣੇ ਕਿਸੇ ਸੌਕ ਦੀ ਪੂਰਤੀ ਵਿਚ ਲਗਾਇਆ ਜਾ ਸਕਦਾ ਹੈ। ਘਰ ਦਾ ਕੰਮ ਖ਼ੁਦ ਕਰਨ ਵਾਲੀਆਂ ਘਰੇਲੂ ਔਰਤਾਂ ਸਰੀਰਕ ਤੌਰ 'ਤੇ ਫਿੱਟ, ਤੰਦਰੁਸਤ ਰਹਿ ਸਕਦੀਆਂ ਹਨ। ਖ਼ੁਦ ਕੰਮ ਕਰਨ ਵਾਲੀਆਂ ਔਰਤਾਂ ਦਾ ਘਰ ਵੀ ਵਧੇਰੇ ਸਾਫ਼ ਰਹਿੰਦਾ ਹੈ। ਜਿੰਮ ਜਾਂ ਹੋਰ ਕਸਰਤ ਕਰਨ ਵਾਲੇ ਸਥਾਨਾਂ 'ਤੇ ਜਾਣ ਦਾ ਸਮਾਂ ਅਤੇ ਪੈਸਾ ਬਚਦਾ ਹੈ। ਘਰੇਲੂ ਔਰਤਾਂ ਜੇਕਰ ਚਾਹੁਣ ਤਾਂ ਬਾਗ਼ਬਾਨੀ ਕਰਕੇ ਜੇਕਰ ਘਰ ਵਿਚ ਜਗ੍ਹਾ ਹੋਵੇ ਤਾਂ ਸੁੰਦਰ ਲਾਅਨ ਤਿਆਰ ਕਰਕੇ ਮਨ ਪ੍ਰਚਾਵਾ ਕਰ ਸਕਦੀਆਂ ਹਨ। ਸਿਲਾਈ-ਕਢਾਈ ਸਿੱਖ ਕੇ ਵਾਧੂ ਸਮਾਂ ਬਤੀਤ ਕਰ ਸਕਦੀਆਂ ਹਨ। ਅਜੋਕੇ ਯੁੱਗ ਵਿਚ ਪੜ੍ਹਨ ਦਾ ਉਦੇਸ਼ ਕੇਵਲ ਨੌਕਰੀ ਹੀ ਸਮਝਿਆ ਗਿਆ ਹੈ, ਜੋ ਸਹੀ ਨਹੀਂ। ਇਕ ਚੰਗੀ ਮਾਂ, ਪਤਨੀ ਬਣਨ ਲਈ ਵੀ ਪੜ੍ਹਾਈ-ਲਿਖਾਈ ਦੀ ਜ਼ਰੂਰਤ ਹੁੰਦੀ ਹੈ। ਜੇਕਰ ਪੈਸੇ ਦੀ ਵੀ ਜ਼ਰੂਰਤ ਹੋਵੇ ਤਾਂ ਘਰੇਲੂ ਔਰਤਾਂ ਨੌਕਰੀਪੇਸ਼ਾ ਔਰਤਾਂ ਨਾਲੋਂ ਜ਼ਿਆਦਾ ਕਰ ਸਕਦੀਆਂ ਹਨ। ਨੌਕਰੀਪੇਸ਼ਾ ਮਰਦ ਔਰਤਾਂ ਦੇ ਘਰੋਂ ਜਾਣ ਨਾਲ ਆਲੇ-ਦੁਆਲੇ ਸਭ ਨੂੰ ਜਾਣਕਾਰੀ ਹੁੰਦੀ ਹੈ ਪਰ ਘਰੇਲੂ ਔਰਤਾਂ ਘਰ ਪ੍ਰਤੀ ਵਧਏਰੇ ਸਮਾਂ ਦੇ ਸਕਦੀਆਂ ਹਨ।
