21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਲੜੀਵਾਰ ਬਾਲ ਨਾਵਲ-5-ਪਾਣੀ-ਪਿਤਾ

ਅਜੀਤ ਡੈਸਕ 14-02-2026

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਅਜੇ ਸਿਮਰਨ ਤੇ ਨਾਨੀ ਜੀ ਦੀਆਂ ਗੱਲਾਂ ਚੱਲ ਹੀ ਰਹੀਆਂ ਸਨ ਕਿ ਨਾਨਾ ਜੀ ਨੇ ਦੁੱਧ ਲਈ ਆਵਾਜ਼ ਮਾਰੀ | ਨਾਨੀ ਜੀ ਰਸੋਈ ਵਿਚ ਗਏ ਤੇ ਸਾਰਿਆਂ ਲਈ ਦੁੱਧ ਗਰਮ ਕਰ ਲਿਆਂਦਾ | ਨਾਨਾ ਜੀ ਆਪਣੇ ਕਮਰੇ ਵਿਚ ਦੁੱਧ ਪੀਂਦੇ ਪੀਂਦੇ ਕੋਈ ਕੰਮ ਕਰਨ ਵਿਚ ਮਗਨ ਸਨ |
ਇਧਰੋਂ ਨਾਨੀ ਜੀ ਨੇ ਫਿਰ ਦੁੱਧ ਪੀਂਦੇ ਪੀਂਦੇ ਗੱਲ ਦੀ ਤੰਦ ਫੜ ਲਈ, ਗੁੱਡੀਆਂ ਪਟੋਲਿਆਂ ਦੀ ਖੇਡ ਵਿਚ ਹੀ 'ਗੁੱਡੀ ਗੁੱਡਾ' ਮਰ ਜਾਂਦੇ ਤੇ ਉਨ੍ਹਾਂ ਨੂੰ ਪਿੱਟਣ' ਦੀ ਰਸਮ ਵੀ ਸ਼ਾਮਲ ਕਰ ਲਈ ਜਾਂਦੀ | ਦੇਰ ਤੋਂ ਮੀਂਹ ਨਾ ਪਿਆ ਹੋਣ ਕਰਕੇ ਅਸੀਂ ਲੜਕੀਆਂ ਗੁੱਡੀ-ਗੁੱਡਾ ਬਣਾ ਕੇ ਉਸ ਨੂੰ ਪਿੱਟਦੀਆਂ ਹੋਈਆਂ ਰੋਣ ਦਾ ਸਵਾਂਗ ਰਚਦੀਆਂ :
ਗੁੱਡੀ ਗੁੱਡਾ ਪਿੱਟਿਆ
ਵਸ ਮੀਹਾਂ ਚਿੱਟਿਆ |
ਗੁੱਡੀ ਤੇ ਗੁੱਡੇ ਨੂੰ ਚੁੱਕ ਕੇ ਪਿੰਡੋਂ ਬਾਹਰ ਲਿਜਾ ਕੇ ਕਿਸੇ ਟੋਭੇ ਕੋਲ ਜਾਂ ਸ਼ਮਸ਼ਾਨ ਘਾਟ ਆਦਿ ਵੱਲ ਕਿਸੇ ਢੁਕਵੀਂ ਥਾਂ 'ਤੇ ਸਾੜਦੀਆਂ ਹੋਈਆਂ ਇਹ ਕੀਰਨਾ ਨੁਮਾ ਟੱਪਾ ਉਚਾਰਦੀਆਂ :
ਗੁੱਡੀ ਗੁੱਡਾ ਸਾੜਿਆ,
ਵਸ ਮੀਹਾਂ ਕਾਲਿਆ |
ਗੁੱਡੀ ਚੜ੍ਹ ਗਈ ਚੁਬਾਰੇ |
