23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਮਹਿਕਾਂ ਵੰਡਦੀ ਧਰਤੀ...

ਅਜੀਤ ਡੈਸਕ 01-03-2026

ਪੰਜਾਬ ਦੇ ਦਰਿਆਵਾਂ ਨੇ ਇਸ ਖਿੱਤੇ ਨੂੰ ਭੂਗੋਲਿਕ, ਇਤਿਹਾਸਿਕ, ਸੱਭਿਆਚਾਰਕ ਤੇ ਸਮਾਜਿਕ ਤੌਰ'ਤੇ ਵਿਲੱਖਣਤਾ ਪ੍ਰਦਾਨ ਕਰਨ ਵਿਚ ਬੜੀ ਅਹਿਮ ਭੂਮਿਕਾ ਨਿਭਾਈ ਹੈ। ਡਾ. ਮਹਿੰਦਰ ਸਿੰਘ ਰੰਧਾਵਾ ਦੁਆਰਾ ਸੰਪਾਦਿਤ ਪੁਸਤਕ 'ਪੰਜਾਬ' ਵਿਚ ਦਰਜ ਹੈ : ਇੱਥੋਂ ਦੇ ਦਰਿਆਵਾਂ ਵਿਚਕਾਰਲੇ ਦੋਆਬਿਆਂ ਨੇ ਜਿੱਥੇ ਪੰਜਾਬੀਆਂ ਨੂੰ ਸਾਫ਼ ਤੇ ਸੋਹਣੇ ਪੌਣ-ਪਾਣੀ ਬਖ਼ਸ਼ੇ, ਬੜੀ ਖੁੱਲ੍ਹੀ-ਡੁੱਲ੍ਹੀ ਉਪਜਾਊ ਭੌਂ ਦਿੱਤੀ, ਉਥੇ ਇਨ੍ਹਾਂ ਨੇ ਸੁਡੋਲ ਸਰੀਰੇ ਸੂਰਬੀਰਾਂ ਅਤੇ ਡੂੰਘੇ ਵਿਚਾਰਵਾਨ ਵਿਦਵਾਨਾਂ ਨੂੰ ਵੀ ਜਨਮ ਦਿੱਤਾ ਹੈ। ਪ੍ਰਾਚੀਨ ਸਮਿਆਂ ਤੋਂ ਹੀ ਪੰਜਾਬ ਦੀਆਂ ਭੂਗੋਲਿਕ ਹੱਦਾਂ ਇਤਿਹਾਸ ਪ੍ਰਸਿੱਧ ਦਰਿਆਵਾਂ ਨਾਲ ਬਣੀਆਂ ਚਲੀਆਂ ਆ ਰਹੀਆਂ ਹਨ ਲਹਿੰਦੇ ਵੱਲ ਸਿੰਧ ਦਰਿਆ ਤੇ ਚੜ੍ਹਦੇ ਵੱਲ ਜਮਨਾ। ਇਨ੍ਹਾਂ ਦੋਹਾਂ ਦੇ ਵਿਚਕਾਰ ਪੰਜ ਹੋਰ ਦਰਿਆ ਹਨ: ਜੇਹਲਮ, ਝਨਾਂ, ਰਾਵੀ ਬਿਆਸ ਤੇ ਸਤਲੁਜ। ਇਸ ਤਰ੍ਹਾਂ ਕਦੇ ਸੱਤ ਦਰਿਆਵਾਂ ਦੀ ਧਰਤੀ 'ਸਪਤ ਸਿੰਧੂ' ਵੀ ਅਖਵਾਉਂਦੀ ਸੀ। ਪ੍ਰਚੀਨ ਸਮਿਆਂ ਦੌਰਾਨ ਪੰਜਾਬ ਦੀ ਧਰਤੀ ਦਰਿਆਵਾਂ ਦੀ ਧਰਤੀ ਹੋਣ ਕਰਕੇ ਇਹ ਸਮੁੱਚਾ ਖਿੱਤਾ ਕੁਦਰਤੀ ਪੰਜ ਦੁਆਬਿਆਂ ਵਿਚ ਵੰਡਿਆ ਹੋਇਆ ਸੀ। ਦੁਆਬੇ ਦੇ ਅੱਖਰੀ ਸ਼ਬਦ ਹਨ ਦੋ ਦਰਿਆਵਾਂ ਦੇ ਵਿਚਕਾਰਲਾ ਇਲਾਕਾ। ਪੰਜਾਬ ਦੇ ਦੁਆਬਿਆਂ ਦੇ ਨਾਮ ਵੀ ਸੰਬੰਧਿਤ ਦਰਿਆਵਾਂ ਦੇ ਨਾਂਵਾਂ ਦੇ ਪਹਿਲੇ ਦੋ ਅੱਖਰਾਂ ਤੋਂ ਪਏ ਹਨ, ਜਿਵੇ ਬਿਆਸ ਤੇ ਸਤਲੁਜ ਦਰਿਆਵਾਂ ਦਾ ਵਿਚਕਾਰਲਾ ਇਲਾਕਾ ਬਿਸਤ ਜਲੰਧਰ ਦੁਆਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਇਲਾਕੇ ਨੂੰ ਕਿਸੇ ਵੇਲੇ ਸੀਰੋਵਾਲ ਵੀ ਕਿਹਾ ਜਾਂਦਾ ਸੀ, ਕਿਉਂਕਿ ਇਸ ਇਲਾਕੇ ਦੇ ਚੋਆਂ ਵਿਚ ਪਾਣੀ ਦੀਆਂ ਸੀਰਾਂ ਆਮ ਫੁੱਟਦੀਆਂ ਤੇ ਵਗਦੀਆਂ ਸਨ। ਬਿਸਤ ਜਲੰਧਰ ਦੁਆਬ ਵਿਚ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਨਵਾਂ ਸ਼ਹਿਰ ਤੇ ਕਾਂਗੜੇ ਦਾ ਕੁਝ ਹਿੱਸਾ ਆਉਂਦਾ ਹੈ। ਦਰਿਆ ਬਿਆਸ ਤੇ ਰਾਵੀ ਦੇ ਵਿਚਕਾਰਲੇ ਇਲਾਕੇ ਨੂੰ ਬਾਰੀ ਦੁਆਬ ਦੇ ਤੌਰ 'ਤੇ ਜਾਣਿਆ ਜਾਂਦਾ ਸੀ ਤੇ ਇਸ ਵਿਚ ਲਾਹੌਰ, ਮਿੰਟਗੁਮਰੀ ਤੇ ਮੁਲਤਾਨ ਜ਼ਿਲ੍ਹੇ ਆਉਂਦੇ ਹਨ, ਜੋ ਵੰਡ ਪਿੱਛੋਂ ਲਹਿੰਦੇ ਪੰਜਾਬ + ਪਾਕਿਸਤਾਨ ਵਿਚ ਚਲੇ ਗਏ। ਹਿੰਦੋਸਤਾਨ ਵਿਚ ਗੁਰਦਾਸਪੁਰ, ਅੰਮ੍ਰਿਤਸਰ ਜ਼ਿਲ੍ਹੇ ਤੇ ਕਾਂਗੜੇ ਦਾ ਕੁਝ ਹਿੱਸਾ ਬਾਰੀ ਦੁਆਬ ਦੇ ਖੇਤਰ ਵਿਚ ਆਉਂਦਾ ਹੈ। ਰਾਵੀ ਤੇ ਚਿਨਾਬ ਦਾ ਇਲਾਕਾ ਰਚਨਾ ਦੁਆਬ ਦੇ ਨਾਮ ਨਾਲ ਜਾਣਿਆਂ ਜਾਂਦਾ ਰਿਹਾ ਹੈ। ਚਿਨਾਬ ਤੇ ਜਿਹਲਮ ਇਲਾਕਾ ਚੱਜ ਦੁਆਬ ਦੇ ਤੌਰ ਜਾਣਿਆ ਜਾਂਦਾ ਰਿਹਾ ਤੇ ਦਰਿਆ ਸਿੰਧ ਤੇ ਜਿਹਲਮ ਦੇ ਵਿਚਕਾਰਲੇ ਇਲਾਕੇ ਨੂੰ ਸਿੰਧ ਸਾਗਰ ਦੁਆਬ ਦਾ ਇਲਾਕਾ ਹੋਣ ਦਾ ਰੁਤਬਾ ਮਿਲਿਆ।
ਡਾ. ਗੁਰਦਿਆਲ ਸਿੰਘ ਫੁੱਲ ਦੀ ਪੁਸਤਕ ਪੰਜਾਬੀ ਸੱਭਿਆਚਾਰ ; ਇਕ ਦ੍ਰਿਸ਼ਟੀਕੋਨ, ਮੁਤਾਬਿਕ, ''ਪੰਜਾਬ ਦੇ ਵੱਖ-ਵੱਖ ਦਰਿਆਵਾਂ ਵਿਚਲੀਆਂ ਧਰਤੀਆਂ : ਜਿਨ੍ਹਾਂ ਨੂੰ ਦੁਆਬੇ ਕਹਿੰਦੇ ਹਨ, ਨੂੰ ਇਨ੍ਹਾਂ ਦਰਿਆਵਾਂ ਨੇ ਬਹੁਤ ਉਪਜਾਊ ਬਣਾਇਆ ਹੈ। ਇੱਥੋਂ ਦੇ ਪੌਣ ਪਾਣੀ ਨੂੰ ਅਰੋਗ ਤੇ ਪਵਿੱਤਰ ਬਣਾਇਆ ਹੈ। ਇਸ ਧਰਤੀ ਦੀ ਅਲਕਾਰੀ ਪ੍ਰਾਕਿਰਤੀ ਦੇਖਣ ਵਾਲੀ ਹੈ। ਹਰਿਆਵਲ ਤੇ ਸੋਕਾ, ਗਰਮੀ ਤੇ ਸਰਦੀ, ਮੀਂਹ ਤੇ ਔੜ, ਹੁੱਸੜ ਤੇ ਹਨੇਰੀਆਂ, ਸਰੀਰਕ ਬਲ ਤੇ ਕੋਮਲ ਕਲਾਵਾਂ ਅਤੇ ਸ਼ਾਂਤ ਸਮਾਧੀ ਮਾਲਾ ਤੇ ਲਿਸ਼ਕਦੀ ਤਲਵਾਰ ਦਾ ਅਦਭੁੱਤ ਵਚਿੱਤਰ ਸੁਮਾਧੀ ਸੁਮੇਲ ਹੈ। ਇੱਥੋਂ ਦੀਆਂ ਰੁੱਤਾਂ ਰਾਂਗਲੀਆਂ ਹਨ। ਇੱਥੋਂ ਦੀਆਂ ਬਹਾਰਾਂ ਟੂਣੇਹਾਰੀਆਂ ਹਨ। ਧੁੱਪਾਂ ਜੋਬਨ ਵੰਡਦੀਆਂ ਹਨ। ਧਰਤੀ ਸੋਨਾ ਉਗਲਦੀ ਹੈ। ਪੌਣਾਂ ਨਸ਼ਿਆਉਂਦੀਆਂ ਹਨ। ਪੰਜਾਬ ਦੇ ਇਨ੍ਹਾਂ ਪ੍ਰਾਕ੍ਰਿਤੀ ਨਜ਼ਾਰਿਆਂ ਤੇ ਭੂਗੋਲਿਕ ਸਥਿਤੀ ਦਾ ਪੰਜਾਬੀ ਸੱਭਿਆਚਾਰ ਦੇ ਵਿਕਾਸ 'ਚ ਬੜਾ ਵੱਡਾ ਹੱਥ ਹੈ। ''
ਦਰਿਆਵਾਂ ਦੇ ਵਿਚਕਾਰਲੇ ਖਿੱਤੇ ਦੀ ਤਬੀਅਤ ਜ਼ਰਖੇਜ਼ ਹੋਣ ਕਰਕੇ ਹੀ ਇੱਥੇ ਖੇਤੀ ਆਧਾਰਿਤ ਸੱਭਿਅਤਾ ਦਾ ਵਿਕਾਸ ਹੋਇਆ ਹੈ। ਪੁਰਾਤਨ ਸਮੇਂ ਤੋਂ ਹੀ ਇੱਥੇ ਕਣਕ, ਜੌਂ, ਕਮਾਦ ਤੇ ਕਪਾਹ ਜਿਹੀਆਂ ਫਸਲਾਂ ਦੀ ਖੇਤੀ ਹੁੰਦੀ ਰਹੀ ਤੇ ਪਹੀਏ ਵਾਲਾ ਗੱਡਾ ਆਵਾਜਾਈ ਦੇ ਸਾਧਨ ਵਜੋਂ ਪ੍ਰਚੱਲਿਤ ਰਿਹਾ ਹੈ। ਹਾਂਲਾਂਕਿ 10ਵੀਂ ਸਦੀ ਤੋਂ ਬਾਅਦ ਪੰਜਾਬ ਮੁਗਲ ਸ਼ਾਸਨ ਅਧੀਨ ਆ ਜਾਣ ਕਰਕੇ ਇਥੋਂ ਦੀ ਖੇਤੀ, ਕਲਾ ਤੇ ਸੱਭਿਆਚਾਰ ਉੱਤੇ ਕਈ ਨਾਂਹਪੱਖੀ ਪ੍ਰਭਾਵ ਵੀ ਪਏ, ਪਰ ਪੰਜਾਬ ਵਿਚ ਸਿੱਖ ਗੁਰੂ ਸਾਹਿਬਾਨ ਦੀ ਸਿੱਖਿਆ ਨੇ ਇਸ ਖਿੱਤੇ ਦੇ ਲੋਕਾਂ ਨੂੰ ਕਿਰਤ ਕਰਨ, ਨਾਮ ਜਪਣ ਤੇ ਵੰਡ ਕੇ ਛਕਣ ਦੀ ਸਿੱਖਿਆ ਦੇ ਨਾਲ ਆਤਮ ਸਨਮਾਨ, ਦਲੇਰੀ ਅਤੇ ਚੜ੍ਹਦੀ ਕਲਾ ਦੇ ਫ਼ਲਸਫ਼ੇ ਤੋਂ ਜਾਣੂ ਕਰਵਾ ਕੇ ਪੰਜਾਬੀ ਕੌਮ ਦੇ ਸੁਭਾਅ ਤੇ ਜੀਵਨ ਸ਼ੈਲੀ ਨੂੰ ਨਿਵੇਕਲਾ ਰੰਗ ਵੀ ਬਖ਼ਸ਼ਿਆ ਹੈ। 1947 ਦੀ ਦੇਸ਼ ਦੀ ਵੰਡ ਹੋਣ ਤੋਂ ਬਾਦ ਦਰਿਆਵਾਂ ਵਾਲੇ ਖੇਤਰ ਦਾ ਕਾਫੀ ਹਿੱਸਾ ਪਾਕਿਸਤਾਨ ਵਿਚ ਚਲੇ ਜਾਣ ਦੇ ਬਾਵਜੂਦ ਚੜ੍ਹਦੇ ਪੰਜਾਬ ਦੀ ਕਿਸਾਨੀ ਨੇ ਵੰਡ ਦੇ ਦੁੱਖੜੇ ਝੱਲਣ ਤੋਂ ਬਾਅਦ ਵੀ ਆਪਣੀ ਹਿੰਮਤ ਤੇ ਦਲੇਰੀ ਦੇ ਬਲਬੂਤੇ ਖੇਤੀ ਖੇਤਰ ਵਿਚ ਅਜਿਹਾ ਇਨਕਲਾਬ ਲਿਆਂਦਾ ਜਿਸ ਨਾਲ ਪੂਰਾ ਮੁਲਕ ਅਨਾਜ ਦੇ ਮਾਮਲੇ ਵਿਚ ਆਤਮ ਨਿਰਭਰ ਹੋ ਗਿਆ।
ਪੰਜਾਬ ਦੇ ਦਰਿਆ ਬਿਆਸ ਤੇ ਸਤਲੁਜ ਦੇ ਵਿਚਕਾਰਲੇ ਇਲਾਕੇ ਦਰਿਆਵਾਂ ਦੇ ਪਾਣੀਆਂ ਤੋਂ ਇਲਾਵਾ ਪਾਣੀ ਦੀ ਮੌਜੂਦਗੀ ਬਾਰੇ 'ਪੰਜਾਬ' ਪੁਸਤਕ ਵਿਚ ਦਰਜ ਮਿਲਦਾ ਹੈ ਕਿ ਪੰਜਾਬ ਵਿਚ ਨਿੱਕੇ ਵੱਡੇ ਨਾਲੇ ਜਾਂ ਚੋਅ ਤਾਂ ਅਨੇਕ ਹੀ ਚੜ੍ਹਦੇ ਵਲੋਂ ਬਿਆਸ ਵੱਲ ਨੂੰ ਆੳਂੁਦੇ ਹਨ, ਪਰ ਸਾਰੇ ਹੀ ਦੋ ਖਾਸ ਨਦੀਆਂ ਵਿਚ ਇਕ ਜਾਂ ਦੂਸਰੀ ਵਿਚ ਜਾ ਡਿੱਗਦੇ ਹਨ। ਇਨ੍ਹਾਂ ਨਦੀਆਂ ਨੂੰ ਚੜ੍ਹਦੀ ਜਾਂ ਚਿੱਟੀ ਵੇਈਂ ਅਤੇ ਦੂਜੀ ਨੂੰ ਲਹਿੰਦੀ ਜਾਂ ਕਾਲੀ ਵੇਈਂ ਦੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਦਰਿਆ ਬਿਆਸ ਤੇ ਸਤਲੁਜ ਦਾ ਇਲਾਕਾ ਵੀ ਦਰਿਆ ਦੇ ਵਿਚਕਾਰਲਾ ਹੋਣ ਕਰਕੇ ਤਕਰੀਬਨ ਸਾਰਾ ਖਿੱਤਾ ਹੀ ਭੂਗੋਲਿਕ ਸੁਹੱਪਣ ਦਾ ਮਾਲਕ ਅਤੇ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਇਲਾਕਾ ਮੰਨਿਆ ਗਿਆ ਹੈ। 'ਪੰਜਾਬ' ਪੁਸਤਕ ਮੁਤਾਬਿਕ ਹੀ ਪੰਜਾਬ ਦੇ ਅਸਲ ਕੁਦਰਤੀ ਨਜ਼ਾਰੇ ਮੈਦਾਨੀ ਇਲਾਕਿਆਂ ਵਿਚ ਫਸਲਾਂ ਦੇ ਦਿਨੀਂ ਹੁੰਦੇ ਹਨ, ਖਾਸ ਕਰ ਨਹਿਰੀ ਇਲਾਕੇ ਵਿਚ ਜਿੱਧਰ ਨੂੰ ਤੁਰ ਪਓ ਸੈਂਕੜੇ ਮੀਲਾਂ ਤੱਕ ਹਰ ਪਾਸੇ ਰੰਗ ਬਰੰਗੇ ਹਰੇ ਭਰੇ ਖੇਤ ਦਿਸਦੇ ਹਨ, ਅਤੇ ਵਿਚਕਾਰ ਪਿੰਡ ਇਓਂ ਪ੍ਰਤੀਤ ਹੁੰਦੇ ਹਨ, ਜਿਵੇਂ ਕਿ ਹਰੇ ਸਮੁੰਦਰ ਵਿਚ ਛੋਟੇ ਛੋਟੇ ਟਾਪੂ। ਜਦ ਫਸਲ ਵੱਢ ਲਈ ਜਾਂਦੀ ਹੈ ਤਾਂ ਸਭ ਕੁਝ ਇਕਦਮ ਬਦਲ ਜਾਂਦਾ ਹੈ ਅਤੇ ਹਰਿਆਵਲ ਦੀ ਥਾਂ ਦੂਰ ਦੂਰ ਤੱਕ ਮਿੱਟੀ ਰੰਗੀ ਭੌਂ ਹੀ ਦਿਸਦੀ ਹੈ ਅਤੇ ਹਰਿਆਵਲ ਕੇਵਲ ਕਿਤੇ ਕਿਤੇ ਖੇਤਾਂ ਵਿਚ ਖੜੋਤੇ ਸੜਕਾਂ ਦੇ ਦੋਹੀਂ ਪਾਸੀਂ ਜਾਂ ਪਿੰਡਾਂ ਦੇ ਟੋਭਿਆਂ ਦੁਆਲੇ ਦੇ ਬਿਰਛਾਂ ਦੀ ਜਾਂ ਬਾਗ਼ਾਂ ਦੀ ਹੀ ਨਜ਼ਰੀਂ ਪਂੈਦੀ ਹੈ। ਬਰਸਾਤ ਸ਼ੁਰੂ ਹੁੰਦੇ ਸਾਰ ਹੀ ਹਰ ਪਾਸੇ ਹਰਿਆਵਲ ਇਉਂ ਹੋ ਜਾਂਦੀ ਹੈ, ਜਿਵੇਂ ਮੀਂਹ ਦੇ ਨਾਲ ਵਰ੍ਹੀ ਹੁੰਦੀ ਹੈ। ਦਰਿਆਵਾਂ, ਨਦੀਆਂ ਤੇ ਨਹਿਰਾਂ ਦੇ ਨੇੜਲੇ ਥਾਈਂ ਤਾਂ ਸਦਾ ਹਰਿਆਵਲ ਰਹਿੰਦੀ ਹੈ। ਗੁਰਦਾਸਪੁਰ, ਹੁਸ਼ਿਆਰਪੁਰ ਤੇ ਅੰਬਾਲੇ ਦੇ ਜ਼ਿਲ੍ਹੇ ਕੁਦਰਤੀ ਤੌਰ 'ਤੇ ਹਰੇ ਰਹਿੰਦੇ ਹਨ।
