ਫਰਿਜ 'ਚ ਸਹੀ ਤਰੀਕੇ ਨਾਲ ਕਰੋ ਸਟੋਰ : ਕੱਟੀਆਂ ਹੋਈਆਂ ਸਬਜ਼ੀਆਂ ਨੂੰ ਮੋਮੀ ਲਿਫ਼ਾਫ਼ੇ ਵਿਚ ਨਾ ਪਾਓ, ਸਬਜ਼ੀਆਂ ਗਲ ਸਕਦੀਆਂ ਹਨ। ਕੱਟੀ ਹੋਈ ਸਬਜ਼ੀ ਨੂੰ ਨਰਮ ਕੱਪੜੇ ਵਿਚ ਰੱਖ ਕੇ ਡਿੱਬੇ 'ਚ ਰੱਖੋ। ਕੱਟੇ ਪਿਆਜ਼, ਲਸਣ, ਅਦਰਕ, ਹਰੀ ਮਿਰਚ, ਧਨੀਆ, ਪੁਦੀਨਾ ਵੀ ਡੱਬੇ ਵਿਚ ਹੀ ਰੱਖੋ।
ਕਰੋ ਤਿਆਰ ਪਿਊਰੀ ਅਤੇ ਸਾਸ : ਟਮਾਟਰ ਪਿਊਰੀ ਨੂੰ ਐਡਵਾਂਸ 'ਚ ਤਿਆਰ ਕਰਕੇ ਰੱਖੋ। ਇਸੇ ਤਰ੍ਹਾਂ ਮਸੂਅਰਡ ਸਾਸ, ਚਿੱਲੀ ਸਾਸ, ਸੋਇਆ ਸਾਸ ਵੀ ਪਹਿਲਾਂ ਤਿਆਰ ਕਰ ਸਕਦੇ ਹੋ। ਇਸ ਨਾਲ ਤੁਹਾਡੀ ਕੁਕਿੰਗ ਦਾ ਸਮੇਂ ਕਾਫੀ ਬਚ ਸਕੇਗਾ।
ਮਸਾਲਿਆਂ ਨੂੰ ਵੀ ਪਹਿਲਾਂ ਤਿਆਰ ਕਰੋ : ਕੁਝ ਘਰਾਂ 'ਚ ਕੁਕਿੰਗ ਕਰਦੇ ਸਮੇਂ ਸੁੱਕੇ ਮਸਾਲਿਆਂ ਦੀ ਵਰਤੋਂ ਵਧੇਰੇ ਹੁੰਦੀ ਹੈ, ਪਿਆਜ਼-ਲਸਣ ਦੀ ਘੱਟ। ਆਪਣੇ ਘਰ ਦੀ ਜ਼ਰੂਰਤ ਅਨੁਸਾਰ ਸੁੱਕੇ ਮਸਾਲੇ ਇਕ ਮਹੀਨੇ ਦੀ ਵਰਤੋਂ ਮੁਤਾਬਿਕ ਹੀ ਖਰੀਦ ਕੇ ਰੱਖੋ, ਜਿਨ੍ਹਾਂ ਮਸਾਲਿਆਂ ਨੂੰ ਘਰ 'ਚ ਪੀਸਣਾ ਹੋਵੇ, ਉਨ੍ਹਾਂ ਨੂੰ ਸਾਫ਼ ਕਰ ਰੱਖੋ। ਰੇਡੀਮੇਡ ਮਸਾਲਿਆਂ ਜੇ ਚਾਹੀਦੇ ਹੋਣ, ਉਨ੍ਹਾਂ ਨੂੰ ਖਰੀਦ ਕਰ ਕੇ ਰੱਖੋ। ਇਸ ਤੋਂ ਇਲਾਵਾ ਬੇਕਿੰਗ ਪਾਊਡਰ ਵੀ ਘਰ 'ਚ ਰੱਖੋ।
ਮਸਾਲਿਆਂ ਦੇ ਡੱਬੇ 'ਤੇ ਤਰੀਕ ਜ਼ਰੂਰ ਲਿਖ ਲਓ, ਤਾਂ ਕਿ ਬਹੁਤ ਪੁਰਾਣੇ ਮਸਾਲੇ ਨਹੀਂ ਵਰਤਣੇ ਚਾਹੀਦੇ। ਰੇਡੀਮੇਡ ਮਸਾਲਿਆਂ ਨੂੰ ਠੀਕ ਨਾਲ ਸਟੋਰ ਕਰੋ, ਡਿੱਬੇ 'ਤੇ ਲਿਖੀਆਂ ਇਸ ਸੰਬੰਧੀ ਹਦਾਇਤਾਂ ਜ਼ਰੂਰ ਪੜ੍ਹ ਲਵੋ।
