23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਇੰਟਰਨੈੱਟ 'ਤੇ ਖ਼ੁਸ਼ੀਆਂ ਭਾਲਦੇ ਲੋਕ

ਅਜੀਤ ਡੈਸਕ 01-03-2026

ਅੱਜ ਦਾ ਦੌਰ ਤਕਨੀਕ ਦਾ ਦੌਰ ਹੈ। ਵਿਗਿਆਨਕ ਕਾਢਾਂ ਨੇ ਮਨੁੱਖ ਦੀ ਜ਼ਿੰਦਗੀ ਨੂੰ ਵਧੇਰੇ ਆਰਾਮਦਾਇਕ ਅਤੇ ਸਹੂਲਤ ਭਰਿਆ ਬਣਾ ਦਿੱਤਾ ਹੈ। ਦਿਨਾਂ ਦੇ ਕੰਮ ਘੰਟਿਆਂ ਵਿਚ ਅਤੇ ਮਿੰਟਾਂ ਦੇ ਕੰਮ ਸਕਿੰਟਾਂ ਵਿਚ ਹੋਣ ਲੱਗੇ ਹਨ। ਦੁਨੀਆ ਭਰ ਦੀ ਹਰ ਖ਼ਬਰ ਆਮ ਲੋਕਾਂ ਕੋਲ ਮੋਬਾਈਲ ਸਕਰੀਨ ਦੇ ਜ਼ਰੀਏ ਝੱਟਪਟ ਅੱਪੜ ਜਾਂਦੀ ਹੈ। ਮਨੁੱਖ ਦੇ ਕੋਲ ਸੂਚਨਾ ਪ੍ਰਾਪਤੀ ਦੇ ਸਾਧਨ ਤੇਜ਼ ਹੋ ਗਏ ਹਨ। ਹੁਣ ਲੋਕ ਚਿੱਠੀ- ਪੱਤਰ ਜਾਂ ਕਿਸੇ ਸੁਨੇਹੇ ਦੀ ਉਡੀਕ ਨਹੀਂ ਕਰਦੇ ਬਲਕਿ ਸੋਸ਼ਲ- ਮੀਡੀਏ ਰਾਹੀਂ ਖ਼ਬਰ ਦੀ ਤਹਿ ਤਕ ਝੱਟ ਅੱਪੜ ਜਾਂਦੇ ਹਨ। ਇੱਕ ਗੱਲ ਹੋਰ, ਅੱਜ ਸੂਚਨਾ (ਖ਼ਬਰ) ਨੂੰ ਪਰਖ਼ਣ ਦੇ ਵਿਭਿੰਨ ਸਾਧਨ ਵੀ ਇੰਟਰਨੈੱਟ ਰਾਹੀਂ ਹੀ ਮੌਜੂਦ ਹਨ। ਕਿਹੜੀ ਖ਼ਬਰ ਸੱਚੀ ਹੈ? ਤੇ ਕਿਹੜੀ ਅਫ਼ਵਾਹ? ਇਨ੍ਹਾਂ ਬਾਰੇ ਇੰਟਰਨੈੱਟ ਤੋਂ ਹੀ ਪਤਾ ਲਗਾਇਆ ਜਾ ਸਕਦਾ ਹੈ। ਕੁਲ ਮਿਲਾ ਕੇ ਮਨੁੱਖ ਕੋਲ ਸੂਚਨਾ ਕ੍ਰਾਂਤੀ ਦੇ ਬਹੁ-ਵਿਕਲਪ ਮੌਜੂਦ ਹਨ। ਖ਼ੈਰ!
