28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਨਨਾਣ-ਭਰਜਾਈ ਦੇ ਪਿਆਰ ਨਾਲ ਰਹਿੰਦੀਆਂ ਹਨ ਘਰ ਵਿਚ ਬਰਕਤਾਂ

ਅਜੀਤ ਡੈਸਕ 11-06-2026

ਨਨਾਣ ਭਰਜਾਈ ਦਾ ਰਿਸ਼ਤਾ ਬਹੁਤ ਹੀ ਖ਼ੂਬਸੂਰਤ ਹੁੰਦਾ ਹੈ। ਜੇਕਰ ਇਸ ਰਿਸ਼ਤੇ ਨੂੰ ਕੋਈ ਅਸਲ ਮਾਇਨੇ ਵਿਚ ਸਮਝਣ ਦੀ ਕੋਸ਼ਿਸ਼ ਕਰੇ ਤਾਂ ਇਹ ਰਿਸ਼ਤਾ ਸਕੀਆਂ ਭੈਣਾਂ ਤੋਂ ਵੀ ਵੱਧ ਕੇ ਪਿਆਰਾ ਹੁੰਦਾ ਹੈ। ਇਸ ਰਿਸ਼ਤੇ ਦੇ ਮੋਹ ਦੀਆਂ ਤੰਦਾਂ ਬਹੁਤ ਹੀ ਡੂੰਘੀਆਂ ਹੁੰਦੀਆਂ ਹਨ। ਹਰੇਕ ਭੈਣ ਨੂੰ ਆਪਣੇ ਵੀਰ ਦੇ ਵਿਆਹ ਤੇ ਭਰਜਾਈ ਨੂੰ ਵਿਆਹ ਕੇ ਲਿਆਉਣ ਦਾ ਚਾਅ ਹੁੰਦਾ ਹੈ। ਨਨਾਣ ਨੇ ਤਾਂ ਵਿਆਹ ਕਰਵਾ ਕੇ ਇਕ ਨਾ ਇਕ ਦਿਨ ਆਪਣੇ ਸਹੁਰੇ ਘਰ ਤੁਰ ਜਾਣਾ ਹੁੰਦਾ ਹੈ। ਇਸ ਲਈ ਨਨਾਣ ਜਿੰਨੀ ਦੇਰ ਕੁਆਰੀ ਹੁੰਦੀ ਹੈ, ਉਹ ਆਪਣੀ ਭਰਜਾਈ ਨਾਲ ਚਾਈਂ-ਚਾਈਂ ਸਹੇਲੀਆਂ-ਭੈਣਾਂ ਵਾਂਗ ਪਿਆਰ ਨਾਲ ਰਹਿ ਕੇ ਦਿਲ ਦੀ ਹਰੇਕ ਰੀਝ ਪੂਰੀ ਕਰਨੀ ਚਾਹੀਦੀ ਹੈ, ਜੋ ਉਸ ਨੇ ਕਈ ਸਾਲਾਂ ਤੋਂ ਦਿਲ ਵਿਚ ਸਾਂਭ ਕੇ ਰੱਖੀਆਂ ਹੁੰਦੀਆਂ ਹਨ ਅਤੇ ਵੀਰ ਦੇ ਵਿਆਹ ਤੋਂ ਬਾਅਦ ਪੂਰੀਆਂ ਕਰਦੀ ਹੈ ਜਦ ਵੀਰ ਭੈਣ ਲਈ ਭਾਬੀ ਵਿਆਹ ਕੇ ਲਿਆਉਂਦਾ ਹੈ। ਇਸ ਲਈ ਭਰਜਾਈ ਦਾ ਵੀ ਫ਼ਰਜ਼ ਬਣਦਾ ਹੈ ਕਿ ਉਹ ਵੀ ਆਪਣੀ ਨਨਾਣ ਦੀਆਂ ਓਨੀਆਂ ਹੀ ਚਾਅ-ਰੀਝਾਂ ਕਰੇ ਜਿੰਨੀਆਂ ਨਨਾਣ ਆਪਣੀ ਭਰਜਾਈ ਦੀਆਂ ਕਰਦੀ ਹੈ ਅਤੇ ਉਸ ਨਾਲ ਸਹੇਲੀਆਂ-ਭੈਣਾਂ ਵਾਂਗ ਰਹੇ ਅਤੇ ਜੇਕਰ ਕੋਈ ਉੱਨੀ-ਇੱਕੀ ਹੋ ਵੀ ਜਾਂਦੀ ਹੈ ਤਾਂ ਕਦੇ ਮੱਥੇ ਵੱਟ ਨਾ ਪਾਵੇ ਕਿਉਂਕਿ ਸਕੀਆਂ ਭੈਣਾਂ ਵਿਚ ਵੀ ਤਾਂ ਤੂੰ-ਤੂੰ, ਮੈਂ-ਮੈਂ ਹੋ ਹੀ ਜਾਂਦੀ ਹੈ।
ਵਿਆਹ ਤੋਂ ਬਾਅਦ ਜਦ ਇਕ ਕੁੜੀ ਆਪਣੇ ਪੇਕੇ ਘਰ ਜਾਂਦੀ ਹੈ ਤਾਂ ਉਸ ਦੇ ਮਨ ਵਿਚ ਰੀਝ ਹੁੰਦੀ ਹੈ ਕਿ ਉਸ ਦੀ ਭਰਜਾਈ ਵੀ ਉਸ ਦੀ ਮਾਂ ਵਾਂਗ ਉਸ ਦਾ ਚਾਅ ਕਰੇ ਅਤੇ ਉਸ ਦੀ ਸੁੱਖ-ਸਾਂਦ ਪੁੱਛੇ ਕਿਉਂਕਿ ਵੀਰ ਦੇ ਵਿਆਹ ਤੋਂ ਬਾਅਦ ਧੀਆਂ ਨੂੰ ਭਰਜਾਈਆਂ ਦਾ ਹੀ ਮਾਣ ਹੁੰਦਾ ਹੈ। ਪਰ ਅਫ਼ਸੋਸ ਕਈ ਭਰਜਾਈਆਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਮੋਹ ਆਪਣੇ ਸਹੁਰੇ ਘਰ ਵਿਚ ਘੱਟ ਅਤੇ ਪੇਕਿਆਂ ਵਿਚ ਵਧੇਰੇ ਰਹਿੰਦਾ ਹੈ ਅਤੇ ਆਪਣੀ ਨਨਾਣਾਂ ਦੇ ਆਉਣ 'ਤੇ ਉਨ੍ਹਾਂ ਵਿਚਾਰੀਆਂ ਦਾ ਪੁੱਛ-ਗਿੱਛ ਅਤੇ ਪੇਕੇ ਘਰ ਆਈਆਂ ਦਾ ਮਾਣ-ਸਤਿਕਾਰ ਕਰਨ ਦੀ ਬਜਾਏ ਉਲਟਾ ਮੱਥੇ ਵੱਟ ਪਾਉਂਦੀਆਂ ਹਨ। ਕਿਸੇ ਨੇ ਸੌ ਆਨੇ ਸੱਚ ਹੀ ਕਿਹਾ ਹੈ ਕਿ 'ਪੇਕੇ ਮਾਵਾਂ ਨਾਲ ਹੀ ਹੁੰਦੇ ਹਨ' ਪਰ ਜੇਕਰ ਭਰਜਾਈਆਂ ਚੰਗੀਆਂ ਹੋਣ ਤਾਂ ਫਿਰ ਧੀਆਂ ਲਈ ਪੇਕਿਆਂ ਦੇ ਦਰਵਾਜ਼ੇ ਸਦਾ ਹੀ ਖੁੱਲ੍ਹੇ ਰਹਿੰਦੇ ਹਨ ਅਤੇ ਚੰਗੀਆਂ ਭਰਜਾਈਆਂ ਨਾਲ ਮਾਂ ਦੇ ਤੁਰ ਜਾਣ ਮਗਰੋਂ ਵੀ ਧੀਆਂ ਪੇਕੇ ਘਰ ਆ ਕੇ ਦੁੱਖ-ਸੁੱਖ ਕਰ ਲੈਂਦੀਆਂ ਹਨ। ਵਿਆਹ ਤੋਂ ਬਾਅਦ ਜਦ ਬਾਬਲ ਦੇ ਵਿਹੜੇ ਆਈਆਂ ਧੀਆਂ ਦਾ ਮਾਣ-ਸਤਿਕਾਰ ਹੁੰਦਾ ਹੈ, ਉਸ ਘਰ ਬਰਕਤਾਂ ਸਦਾ ਬਹਾਰ ਰਹਿੰਦੀਆਂ ਹਨ।
ਸੋ, ਜਿਹੜੀ ਨੂੰਹ-ਧੀ ਆਪਣੇ ਸਹੁਰੇ ਪਰਿਵਾਰ ਦਾ ਆਦਰ-ਸਤਿਕਾਰ ਨਹੀਂ ਕਰਦੀ ਅਤੇ ਉਨ੍ਹਾਂ ਨਾਲ ਮੋਹ-ਪਿਆਰ ਨਹੀਂ ਪਾਉਂਦੀ, ਉਸ ਨੂੰ ਸਮਝਣਾ ਚਾਹੀਦਾ ਹੈ ਕਿ ਜੇਕਰ ਉਸ ਦੇ ਪੇਕੇ ਘਰ ਉਸ ਦੀ ਭਰਜਾਈ ਉਸ ਦੇ ਪੇਕਿਆਂ ਦੀ ਪੁੱਛਗਿੱਛ ਨਾ ਕਰੇ ਅਤੇ ਉਸ ਦੇ ਪੇਕੇ ਗਿਆਂ ਮੱਥੇ ਵੱਟ ਪਾਵੇ ਤਾਂ ਫਿਰ ਉਸ ਦੇ ਦਿਲ 'ਤੇ ਕੀ ਬੀਤੇਗੀ?
ਵਿਆਹ ਤੋਂ ਬਾਅਦ ਜਿੰਨੀ ਜਲਦੀ ਉਹ ਸਹੁਰੇ ਪਰਿਵਾਰ ਨੂੰ ਸਵੀਕਾਰ ਕਰਕੇ ਉਨ੍ਹਾਂ ਵਿਚ ਘਿਉ-ਖੰਡ ਹੋ ਕੇ ਰਹਿਣ ਲੱਗ ਪਵੇਗੀ ਓਨਾ ਹੀ ਉਸ ਦੀ ਕਦਰ ਵਧੇਗੀ ਅਤੇ ਸਹੁਰੇ ਘਰ ਨੂੰ ਓਪਰਾ ਨਹੀਂ ਮਹਿਸੂਸ ਕਰੇਗੀ। ਕਹਿੰਦੇ ਹਨ ਕਿ 'ਧੀਆਂ ਨਾਲ ਹੀ ਵਿਹੜੇ ਵਿਚ ਰੌਣਕਾਂ ਹੁੰਦੀਆਂ ਹਨ।' ਸੋ, ਜਿਸ ਘਰ ਦੇ ਵਿਹੜੇ ਵਿਚ ਨਨਾਣ-ਭਰਜਾਈ ਇਕੱਠੀਆਂ ਹੋ ਕੇ ਕਿੱਕਲੀ ਪਾਉਂਦੀਆਂ ਹਨ ਅਤੇ ਪੀਂਘਾਂ ਝੂਟਦੀਆਂ ਹਨ ਅਤੇ ਹਾਸੇ-ਠੱਠੇ ਕਰਦੀਆਂ ਹਨ, ਉਸ ਘਰ ਵਿਚ ਸਦਾ ਹੀ ਬਰਕਤ ਅਤੇ ਖੁਸ਼ਹਾਲੀ ਪੈਲਾਂ ਪਾਉਂਦੀ ਹੈ।

-ਭਗਤ ਨਾਮਦੇਵ ਨਗਰ, ਘੁਮਾਣ।

ਪਿਛਲੀ ਖ਼ਬਰ ਵਕਤ, ਭਰੋਸਾ ਤੇ ਇੱਜ਼ਤ ਅਗਲੀ ਖ਼ਬਰ 10-06-26

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।