ਗੁੱਡਾ ਗਿਣ ਗਿਣ ਹਾਕਾਂ ਮਾਰੇ |
ਗੁੱਡੀ ਮੋਰਨੀਏ |
ਹਾਇ-ਹਾਇ ਗੁੱਡੀਏ ਮੋਰਨੀਏ |
ਸਿਮਰਨ ਨਾਨੀ ਜੀ ਕੋਲੋਂ ਇਹ ਅਨੋਖੀ ਕਹਾਣੀ ਸੁਣਨ ਵਿਚ ਗੁਆਚਿਆ ਹੋਇਆ ਸੀ, 'ਗੁੱਡੀ-ਗੁੱਡਾ ਸਾੜਨ ਦੀ ਇਸ ਖੇਡ ਪਿੱਛੇ ਇਹ ਵੀ ਮਨੌਤ ਰਹੀ ਹੈ ਕਿ ਮਾਸੂਮ ਬੱਚਿਆਂ ਨੂੰ ਜਦੋਂ ਇੰਦਰ ਦੇਵਤਾ ਮੱਥੇ ਛਾਤੀ ਤੇ ਹੱਥ ਮਾਰ-ਮਾਰ ਕੇ ਇਉਂ ਵਿਰਲਾਪ ਤੇ ਰੁਦਨ ਕਰਦਾ ਤੱਕੇਗਾ ਤਾਂ ਉਹ ਤਰਸ ਖਾ ਕੇ ਮੀਂਹ ਵਰ੍ਹਾ ਦੇਵੇਗਾ | ਕਈ ਵਾਰ ਜਾਦੂ-ਟੂਣਾ ਕਰਨ ਵਾਲੇ, ਤਾਂਤਿ੍ਕ ਅਤੇ ਕਾਲਾ ਇਲਮ ਜਾਣਨ ਵਾਲੇ ਲੋਕ ਵੀ ਲੀਰਾਂ ਦੇ ਬਣਾਏ 'ਗੁੱਡੇ' ਨੂੰ ਆਪਣੇ ਮੰਤਰਾਂ ਦੀ ਸਿੱਧੀ ਵਾਸਤੇ ਵਰਤਦੇ ਹਨ | ਪਾਕਿਸਤਾਨ ਵਿਚ ਵਸਦੇ ਪੰਜਾਬੀ ਬੋਲਦੇ ਇਲਾਕੇ ਖਾਸ ਕਰਕੇ ਲਾਹੌਰ, ਸ਼ੇਖੂਪੁਰਾ, ਗੁੱਜਰਾਂਵਾਲਾ ਅਤੇ ਭਾਰਤੀ ਪੰਜਾਬ ਦੇ ਗੁਰਦਾਸਪੁਰ ਇਲਾਕੇ ਨਾਲ ਲਗਦੀ ਪਾਕਿਸਤਾਨੀ ਤਹਿਸੀਲ ਸ਼ਕਰਗੜ੍ਹ ਦੇ ਪਛੜੇ ਹੋਏ ਪਿੰਡਾਂ ਵਿਚ ਵੀ ਬਾਲੜੀਆਂ ਵੱਲੋਂ ਗੁੱਡੀ-ਗੁੱਡੇ ਦੀ ਖੇਡ ਖੇਡੀ ਜਾਂਦੀ ਰਹੀ ਹੈ |
'ਪਰ ਕੀ ਇਸ ਤਰ੍ਹਾਂ ਕਰਨ ਨਾਲ ਮੀਂਹ ਪੈ ਜਾਂਦਾ ਸੀ?' ਸਿਮਰਨ ਦਾ ਸਵਾਲ ਸੀ |
ਨਾਨੀ ਜੀ ਬੋਲੇ, 'ਕੋਈ ਜ਼ਰੂਰੀ ਨਹੀਂ ਸੀ ਹੁੰਦਾ ਕਿ ਇਸ ਤਰ੍ਹਾਂ ਗਾਉਣ ਨਾਲ ਮੀਂਹ ਪਵੇਗਾ ਹੀ ਪਵੇਗਾ | ਹਾਂ ਕਈ ਵਾਰੀ ਕੁਦਰਤੀ ਪੈ ਵੀ ਜਾਂਦਾ ਸੀ | ਅਸੀਂ ਸਮਝਦੇ ਸਾਂ, ਬਈ ਇੰਦਰ ਦੇਵਤੇ ਨੇ ਸਾਡੀ ਫ਼ਰਿਆਦ ਸੁਣ ਲਈ ਏ |'