ਪੜ੍ਹੀਆਂ-ਲਿਖੀਆਂ ਘਰੇਲੂ ਔਰਤਾਂ ਆਪਣਾ ਵਿਹਲਾ ਸਮਾਂ ਕਿਸੇ ਸਮਾਜ ਸੇਵੀ ਸੰਸਥਾ ਨਾਲ ਜੁੜ ਕੇ ਵੀ ਬਿਤਾ ਸਕਦੀਆਂ ਹਨ। ਉਹ ਆਪਣੀ ਸਿਹਤ ਅਤੇ ਸੁੰਦਰਤਾ ਵੱਲ ਵਧੇਰੇ ਧਿਆਨ ਦੇ ਕੇ ਬਿਹਤਰ ਜੀਵਨ ਦੀ ਸਿਰਜਣਾ ਕਰ ਸਕਦੀਆਂ ਹਨ। ਬੱਚਿਆਂ ਲਈ, ਪਤੀ ਲਈ ਵੰਨ-ਸੁਵੰਨਾ ਖਾਣਾ ਪਕਾ ਕੇ ਉਨ੍ਹਾਂ ਦਾ ਮਨ ਜਿੱਤਦੀਆਂ ਰਹਿਣ ਤੇ ਹੋਟਲਾਂ-ਢਾਬਿਆਂ ਦੇ ਮਹਿੰਗੇ ਅਤੇ ਗ਼ੈਰ-ਪੌਸ਼ਟਿਕ ਭੋਜਨ ਦੀ ਥਾਂ ਘਰ ਦੇ ਸੁਆਦੀ ਪਕਵਾਨ ਬਣਾਉਂਦੀਆਂ ਰਹਿਣ। ਔਰਤਾਂ ਦਾ ਨੌਕਰੀ ਪ੍ਰਤੀ ਵਧਦਾ ਲਗਾਓ ਬੇਸ਼ੱਕ ਉਨ੍ਹਾਂ ਦੀ ਆਰਥਿਕ ਤੌਰ 'ਤੇ ਆਤਮ-ਨਿਰਭਰ ਹੋਣ ਦੀ ਰੁਚੀ ਵਿਚੋਂ ਪੈਦਾ ਹੋਇਆ ਹੈ ਪਰ ਜੇਕਰ ਔਰਤਾਂ ਘਰ ਰਹਿੰਦਿਆਂ ਹੀ ਆਪਣੀ ਮਾਨਸਿਕ ਇਕਾਗਰਤਾ ਅਤੇ ਸਿਰਜਣਾਤਮਿਕ ਰੁਚੀਆਂ ਨਾਲ ਕੁਝ ਸਿਰਜ ਸਕਣ ਤਾਂ ਉਹ ਨੌਕਰੀਪੇਸ਼ਾ ਕਮਾਊ ਔਰਤਾਂ ਤੋਂ ਘੱਟ ਨਹੀਂ ਹਨ। ਲੋੜ ਹੈ ਆਪਣੀ ਸਮਰੱਥਾ ਪਛਾਨਣ ਦੀ ਅਤੇ ਆਪਣੇ ਘਰ ਨੂੰ ਇਕ ਅਜਿਹਾ ਸਥਾਨ ਸਮਝਣ ਦੀ, ਜਿੱਥੇ ਖੁਸ਼ੀਆਂ ਦਾ ਸੋਮਾ ਪੈਦਾ ਕਰਨਾ ਹੈ, ਪਰਿਵਾਰਕ ਸੁੱਖ ਅਤੇ ਬੱਚਿਆਂ ਦੀ ਸਫ਼ਲਤਾ ਲਈ ਜ਼ਮੀਨ ਤਿਆਰ ਕਰਨਾ ਹੈ।
ਘਰੇਲੂ ਔਰਤ ਹੋਣਾ ਹੈ ਮਾਣ ਦੀ ਗੱਲ
ਅਜੀਤ ਡੈਸਕ
30-04-2026