ਕੁਝ ਚੀਜ਼ਾਂ ਉਬਾਲ ਕੇ ਰੱਖੋ : ਇਕ ਕਿੱਲੋ ਆਲੂ ਪਹਿਲਾਂ ਉਬਾਲ ਕੇ ਰੱਖੋ, ਤਾਂ ਕਿ ਆਲੂ ਦੇ ਪਰੌਂਠੇ ਬਣਾਏ ਜਾ ਸਕਣ ਜਾਂ ਆਲੂ ਦੀ ਸਬਜ਼ੀ ਵੀ ਬਣਾਈ ਜਾ ਸਕੇ। ਰਾਜਮਾਂਹ, ਛੋਲੇ, ਰੋਂਗੀ, ਕਾਲੇ ਚਣੇ ਆਫਿਸ ਜਾਣ ਤੋਂ ਪਹਿਲਾਂ ਭਿਉਂ ਕੇ ਰੱਖ ਜਾਓ ਅਤੇ ਰਾਤ ਨੂੰ ਉਨ੍ਹਾਂ ਨੂੰ ਉਬਾਲ ਕੇ ਰੱਖ ਲਓ। ਸਵੇਰੇ ਤੜਕਾ ਤਿਆਰ ਕਰ ਕੇ ਬਣਾ ਸਕਦੇ ਹੋ ਅਤੇ ਸਮਾਂ ਵੀ ਬਚ ਸਕਦਾ ਹੈ। ਥੋੜ੍ਹੇ ਰਾਜਮਾਂਹ, ਸਫੇਦ ਛੋਲੇ ਅਤੇ ਕਾਲੇ ਚਣੇ ਇਕੱਠੇ ਉਬਾਲ ਕੇ ਕੇ ਫਰਿਜ 'ਚ ਸਟੋਰ ਕਰ ਸਕਦੀ ਹੋ ਤਾਂ ਕਿ ਅਚਾਨਕ ਬਣਾਉਣੇ ਪੈਣ ਜਾਂ ਮਹਿਮਾਨ ਆ ਜਾਣ ਤਾਂ ਵਰਤੋਂ ਵਿਚ ਲਿਆ ਸਕਦੀ ਹੋ।
ਆਟਾ ਪਹਿਲਾਂ ਗੁੰਨ ਲਓ : ਰੋਟੀ ਬਣਾਉਣ ਲਈ ਆਟਾ ਰਾਤ ਨੂੰ ਜਾਂ ਸਵੇਰੇ ਚਾਹ ਬਣਾਉਂਦੇ ਸਮੇਂ ਗੁੰਨ ਕੇ ਰੱਖ ਸਕਦੇ ਹੋ, ਤਾਂ ਕਿ ਰੋਟੀ ਪੈਕ ਕਰਨ ਲਈ ਸਮਾਂ ਬਚ ਸਕੇ। ਆਟਾ ਤੁਸੀਂ ਦੋ-ਤਿੰਨ ਵਕਤ ਦਾ ਇਕੱਠਾ ਗੁੰਨ ਕੇ ਫਰਿੱਜ ਵਿਚ ਰੱਖ ਸਕਦੀ ਹੋ। ਦਾਲ ਬਣਨ 'ਤੇ ਦਾਲ ਨੂੰ ਆਟੇ ਵਿਚ ਗੁੰਨ ਕੇ, ਨਾਲ ਪਿਆਜ, ਹਰੀ ਮਿਰਚ, ਧਨੀਏ ਦੇ ਪੱਤੇ, ਥੋੜ੍ਹਾ ਵੇਸਣ ਮਿਲਾ ਕੇ ਗੁੰਨ ਸਕਦੀ ਹੋ ਜੋ ਸਵੇਰੇ ਨਾਸ਼ਤੇ ਸਮੇਂ ਪਰੌਂਠੇ ਬਣਾਉਣ ਦੇ ਕੰਮ ਆ ਸਕਦੇ ਹਨ।