ਦਰਿਆ ਬਿਆਸ ਤੇ ਸਤਲੁਜ ਵਿਚਕਾਰ ਪੈਂਦੇ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਪੰਜਾਬ ਵਿਚ ਆਪਣੀ ਭੂਗੋਲਿਕ ਵਿਲੱਖਣਤਾ ਤੇ ਕੁਦਰਤੀ ਸੁਹੱਪਣ ਕਰਕੇ ''ਬਾਗ਼ਾਂ ਦੀ ਧਰਤੀ'' ਹੋਣ ਦਾ ਮਾਣ ਹਾਸਲ ਹੈ। ਇਸ ਇਲਾਕੇ ਦੀ ਮਿੱਟੀ ਦੀ ਤਾਸੀਰ, ਭੂਗੋਲਿਕ ਬਣਤਰ ਤੇ ਲੋਕਾਂ ਦੀ ਬਿਰਖ ਬੂਟਿਆਂ ਨਾਲ ਪੁਰਾਣੀ ਸਾਂਝ ਅਜੇ ਵੀ ਇਸ ਜ਼ਿਲ੍ਹੇ ਨੂੰ ਪੰਜਾਬ ਵਿਚ ਸਭ ਤੋਂ ਜ਼ਿਆਦਾ ਫਲ਼ ਪੈਦਾ ਕਰਨ ਵਾਲੇ ਇਲਾਕਿਆਂ ਵਿਚ ਸ਼ੁਮਾਰ ਕਰਾਉਂਦੀ ਹੈ। ਸ਼ਿਵਾਲਿਕ ਦੀਆਂ ਪਹਾੜਂੀਆਂ ਦੇ ਪਿੱੇਛੇ ਬਰਫ਼ਾਂ ਨਾਲ ਲੱਦੀਆਂ ਚੋਟੀਆਂ ਦੇ ਦੀਦਾਰ ਕਰਾਉਣ ਵਾਲੇ ਇਸ ਇਲਾਕੇ ਵਿਚ ਅਜੇ ਵੀ ਕਾਫੀ ਰਕਬਾ ਬਾਗ਼ਬਾਨੀ ਅਧੀਨ ਹੋਣਾ, ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਇਸ ਜ਼ਿਲ੍ਹੇ ਨੂੰ 'ਪੰਜਾਬ ਦਾ ਬਾਗ਼' ਹੋਣ ਦਾ ਮਾਣ ਕਿਉਂ ਹਾਸਲ ਹੈ? ਵੰਡ ਤੋਂ ਪਹਿਲਾਂ ਰਿਆਸਤੀ ਪ੍ਰਬੰਧ ਦੌਰਾਨ ਇਸ ਇਲਾਕੇ ਵਿਚ ਰਾਜਿਆਂ ਮਹਾਰਾਜਿਆਂ ਵਲੋਂ ਆਪਣੀਆਂ ਆਰਾਮਗਾਹਾਂ 'ਤੇ ਸਰੀਰਕ ਤੰਦਰੁਸਤੀ ਤੇ ਰੁੂਹ ਦੀ ਤ੍ਰਿਪਤੀ ਵਾਸਤੇ ਬਾਗ਼ ਬਗੀਚੇ ਤੇ ਫਲਦਾਰ ਬਿਰਖ ਬੂਟੇ ਲਾਉਣ ਦਾ ਰਿਵਾਜ ਪ੍ਰਚੱਲਿਤ ਸੀ। ਇਸ ਤਰ੍ਹਾਂ ਇਸ ਇਲਾਕੇ 'ਚ ਰਾਜੇ ਮਹਾਰਾਜਿਆਂ ਤੇ ਵੱਡੇ ਜ਼ਿੰਮੀਦਾਰਾਂ ਦੇ ਬਾਗ਼ਾਂ ਦੀ ਸਾਂਭ-ਸੰਭਾਲ ਕਰਨ ਵਾਲੇ ਕਾਮਿਆਂ ਤੇ ਆਲੇ ਦੁਆਲੇ ਵਿਚਰਦੇ ਆਮ ਲੋਕਾ ਵਿਚ ਵੀ ਬਾਗ਼-ਬਗੀਚਿਆਂ ਦੀ ਸਾਂਭ ਸੰਭਾਲ ਕਰਨ ਕਰਨ ਵਾਲੀ ਆਪਮੁਹਾਰੀ ਤੇ ਕੁਦਰਤੀ ਸੋਝੀ ਵੀ ਵਿਕਸਤ ਹੋਈ ਹੈ।
