19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਪੌਸ਼ਟਿਕ ਦਲੀਏ ਜੌਂ ਦਾ ਨਮਕੀਨ ਦਲੀਆ

ਅਜੀਤ ਡੈਸਕ 30-04-2026

ਸਮੱਗਰੀ : ਜੌਂ ਦਾ ਦਲੀਆ ਕੌਲੀ ਵਿਚ, (ਥੋੜ੍ਹੀ ਛੋਲਿਆਂ ਦੀ ਦਾਲ, 1 ਆਲੂ, ਪਿਆਜ਼, ਬੰਦਗੋਭੀ, 1 ਗਾਜਰ ਕੱਦੂਕਸ਼ ਕੀਤੀ ਹੋਈ, 2 ਵੱਡੇ ਆਕਾਰ ਦੇ ਟਮਾਟਰ ਕੱਦੂਕਸ਼ ਕੀਤੇ ਹੋਏ, ਨਮਕ, ਕਾਲੀ ਮਿਰਚ, ਜੀਰਾ, ਥੋੜ੍ਹੀ ਜਿਹੀ ਲਾਲ ਮਿਰਚ, ਤਿੰਨ ਛੋਟੇ ਚਮਚ ਖਾਣੇ ਦਾ ਤੇਲ।
ਬਣਾਉਣ ਦੀ ਵਿਧੀ : ਜੌਂ ਦਾ ਦਲੀਆ ਅਤੇ ਦਾਲ ਸਾਫ਼ ਕਰ ਲਓ। ਛੋਲਿਆਂ ਦੀ ਦਾਲ ਅੱਧੇ ਘੰਟੇ ਲਈ ਭਿਉਂ ਦਿਉ। ਦਲੀਆ ਧੋ ਕੇ ਛਾਣਨੀ ਵਿਚ ਪਾਣੀ ਕੱਢ ਕੇ ਰੱਖ ਦਿਉ। ਕੁੱਕਰ ਵਿਚ ਤਿੰਨ ਛੋਟੇ ਚਮਚ ਤੇਲ ਪਾਓ। ਤੇਲ ਵਿਚ ਛੋਟਾ ਚਮਚ ਜੀਰਾ ਭੁੱਜਣ ਲਈ ਪਾ ਦਿਉ। ਪਹਿਲਾਂ ਟਮਾਟਰ ਤੇਲ ਵਿਚ ਭੁੰਨੋ, ਫਿਰ ਸਬਜ਼ੀਆਂ ਉਸ ਵਿਚ ਮਿਲਾ ਕੇ ਚੰਗੀ ਤਰ੍ਹਾਂ ਭੁੰਨੋ। ਛੋਲਿਆਂ ਦੀ ਦਾਲ ਦਾ ਪਾਣੀ ਕੱਢ ਕੇ ਜੌਂ ਦੇ ਦਲੀਏ ਵਿਚ ਮਿਲਾ ਦਿਉ। ਸਬਜ਼ੀਆਂ ਭੁੱਜਣ 'ਤੇ ਦਲੀਆ, ਦਾਲ ਦਾ ਮਿਸ਼ਰਨ ਪਾਓ। ਨਮਕ ਸਵਾਦ ਅਨੁਸਾਰ, ਥੋੜ੍ਹੀ ਜਿਹੀ ਕਾਲੀ ਮਿਰਚ ਤੇ ਲਾਲ ਮਿਰਚ ਸਵਾਦ ਅਨੁਸਾਰ ਪਾਓ। ਜਦੋਂ ਸਭ ਚੀਜ਼ਾਂ ਚੰਗੀ ਤਰ੍ਹਾਂ ਭੁੱਜ ਜਾਣ ਤਾਂ ਚਾਰ ਕੌਲੀ ਪਾਣੀ ਪਾਓ। ਤਿੰਨ-ਚਾਰ ਉਬਾਲ ਆਉਣ 'ਤੇ ਸੇਕ ਹੌਲੀ ਕਰੋ। ਪਹਿਲੀ ਸੀਟੀ ਵੱਜਣ 'ਤੇ ਉਸ ਨੂੰ ਬੰਦ ਕਰ ਦਿਉ। ਭਾਫ਼ ਨਿਕਲਣ ਲਈ ਛੱਡ ਦਿਉ। ਕੈਸਰੋਲ ਵਿਚ ਪਲਟ ਕੇ ਹਰਾ ਕੱਟਿਆ ਧਨੀਆ ਪਾਓ। ਗਰਮਾਗਰਮ ਅੰਬ ਦੇ ਆਚਾਰ ਨਾਲ ਜਾਂ ਦੇਸੀ ਘਿਉ ਪਾ ਕੇ ਖਾਓ।

ਕਣਕ ਦਾ ਮਿੱਠਾ ਦਲੀਆ
ਸਮੱਗਰੀ : 1 ਕੌਲੀ ਕਣਕ ਦਾ ਦਲੀਆ, ਥੋੜ੍ਹਾ ਜਿਹਾ ਤੇਲ, ਚੀਨੀ, ਦੁੱਧ, ਕਿਸ਼ਮਿਸ਼, ਭਿੱਜੇ ਬਦਾਮ ਦੀਆਂ ਗਿਰੀਆਂ।
ਬਣਾਉਣ ਦੀ ਵਿਧੀ : ਦਲੀਆ ਸਾਫ਼ ਕਰਕੇ ਕਿਸੇ ਪਲੇਟ ਵਿਚ ਰੱਖ ਦਿਉ। ਕੜਾਹੀ ਜਾਂ ਕੁੱਕਰ ਗੈਸ 'ਤੇ ਰੱਖੋ। ਗਰਮ ਹੋਣ 'ਤੇ ਦੋ ਛੋਟੇ ਚਮਚ ਦੇਸੀ ਘਿਉ ਜਾਂ ਖਾਣੇ ਵਾਲੇ ਤੇਲ ਨੂੰ ਪਾਓ। ਉਸ ਵਿਚ ਦਲੀਆ ਪਾ ਕੇ ਭੁੰਨੋ। ਗੈਸ ਨੂੰ ਘੱਟ ਸੇਕ 'ਤੇ ਰੱਖੋ। ਦਲੀਆ ਉਦੋਂ ਤੱਕ ਭੁੰਨੋ ਜਦੋਂ ਤੱਕ ਉਹ ਆਪਣੀ ਸੁਗੰਧ ਨਾ ਛੱਡ ਦੇਵੇ। ਫਿਰ ਉਸ ਵਿਚ ਚਾਰ ਕੌਲੀ ਪਾਣੀ ਅਤੇ ਅੱਧੀ ਕੌਲੀ ਚੀਨੀ ਪਾਓ। ਉਸ ਨੂੰ ਉਦੋਂ ਤੱਕ ਪਕਾਓ ਜਦੋਂ ਤੱਕ ਪਾਣੀ ਉਸ ਵਿਚ ਸਮਾਅ ਨਾ ਜਾਵੇ।
ਫਿਰ ਉਸ ਵਿਚ ਦੁੱਧ ਆਪਣੀ ਇੱਛਾ ਅਨੁਸਾਰ ਜਿੰਨਾ ਪਤਲਾ ਜਾਂ ਗਾੜਾ ਰੱਖਣਾ ਹੋਵੇ, ਪਾਓ। ਹੌਲੀ ਸੇਕ 'ਤੇ ਪਕਾਓ, ਜਿਸ ਨਾਲ ਦੁੱਧ ਉਸ ਵਿਚ ਚੰਗੀ ਤਰ੍ਹਾਂ ਸਮਾ ਜਾਵੇ। ਗਰਮਾ-ਗਰਮ ਦਲੀਆ ਸਵੇਰੇ ਨਾਸ਼ਤੇ ਵਿਚ ਦਿੰਦੇ ਸਮੇਂ ਕਿਸ਼ਮਿਸ਼ ਅਤੇ ਭਿੱਜੇ ਹੋਏ ਬਦਾਮ ਛਿੱਲ ਕੇ ਕੱਟ ਲਓ। ਉਨ੍ਹਾਂ ਨੂੰ ਉੱਪਰ ਭੁਰਕ ਦਿਉ। ਤੁਹਾਡੇ ਨਾਸ਼ਤੇ ਦਾ ਪੂਰਾ ਕੰਮ ਦੇਵੇਗਾ, ਇਹ ਦੁੱਧ ਵਾਲਾ ਦਲੀਆ ਸੰਪੂਰਨ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ। ਹਰ ਉਮਰ ਦੇ ਲੋਕਾਂ ਨੂੰ ਸੌਖਿਆਂ ਹਜ਼ਮ ਹੁੰਦਾ ਹੈ।

ਪਿਛਲੀ ਖ਼ਬਰ ਰਸੋਈ ਦਾ ਕਿਟਾਣੂ-ਮੁਕਤ ਹੋਣਾ ਸਭ ਤੋਂ ਜ਼ਰੂਰੀ ਅਗਲੀ ਖ਼ਬਰ ਕੋਕੇਡਾਮਾ : ਬਾਗ਼ਬਾਨੀ ਦੀ ਨਵੀਂ ਤਕਨੀਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।