19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਸਾਹਿਤਕ ਪੈੜਾਂ ਅਤੇ ਵਿੱਦਿਅਕ ਸੇਵਾਵਾਂ ਦਾ ਸੁਮੇਲ ਕਮਲਜੀਤ ਕੌਰ ਗੁੰਮਟੀ

ਅਜੀਤ ਡੈਸਕ 30-04-2026

ਸਮਾਜ ਵਿਚ ਕੁਝ ਅਜਿਹੀਆਂ ਸ਼ਖ਼ਸੀਅਤਾਂ ਹੁੰਦੀਆਂ ਹਨ, ਜੋ ਆਪਣੀ ਕਲਮ ਅਤੇ ਕਰਮ ਦੋਵਾਂ ਨਾਲ ਮਾਨਵਤਾ ਦੇ ਰਾਹ ਰੁਸ਼ਨਾਉਂਦੀਆਂ ਹਨ। ਅਜਿਹੀ ਹੀ ਇੱਕ ਬਹੁ-ਪੱਖੀ ਸ਼ਖ਼ਸੀਅਤ ਹੈ ਕਮਲਜੀਤ ਕੌਰ ਗੁੰਮਟੀ। ਸਾਹਿਤ ਨਾਲ ਡੂੰਘੀ ਸਾਂਝ ਰੱਖਣ ਵਾਲੇ ਕਮਲਜੀਤ ਕੌਰ ਦਾ ਜੀਵਨ ਸਾਦਗੀ, ਨਿਸ਼ਕਾਮ ਸੇਵਾ ਅਤੇ ਸਿਰਜਣਾਤਮਿਕਤਾ ਦੀ ਇੱਕ ਮਿਸਾਲ ਹੈ।
ਕਮਲਜੀਤ ਕੌਰ ਗੁੰਮਟੀ ਦਾ ਜਨਮ ਪਿੰਡ ਧੂਰਕੋਟ (ਬਰਨਾਲਾ) ਵਿਖੇ ਮਾਤਾ ਹਰਿੰਦਰ ਕੌਰ ਅਤੇ ਪਿਤਾ ਹਰਜੀਤ ਸਿੰਘ ਦੇ ਘਰ ਹੋਇਆ। ਉਨ੍ਹਾਂ ਨੂੰ ਲਿਖਣ ਦੀ ਗੁੜ੍ਹਤੀ ਵਿਰਸੇ ਵਿਚੋਂ ਹੀ ਮਿਲੀ। ਉਨ੍ਹਾਂ ਦੇ ਪੜਦਾਦਾ ਸ੍ਰੀ ਮਨੀ ਰਾਮ ਧੌਲਾ ਜੀ ਇੱਕ ਉੱਚ ਕੋਟੀ ਦੀ ਸਾਹਿਤਕ ਰੂਹ ਸਨ ਅਤੇ ਉਨ੍ਹਾਂ ਦੇ ਦਾਦਾ ਸ੍ਰੀ ਕੌਰ ਚੰਦ ਰਾਹੀਂ ਪੰਜਾਬੀ ਜਗਤ ਦੇ ਨਾਮਵਰ ਕਿੱਸਾਕਾਰ, ਨਾਵਲਕਾਰ, ਕਵੀ ਅਤੇ ਕਹਾਣੀਕਾਰ ਵਜੋਂ ਜਾਣੇ ਜਾਂਦੇ ਸਨ। ਕਮਲਜੀਤ ਕੌਰ ਨੇ ਵਿਰਸੇ ਨੂੰ ਬੜੀ ਸ਼ਿੱਦਤ ਨਾਲ ਅੱਗੇ ਤੋਰਿਆ ਹੈ।
ਕਮਲਜੀਤ ਕੌਰ ਦਾ ਵਿਆਹ ਪਿੰਡ ਗੁੰਮਟੀ (ਬਰਨਾਲਾ) ਵਿਖੇ ਹੋਇਆ। ਉਨ੍ਹਾਂ ਨੇ ਵਿਆਹ ਤੋਂ ਬਾਅਦ ਲਿਖਣ ਦਾ ਸਫ਼ਰ ਨਿਰੰਤਰ ਜਾਰੀ ਰੱਖਿਆ। ਉਨ੍ਹਾਂ ਦੇ ਜੀਵਨ ਸਾਥੀ ਦੀ ਰੁਚੀ ਵੀ ਸਾਹਿਤ ਵੱਲ ਹੀ ਹੈ, ਜਿਸ ਕਾਰਨ ਕਮਲਜੀਤ ਕੌਰ ਨੂੰ ਆਪਣੇ ਸਾਹਿਤਕ ਮਾਰਗ 'ਤੇ ਅੱਗੇ ਵਧਣ ਲਈ ਹਮੇਸ਼ਾ ਭਰਪੂਰ ਸਹਿਯੋਗ ਮਿਲਿਆ।