ਅੰਬ ਵਰਗਾ ਸੁਆਦੀ ਤੇ ਖੁਸ਼ਬੋਦਾਰ ਫਲ਼ ਦੋਆਬੇ ਦੇ ਖਿੱਤੇ ਦੀ ਭੂਗੋਲਿਕ, ਸਮਾਜਿਕ ਤੇ ਆਰਥਿਕ ਜ਼ਿੰਦਗੀ ਨੂੰ ਨਿਵੇਕਲੀ ਨੁਹਾਰ ਬਖ਼ਸ਼ਣ ਦੇ ਨਾਲ ਲੋਕ ਬੋਲੀਆਂ ਤੇ ਲੋਕ ਗੀਤਾਂ 'ਚ ਸ਼ੁਮਾਰ ਹੋ ਕੇ ਸੱਭਿਆਚਾਰਕ ਤਸਵੀਰ ਨੂੰ ਵੀ ਰੰਗਲੀ ਤੇ ਦਿਲਖਿਚਵੀਂ ਬਣਾਉਣ ਵਿਚ ਸਫ਼ਲ ਰਿਹਾ ਹੈ। ਇਸ ਇਲਾਕੇ ਵਿਚ ਅਜੇ ਵੀ ਫੱਗਣ ਚੇਤ ਦੇ ਮਹੀਨੇ ਅੰਬੀਆਂ ਨੂੰ ਬੂਰ ਪੈਣ ਵਾਲੀ ਰੁੱਤ ਤੋਂ ਵੱਖ-ਵੱਖ ਤਰ੍ਹਾਂ ਦੇ ਫਲਾਂ ਦੇ ਵਧਣ ਫੁੱਲਣ ਤੇ ਪੱਕਣ ਦਾ ਭੂਗੋਲਿਕ ਵਰਤਾਰਾ ਬਨਸਪਤੀ ਦੇ ਵੱਖ-ਵੱਖ ਰੰਗਾਂ ਦੀ ਬਾਤ ਪਾਉਂਦਾ ਮਨੁੱਖੀ ਜ਼ਿੰਦਗੀ ਨੂੰ ਉਸ ਕਾਦਰ ਦੀਆਂ ਕਈ ਗੁੱਝੀਆਂ ਰਮਜ਼ਾਂ ਦੇ ਭੇਦ ਸਿਖਾਉਂਦਾ ਰਹਿੰਦਾ ਹੈ। ਬੂਰ ਪੈਣ ਦੀ ਰੁੱਤੇ ਬਾਗ਼ਾਂ ਵਿਚ ਕੋਇਲਾਂ ਦੀ ਕੂ ਕੂ ਧਰਤੀ 'ਤੇ ਘੁੱਗ ਵਸਦੀ ਜ਼ਿੰਦਗੀ ਦੀ ਗਵਾਹ ਬਣ ਜਾਂਦੀ ਹੈ। ਕੰਨਾਂ 'ਚ ਆਪਣੀ ਮਧੁਰ ਆਵਾਜ਼ ਨਾਲ ਦੂਰ ਦੂਰ ਤੱਕ ਰਸ ਘੋਲਣ ਵਾਲਾ ਇਹ ਪੰਛੀ ਇਸ ਰੁੱਤੇ ਬਾਗ਼ਾਂ 'ਚ ਕੂਕਦਾ ਕੁਦਰਤ ਦੇ ਰੰਗਾਂ ਨਾਲ ਇਕਸੁਰ ਹੋਇਆ ਮਹਿਸੂਸ ਹੁੰਦਾ ਹੈ। ਬਾਗ਼ ਬਗ਼ੀਚਿਆਂ ਦੀ ਮੌਜੂਦਗੀ ਹੀ ਮੋਰਾਂ ਵਰਗੇ ਸੁੰਦਰ ਤੇ ਮਨਮੋਹਣੇ ਪੰਛੀਆਂ ਦੇ ਦਿਲਕਸ਼ ਵਰਤਾਰਿਆਂ ਦੇ ਦੀਦਾਰ ਕਰਾਉਣ ਦਾ ਸਬੱਬ ਬਣਦੀ ਹੈ। ਬਿਰਖ ਬੂਟਿਆਂ ਨੂੰ ਨਵਾਂ ਨਕੋਰ ਜੀਵਨ ਦੇਣ ਵਾਲੀ ਫੱਗਣ ਚੇਤਰ ਦੀ ਰੁੱਤ ਦੇ ਸੁਬਾ ਸਵੇਰੇ ਨਿਖਰੇ ਗਾੜ੍ਹੇ ਨੀਲੇ ਆਸਮਾਨ ਹੇਠ ਤਾਜ਼ੀ ਰੁਮਕਦੀ ਪੌਣ 'ਚ ਤਰ੍ਹਾਂ ਤਰ੍ਹਾਂ ਦੇ ਪੰਛੀ ਪਰਿੰਦਿਆਂ ਦੀ ਚਹਿਚਹਾਟ ਨੂੰ ਮਾਨਣ ਦਾ ਤਜਰਬਾ ਬੜਾ ਵਿਲੱਖਣ ਹੋ ਨਿੱਬੜਦਾ ਹੈ। ਪੁੂਰਬ ਦਿਸ਼ਾ 'ਚ ਸੂਰਜ ਦੀ ਲਾਲੀ ਦੇ ਰੰਗ ਗੂੜ੍ਹੇ ਹੋਣ ਮੌਕੇ ਨੀਲੇ ਤੇ ਨਿਖਰੇ ਆਸਮਾਨ ਹੇਠ ਠੰਢੀ ਤੇ ਸ਼ੁੱਧ ਹਵਾ 'ਚ ਤਰ੍ਹਾਂ ਤਰ੍ਹਾਂ ਦੀਆਂ ਚਿੜੀਆਂ ਦਾ ਚਹਿ ਚਹਾਟ, ਤੋਤੇ, ਘੁੱਗੀਆਂ, ਕਾਂਵਾਂ, ਕਬੂਤਰਾਂ ਦਾ ਗਾਉਣਾ, ਤਿੱਤਰ ਬਟੇਰਿਆਂ ਦੀ ਚਿਕਲੈਕ, ਪਪੀਹੇ, ਜੰਗਲੀ ਮੁਰਗਿਆਂ ਦਾ ਬਾਂਗਾਂ ਦੇਣਾ ਆਪਣੇ ਆਪ 'ਚ ਰਾਗ ਭੈਰਵ ਦੇ ਰੰਗ ਗੂੜੇ ਕਰਦਾ ਮਹਿਸੂੁਸ ਹੁੰਦਾ ਹੈ। ਬਾਗ਼ਾਂ ਦੀ ਮੌਜੂਦਗੀ ਤੇ ਆਬਾਦੀ ਤੋਂ ਦੂਰ ਕਿਸੇ ਬੇਲੇ ਜਾਂ ਰੱਕੜ ਦੀ ਹਦੂਦ 'ਚ ਮੋਰ ਦੀ ਲੰਮੀ ਸਾਰੀ ਕੂਕ ਕੁਦਰਤ ਦੇ ਨਿਆਰੇਪਨ ਦੀ ਖੂਬਸੂਰਤ ਤਸਵੀਰ 'ਤੇ ਵਿਸਮਾਦ ਦੀ ਲੰਮੀ ਲਕੀਰ ਖਿੱਚਦੀ ਪ੍ਰਤੀਤ ਹੁੰਦੀ ਹੈ। ਬਾਗ਼ ਬਗੀਚਿਆਂ ਦੀ ਧਰਤੀ 'ਤੇ ਹੀ ਪੱਤਝੜ ਦੀ ਰੁੱਤ ਦੀਆਂ ਉਦਾਸੀਆਂ ਤੇ ਇਕਲਾਪੇ ਦਾ ਸੰਤਾਪ ਹੰਢਾ ਰਹੇ ਬਿਰਖ, ਬੂਟੇ, ਟਾਹਣੀਆਂ ਤੋਂ ਜ਼ਿੰਦਗਂੀ ਦੀ ਨਾਸ਼ਵਾਨਤਾ ਦਾ ਭੇਦ ਵੀ ਸਿੱਖਿਆ ਜਾ ਸਕਦਾ ਹੈ। ਪੰਛੀ ਪਰਿੰਦਿਆਂ ਦੀ ਇਨ੍ਹਾਂ ਬਿਰਖਾਂ ਬੂਟਿਆਂ ਨਾਲ ਕੁਦਰਤੀ ਤੇ ਸਦੀਵੀ ਸਾਂਝ ਹੋਣ ਕਰਕੇ ਉਨ੍ਹਾਂ ਦੇ ਚਹਿਕਣ ਅਤੇ ਜ਼ਿੰਦਗੀ ਦੇ ਅਗਲੇ ਸਫ਼ਰ ਲਈ ਅਠਖੇਲੀਆਂ ਕਰਨ ਦਾ ਸਿਲਸਿਲਾ ਵੀ ਬੜਾ ਬਚਿੱਤਰ ਹੁੰਦਾ ਹੈ। ਰੁੱਖਾਂ, ਬਿਰਖਾਂ ਦੇ ਮੌਲਣ ਦੀ ਰੁੱਤੇ ਚਿੜੀਆਂ, ਘੁੱਗੀਆਂ, ਮੈਨਾ ਆਦਿ ਵਰਗੇ ਪੰਛੀ ਬੂਰ ਪੈਣ ਵਾਲੀ ਰੁੱਤੇ ਬਾਗ਼ ਬਗੀਚਿਆਂ ਦੇ ਹਰੇ ਕਚੂਰ ਪੱਤਿਆਂ 'ਚ ਸੁਰੱਖਿਅਤ ਥਾਵਾਂ ਤਲਾਸ਼ ਕੇ ਬੜੇ ਆਹਰ ਨਾਲ ਆਪਣੇ ਆਲ੍ਹਣੇ ਬਣਾਉਂਦੇ ਹਨ। ਨਵੇਂ ਆਲ੍ਹਣਿਆਂ 'ਚ ਇਨ੍ਹਾਂ ਪੰਛੀਆਂ ਵਲੋਂ ਦਿੱਤੇ ਆਂਡਿਆਂ 'ਚੋਂ ਕੁਝ ਦਿਨਾਂ ਬਾਅਦ ਨਵੇਂ ਨਕੋਰ ਰੂੰ ਵਰਗੇ ਮਾਸੂਮ ਬੋਟ ਜ਼ਿੰਦਗੀ ਦੀ ਗਤੀਸ਼ੀਲਤਾ ਤੇ ਭਵਿੱਖਤ ਸੰਭਾਵਨਾਵਾਂ ਦੇ ਪ੍ਰਤੀਕ ਬਣ ਜਾਂਦੇ ਹਨ।
ਬਾਗ਼ਾਂ ਵਾਲੇ ਇਸ ਇਲਾਕੇ ਵਿਚ ਫਲਦਾਰ ਬੂਟਿਆਂ ਦੀ ਮੌਜੂਦਗੀ ਇਲਾਕੇ ਲਈ ਕੁਦਰਤੀ ਸੁਹੱਪਣ ਦੇ ਨਾਲ ਲੋਕਾਂ ਦੀ ਸਮਾਜਿਕ ਤੇ ਆਰਥਿਕ ਜ਼ਿੰਦਗੀ ਨੂੰ ਨਵੀ ਨੁਹਾਰ ਦਿੰਦੀ ਹੈ। ਅੰਬ, ਕਿੰਨੂੰ, ਲੀਚੀ, ਆੜੂ, ਆਦਿ ਫਲਦਾਰ ਬੂਟਿਆਂ ਨੂੰ ਲੱਗੇ ਫਲ਼ ਨੇ ਹੀ ਨਿਸ਼ਚਿਤ ਕਰਨਾ ਹੈ ਕਿ ਇਸ ਸਾਲ ਮਾਲਕ ਨੂੰ ਕਿੰਨਾ ਵਿੱਤੀ ਲਾਭ ਹੋਣਾ ਹੈ। ਪੌਦਿਆਂ ਨੂੰ ਬੂਰ ਜ਼ਿਆਦਾ ਹੈ ਤਾਂ ਫਲ਼ ਜ਼ਿਆਦਾ ਹੈ, ਫਲ਼ ਜ਼ਿਆਦਾ ਹੈ ਤਾਂ ਇਨ੍ਹਾਂ 'ਤੇ ਨਿਰਭਰ ਜ਼ਿੰਦਗੀ ਲਈ ਕੁਦਰਤੀ ਨਿਆਮਤਾਂ ਦੀਆਂ ਬਰਕਤਾਂ ਜ਼ਿਆਦਾ ਹਨ। ਕੁਦਰਤ ਦੀਆਂ ਇਹ ਸੁਗਾਤਾਂ ਬੰਦੇ ਨੂੰ ਜਿਸਮਾਨੀ ਤਾਕਤ ਦੇਣ ਦੇ ਨਾਲ ਨਾਲ ਜ਼ਿੰਦਗੀ ਦੇ ਸੁਹਜ ਸੁਆਦ ਨੂੰ ਮਾਨਣ ਦਾ ਸਬੱਬ ਬਣ ਜ਼ਿੰਦਗੀ ਦੇ ਉਦਾਸ ਪੈਂਡਿਆਂ 'ਚ ਰੰਗ ਭਰਨ ਦਾ ਕਾਰਜ ਵੀ ਕਰਦੀਆਂ ਹਨ। ਇਲਾਕੇ 'ਚ ਖੇਤੀ, ਬਨਸਪਤੀ ਤੇ ਜੀਵ ਜੰਤੂਆਂ ਦੇ ਅਲੋਕਾਰੀ ਵਰਤਾਰੇ ਸਬਰ, ਸੰਤੋਖ, ਹਲੀਮੀ, ਹੌਸਲਾ, ਉਮੀਦ ਤੇ ਮੁਸ਼ੱਕਤ ਵਰਗੇ ਗੂੜੇ ਰਹੱਸ ਸਿਖਾਉਣ 'ਚ ਵੀ ਮਦਦਗਾਰ ਬਣਦੇ ਹਨ। ਬਿਰਖਾਂ ਨੇ ਮੌਲਣ ਤੇ ਫਲ਼ ਦੇਣ ਤੱਕ ਦੇ ਸਮੇਂ ਤੱਕ ਔੜਾਂ ਦੀ ਬੇਰੁਖੀ ਤੇ ਕੱਕਰਾਂ ਦੀ ਮਾਰ ਨੂੰ ਬਰਦਾਸ਼ਤ ਕਰਕੇ ਆਪਣਾ ਸਫ਼ਰ ਜਾਰੀ ਰੱਖਣਾ ਹੁੰਦਾ ਹੈ। ਇਸ ਤਰ੍ਹਾਂ ਪੰਜਾਬ ਦੇ ਦੋ ਦਰਿਆਵਾਂ ਵਿਚਕਾਰਲੇ ਇਲਾਕੇ ਦੀ ਵੱਖ-ਵੱਖ ਰੁੱਤਾਂ ਵਿਚ ਮੌਲਦੀ ਤੇ ਮਹਿਕਾਂ ਵੰਡਦੀ ਧਰਤੀ ਮੌਸਮਾਂ ਤੇ ਜ਼ਿੰਦਗੀ ਦੇ ਵੱਖੋ ਵੱਖਰੇ ਰੰਗਾਂ ਤੇ ਰਮਜ਼ਾਂ ਨੂੰ ਸਮਝਣ ਤੇ ਮਾਨਣ ਦਾ ਭੇਦ ਸਿਖਾਉਂਦੀ ਨਜ਼ਰ ਆਉਂਦੀ ਰਹਿੰਦੀ ਹੈ। ਜ਼ਿਲ੍ਹਾ ਹੁਸ਼ਿਆਰਪੁਰ ਵਿਚ 1500 ਹੈਕਟੇਅਰ ਰਕਬੇ ਉੱਤੇ ਅਜੇ ਵੀ ਦੇਸੀ ਅਤੇ ਕਲਮੀ ਅੰਬਾਂ ਦੀ ਪੈਦਾਵਾਰ ਇਲਾਕੇ ਦੇ ਬਾਗ਼ਬਾਨੀ ਪਿਛੋਕੜ ਨਾਲ ਜੁੜੀਆਂ ਕਈ ਕਹਾਣੀਆਂ ਤੇ ਵੇਰਵਿਆਂ ਨੂੰ ਤਸਦੀਕ ਕਰ ਦਿੰਦੀ ਹੈ। ਇੱਥੇ ਦੇਸੀ ਅੰਬਾਂ ਦੀਆਂ ਕਈ ਦੁਰਲੱਭ ਜਾਤੀਆਂ ਦੇ ਨਾਲ ਨਾਲ ਕਲਮੀ ਅੰਬਾਂ ਦੀਆਂ ਐਲਫੈਂਜੋ, ਅਮਰਪਾਲੀ, ਮਲਿਕਾ, ਮਾਲਦਾ, ਫਜ਼ਲੀ, ਨੀਲਮ ਆਦਿ ਵਪਾਰਕ ਨੁਕਤੇ ਤੋਂ ਚੰਗੀ ਪੈਦਾਵਾਰ ਲਈ ਮਦਦਗਾਰ ਸਾਬਿਤ ਹੁੰਦੀਆਂ ਹਨ। (ਚਲਦਾ)

-ਪਿੰਡ ਤਾਜਪੁਰ ਕਲਾਂ, ਡਾ ਹਰਿਆਣਾ,
ਜ਼ਿਲ੍ਹਾ ਹੁਸ਼ਿਆਰਪੁਰ।
ਮੋਬਾਈਲ 70877-87700

ਪਿਛਲੀ ਖ਼ਬਰ ਇੰਟਰਨੈੱਟ 'ਤੇ ਖ਼ੁਸ਼ੀਆਂ ਭਾਲਦੇ ਲੋਕ ਅਗਲੀ ਖ਼ਬਰ 01-03-26

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।