29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਜ਼ਰੂਰੀ ਹੈ ਪੇਸ਼ਾਵਰ ਜੀਵਨ ਨੂੰ ਘਰੇਲੂ ਜੀਵਨ ਤੋਂ ਵੱਖ ਰੱਖਣਾ

ਅਜੀਤ ਡੈਸਕ 18-06-2026

ਅੱਜ ਦੇ ਤੇਜ਼ ਰਫ਼ਤਾਰ ਯੁੱਗ ਵਿਚ ਮਨੁੱਖ ਆਪਣੀ ਜ਼ਿੰਦਗੀ ਵਿਚ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਅ ਰਿਹਾ ਹੈ। ਇਕ ਪਾਸੇ ਉਹ ਦਫ਼ਤਰ, ਕਾਰੋਬਾਰ ਜਾਂ ਕਿਸੇ ਹੋਰ ਪੇਸ਼ੇ ਨਾਲ ਜੁੜਿਆ ਹੋਇਆ ਹੈ ਅਤੇ ਦੂਜੇ ਪਾਸੇ ਉਸ ਦੀਆਂ ਘਰੇਲੂ ਜ਼ਿੰਮੇਵਾਰੀਆਂ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਆਪਣੀ ਪੇਸ਼ਾਵਰ ਜ਼ਿੰਦਗੀ ਦੇ ਤਣਾਅ ਨੂੰ ਘਰ ਤੱਕ ਲੈ ਆਉਂਦੇ ਹਨ ਜਾਂ ਘਰੇਲੂ ਸਮੱਸਿਆਵਾਂ ਦਾ ਅਸਰ ਆਪਣੇ ਕੰਮ 'ਤੇ ਪੈਣ ਦਿੰਦੇ ਹਨ। ਇਸ ਤਰ੍ਹਾਂ ਦੋਵਾਂ ਖੇਤਰਾਂ ਦੀ ਆਪਸੀ ਗੁੱਥਮਗੁੱਥਾ ਮਾਨਸਿਕ ਸਿਹਤ 'ਤੇ ਨਕਾਰਾਤਮਕ ਪ੍ਰਭਾਵ ਪਾਉਂਦੀ ਹੈ। ਇਸ ਲਈ ਬਹੁਤ ਜ਼ਰੂਰੀ ਹੈ ਕਿ ਪੇਸ਼ਾਵਰ ਜੀਵਨ ਅਤੇ ਘਰੇਲੂ ਜੀਵਨ ਦਰਮਿਆਨ ਸਪੱਸ਼ਟ ਹੱਦਾਂ ਬਣਾਈਆਂ ਜਾਣ।
ਪੇਸ਼ਾਵਰ ਜੀਵਨ ਦੀਆਂ ਮੰਗਾਂ ਅਕਸਰ ਸਮੇਂ ਦੀ ਪਾਬੰਦੀ, ਉਦੇਸ਼ ਪੂਰਤੀ, ਮੁਕਾਬਲੇ ਅਤੇ ਨਤੀਜਿਆਂ ਨਾਲ ਜੁੜੀਆਂ ਹੁੰਦੀਆਂ ਹਨ। ਇਨ੍ਹਾਂ ਕਾਰਨਾਂ ਕਰਕੇ ਤਣਾਅ, ਚਿੰਤਾ ਅਤੇ ਥਕਾਵਟ ਪੈਦਾ ਹੋਣਾ ਆਮ ਗੱਲ ਹੈ। ਜੇ ਇਹ ਸਾਰਾ ਬੋਝ ਘਰ ਤੱਕ ਲਿਆਂਦਾ ਜਾਵੇ ਤਾਂ ਪਰਿਵਾਰਕ ਮਾਹੌਲ ਵਿਚ ਤਣਾਅ ਪੈਦਾ ਹੋ ਜਾਂਦਾ ਹੈ। ਪਰਿਵਾਰ ਉਹ ਥਾਂ ਹੈ ਜਿੱਥੇ ਮਨੁੱਖ ਨੂੰ ਸਕੂਨ, ਸਹਾਰਾ ਅਤੇ ਭਾਵਨਾਤਮਕ ਸੁਰੱਖਿਆ ਮਿਲਦੀ ਹੈ। ਜੇ ਘਰ ਵੀ ਦਫ਼ਤਰ ਬਣ ਜਾਵੇ ਤਾਂ ਆਰਾਮ ਅਤੇ ਸੁੱਖ ਦੀ ਥਾਂ ਘਰ ਵਿਚ ਵੀ ਚਿੜਚਿੜਾਹਟ ਅਤੇ ਬੇਚੈਨੀ ਆ ਵਸਦੀ ਹੈ।
ਇਸੇ ਤਰ੍ਹਾਂ ਜੇਕਰ ਘਰੇਲੂ ਸਮੱਸਿਆਵਾਂ, ਆਪਸੀ ਤਕਰਾਰਾਂ ਜਾਂ ਨਿੱਜੀ ਚਿੰਤਾਵਾਂ ਨੂੰ ਪੇਸ਼ਾਵਰ ਜੀਵਨ ਵਿਚ ਲਿਆਂਦਾ ਜਾਵੇ ਤਾਂ ਕੰਮ ਦੀ ਗੁਣਵੱਤਾ ਪ੍ਰਭਾਵਿਤ ਹੁੰਦੀ ਹੈ। ਇਸ ਤਰ੍ਹਾਂ ਧਿਆਨ ਦੀ ਘਾਟ,ਗਲਤ ਫੈਸਲੇ ਅਤੇ ਕੰਮ ਪ੍ਰਤੀ ਬੇਰੁਖ਼ੀ ਪੈਦਾ ਹੋ ਸਕਦੀ ਹੈ। ਨਤੀਜੇ ਵਜੋਂ ਕਰੀਅਰ 'ਤੇ ਮਾੜਾ ਅਸਰ ਪੈਂਦਾ ਹੈ ਅਤੇ ਵਿਅਕਤੀ ਅੰਦਰੋਂ ਹੋਰ ਵੀ ਟੁੱਟਦਾ ਚਲਾ ਜਾਂਦਾ ਹੈ।
ਮਾਨਸਿਕ ਸਿਹਤ ਦਾ ਸਿੱਧਾ ਸਬੰਧ ਸੰਤੁਲਨ ਨਾਲ ਹੈ। ਜਦੋਂ ਮਨੁੱਖ ਆਪਣੇ ਸਮੇਂ, ਸੋਚ ਅਤੇ ਭਾਵਨਾਵਾਂ ਨੂੰ ਢੰਗ ਨਾਲ ਵੰਡਣਾ ਸਿੱਖ ਲੈਂਦਾ ਹੈ ਤਾਂ ਉਹ ਜ਼ਿੰਦਗੀ ਦੇ ਹਰ ਖੇਤਰ ਵਿੱਚ ਬਿਹਤਰ ਪ੍ਰਦਰਸ਼ਨ ਕਰ ਸਕਦਾ ਹੈ। ਪੇਸ਼ਾਵਰ ਜੀਵਨ ਲਈ ਨਿਰਧਾਰਤ ਸਮਾਂ ਪੂਰੀ ਨਿਸ਼ਠਾ ਨਾਲ ਕੰਮ ਕਰਨ ਲਈ ਹੋਵੇ ਅਤੇ ਘਰੇਲੂ ਜੀਵਨ ਲਈ ਸਮਾਂ ਪਰਿਵਾਰ ਨਾਲ ਬਿਤਾਉਣ, ਆਰਾਮ ਕਰਨ ਅਤੇ ਆਪਣੇ ਆਪ ਨੂੰ ਤਾਜ਼ਗੀ ਦੇਣ ਲਈ ਹੋਣਾ ਚਾਹੀਦਾ ਹੈ। ਇਹ ਵੰਡ ਮਨ ਨੂੰ ਸਥਿਰਤਾ ਪ੍ਰਦਾਨ ਕਰਦੀ ਹੈ।
ਅਮਲੀ ਜੀਵਨ ਵਿਚ ਇਹ ਸੰਤੁਲਨ ਬਣਾਈ ਰੱਖਣ ਲਈ ਕੁਝ ਸਧਾਰਨ ਕਦਮ ਲਏ ਜਾ ਸਕਦੇ ਹਨ। ਦਫ਼ਤਰ ਤੋਂ ਬਾਅਦ ਕੰਮ ਸੰਬੰਧੀ ਫ਼ੋਨ ਕਾਲਾਂ ਅਤੇ ਮੈਸੇਜਾਂ ਨੂੰ ਸੀਮਤ ਰੱਖਣਾ, ਘਰ ਵਿਚ ਪਰਿਵਾਰ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਅਤੇ ਆਪਣੇ ਲਈ ਵੀ ਕੁਝ ਸਮਾਂ ਕੱਢਣਾ ਬਹੁਤ ਲਾਭਕਾਰੀ ਹੁੰਦਾ ਹੈ। ਇਸੇ ਤਰ੍ਹਾਂ ਕੰਮ ਦੇ ਸਮੇਂ ਘਰੇਲੂ ਗੱਲਾਂ ਤੋਂ ਦੂਰ ਰਹਿ ਕੇ ਪੂਰਾ ਧਿਆਨ ਆਪਣੇ ਫ਼ਰਜ਼ਾਂ 'ਤੇ ਕੇਂਦਰਿਤ ਕਰਨਾ ਚਾਹੀਦਾ ਹੈ।
ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਪੇਸ਼ਾਵਰ ਅਤੇ ਘਰੇਲੂ ਜੀਵਨ ਦੋਵੇਂ ਹੀ ਮਨੁੱਖ ਦੀ ਜ਼ਿੰਦਗੀ ਦੇ ਅਹਿਮ ਹਿੱਸੇ ਹਨ ਪਰ ਦੋਵਾਂ ਦੀਆਂ ਹੱਦਾਂ ਸਪੱਸ਼ਟ ਹੋਣੀਆਂ ਚਾਹੀਦੀਆਂ ਹਨ। ਜਦੋਂ ਇਹ ਸੰਤੁਲਨ ਬਣਿਆ ਰਹਿੰਦਾ ਹੈ ਤਾਂ ਨਾ ਸਿਰਫ਼ ਕੰਮ ਵਿਚ ਸਫਲਤਾ ਮਿਲਦੀ ਹੈ ਸਗੋਂ ਘਰੇਲੂ ਜੀਵਨ ਵਿਚ ਵੀ ਸੁੱਖ ਅਤੇ ਸ਼ਾਂਤੀ ਬਣੇ ਰਹਿੰਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਅਜਿਹਾ ਸੰਤੁਲਨ ਮਾਨਸਿਕ ਸਿਹਤ ਨੂੰ ਮਜ਼ਬੂਤ ਬਣਾਉਂਦਾ ਹੈ ਜੋ ਇਕ ਸੁਖੀ ਅਤੇ ਸੰਤੁਸ਼ਟ ਜੀਵਨ ਦੀ ਨੀਂਹ ਹੈ।

-ਮੋਬਾਈਲ : 78883-24465

ਪਿਛਲੀ ਖ਼ਬਰ ਵੱਖਰਾ ਕੁਝ ਸਿਰਜਣ ਵਾਲੀ ਅਧਿਆਪਕਾ - ਕੁਲਵਿੰਦਰਜੀਤ ਕੌਰ ਅਗਲੀ ਖ਼ਬਰ ਨਾ ਕਰੋ ਤੂੰ-ਤੂੰ, ਮੈਂ-ਮੈਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।