23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਕਿਉਂ ਘਟ ਰਹੀ ਹੈ ਅਖਾੜਾ-ਸੱਭਿਆਚਾਰ ਦੀ ਲੋਕਪ੍ਰਿਅਤਾ

ਅਜੀਤ ਡੈਸਕ 01-03-2026

ਅੱਜ ਤੋਂ ਤਿੰਨ ਚਾਰ ਦਹਾਕੇ ਪਹਿਲਾਂ ਪੰਜਾਬ ਦੇ ਪਿੰਡਾਂ ਵਿਚ ਅਖਾੜਾ-ਸ਼ੈਲੀ ਦੀ ਪੂਰੀ ਤੂਤੀ ਬੋਲਦੀ ਸੀ ਜਿਸ ਘਰ ਦੇ ਵਿਆਹ ਵਿਚ ਅਖਾੜਾ ਲੱਗਣਾ ਹੁੰਦਾ ਸੀ, ਉਸ ਘਰ ਦੀ ਗਿਣਤੀ ਪਿੰਡ ਦੇ ਰੱਜੇ-ਪੁੱਜੇ ਘਰਾਂ ਵਿਚ ਹੋਣੀ ਸ਼ੁਰੂ ਹੋ ਜਾਇਆ ਕਰਦੀ ਸੀ ਜਾਂ ਇੰਝ ਕਹਿ ਲਵੋ ਕਿ ਉਸ ਘਰ ਦੀ ਪਿੰਡ ਵਿਚ ਪੂਰੀ ਟੌਹਰ ਹੁੰਦੀ ਸੀ। ਉਸ ਘਰ ਦੀ ਚਰਚਾ ਪਿੰਡ ਦੀਆਂ ਸੱਥਾਂ, ਖੁੰਢਾਂ, ਖੂਹਾਂ, ਟੋਭਿਆਂ 'ਤੇ ਆਮ ਹੁੰਦੀ ਸੀ। ਅਖਾੜਾ ਦੇਖਣ ਦੇ ਸ਼ੌਕੀਨ ਅਖਾੜਾ ਲੱਗਣ ਤੋਂ ਕਈ ਦਿਨ ਪਹਿਲਾਂ ਹੀ ਤਿਆਰੀ ਕਰਨ ਲੱਗ ਜਾਇਆ ਕਰਦੇ ਸਨ। ਆਪਣੇ ਖੇਤੀ ਦੇ ਕੰਮਾਂ ਨੂੰ ਪਹਿਲਾਂ ਹੀ ਸਮੇਟ ਲੈਂਦੇ ਸਨ। ਪਸ਼ੂਆਂ ਲਈ ਪੱਠੇ ਇਕ ਦਿਨ ਪਹਿਲਾਂ ਹੀ ਲੈ ਆਉਂਦੇ ਸਨ। ਇਥੋਂ ਤੱਕ ਕਿ ਆਪਣੇ ਰਿਸ਼ਤੇਦਾਰਾਂ ਨੂੰ ਵੀ ਸੱਦਾ ਦੇ ਦਿਆ ਕਰਦੇ ਸਨ ਕਿ ਸਾਡੇ ਪਿੰਡ ਫਲਾਣੇ ਦਿਨ ਅਖਾੜਾ ਲੱਗਣਾ ਹੈ ਤੁਸੀਂ ਇਕ ਦਿਨ ਪਹਿਲਾਂ ਹੀ ਆ ਜਾਣਾ। ਆਸੇ-ਪਾਸੇ ਦੇ ਪਿੰਡਾਂ ਵਾਲੇ ਸਾਈਕਲਾਂ, ਮੋਟਰ-ਸਾਈਕਲਾਂ ਰਾਹੀਂ ਜਾਂ ਪੈਦਲ ਹੀ ਮੇਲੇ ਜਾਣ ਵਾਲਿਆਂ ਵਾਂਗ ਧੂੜਾਂ ਪੱਟੀ ਜਾਂਦੇ ਦਿਸਦੇ। ਜੇ ਰਸਤਾ ਕੱਚਾ ਜਾਂ ਟਿੱਬਿਆਂ ਵਾਲਾ ਹੁੰਦਾ ਤਾਂ ਜੁੱਤੀਆਂ ਲਾਹ ਕੇ ਹੱਥਾਂ ਵਿਚ ਫੜ ਲੈਣੀਆਂ ਤੇ ਸਾਹੋ-ਸਾਹ ਹੁੰਦੇ ਹੋਏ ਭੱਜੇ ਜਾਂਦੇ ਦਿਸਦੇ। ਅਖਾੜਾ ਦੇਖਣ ਦੀ ਤੀਬਰਤਾ ਇੰਨੀ ਹੁੰਦੀ ਸੀ ਕਿ ਕਈ ਵਾਰ ਬਹੁਤ ਜ਼ਰੂਰੀ ਕੰਮ ਵੀ ਲੋਕ ਛੱਡ ਦਿੰਦੇ ਸਨ। ਮੈਨੂੰ ਯਾਦ ਹੈ ਕਿ ਮੈਂ ਵੀ (ਉੱਨੀਂ ਸੌ ਬਿਆਸੀ) 1982 ਵਿਚ ਆਪਣਾ ਬੀ.ਏ. ਫਾਈਨਲ ਦਾ ਪੇਪਰ ਛੱਡ ਕੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਅਖਾੜਾ ਦੇਖਣ ਨੂੰ ਪਹਿਲ ਦਿੱਤੀ ਸੀ। ਇਸ ਬਦਲੇ ਭਾਵੇਂ ਮੈਨੂੰ ਘਰੋਂ ਕਾਫੀ ਝਿੜਕਾਂ ਸਹਿਣੀਆਂ ਪਈਆਂ ਸਨ। ਪਰ ਇਹ ਖਿੱਚ ਮੇਰੇ ਵੱਸ ਤੋਂ ਬਾਹਰ ਦੀ ਗੱਲ ਸੀ।
ਚਾਂਦੀ ਰਾਮ ਤੋਂ ਸ਼ੁਰੂ ਹੋ ਕੇ ਜਗਤ ਸਿੰਘ ਜੱਗਾ, ਨਰਿੰਦਰ ਬੀਬਾ, ਮੁਹੰਮਦ ਸਦੀਕ ਤੇ ਰਣਜੀਤ ਕੌਰ, ਜਗਮੋਹਣ ਕੌਰ ਤੇ ਕੇ. ਦੀਪ, ਦੀਦਾਰ ਸੰਧੂ, ਹਰਚਰਨ ਗਰੇਵਾਲ, ਕਰਨੈਲ ਗਿੱਲ, ਜਸਵੰਤ ਸੰਦੀਲਾ, ਪਰਮਿੰਦਰ ਸੰਧੂ, ਸੁਦੇਸ਼ ਕਪੂਰ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਸੁਰਿੰਦਰ ਕੌਰ, ਰਾਜਿੰਦਰ ਰਾਜਨ, ਸੁਚੇਤ ਬਾਲਾ, ਗੁਲਸ਼ਨ ਕੋਮਲ, ਹਾਕਮ ਬਖਤੜੀ ਵਾਲਾ, ਅਮਰ ਸਿੰਘ ਚਮਕੀਲਾ ਤੇ ਅਮਰਜੋਤ ਆਦਿ ਗਾਇਕ ਜੋੜੀਆਂ ਨੇ ਆਪੋ ਆਪਣੇ ਇਤਿਹਾਸ ਰਚੇ। ਇਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਗਾਇਕ ਜੋੜੀਆਂ ਸਨ ਜਿਨ੍ਹਾਂ ਦੇ ਨਾਂਅ ਦਰਜ ਕੀਤੇ ਜਾ ਸਕਦੇ ਹਨ। ਜਦੋਂ ਵੀ ਕੋਈ ਗਾਇਕ ਜੋੜੀ ਸਟੇਜ 'ਤੇ ਚੜ੍ਹ ਜਾਂਦੀ ਸੀ ਤਾਂ ਲੋਕਾਂ ਦੀ ਰੂਹ ਨਸ਼ਿਆ ਜਾਂਦੀ ਸੀ। ਛੜਿਆਂ ਬਾਰੇ ਸੰਵਾਦੀ ਗੀਤ ਸੁਣ ਕੇ ਬਹੁਤ ਸਾਰੇ ਛੜਿਆਂ ਦੀ ਕਈ ਕਈ ਰਾਤਾਂ ਦੀ ਨੀਂਦ ਖ਼ਰਾਬ ਹੋ ਜਾਇਆ ਕਰਦੀ ਸੀ। ਨਸ਼ੇ ਦੀ ਤੋਟ ਵਾਲੇ ਅਮਲੀ ਕਿਸਮ ਦੇ ਆਦਮੀ ਮਜ਼ਾਕ ਦੇ ਪਾਤਰ ਬਣ ਜਾਇਆ ਕਰਦੇ ਸਨ। ਅਖਾੜਾ-ਕਲਚਰ ਦੀ ਖਿੱਚ ਇੰਨੀ ਹੁੰਦੀ ਸੀ ਕਿ ਸਮਾਜਿਕ ਬੰਧਨਾਂ ਦੀਆਂ ਬੇੜੀਆਂ ਵਿਚ ਜਕੜੀਆਂ ਔਰਤਾਂ ਕੋਠਿਆਂ 'ਤੇ ਬੈਠ ਕੇ ਆਪਣੇ ਘਰਦਿਆਂ ਤੋਂ ਚੋਰੀਉਂ ਅਖਾੜੇ ਦੇਖਿਆ ਕਰਦੀਆਂ ਸਨ। ਕਈ ਘਰਾਂ ਦੇ ਮੁੰਡੇ ਤਾਂ ਵਿਆਹ ਦੀ ਤਰੀਕ ਕਲਾਕਾਰਾਂ ਨੂੰ ਪੁੱਛ ਕੇ ਰੱਖਦੇ ਸਨ ਕਿ ਵਿਆਹ ਵਾਲੇ ਦਿਨ ਉਹ ਕਲਾਕਾਰ ਕਿਤੇ ਬੁੱਕ ਤਾਂ ਨਹੀਂ? ਜੋ ਦਿਨ ਕਲਾਕਾਰ ਕੋਲ ਵਿਹਲਾ ਹੁੰਦਾ ਸੀ, ਉਸ ਦਿਨ ਨੂੰ ਉਹ ਵਿਆਹ ਰੱਖਦੇ ਸਨ। ਇਹ ਅਖਾੜਾ-ਸੱਭਿਆਚਾਰ ਦੀ ਸਿਖਰ ਦੇ ਦਿਨ ਮੰਨੇ ਜਾਂਦੇ ਹਨ।
ਫਿਰ ਹੌਲੀ-ਹੌਲੀ ਇਸ ਅਖਾੜਾ ਕਲਚਰ ਦੀ ਪ੍ਰਸਿੱਧੀ ਘਟਦੀ ਗਈ। ਇਸਦਾ ਮਤਲਬ ਇਹ ਵੀ ਨਹੀਂ ਹੈ ਕਿ ਹੁਣ ਲੋਕ ਅਖਾੜਾ ਬਿਲਕੁਲ ਹੀ ਨਹੀਂ ਦੇਖਣਾ ਚਾਹੁੰਦੇ ਹਨ। ਅਜੇ ਵੀ ਪੁਰਾਣੀ ਪੀੜ੍ਹੀ ਦੇ ਲੋਕਾਂ ਵਿਚ ਕੁਝ ਕਲਾਕਾਰਾਂ ਪ੍ਰਤੀ ਮੋਹ ਤੇ ਸਤਿਕਾਰ ਜਿਉਂ ਦਾ ਤਿਉਂ ਬਰਕਰਾਰ ਹੈ। ਸ਼ੁਰੂ-ਸ਼ੁਰੂ ਵਿਚ ਸਟੇਜੀ ਕਲਾਕਾਰ ਸਿਰਫ ਖੜ੍ਹ ਕੇ ਹੀ ਆਪਣੀ ਸਰੋਦ-ਰਸੀ ਭਾਵਨਾ ਨਾਲ ਲੋਕਾਂ ਦਾ ਮਨੋਰੰਜਨ ਕਰਿਆ ਕਰਦੇ ਸਨ। ਪਰੰਤੂ ਮੁਹੰਮਦ ਸਦੀਕ ਤੇ ਰਣਜੀਤ ਕੌਰ ਜੋੜੀ ਨੇ ਇਸ ਸ਼ੈਲੀ ਨੂੰ ਕੁਝ 'ਨਾਟਕ-ਅੰਦਾਜ਼ੀ ਵਿਧਾ' ਦੇ ਰੂਪ ਵਿਚ ਪੇਸ਼ ਕਰਕੇ ਇਸ ਨੂੰ ਹੋਰ ਦਿਲਚਸਪ ਬਣਾ ਦਿੱਤਾ ਤੇ ਅੱਜਕੱਲ੍ਹ ਵੀ ਇਸ ਅੰਦਾਜ਼ ਨੂੰ ਲੋਕ ਬੜੇ ਚਾਅ ਤੇ ਅਨੰਦ ਨਾਲ ਸੁਣਦੇ ਹਨ। ਅਸਲ ਵਿਚ ਮੁਹੰਮਦ ਸਦੀਕ ਲੋਕ-ਸੰਪਰਕ ਵਿਭਾਗ ਵਿਚ ਡਰਾਮਾ ਕਲਾਕਾਰ ਰਿਹਾ ਹੋਣ ਕਰਕੇ ਅਤੇ ਵਧੀਆ ਸੰਗੀਤਕਾਰ ਹੋਣ ਕਰਕੇ ਹਾਲਾਤ ਅਨੁਸਾਰ ਸਥਿਤੀ ਤੇ ਸ਼ਬਦਾਂ ਨੂੰ ਰਸ-ਮਈ ਬਣਾਉਣ ਦਾ ਮਾਹਿਰ ਹੈ। ਆਪਣੀ ਸੁਚੱਜੀ ਪੇਸ਼ਕਾਰੀ ਸਦਕਾ ਮੁਹੰਮਦ ਸਦੀਕ ਨੇ ਇਸ ਅਖਾੜਾ-ਸ਼ੈਲੀ ਨੂੰ ਕਾਫੀ ਸਮਾਂ ਡੋਲਣ ਨਹੀਂ ਦਿੱੱਤਾ। ਪਿੰਡਾਂ ਵਿਚ ਇਹ ਵਿਧਾ ਅਜੇ ਵੀ ਕੁਝ ਕੁ ਸਾਹ ਭਰਦੀ ਦਿਖਾਈ ਦੇ ਰਹੀ ਹੈ। ਪਰੰਤੂ ਇਸ ਸ਼ੈਲੀ ਦੀ ਹੁਣ ਉਹ ਖਿੱਚ ਨਹੀਂ ਰਹੀ ਜੋ ਅੱਜ ਤੋਂ ਤਿੰਨ ਚਾਰ ਦਹਾਕੇ ਪਹਿਲਾਂ ਸੀ।
ਅਸਲ ਵਿਚ ਤਿੰਨ ਚਾਰ ਦਹਾਕੇ ਪਹਿਲਾਂ ਮੀਡੀਏ ਦਾ ਇੰਨਾ ਪ੍ਰਸਾਰ ਨਹੀਂ ਸੀ ਹੋਇਆ। ਲੋਕ ਸਿਰਫ ਰੇਡੀਓ ਜਾਂ ਟੇਪਰਿਕਾਰਡਾਂ 'ਤੇ ਵੱਜਦੇ ਗੀਤ ਸੁਣ ਕੇ ਹੀ ਅਨੰਦ ਮਾਣ ਲਿਆ ਕਰਦੇ ਸਨ। ਸਟੇਜ ਉਪਰ ਔਰਤ ਦੀਆਂ ਬੇਬਾਕ ਭਾਵਨਾਵਾਂ ਪੁਰਸ਼ਾਂ ਨੂੰ ਦੇਖਣ ਲਈ ਮਿਲਦੀਆਂ ਸਨ। ਸਟੇਜ ਉਪਰ ਔਰਤ ਦੀਆਂ ਘੁੰਡ ਕੱਢ ਕੇ ਨਖਰੇ ਅਤੇ ਅਸ਼ਲੀਲ ਮੁਦਰਾਵਾਂ ਮਰਦਾਂ ਨੇ ਕਦੇ ਦੇਖੀਆਂ ਨਹੀਂ ਸਨ ਹੁੰਦੀਆਂ। ਘੁੰਡ ਦੀ ਪ੍ਰਥਾ ਭਾਰੂ ਹੋਣ ਕਰਕੇ ਛੜੇ ਜਾਂ ਚਾਸੜੂ ਕਿਸਮ ਦੇ ਮਰਦਾਂ ਲਈ ਔਰਤ ਦਾ ਮੂੰਹ ਦੇਖਣਾ, ਉਹ ਵੀ ਨਖਰੇ ਤੇ ਰੁਮਾਂਟਿਕ ਭਰੀਆਂ ਅਦਾਵਾਂ ਨਾਲ, ਕਿਸੇ ਅਲੌਕਿਕ ਦ੍ਰਿਸ਼ ਤੋਂ ਘੱਟ ਨਹੀਂ ਸੀ ਹੁੰਦਾ। ਕਿਉਂਕਿ ਮੀਡੀਏ ਦਾ ਇੰਨਾ ਫੈਲਾਉ ਨਹੀਂ ਸੀ ਹੋਇਆ ਤੇ ਇਹ ਕਰਾਂਤੀ ਸਿਰਫ ਸ਼ਹਿਰਾਂ ਤੀਕ ਹੀ ਸੀਮਤ ਸੀ। ਲਿੰਗ-ਅਨੁੁਪਾਤ ਦੀ ਗੜਬੜੀ ਕਰਕੇ ਆਮ ਘਰਾਂ ਵਿਚ ਤਿੰਨ-ਚਾਰ ਭਰਾਵਾਂ ਵਿਚੋਂ ਇਕ ਜਾਂ ਦੋ ਹੀ ਵਿਆਹੇ ਜਾਂਦੇ ਸਨ। ਛੜੇ ਰਹਿ ਗਏ ਭਰਾਵਾਂ ਦੀ ਵੇਦਨਾ ਜਾਂ ਵਿਆਹਾਂ ਲਈ ਤਰਲੇ ਤੇ ਤਾਹਨੇ ਇਨ੍ਹਾਂ ਅਖਾੜਿਆਂ ਦਾ ਮੁੱਖ ਵਿਸ਼ਾ ਬਣਦੇ ਸਨ। ਲੋਕਾਂ ਦੇ ਘਰਾਂ ਦੀਆਂ ਕਹਾਣੀਆਂ ਅਤੇ ਦਿਉਰਾਂ ਜੇਠਾਂ ਦੇ ਰੁਮਾਂਟਿਕ ਕਾਰਨਾਮੇ ਇਸ ਅਖਾੜਾ-ਸ਼ੈਲੀ ਦੇ ਆਮ ਵਿਸ਼ੇ ਹੁੰਦੇ ਸਨ। ਲੋਕਾਂ ਦੇ ਆਮ ਘਰਾਂ ਦੀਆਂ ਕਹਾਣੀਆਂ ਹੋਣ ਕਰਕੇ ਇਹ ਵਿਧਾ ਲੋਕਾਂ ਵਿਚ ਹਰਮਨ ਪਿਆਰੀ ਹੋ ਗਈ। ਕਿਉਂਕਿ ਅਖਾੜਿਆਂ ਵਿਚ ਉਨ੍ਹਾਂ ਲੋਕਾਂ ਦੀਆਂ ਹੀ ਗੱਲਾਂ ਜਾਂ ਕਹਾਣੀਆਂ ਹੁੰਦੀਆਂ ਸਨ, ਜੋ ਇਸ ਨੂੰ ਦੇਖ ਜਾਂ ਸੁਣ ਰਹੇ ਹੁੰਦੇ ਸਨ। ਇਸ ਦੌਰ ਦੇ ਗੀਤਕਾਰ ਵੀ ਇਨ੍ਹਾਂ ਰਮਜ਼ਾਂ ਨੂੰ ਪਛਾਨਣ ਵਾਲੇ, ਇਨ੍ਹਾਂ ਲੋਕਾਂ ਦੇ ਵਿਚੋਂ ਹੀ ਹੁੰਦੇ ਸਨ। ਬਾਬੂ ਸਿੰਘ ਮਾਨ, ਚਤਰ ਸਿੰਘ ਪ੍ਰਵਾਨਾ, ਇੰਦਰਜੀਤ ਹਸਨਪੁਰੀ, ਗੁਰਦੇਵ ਸਿੰਘ ਮਾਨ, ਹਰਦੇਵ ਦਿਲਗੀਰ ਥਰੀਕੇ ਵਾਲਾ ਆਦਿ ਗੀਤਕਾਰ ਇਨ੍ਹਾਂ ਲੋਕਾਂ ਦੀਆਂ ਪੀੜਾਂ ਤੇ ਚਸਕਾਂ ਨੂੰ ਜਾਣਦੇ ਪਹਿਚਾਣਦੇ ਸਨ। ਫਿਰ ਟੈਲੀਵਿਜ਼ਨ ਯੁੱਗ ਦੇ ਆ ਜਾਣ ਕਰਕੇ ਲੋਕਾਂ ਦਾ ਮਨੋਰੰਜਨ ਅਖਾੜਿਆਂ ਤੋਂ ਤਿਲਕ ਕੇ ਟੈਲੀਵਿਜ਼ਨ 'ਤੇ ਕੇਂਦਰਿਤ ਹੋ ਗਿਆ। ਔਰਤ ਨੂੰ ਰੱਜ ਕੇ ਦੇਖਣ ਦੀ ਭੁੱਖ ਕੁਝ ਹੱਦ ਤੀਕ ਟੈਲੀਵਿਜ਼ਨ ਨੇ ਪੂਰੀ ਕਰ ਦਿੱਤੀ। ਇਸ ਟੈਲੀਵਿਜ਼ਨ ਦੌਰ ਦੇ ਜ਼ਰੀਏ ਸੋਲੋ ਗਾਇਕੀ ਕਾਫੀ ਵਧੀ-ਫੁੱਲੀ। ਸੋਲੋ-ਗਾਇਕੀ ਦੀ ਪੇਸ਼ਕਾਰੀ ਅਤੇ ਗੀਤਕਾਰੀ ਨੇ ਕਈ ਅਜਿਹੇ ਨਵੇਂ ਮੀਲ ਪੱਥਰ ਗੱਡੇ ਕਿ ਉਹ ਨਵੇਂ ਦੌਰ ਦੇ ਝੰਡਾ-ਬਰਦਾਰ ਬਣ ਗਏ। ਇਸ ਨਵੇਂ ਯੁੱਗ ਦੀ ਗੀਤਕਾਰੀ ਵਿਚ ਭਾਵੇਂ ਪੁਰਾਣੇ ਗੀਤਕਾਰ (ਜਿਵੇਂ ਮਾਨ ਮਰਾੜ੍ਹਾਂ ਵਾਲਾ, ਦੇਵ ਥਰੀਕੇ ਵਾਲਾ) ਵੀ ਅਪਣਾ ਤਿੱਲ-ਫੁੱਲ ਪਾਉਂਦੇ ਰਹੇ ਪਰੰਤੂ ਸ਼ਮਸ਼ੇਰ ਸੰਧੂ, ਬਚਨ ਬੇਦਿਲ, ਅਮਰਦੀਪ ਗਿੱਲ, ਜਸਵੀਰ ਗੁਣਾਚੌਰੀਆ, ਗੁਰਦਾਸ ਮਾਨ ਆਦਿ ਦੀ ਕਲਮ ਨੇ ਇਸ ਕਲਚਰ ਨੂੰ ਨਵੇਂ ਦੌਰ ਵਿਚ ਪੇਸ਼ ਕਰਕੇ ਇਕ ਨਵੀਂ ਪ੍ਰੰਪਰਾ ਦੀ ਸ਼ੁਰੂਆਤ ਕੀਤੀ। ਇਹ ਤਬਦੀਲੀ ਟੈਲੀਵਿਜ਼ਨ ਦੀ ਹੋਂਦ ਕਰਕੇ ਆਈ। ਸਿੱਟੇ ਵਜੋਂ ਹਰਭਜਨ ਮਾਨ, ਸੁਰਜੀਤ ਬਿੰਦਰਖੀਆ, ਦੇਬੀ ਮਖਸੂਸਪੁਰੀ, ਬਲਕਾਰ ਸਿੱਧੂ, ਹੰਸ ਰਾਜ ਹੰਸ, ਸਰਦੂਲ ਸਿਕੰਦਰ, ਇੰਦਰਜੀਤ ਨਿੱਕੂ, ਰਵਿੰਦਰ ਗਰੇਵਾਲ, ਹਰਿੰਦਰ ਸੰਧੂ, ਅੰਮ੍ਰਿਤਾ ਵਿਰਕ, ਮਨਪ੍ਰੀਤ ਅਖਤਰ, ਸਾਬਰਕੋਟੀ, ਪਾਲੀ ਦੇਤਵਾਲੀਆ ਆਦਿ ਕਲਾਕਾਰਾਂ ਨੇ ਸੋਲੋ ਗਾਇਕੀ ਵਿਚ ਨਵੀਆਂ ਪਿਰਤਾਂ ਪਾਈਆਂ। ਸਿੱਕੇ ਦੇ ਦੂਜੇ ਪਾਸੇ ਦੇਖੀਏ ਤਾਂ ਟੀ.ਵੀ. ਕਲਚਰ ਨੇ ਅਖਾੜਿਆਂ ਦੇ ਸਰੋਦ-ਰਸ ਨੂੰ ਵਿਸਾਰ ਕੇ ਇਸ ਨੂੰ ਸੁਣਨ ਦੀ ਬਜਾਏ ਦੇਖਣ ਜਾਂ ਨੱਚਣ ਦੀ ਕਲਾ ਬਣਾ ਦਿੱਤਾ ਜਿਸ ਕਰਕੇ ਗੀਤਕਾਰ ਦੀ ਬੌਧਿਕ-ਸ਼ੈਲੀ ਦੀ ਥਾਂ ਹਲਕੀ-ਫੁਲਕੀ ਗੀਤਕਾਰੀ ਵੀ ਇਸ ਵਿਚ ਸ਼ਾਮਲ ਹੋ ਗਈ। ਇਨ੍ਹਾਂ ਵਿਚੋਂ ਕੁਝ ਗੀਤਾਂ ਦੇ ਕੋਈ ਸ਼ਾਬਦਿਕ ਅਰਥ ਨਹੀਂ ਹਨ, ਪਰ ਨੱਚਣ ਟੱਪਣ ਕਰਕੇ ਚਰਚਿਤ ਹੋ ਗਏ। ਫਿਰ ਕੰਪਿਊਟਰ ਯੁੱਗ ਨੇ ਚੰਗੇ ਸੰਗੀਤਕਾਰਾਂ ਦੀਆਂ ਉਂਗਲਾਂ ਵੀ ਬੰਨ੍ਹ ਦਿੱਤੀਆਂ। ਇਸ ਤਰ੍ਹਾਂ ਇਸ ਸਮੇਂ ਗਧੇ-ਘੋੜੇ ਦਾ ਇਕੋ ਮੁੱਲ ਹੋ ਗਿਆ। ਕੰਪਿਊਟਰ ਦੇ ਜ਼ਰੀਏ ਕਈ ਨਵੇਂ ਕਲਾਕਾਰ ਵੀ ਰਾਤੋ-ਰਾਤ ਸਟਾਰ ਬਣਦੇ ਦੇਖੇ ਗਏ। ਮੋਬਾਈਲ ਯੁੱਗ ਅਤੇ ਨੈੱਟ ਨੇ ਦੁਨੀਆਂ ਨੂੰ ਇਕ ਗਲੋਬਲ ਪਿੰਡ ਬਣਾ ਦਿੱਤਾ। ਜੋ ਮਰਦ ਕਦੇ ਅਖਾੜੇ ਦੇ ਰਾਹੀਂ ਔਰਤ ਦੇ ਨਵੇਂ ਅੰਦਾਜ਼ ਨੂੰ ਦੇਖਣ ਲਈ ਜਾਂਦੇ ਸਨ, ਉਹ ਸਾਰੀ ਭੁੱਖ ਹੁਣ ਨੈੱਟ ਨੇ ਪੂਰੀ ਕਰ ਦਿੱਤੀ। ਨਵੀਂ ਪੀੜ੍ਹੀ ਦਾ ਰੁਝਾਨ ਹਲਕੇ-ਫੁਲਕੇ ਨੱਚਣ-ਟੱਪਣ ਵਾਲੇ ਗੀਤਾਂ ਵੱਲ ਹੋ ਗਿਆ। ਪੇਂਡੂ ਜਵਾਨੀ ਉੱਪਰ ਸ਼ਹਿਰੀ ਪੇਂਦ ਚੜ੍ਹਨੀ ਸ਼ੁੁਰੂ ਹੋ ਗਈ। ਅਖਾੜਾ-ਸ਼ੈਲੀ ਦਾ ਧਰਾਤਲ ਪੇਂਡੂ ਲਹਿਜ਼ਾ ਹੈ ਜਦੋਂ ਕਿ ਨਵੀਂ ਪੀੜ੍ਹੀ ਦੇ ਚੇਤਿਆਂ ਵਿਚ ਸ਼ਹਿਰੀ-ਟੱਚ ਵਾਸ ਕਰ ਰਿਹਾ ਹੈ। ਇਸ ਕਰਕੇ ਬੌਧਿਕਤਾ ਵਾਲੀ ਗੀਤਕਾਰੀ ਵੀ ਉਨ੍ਹਾਂ ਦੀ ਸਮਝ ਤੋਂ ਬਾਹਰ ਹੁੰਦੀ ਜਾ ਰਹੀ ਹੈ।
'ਚੰਨ ਹੋ ਬਦਲੀ ਦੇ ਉਹਲੇ,
ਕੰਨੀਆਂ ਨੂੰ ਇੰਝ ਰੁਸ਼ਨਾਵੇ,
ਕੋਈ ਗੋਟੇ ਵਾਲੀ ਚੁੰਨੀ
ਅੰਬਰ 'ਤੇ ਸੁੱਟ ਸੁਕਾਵੇ'
ਜਾਂ
'ਮੈਨੂੰ ਪਤੈ ਕਾਹਤੋਂ 'ਮਾਨ' ਮੇਰੇ ਕੋਲ ਨਾ ਖਲੋਵੇ।
ਉਹਦੇ ਲਾਜਵਰ ਲਾ-ਲਾ ਕਾਹਤੋਂ ਸੱਸ ਲੀੜੇ ਧੋਵੇ।' ਵਾਲ਼ੀ ਅਰਥ-ਭਰਪੂਰ ਸ਼ੈਲੀ ਨਵੀਂ ਪੀੜ੍ਹੀ ਦੀ ਸਮਝ ਤੋਂ ਦੂਰ ਹੋ ਗਈ। ਆਧੁਨਿਕ ਪੀੜ੍ਹੀ ਦੀ ਚੇਤੰਨਤਾ ਸ਼ਾਬਦਿਕ-ਰਸ ਤੋਂ ਖਿਸਕ ਕੇ ਪੈਰਾਂ ਦੀ ਤਾਲ ਤੇ ਲੱਕ ਦੇ ਹੁਲਾਰਿਆਂ ਵਿਚ ਗੁਆਚ ਗਈ। ਨਵੀ ਪੀੜ੍ਹੀ ਦੀਆਂ ਸਮੱਸਿਆਵਾਂ ਤੇ ਰੀਝਾਂ ਨਵੇਂ ਯੁੱਗ ਅਨੁਸਾਰ ਨਵੀਆਂ ਹੋਣ ਕਰਕੇ ਅਖਾੜਾ ਕਲਚਰ ਉਨ੍ਹਾਂ ਦੀ ਦਿਲਚਸਪੀ ਦਾ ਸਾਧਨ ਨਹੀਂ ਰਿਹਾ। ਨਵੀਂ ਤੇ ਪੁਰਾਣੀ ਪੀੜ੍ਹੀ ਦੇ ਵਰਗ-ਅੰਤਰਾਲ ਨੇ ਇਸ ਅਖਾੜਾ ਕਲਚਰ ਨੂੰ ਕਾਫੀ ਢਾਹ ਲਾਈ। ਤੁਰਲ੍ਹੇ ਵਾਲੀ ਪੱਗ ਤੇ ਚਾਦਰਾ ਪੁਰਾਣੀ ਪੀੜ੍ਹੀ ਦਾ ਹਰਮਨ ਪਿਆਰਾ ਪਹਿਰਾਵਾ ਸੀ ਜਦੋਂ ਕਿ ਨਵੀਂ ਪੀੜ੍ਹੀ ਲਈ ਇਹ ਇਕ ਅਨਪੜ੍ਹਾਂ ਦਾ ਪਹਿਰਾਵਾ ਬਣ ਕੇ ਰਹਿ ਗਿਆ। ਨਵੀਂ ਪੀੜ੍ਹੀ ਨੂੰ ਆਧੁਨਿਕ ਪਹਿਰਾਵੇ ਵਿਚ ਕਲਾਕਾਰ ਵੀ ਆਧੁਨਿਕ ਜਾਪਣ ਲੱਗੇ। ਇਸ ਤਰ੍ਹਾਂ ਇਹ ਅਖਾੜਾ ਕਲਚਰ ਨਵੀਂ ਪੀੜ੍ਹੀ ਦੇ ਚੇਤਿਆਂ ਵਿਚੋਂ ਗ਼ਾਇਬ ਹੁੰਦਾ ਜਾ ਰਿਹਾ ਹੈ। ਜਿਉਂ-ਜਿਉਂ ਅਸੀਂ ਪੈਂਤੀ ਅੱਖਰੀ ਵਰਣਮਾਲਾ ਤੋਂ ਦੂਰ ਹੁੰਦੇ ਜਾ ਰਹੇ ਹਾਂ, ਤਿਉਂ-ਤਿਉਂ ਅਸੀਂ ਮੁਹਾਵਰਿਆਂ ਤੇ ਅਖਾਣਾਂ ਦੇ ਬੋਧ ਨੂੰ ਗੁਆਈ ਜਾ ਰਹੇ ਹਾਂ। ਆਧੁਨਿਕਤਾ ਦੀ ਦੌੜ ਵਿਚ ਕਹਾਵਤਾਂ ਤੇ ਅਲੰਕਾਰਾਂ 'ਤੇ ਸਾਡੀ ਪਕੜ ਢਿੱਲੀ ਪੈ ਰਹੀ ਹੈ, ਜਿਸ ਕਰਕੇ ਅਸੀਂ ਰਵਾਇਤੀ ਗੀਤਕਾਰੀ ਤੇ ਗਾਇਕੀ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ। ਇਸ ਰੁਝਾਨ ਨੇ ਅਖਾੜਾ-ਕਲਚਰ ਨੂੰ ਕਾਫ਼ੀ ਢਾਹ ਲਾਈ ਹੈ।

# 33198, ਗਲੀ ਨੰ: 3, ਪ੍ਰਤਾਪ ਨਗਰ, ਬਠਿੰਡਾ।
ਮੋਬਾਈਲ : 95010-12199

ਪਿਛਲੀ ਖ਼ਬਰ ਪਹਾੜ ਜਿੱਡੇ ਜੇਰੇ ਵਾਲਾ ਦਸ਼ਰਥ ਮਾਂਝੀ ਅਗਲੀ ਖ਼ਬਰ ਇੰਟਰਨੈੱਟ 'ਤੇ ਖ਼ੁਸ਼ੀਆਂ ਭਾਲਦੇ ਲੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।