ਉਨ੍ਹਾਂ ਨੇ ਆਪਣੀ ਐਮ.ਏ. (ਪੰਜਾਬੀ), ਬੀ.ਐੱਡ. ਅਤੇ ਐਮ.ਐੱਡ. ਤੱਕ ਦੀ ਪੜ੍ਹਾਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਸੰਬੰਧਿਤ ਕਾਲਜਾਂ ਤੋਂ ਮੁਕੰਮਲ ਕੀਤੀ। ਸਟੇਜ ਉੱਤੇ ਕਵਿਤਾਵਾਂ ਬੋਲਣਾ ਅਤੇ ਸਮਾਜਿਕ ਮੁੱਦਿਆਂ 'ਤੇ ਬੇਬਾਕ ਭਾਸ਼ਨ ਦੇਣਾ ਉਨ੍ਹਾਂ ਦਾ ਮੁਢਲਾ ਸ਼ੌਕ ਰਿਹਾ ਹੈ।
ਅਧਿਆਪਕਾ ਹੋਣ ਨਾਤੇ ਕਮਲਜੀਤ ਕੌਰ ਵਿੱਦਿਆ ਵੰਡਣ ਨੂੰ ਇੱਕ ਇਬਾਦਤ ਮੰਨਦੇ ਹਨ। ਉਨ੍ਹਾਂ ਦਾ ਸੁਭਾਅ ਬਹੁਤ ਹੀ ਨਿਮਰ ਅਤੇ ਸਾਦਾ ਹੈ। ਘਰੇਲੂ ਕੰਮ-ਕਾਜ ਕਰਨ ਵਿਚ ਉਹ ਕਦੇ ਕੋਈ ਸੰਗ ਜਾਂ ਝਿਜਕ ਮਹਿਸੂਸ ਨਹੀਂ ਕਰਦੇ। ਉਹ ਹਰ ਕਾਰਜ ਨੂੰ ਪੂਰੀ ਤਨਦੇਹੀ ਅਤੇ ਸਤਿਕਾਰ ਨਾਲ ਨਿਭਾਉਂਦੇ ਹਨ। ਉਨ੍ਹਾਂ ਦੇ ਲਿਖੇ ਲੇਖ ਅਤੇ ਬਾਲ ਕਹਾਣੀਆਂ ਅਕਸਰ ਅਖ਼ਬਾਰਾਂ ਦਾ ਸ਼ਿੰਗਾਰ ਬਣਦੀਆਂ ਰਹਿੰਦੀਆਂ ਹਨ। ਉਨ੍ਹਾਂ ਦੀ ਪਲੇਠੀ ਪੁਸਤਕ (ਵਾਰਤਕ) 'ਲਫ਼ਜ਼ ਜ਼ਿੰਦਗੀ ਦੇ' ਛਪ ਕੇ ਤਿਆਰ ਹੈ। ਉਨ੍ਹਾਂ ਦੀ ਸ਼ਖ਼ਸੀਅਤ ਦਾ ਸਭ ਤੋਂ ਉੱਤਮ ਪਹਿਲੂ ਗ਼ਰੀਬ ਅਤੇ ਬੇਸਹਾਰਾ ਬੱਚਿਆਂ ਨੂੰ ਮੁਫ਼ਤ ਵਿੱਦਿਆ ਦੇਣਾ ਹੈ। ਉਹ ਲੋੜਵੰਦ ਬੱਚਿਆਂ ਨੂੰ ਕਿਤਾਬਾਂ ਵੀ ਮੁਹੱਈਆ ਕਰਵਾਉਂਦੇ ਹਨ। ਕਿਤਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਉਨ੍ਹਾਂ ਨੇ ਆਪਣੇ ਘਰ ਵਿਚ ਹੀ ਇੱਕ ਸੁੰਦਰ ਲਾਇਬ੍ਰੇਰੀ ਬਣਾਈ ਹੋਈ ਹੈ। ਉਹ ਨੌਜਵਾਨ ਵਰਗ ਅਤੇ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। ਬੱਚੇ ਉਨ੍ਹਾਂ ਦੀ ਲਾਇਬ੍ਰੇਰੀ ਵਿਚੋਂ ਬੜੇ ਚਾਅ ਨਾਲ ਕਿਤਾਬਾਂ ਲੈ ਕੇ ਜਾਂਦੇ ਹਨ ਅਤੇ ਪੜ੍ਹਨ ਤੋਂ ਬਾਅਦ ਵਾਪਸ ਕਰਕੇ ਨਵੀਂ ਕਿਤਾਬ ਲੈ ਜਾਂਦੇ ਹਨ। ਉਨ੍ਹਾਂ ਦੀ ਸਾਹਿਤਕ ਪੈੜ ਵਿਚ ਜਿੱਥੇ ਗਿਆਨ ਦੀ ਰੌਸ਼ਨੀ ਮਿਲਦੀ ਹੈ, ਉੱਥੇ ਹੀ ਉਨ੍ਹਾਂ ਦੀ ਜੀਵਨ-ਸ਼ੈਲੀ ਵਿਚ ਕੁਦਰਤ ਪ੍ਰਤੀ ਅਥਾਹ ਪਿਆਰ ਝਲਕਦਾ ਹੈ। ਨਵੇਂ ਬੂਟੇ ਲਗਾਉਣਾ ਅਤੇ ਉਨ੍ਹਾਂ ਦੀ ਪਾਲਣਾ ਕਰਨਾ ਉਨ੍ਹਾਂ ਦੇ ਮਨਪਸੰਦ ਸ਼ੌਕਾਂ ਵਿਚੋਂ ਇੱਕ ਹੈ। ਉਹ ਖ਼ੂਨਦਾਨ ਕੈਂਪਾਂ ਵਰਗੇ ਮਾਨਵਤਾ ਦੀ ਭਲਾਈ ਦੇ ਕਾਰਜਾਂ ਵਿਚ ਵੀ ਸਰਗਰਮ ਹਿੱਸਾ ਲੈਂਦੇ ਹਨ।
ਕਮਲਜੀਤ ਕੌਰ ਗੁੰਮਟੀ ਅੱਜ ਦੀ ਨਾਰੀ ਲਈ ਇੱਕ ਮਿਸਾਲ ਹਨ, ਜੋ ਉੱਚ ਵਿੱਦਿਆ, ਸਾਹਿਤਕ ਵਿਰਸੇ ਅਤੇ ਸਮਾਜਿਕ ਸੇਵਾ ਦੇ ਸੁਮੇਲ ਨਾਲ ਸਮਾਜ ਵਿਚ ਇੱਕ ਹਾਂ-ਪੱਖੀ ਬਦਲਾਅ ਲਿਆ ਰਹੇ ਹਨ। ਉਨ੍ਹਾਂ ਦਾ ਜੀਵਨ ਸਾਨੂੰ ਸਿਖਾਉਂਦਾ ਹੈ , ਕਿਵੇਂ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਅਸਮਾਨ ਦੀਆਂ ਬੁਲੰਦੀਆਂ ਨੂੰ ਛੂਹਿਆ ਜਾ ਸਕਦਾ ਹੈ।

-ਪ੍ਰਤੀਨਿਧ ਰੋਜ਼ਾਨਾ 'ਅਜੀਤ' ਸ਼ੇਰਪੁਰ (ਸੰਗਰੂਰ )
ਮੋਬਾਈਲ : 98779-93000

ਪਿਛਲੀ ਖ਼ਬਰ ਕੋਕੇਡਾਮਾ : ਬਾਗ਼ਬਾਨੀ ਦੀ ਨਵੀਂ ਤਕਨੀਕ ਅਗਲੀ ਖ਼ਬਰ ਘਰੇਲੂ ਔਰਤ ਹੋਣਾ ਹੈ ਮਾਣ ਦੀ ਗੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।