02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸੂਰਜ ਨੇ ਘੁੰਡ ਚੁੱਕ ਕੇ...

ਅਜੀਤ ਡੈਸਕ 01-01-2026

* ਬਲਵਿੰਦਰ ਬਾਲਮ ਗੁਰਦਾਸਪੁਰ *
ਸੂਰਜ ਨੇ ਘੁੰਡ ਚੁੱਕ ਕੇ ਜਦ ਕਿਰਣਾਂ ਦਾ ਮੁੱਖ ਵਿਖਾਇਆ।
ਧਰਤੀ ਦੇ ਫਿਰ ਕਣ-ਕਣ ਅੰਦਰ ਨੂਰ ਇਲਾਹੀ ਆਇਆ।
ਫੁੱਲਾਂ ਨੇ ਖ਼ੁਸ਼ਬੂਆਂ ਦਿੱਤੀਆਂ ਘੁਟ ਗਲਵਕੜੀ ਪਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁੱਭ ਇੱਛਾਵਾਂ ਆ ਕੇ।

ਰੁੱਤਾਂ ਦੀ ਅੰਗੜਾਈ ਅੰਦਰ ਖੁਸ਼ੀਆਂ ਦੀ ਸ਼ਹਿਨਾਈ।
ਜੰਨਤ ਸੁੰਦਰਤਾ ਨੂੰ ਲੈ ਕੇ ਹਾਸੇ ਵਿਚ ਸ਼ਰਮਾਈ।
ਹਰਿਆਲੀ ਨੇ ਧਰਤੀ ਚੁੰਮੀ ਠੰਡੀਆਂ ਛਾਵਾਂ ਪਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁੱਭ ਇੱਛਾਵਾਂ ਆ ਕੇ।

ਨਵ-ਵਿਗਿਆਨ ਪਰੀਚਿਤ ਹੋਇਆ ਪਾ ਕੇ ਚੰਦਰਯਾਨ।
ਚੰਦਰਮਾ ਦੀ ਧਰਤੀ ਉਤੇ ਜਾ ਬਣਿਆ ਮਹਿਮਾਨ।
ਇਕ ਇਤਿਹਾਸ ਅਨੋਖਾ ਰਚਿਆ ਅੰਬਰ ਦੇ ਵਿਚ ਜਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁੱਭ ਇੱਛਾਵਾਂ ਆ ਕੇ।

ਵਿੱਦਿਆ ਬੁੱਧ ਵਿਵੇਕ ਦਿਸ਼ਾਵਾਂ ਮੰਡਲੀਕਰਣ ਬਣਾਏ
ਵਿਸ਼ਵ ਵਿਆਪੀ ਕਾਰਜ ਸਾਰੇ ਮੁੱਠੀ ਦੇ ਵਿਚ ਆਏ।
ਉੱਨਤੀ ਵਾਲੀ ਮਾਂਗ ਦੇ ਅੰਦਰ ਫਿਰ ਸੰਧੂਰ ਸਜਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁੱਭ ਇੱਛਾਵਾਂ ਆ ਕੇ।
ਫੁੱਲਾਂ ਉਤੇ ਸ਼ਬਨਮ ਆਈ ਲੈ ਕੇ ਇਕ ਸਿਰਨਾਵਾਂ।
ਸੂਖਮ ਸੁੰਦਰਤਾ ਦੇ ਵਿਚ ਨੇ ਭਾਰਤ ਮਾਂ ਦੀਆਂ ਬਾਹਾਂ।
ਉੱਨਤੀ ਜੋਬਨ ਰੁੱਤੇ ਨਿਕਲੀ ਕਿਰਣਾਂ ਵਿਚ ਨਹਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁੱਭ ਇੱਛਾਵਾਂ ਆ ਕੇ।

ਵਿਚ ਵਿਦੇਸ਼ਾਂ ਸੱਜਣ ਬੈਠੇ ਪਿਆਰੇ ਰਾਜ ਦੁਲਾਰੇ।
ਏਦਾਂ ਜਚਦੇ ਵਿਚ ਵਿਦੇਸ਼ਾਂ ਜਿੱਦਾਂ ਚੰਨ ਸਿਤਾਰੇ।
ਦੋ ਧਰਤੀਆਂ ਉਪਰ ਵੱਸਦੇ ਆਪਣੀ ਅਣਖ ਜਗਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁੱਭ ਇੱਛਾਵਾਂ ਆ ਕੇ।

ਮੇਰਾ ਭਾਰਤ ਦੇਸ਼ ਪਿਆਰਾ ਜੱਗ ਤੋਂ ਸੋਹਣਾ ਸੁੰਦਰ।
ਏਥੇ ਸ਼ੋਭਿਤ ਸਭ ਧਰਮਾਂ ਦੇ ਸੂਰਜ ਵਰਗੇ ਮੰਦਰ।
'ਬਾਲਮ' ਅਪਣੇ ਗੀਤ 'ਚ ਕਹਿੰਦਾ ਵਿਚ ਤਰਨੁੰਮ ਗਾ ਕੇ।
ਨਵੇਂ ਸਾਲ ਨੇ ਵੰਡ ਦਿੱਤੀਆਂ ਨੇ ਸ਼ੁੱਭ ਇੱਛਾਵਾਂ ਆ ਕੇ।

-ਉਂਕਾਰ ਨਗਰ, ਗੁਰਦਾਸਪੁਰ, ਪੰਜਾਬ।
-ਮੋਬਾਈਲ : 98156-25409

ਪਿਛਲੀ ਖ਼ਬਰ ਨਵੇਂ ਸਾਲ ਦਿਆ ਸੂਰਜਾ ਅਗਲੀ ਖ਼ਬਰ ਪੰਜਾਬੀ ਸਾਹਿਤ ਸਭਾ ਵਲੋਂ ਨਵੇਂ ਸਾਲ ਨੂੰ ਸਮਰਪਿਤ "ਅਰਦਾਸ ਦਿਵਸ ਸਮਾਗਮ"

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।