ਨਾਨੀ ਤੇ ਦੋਹਤੇ ਦੀ ਵਾਰਤਾਲਾਪ ਲਗਾਤਾਰ ਚੱਲ ਰਹੀ ਸੀ |
ਸਿਮਰਨ ਊਾਘਣ ਲੱਗ ਪਿਆ ਸੀ |
ਨਾਨੀ ਜੀ ਵੀ ਸੌਂ ਗਏ |
ਸਿਮਰਨ ਦੇ ਸੁਪਨੇ ਵਿਚ ਗੁੱਡਾ-ਗੁੱਡੀ ਹੀ ਘੁੰਮਦੇ ਰਹੇ |
ਅਗਲੇ ਦਿਨ ਸਿਮਰਨ ਨੇ ਛੁੱਟੀਆਂ ਵਾਲੇ ਕੰਮ ਨੂੰ ਛੋਹਿਆ | ਫਿਰ ਘੰਟੇ ਕੁ ਬਾਅਦ ਉਹ ਨਾਨੀ ਜੀ ਕੋਲ ਆ ਬੈਠਿਆ ਤੇ ਪੁੱਛਣ ਲੱਗਾ, 'ਨਾਨੀ ਮੰਮਾ, ਕੀ ਸਾਡੀ ਧਰਤੀ 'ਤੇ ਸਾਰੇ ਜੀਵ ਹੀ ਪਾਣੀ ਵਿਚੋਂ ਪੈਦਾ ਹੋਏ ਸਨ?'
ਉਸ ਦੀ ਗੱਲ ਦਾ ਉਤਰ ਦਿੰਦੇ ਹੋਏ ਨਾਨੀ ਜੀ ਕਹਿਣ ਲੱਗੇ, 'ਨਹੀਂ, ਜਦੋਂ ਤੂੰ ਵੱਡੀਆਂ ਜਮਾਤਾਂ ਵਿਚ ਜਾਵੇਂਗਾ ਤਾਂ ਤੈਨੂੰ ਇਹ ਵੀ ਪਤਾ ਲੱਗੇਗਾ ਕਿ ਸਾਡੀ ਧਰਤੀ ਦਾ ਸੱਤਰ ਪ੍ਰਤੀਸ਼ਤ ਹਿੱਸਾ ਵੱਡੇ-ਵੱਡੇ ਮਹਾਂਸਾਗਰਾਂ, ਸਮੁੰਦਰਾਂ, ਦਰਿਆਵਾਂ ਤੇ ਨਹਿਰਾਂ-ਝੀਲਾਂ ਨੇ ਘੇਰਿਆ ਹੋਇਆ ਏ | ਅਗਲੇ ਕਰੋੜਾਂ ਵਰਿ੍ਹਆਂ ਵਿਚ ਇਸੇ ਧਰਤੀ ਦੀ ਸਤ੍ਹਾ ਉਪਰ ਭਿਆਨਕ ਝੱਖੜ, ਤੂਫ਼ਾਨ, ਭੁਚਾਲ ਆਏ | ਅਨੇਕ ਵਿਸ਼ਾਲ ਜਵਾਲਾਮੁਖੀ ਫਟਦੇ ਰਹੇ | ਧਰਤੀ ਉਪਰ ਕਰੋੜਾਂ ਸਾਲਾਂ ਤੋਂ ਹੁੰਦੀ ਆ ਰਹੀ ਉਥਲ-ਪੁਥਲ ਕਾਰਨ ਹੀ ਪਹਾੜ, ਸਮੁੰਦਰ ਅਤੇ ਮੈਦਾਨ ਬਣਦੇ ਗਏ | ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇਸ ਧਰਤੀ ਉਪਰ ਪਾਣੀ ਕਾਰਨ ਹੀ ਜੀਵਨ ਹੋਇਆ | ਇਸ ਧਰਤੀ ਤੇ ਮਨੁੱਖ ਜਾਂ ਜੀਵ ਜੰਤੂਆਂ ਦਾ ਜੀਵਨ ਵੀ ਪਾਣੀ ਕਾਰਨ ਹੀ ਪੈਦਾ ਹੋਇਆ | ਇਹ ਵੀ ਕਹਿ ਸਕਦੇ ਹਾਂ ਕਿ ਅਜਿਹਾ ਕੁਝ ਪਾਣੀ ਅੰਦਰਲੀ ਰਸਾਇਣਕ ਹਲਚਲ ਕਾਰਨ ਹੀ ਸੰਭਵ ਹੋ ਸਕਿਆ | ਜੇ ਪਾਣੀ ਨਾ ਹੁੰਦਾ ਤਾਂ ਜੀਵਨ ਪੁੰਗਰ ਹੀ ਨਹੀਂ ਸੀ ਸਕਣਾ | ਪਾਣੀ ਵਿਚ ਜੀਵਨ ਕਰੋੜਾਂ ਅਰਬਾਂ ਸਾਲ ਧੜਕਦਾ ਰਿਹਾ | ਹੌਲੀ-ਹੌਲੀ ਜੀਵਨ ਵਿਕਾਸ ਕਰਦਾ ਗਿਆ ਤੇ ਆਪਣੇ ਆਪ ਨੂੰ ਪਾਣੀ ਦੇ ਨਾਲ ਨਾਲ ਖ਼ੁਸ਼ਕ ਵਾਤਾਵਰਨ ਵਿਚ ਰਹਿਣ ਦੇ ਅਨੁਕੂਲ ਬਣਾਉਂਦਾ ਗਿਆ | ਇਸ ਖ਼ੁਸ਼ਕ ਵਾਤਾਵਰਨ ਵਿਚ ਪਹਿਲਾਂ ਨਿੱਕੇ-ਨਿੱਕੇ ਪੌਦਿਆਂ ਨੇ ਜੜ੍ਹਾਂ ਫੜਨੀਆਂ ਸ਼ੁਰੂ ਕਰ ਦਿੱਤੀਆਂ | ਕਾਈ ਵੀ ਅਜਿਹੇ ਪੌਦਿਆਂ ਜਾਂ ਬੂਟਿਆਂ ਦਾ ਹੀ ਹਿੱਸਾ ਸੀ | ਇਉਂ ਹੌਲੀ-ਹੌਲੀ ਪਾਣੀ ਵਿਚੋਂ ਪੈਦਾ ਹੋਣ ਵਾਲੇ ਬੂਟਿਆਂ ਪੌਦਿਆਂ ਵਾਂਗ ਧਰਤੀ ਉਪਰ ਮੱਛੀਆਂ, ਬਾਂਦਰਾਂ ਤੇ ਪੰਛੀਆਂ ਵਾਂਗ ਮਨੁੱਖੀ ਜੀਵਨ ਦਾ ਵੀ ਵਿਕਾਸ ਹੁੰਦਾ ਗਿਆ | ਮਨੁੱੱਖ ਦਾ ਇਸ ਧਰਤੀ ਉਪਰ ਲਗਭਗ ਦਸ ਕੁ ਲੱਖ ਸਾਲ ਪਹਿਲਾਂ ਹੀ ਜਨਮ ਹੋਇਆ |'
ਗੱਲਾਂ ਕਰਦਿਆਂ ਕਰਦਿਆਂ ਉਹ ਸੌਂ ਗਏ | (ਚਲਦਾ)

-ਮੋਬਾਈਲ : 9814423703

ਪਿਛਲੀ ਖ਼ਬਰ ਪੁਲਿਸ ਮੁਕਾਬਲੇ 'ਚ ਜ਼ਖ਼ਮੀ ਹੋਏ ਤਿੰਨ ਮੁਲਜ਼ਮਾਂ ਨੂੰ ਹਸਪਤਾਲ ਤੋਂ ਮਿਲੀ ਛੁੱਟੀ <br/> ਅਗਲੀ ਖ਼ਬਰ ਸਾਂਝੇ ਦੇਸ਼ ਪੰਜਾਬ ਬਾਰੇ ਜਾਣਕਾਰੀ ਭਰਪੂਰ ਸਵਾਲ-ਜਵਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।