29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਨਾ ਕਰੋ ਤੂੰ-ਤੂੰ, ਮੈਂ-ਮੈਂ

ਅਜੀਤ ਡੈਸਕ 18-06-2026

ਪਤੀ-ਪਤਨੀ ਗ੍ਰਹਿਸਥ ਰੂਪੀ ਗੱਡੀ ਦੇ ਦੋ ਪਹੀਏ ਹੁੰਦੇ ਹਨ, ਜ਼ਿੰਦਗੀ ਅਤੇ ਪਰਿਵਾਰ ਦੀ ਗੱਡੀ ਸਹੀ ਤਰੀਕੇ ਨਾਲ ਚਲਾਉਣ ਲਈ ਪਤੀ-ਪਤਨੀ ਵਿਚਾਲੇ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ। ਅਕਸਰ ਵੇਖਿਆ ਜਾਂਦਾ ਹੈ ਕਿ ਕੁਝ ਪਤੀ-ਪਤਨੀ ਵਿਚ ਹਰ ਦਿਨ ਬਿਨਾਂ ਕਿਸੇ ਖਾਸ ਗੱਲ ਦੇ ਤੂੰ-ਤੂੰ, ਮੈਂ-ਮੈਂ ਹੁੰਦੀ ਰਹਿੰਦੀ ਹੈ। ਪਤੀ ਪਤਨੀ ਵਿਚਾਲੇ ਤੂੰ-ਤੂੰ, ਮੈਂ ਮੈਂ ਦੌਰਾਨ ਅਕਸਰ ਦੋਵਾਂ ਦੀ ਈਗੋ ਆੜੇ ਆ ਜਾਂਦੀ ਹੈ ਤੇ ਕਈ ਵਾਰ ਨਿੱਕੀ ਜਿਹੀ ਗੱਲ ਵੱਡੀ ਸਿਰਦਰਦੀ ਬਣ ਜਾਂਦੀ ਹੈ।
ਹਰ ਪਤਨੀ ਨੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਰਸੋਈ ਵਿਚ ਜਾ ਕੇ ਬੈੱਡ-ਟੀ ਬਣਾਉਣੀ ਹੁੰਦੀ ਹੈ ਅਤੇ ਚਾਹ ਨਾਲ ਖਾਣ ਲਈ ਕਿਸੇ ਚੀਜ਼ ਦਾ ਪ੍ਰਬੰਧ ਕਰਨਾ ਹੁੰਦਾ ਹੈ ਪਰ ਜੇ ਪਤਨੀ ਰਸੋਈ ਵਿਚ ਕੁਝ ਜ਼ਿਆਦਾ ਰੁਝ ਜਾਵੇ ਅਤੇ ਬੈੱਡ ਟੀ ਨੂੰ ਦੇਰ ਹੋ ਜਾਵੇ ਤਾਂ ਅਕਸਰ ਬਿਸਤਰੇ ਦਾ ਨਿੱਘ ਮਾਣ ਰਹੇ ਪਤੀ ਸਾਹਿਬ ਗੁੱਸੇ ਵਿਚ ਲਾਲ ਪੀਲੇ ਹੋ ਕੇ ਪਤਨੀ ਨੂੰ ਬੁਰਾ ਭਲਾ ਕਹਿੰਦੇ ਹਨ, ਜੇ ਪਤਨੀ ਅੱਗੋਂ ਜਵਾਬ ਦੇ ਦੇਵੇ ਤਾਂ ਅਕਸਰ ਤੂੰ ਤੂੰ, ਮੈਂ ਮੈਂ ਸਵੇਰ ਤੋਂ ਸ਼ੁਰੂ ਹੋ ਜਾਂਦੀ ਹੈ, ਜੋ ਕਿ ਅਕਸਰ ਸਾਰਾ ਦਿਨ ਚਲਦੀ ਰਹਿੰਦੀ ਹੈ। ਪਤਨੀ ਵਿਚਾਰੀ ਇਕ ਪਾਸੇ ਪਤੀ ਦੀਆਂ ਜ਼ਰੂਰਤਾਂ ਦਾ ਹਰ ਤਰ੍ਹਾਂ ਧਿਆਨ ਰੱਖਦੀ ਹੈ, ਦੂਜੇ ਪਾਸੇ ਉਹ ਆਪਣੇ ਬੱਚਿਆਂ ਨੂੰ ਬੈੱਡ ਟੀ, ਨਹਾਉਣਾ, ਤਿਆਰ ਕਰਨਾ ਅਤੇ ਨਾਸ਼ਤਾ ਦੇਣ ਵਿਚ ਰੁੱਝੀ ਰਹਿੰਦੀ ਹੈ, ਇਸ ਸਭ ਵਿਚ ਉਸ ਨੂੰ ਆਪਣੇ ਲਈ ਸਮਾਂ ਨਹੀਂ ਮਿਲਦਾ ਤੇ ਅਕਸਰ ਉਹ ਘਰ ਵਿਚ ਆਮ ਕੱਪੜਿਆਂ ਵਿਚ ਹੀ ਸਾਰਾ ਦਿਨ ਕੰਮਾਂਕਾਰਾਂ ਵਿਚ ਰੁੱਝੀ ਰਹਿੰਦੀ ਹੈ, ਉਸ ਨੂੰ ਚੰਗੀ ਤਰ੍ਹਾਂ ਤਿਆਰ ਹੋ ਕੇ ਕੁਝ ਦੇਰ ਆਰਾਮ ਕਰਨ ਜਾਂ ਸਹੇਲੀਆਂ ਨਾਲ ਗੱਪਾਂ ਮਾਰਨ ਦਾ ਸਮਾਂ ਨਹੀਂ ਮਿਲਦਾ, ਜਿਸ ਕਾਰਨ ਉਹ ਅਕਸਰ ਖਿਝੀ-ਖਿਝੀ ਰਹਿੰਦੀ ਹੈ ਅਤੇ ਉਸ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ, ਜਿਸ ਕਾਰਨ ਪਤਨੀ ਵੀ ਅਕਸਰ ਪਤੀ ਨਾਲ ਨਿੱਕੀ ਜਿਹੀ ਗੱਲ 'ਤੇ ਤੂੰ-ਤੂੰ, ਮੈਂ-ਮੈਂ ਕਰਨ ਲੱਗ ਜਾਂਦੀ ਹੈ, ਦੂਜੇ ਪਾਸੇ ਕਈ ਵਾਰ ਪਤੀ ਵੀ ਅੱਗਿਓਂ ਗੁੱਸੇ ਵਿਚ ਬੋਲਦਾ ਹੈ ਤਾਂ ਇਹ ਤੂੰ-ਤੂੰ, ਮੈਂ-ਮੈਂ ਅਕਸਰ ਲੜਾਈ ਦਾ ਕਾਰਨ ਬਣ ਜਾਂਦੀ ਹੈ। ਕਈ ਘਰਾਂ ਵਿਚ ਵੇਖਣ ਵਿਚ ਆਇਆ ਹੈ ਕਿ ਜਦੋਂ ਕਦੇ ਪਤੀ ਦੀਆਂ ਵਿਆਹੁਤਾ ਭੈਣਾਂ ਜਾਂ ਕੋਈ ਹੋਰ ਰਿਸ਼ਤੇਦਾਰ ਆਉਂਦੇ ਹਨ ਜਾਂ ਆਪਣੇ ਆਉਣ ਦਾ ਸੁਨੇਹਾ ਦਿੰਦਾ ਹੈ ਤਾਂ ਅਕਸਰ ਪਤਨੀ ਦੀਆਂ ਤਿਉੜੀਆਂ ਚੜ੍ਹ ਜਾਂਦੀਆਂ ਹਨ ਤੇ ਅਕਸਰ ਪਤਨੀ ਕਈ ਵਾਰ ਆਪਣੇ ਪਤੀ ਦੇ ਰਿਸ਼ਤੇਦਾਰ ਬਾਰੇ ਕੋਈ ਬੋਲ ਕੁਬੋਲ ਬੋਲ ਦਿੰਦੀ ਹੈ, ਜਿਸ ਕਾਰਨ ਪਤੀ ਨੂੰ ਗੁੱਸਾ ਆ ਜਾਂਦਾ ਹੈ ਤੇ ਦੋਵਾਂ ਵਿਚਾਲੇ ਤੂੰ-ਤੂੰ, ਮੈਂ-ਮੈਂ ਹੁੰਦੀ ਹੋਈ ਅਕਸਰ ਕਈ ਵਾਰ ਲੜਾਈ ਦਾ ਰੂਪ ਲੈ ਲੈਂਦੀ ਹੈ। ਇਸੇ ਤਰ੍ਹਾਂ ਜੇ ਕਿਤੇ ਪਤੀ ਮਜ਼ਾਕ ਵਿਚ ਜਾਂ ਭੁੱਲ ਭੁਲੇਖੇ ਪਤਨੀ ਸਾਹਮਣੇ ਉਸ ਦੇ ਪੇਕਿਆਂ ਬਾਰੇ ਕੁਝ ਕਹਿ ਦੇਵੇ ਤਾਂ ਫਿਰ ਪਤਨੀ ਉਸ ਦਾ ਕੀ ਹਾਲ ਕਰਦੀ ਹੈ, ਇਹ ਸਭ ਨੂੰ ਪਤਾ ਹੀ ਹੈ।
ਕਈ ਵਾਰ ਪਤੀ ਪਤਨੀ ਵਿਚਾਲੇ ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਗੱਲ ਏਨੀ ਜ਼ਿਆਦਾ ਵਧ ਜਾਂਦੀ ਹੈ ਕਿ ਗੱਲ ਦੋਵਾਂ ਦੇ ਵੱਖਰੇ ਹੋਣ ਤੱਕ ਪਹੁੰਚ ਜਾਂਦੀ ਹੈ, ਕਈ ਵਾਰ ਦੋਵਾਂ ਨੂੰ ਦੋਵਾਂ ਦੇ ਮਾਪੇ ਜਾਂ ਪੰਚਾਇਤ ਸਮਝਾ ਬੁਝਾ ਕੇ ਫਿਰ ਇਕੱਠੇ ਕਰ ਦਿਦੇ ਹਨ ਪਰ ਅਕਸਰ ਪਤੀ-ਪਤਨੀ ਆਪਣੀ ਈਗੋ ਦੇ ਸ਼ਿਕਾਰ ਹੋ ਕੇ ਇਕ-ਦੂਜੇ ਤੋਂ ਵੱਖਰੇ ਹੋ ਜਾਂਦੇ ਹਨ, ਜਿਸ ਕਾਰਨ ਅਕਸਰ ਉਨ੍ਹਾਂ ਦੇ ਬੱਚਿਆਂ ਦੀ ਜ਼ਿੰਦਗੀ ਰੁਲ ਜਾਂਦੀ ਹੈ। ਬੱਚਿਆਂ ਨੂੰ ਮਾਂ ਤੇ ਬਾਪ ਦੋਵਾਂ ਦਾ ਪਿਆਰ ਚਾਹੀਦਾ ਹੁੰਦਾ ਹੈ, ਪਰ ਪਤੀ-ਪਤਨੀ ਦੀ ਤੂੰ-ਤੂੰ ਮੈਂ ਮੈਂ ਉਨ੍ਹਾਂ ਤੋਂ ਮਾਪਿਆਂ ਦਾ ਪਿਆਰ ਖੋਹ ਲੈਂਦੀ ਹੈ।
ਪਤੀ ਤੇ ਪਤਨੀ ਨੂੰ ਚਾਹੀਦਾ ਹੈ ਕਿ ਉਹ ਹਰ ਗੱਲ 'ਤੇ ਤੂੰ-ਤੂੰ, ਮੈਂ ਮੈਂ ਨਾ ਕਰਨ ਅਤੇ ਆਪਸ ਵਿਚ ਪਿਆਰ ਮੁਹੱਬਤ ਬਣਾ ਕੇ ਰੱਖਣ। ਇਕ ਦੂਜੇ ਦੀਆਂ ਛੋਟੀਆਂ-ਛੋਟੀਆਂ ਗ਼ਲਤੀਆਂ ਅਤੇ ਕਮਜ਼ੋਰੀਆਂ ਨੂੰ ਇਗਨੋਰ ਕਰਨਾ ਹੀ ਚੰਗਾ ਹੁੰਦਾ ਹੈ ਤਾਂ ਕਿ ਗ੍ਰਹਿਸਥ ਜੀਵਨ ਖੁਸ਼ਹਾਲ ਰਹੇ। ਪਤੀ ਪਤਨੀ ਦੋਵਾਂ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਅੱਜ ਦੇ ਸਮੇਂ ਵਿਚ ਕੋਈ ਵੀ ਇਨਸਾਨ ਸੋਲਾਂ ਕਲਾਂ ਸੰਪੂਰਨ ਨਹੀਂ ਹੁੰਦਾ, ਇਸ ਲਈ ਪਤੀ ਪਤਨੀ ਨੂੰ ਇਕ-ਦੂਜੇ ਦੀ ਵਰਤਮਾਨ ਸਥਿਤੀ ਨੂੰ ਸਵੀਕਾਰ ਕਰਕੇ ਆਪਸ ਵਿਚ ਹਰ ਗੱਲ 'ਤੇ ਜਾਂ ਬਿਨਾਂ ਕਿਸੇ ਗੱਲ ਤੋਂ ਹੀ ਤੂੰ-ਤੂੰ, ਮੈਂ-ਮੈਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਇਕ-ਦੂਜੇ ਨੂੰ ਪੂਰਾ ਪਿਆਰ ਸਤਿਕਾਰ ਦੇ ਕੇ ਘਰ ਵਿਚ ਅਨੰਦਦਾਇਕ ਵਾਤਾਵਰਨ ਬਣਾ ਕੇ ਰੱਖਣਾ ਚਾਹੀਦਾ ਹੈ।

-ਲੱਕੀ ਨਿਵਾਸ, 61-ਏ, ਵਿੱਦਿਆ ਨਗਰ, ਪਟਿਆਲਾ।
ਮੋਬਾਈਲ : 94638-19174

ਪਿਛਲੀ ਖ਼ਬਰ ਜ਼ਰੂਰੀ ਹੈ ਪੇਸ਼ਾਵਰ ਜੀਵਨ ਨੂੰ ਘਰੇਲੂ ਜੀਵਨ ਤੋਂ ਵੱਖ ਰੱਖਣਾ ਅਗਲੀ ਖ਼ਬਰ ਜ਼ਿਲ੍ਹੇ ਵਿਚ ਡਰੱਗ ਸਰਵੇ ਦੀਆਂ ਸਵੈ-ਇੱਛੁਕ ਡਿਊਟੀਆਂ ਜਬਰੀ ਲਾਉਣ ਖ਼ਲਾਫ਼ ਡੀ.ਸੀ. ਨੂੰ ਭੇਜਿਆ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।