ਇੰਟਰਨੈੱਟ ਨੇ ਜਿੱਥੇ ਮਨੁੱਖ ਕੋਲ ਸੂਚਨਾਵਾਂ ਦੇ ਸਾਧਨ ਪੈਦਾ ਕੀਤੇ ਹਨ, ਉੱਥੇ ਹੀ ਆਮ ਸਮਾਜਿਕ ਜੀਵਨ ਨਾਲੋਂ ਤੋੜ ਕੇ ਵੀ ਰੱਖ ਦਿੱਤਾ ਹੈ। ਅੱਜ ਦੇ ਬਹੁਤੇ ਲੋਕਾਂ ਦਾ ਸੰਸਾਰ ਕੇਵਲ ਉਨ੍ਹਾਂ ਦੇ ਮੋਬਾਈਲ ਦੀ ਸਕਰੀਨ ਹੀ ਰਹਿ ਗਈ ਹੈ। ਇਹ ਗੱਲ ਕੇਵਲ ਬੱਚਿਆਂ 'ਤੇ ਹੀ ਲਾਗੂ ਨਹੀਂ ਹੁੰਦੀ ਬਲਕਿ ਹੁਣ ਤਾਂ ਬਜ਼ੁਰਗ ਵੀ ਦਿਨ ਭਰ ਮੋਬਾਈਲ ਦੀ ਸਕਰੀਨ 'ਤੇ ਆਪਣਾ ਵਕਤ ਗੁਜ਼ਾਰਦੇ ਆਮ ਹੀ ਦੇਖੇ ਜਾ ਸਕਦੇ ਹਨ। ਇਸ ਆਦਤ ਨਾਲ ਮਨੁੱਖ ਬਾਹਰੀ ਮਾਹੌਲ ਨਾਲੋਂ ਉੱਕਾ ਹੀ ਟੁੱਟ ਜਾਂਦਾ ਹੈ ਅਤੇ ਅਕਸਰ ਹੀ ਕਲਪਨਾ ਦੀ ਦੁਨੀਆ ਵਿਚ ਗੁਆਚ ਜਾਂਦਾ ਹੈ। ਇਹ ਕਲਪਨਾ ਦੀ ਦੁਨੀਆ ਵਿਚ ਬੰਦਾ ਜਿੱਥੇ ਖ਼ੁਸ਼ੀ ਮਹਿਸੂਸ ਕਰਦਾ ਹੈ ਉੱਥੇ ਹੀ ਆਪਣੇ ਦੁੱਖਾਂ-ਦਰਦਾਂ ਨੂੰ ਕੁਝ ਵਕਤ ਲਈ ਭੁੱਲ ਜਾਂਦਾ ਹੈ। ਜਿਸ ਤਰ੍ਹਾਂ ਨਸ਼ੇ ਦਾ ਸੇਵਨ ਕਰਦੇ ਲੋਕ ਕੁਝ ਵਕਤ ਲਈ ਆਪਣੇ ਦੁੱਖਾਂ ਨੂੰ ਭੁੱਲ ਜਾਂਦੇ ਹਨ ਇੰਝ ਹੀ ਸੋਸ਼ਲ-ਮੀਡੀਆ ਉੱਪਰ ਰੁੱਝੇ ਹੋਏ ਲੋਕ ਵੀ ਬਾਹਰੀ ਦੁਨੀਆ ਨੂੰ ਭੁੱਲ ਜਾਂਦੇ ਹਨ।
ਪਰ, ਇੱਥੇ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਇਸ ਕਲਪਨਾ ਦੀ ਦੁਨੀਆ ਵਿਚ ਕੁਝ ਸਮੇਂ ਦੀ ਖ਼ੁਸ਼ੀ ਤਾਂ ਮਿਲ ਸਕਦੀ ਹੈ, ਪਰ ਲੰਮੇ ਸਮੇਂ ਦੀ ਖ਼ੁਸ਼ੀ ਕਦੇ ਨਹੀਂ ਮਿਲਦੀ। ਫੇਰ ਕਿਸੇ ਦੁੱਖ ਜਾਂ ਮੁਸੀਬਤ ਵਿਚ ਇੰਟਰਨੈੱਟ 'ਤੇ ਬਣੀਆਂ ਦੋਸਤੀਆਂ ਕੰਮ ਨਹੀਂ ਆਉਂਦੀਆਂ। ਫੇਰ ਅਜਿਹੀ ਸਥਿਤੀ ਵਿਚ ਮਨੁੱਖ ਇਕੱਲਾ ਰਹਿ ਜਾਂਦਾ ਹੈ। ਇਸ ਇਕਲਾਪੇ ਦੀ ਅਵਸਥਾ ਵਿਚ ਮਨੁੱਖ ਮਾਨਸਿਕ ਰੋਗਾਂ ਦੀ ਲਪੇਟ ਵਿਚ ਆ ਜਾਂਦਾ ਹੈ। ਪਰ ਬਦਕਿਸਮਤੀ, ਮਨੁੱਖ ਆਪਣੇ ਆਲੇ- ਦੁਆਲੇ ਨੂੰ ਛੱਡ ਕੇ ਇੰਟਰਨੇੱਟ ਜਾਂ ਸੋਸ਼ਲ- ਮੀਡੀਆ 'ਤੇ ਖ਼ੁਸ਼ੀਆਂ ਭਾਲਦਾ ਫਿਰਦਾ ਹੈ। ਇਨ੍ਹਾਂ ਖੁਸ਼ੀਆਂ ਦੀ ਇਵਜ਼ ਵਿਚ ਉਹ ਆਪਣੇ ਪਰਿਵਾਰ ਅਤੇ ਪਰਿਵਾਰਕ ਮੈਂਬਰਾਂ ਨੂੰ ਉੱਕਾ ਹੀ ਵਿਸਾਰ ਦਿੰਦਾ ਹੈ ਅਤੇ ਆਪਣੇ ਕਮਰੇ ਵਿਚ ਇਕੱਲਾ ਹੀ ਬੈਠ ਕੇ ਇੰਟਰਨੈੱਟ ਦੇ ਸੰਸਾਰ ਵਿਚ ਗੁਆਚਿਆ ਰਹਿੰਦਾ ਹੈ।
ਫੇਰ ਜੀਵਨ ਵਿਚ ਜਦੋਂ ਕਿਸੇ ਮੁਸੀਬਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਇਕੱਲਾ ਹੀ ਰਹਿ ਜਾਂਦਾ ਹੈ ਤੇ ਮੁਸੀਬਤਾਂ ਵਿਚ ਘਿਰਿਆ ਹੋਇਆ ਮਹਿਸੂਸ ਕਰਦਾ ਹੈ। ਉਦੋਂ ਨਾ ਤਾਂ ਸੋਸ਼ਲ- ਮੀਡੀਆ ਕੰਮ ਆਉਂਦਾ ਹੈ ਅਤੇ ਨਾ ਹੀ ਇੰਟਰਨੈੱਟ ਦੇ ਬਣੇ ਸੱਜਣ- ਮਿੱਤਰ। ਉਦੋਂ ਆਪਣੇ ਪਰਿਵਾਰਕ ਮੈਂਬਰ ਜਾਂ ਨੇੜਲੇ ਯਾਰ-ਦੋਸਤ ਹੀ ਦੋਸਤੀ ਨਿਭਾਉਂਦੇ ਹਨ/ਕੰਮ ਆਉਂਦੇ ਹਨ। ਖ਼ੈਰ, ਅੱਜ ਹਾਲਾਤ ਇੰਝ ਦੇ ਬਣ ਗਏ ਹਨ ਕਿ ਬਹੁਤੇ ਲੋਕ ਖਾਣ-ਪੀਣ ਵੇਲੇ ਵੀ ਸਭ ਤੋਂ ਪਹਿਲਾਂ ਮੋਬਾਈਲ ਫੋਨ ਚਲਾ ਕੇ ਅੱਗੇ ਰੱਖਦੇ ਹਨ ਅਤੇ ਫਿਰ ਨਾਲ- ਨਾਲ ਖਾਣਾ ਖਾਂਦੇ ਹਨ। ਬੱਸ, ਰੇਲ ਜਾਂ ਕਿਸੇ ਯਾਤਰਾ ਦੇ ਮੌਕੇ 'ਤੇ ਬਹੁਤੇ ਯਾਤਰੀ ਇੱਕ- ਦੂਜੇ ਵੱਲ ਝਾਕਦੇ ਤੱਕ ਨਹੀਂ, ਗੱਲਬਾਤ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ। ਮੁਸਾਫ਼ਰ ਆਪਣੇ ਮੋਬਾਈਲਾਂ 'ਤੇ ਮਸਰੂਫ ਦੇਖੇ ਜਾ ਸਕਦੇ ਹਨ। ਸੈਰ ਕਰਦਿਆਂ, ਦੌੜਦਿਆਂ, ਰੋਟੀ ਖਾਂਦਿਆਂ, ਸਫ਼ਰ ਕਰਦਿਆਂ, ਮੰਦਰ- ਗੁਰਦੁਆਰੇ ਵਿਚ ਬੈਠੇ ਸ਼ਰਧਾਲੂਆਂ ਨੂੰ ਮੋਬਾਈਲ ਫੋਨਾਂ 'ਤੇ ਰੁੱਝੇ ਦੇਖਿਆ ਜਾ ਸਕਦਾ ਹੈ। ਅੱਜ ਅਸਲ ਦੋਸਤ (ਉਹ ਭਾਵੇਂ ਆਂਢ- ਗੁਆਂਢ ਦੇ ਹੋਣ ਜਾਂ ਫਿਰ ਸਕੂਲ-ਕਾਲਜ ਦੇ) ਸਮੇਂ ਦੇ ਹੋਣ; ਉਨ੍ਹਾਂ ਨਾਲ ਜ਼ਿਆਦਾ ਵਾਹ-ਵਾਸਤਾ ਨਹੀਂ ਰੱਖਿਆ ਜਾਂਦਾ ਬਲਕਿ ਇੰਟਰਨੈੱਟ 'ਤੇ ਚੰਦ ਦਿਨਾਂ ਦੀ ਦੋਸਤੀ ਵਧੇਰੇ ਖਿੱਚ ਦਾ ਕੇਂਦਰ ਹੁੰਦੀ ਹੈ।
ਫੇਸਬੁੱਕ ਜਾਂ ਇੰਸਟਾਗ੍ਰਾਮ 'ਤੇ ਲੱਖਾਂ ਲੋਕਾਂ ਨਾਲ ਦੋਸਤੀ ਵਾਲੇ ਬੰਦੇ ਕਿਸੇ ਮੁਸੀਬਤ ਵਿਚ ਇਕੱਲੇ ਦੇਖੇ ਜਾ ਸਕਦੇ ਹਨ। ਇੱਥੇ ਗੱਲ ਸਿਰਫ਼ ਮੁਸੀਬਤ ਦੀ ਨਹੀਂ ਬਲਕਿ ਕਈ ਵਾਰ ਇੰਟਰਨੈੱਟ 'ਤੇ ਹੋਈ ਦੋਸਤੀ ਵਿਆਹ- ਸ਼ਾਦੀ ਤਕ ਅੱਪੜ ਜਾਂਦੀ ਹੈ ਪਰ, ਜਦੋਂ ਫ਼ੈਸਲਾ ਗਲਤ ਹੋ ਜਾਂਦਾ ਹੈ ਤਾਂ ਮਨੁੱਖ ਕੋਲ ਸਿਰਫ਼ ਪਛਤਾਵਾ ਹੀ ਰਹਿ ਜਾਂਦਾ ਹੈ। ਇਸ ਲਈ ਕੋਈ ਵੀ ਫ਼ੈਸਲਾ ਕਰਨਾ ਹੈ ਤਾਂ ਸੋਚ- ਸਮਝ ਕੇ ਕਰਨਾ ਚਾਹੀਦਾ ਹੈ ਤਾਂ ਕਿ ਭਵਿੱਖ ਵਿਚ ਕਿਸੇ ਉਲਾਂਭੇ ਦੀ ਸੰਭਾਵਨਾ ਨਾ ਰਹੇ। ਇੰਟਰਨੈੱਟ ਦੀ ਦੁਨੀਆ ਅਸਲ ਹਕੀਕਤ ਨਹੀਂ ਹੈ। ਇੱਥੇ ਖ਼ਾਸ ਗੱਲ ਇਹ ਹੈ ਕਿ ਇੰਟਰਨੈੱਟ 'ਤੇ ਹੋਈਆਂ ਸਾਰੀਆਂ ਦੋਸਤੀਆਂ ਹੀ ਗ਼ਲਤ ਜਾਂ ਗ਼ੈਰ ਜ਼ਰੂਰੀ ਨਹੀਂ ਹੁੰਦੀਆਂ ਪਰ, ਅਸਲ ਜੀਵਨ ਦੇ ਦੋਸਤ- ਮਿੱਤਰ ਅਤੇ ਪਰਿਵਾਰਕ ਮੈਂਬਰ ਹੀ ਵਧੇਰੇ ਕੰਮ ਆਉਂਦੇ ਹਨ। ਮਨੁੱਖ ਨੂੰ ਜਿੰਨੀ ਖੁਸ਼ੀ ਆਪਣੇ ਘਰ ਤੋਂ, ਆਪਣੇ ਪਰਿਵਾਰਕ ਮੈਂਬਰਾਂ ਵਿਚ ਬੈਠ ਕੇ ਮਿਲ ਸਕਦੀ ਹੈ, ਓਨੀ ਇੰਟਰਨੈੱਟ 'ਤੇ ਨਹੀਂ ਮਿਲ ਸਕਦੀ। ਜਿਸ ਪਰਿਵਾਰਕ ਮੈਂਬਰ ਨੇ ਤੁਹਾਨੂੰ ਨਿੱਕੇ ਹੁੰਦਿਆਂ ਤੋਂ ਦੇਖਿਆ, ਜਾਣਿਆ ਅਤੇ ਸਮਝਿਆ ਹੈ, ਉਹ ਤੁਹਾਡੇ ਲਈ ਵਧੇਰੇ ਸਾਰਥਕ ਅਤੇ ਮੱਦਦਗਾਰ ਸਾਬਿਤ ਹੋ ਸਕਦਾ ਹੈ। ਪਰ ਦਿਨ ਭਰ ਇੰਟਰਨੈੱਟ 'ਤੇ ਖ਼ੁਸ਼ੀਆਂ ਭਾਲਦੇ ਲੋਕ ਇਸ ਗੱਲ ਨੂੰ ਕਿੰਨਾ ਕੁ ਸਮਝਣਗੇ, ਇਹ ਦੇਖਣ ਵਾਲੀ ਗੱਲ ਹੋਵੇਗੀ। ਜਿਉਂਦੇ-ਵਸਦੇ ਰਹੋ ਸਾਰੇ।

ਪਿਛਲੀ ਖ਼ਬਰ ਕਿਉਂ ਘਟ ਰਹੀ ਹੈ ਅਖਾੜਾ-ਸੱਭਿਆਚਾਰ ਦੀ ਲੋਕਪ੍ਰਿਅਤਾ ਅਗਲੀ ਖ਼ਬਰ ਮਹਿਕਾਂ ਵੰਡਦੀ ਧਰਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।