ਦਸ਼ਰਥ ਮਾਂਝੀ ਰੋਜ਼ ਨਹੀਂ ਜੰਮਦੇ। ਸਲਾਮ ਕਰਨਾ ਬਣਦੈ-'ਮਾਊਂਨਟਿਨ ਮੈਨ' ਨੂੰ। ਜਜ਼ਬਾ, ਜੋਸ਼, ਜਨੂੰਨ ਦਾ ਦੂਜਾ ਨਾਂਅ! ਅੰਬਰ ਛੂੰਹਦੇ ਪਰਬਤ ਨਾਲ ਮੱਥਾ ਲਾਉਣ ਵਾਲਾ ਕੋਈ ਆਮ ਇਨਸਾਨ ਤਾਂ ਨਹੀਂ ਨਾ ਹੋ ਸਕਦਾ। ਫ਼ਰਹਾਦ ਨੇ ਜੇ ਪਹਾੜ ਕੱਟ ਕੇ ਨਹਿਰ ਬਣਾਈ ਸੀ, ਤਾਂ ਸੀਰੀਂ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ; ਸ਼ਾਹ ਜਹਾਨ ਨੇ ਦੁਨੀਆ ਦਾ ਸੱਤਵਾਂ ਅਜੂਬਾ ਬਣਾਇਆ, ਤਾਂ ਵੀ ਮੁਮਤਾਜ਼ ਲਈ ਨਿੱਜ ਦੀ ਮੁਹੱਬਤ ਸੀ। ਪਰ ਦਸ਼ਰਥ ਮਾਂਝੀ ਦੀ ਲਗਨ ਤਾਂ ਲੋਕਾਈ ਲਈ ਸੀ, ਸਰਬੱਤ ਦੇ ਭਲੇ ਲਈ। ਨਾ ਖਾਣ ਦੀ ਚਿੰਤਾ, ਨਾ ਪੀਣ ਦੀ; ਨਾ ਬੱਚਿਆਂ ਦੀ ਪਰਵਾਹ, ਨਾ ਲੋਕਾਂ ਦੇ ਤਾਅਨਿਆਂ ਮਿਹਣਿਆਂ ਦੀ। ਬੱਸ ਇਕੋ ਧੁਨ-ਪਰਬਤ ਤੋਂ ਉਧਰਲੇ ਪਾਰ ਦੇਖਣ ਦੀ!
ਦਸ਼ਰਥ ਮਾਂਝੀ ਦਾ ਜਨਮ ਅੱਤ ਦੇ ਗ਼ਰੀਬ ਕਿਰਤੀ ਪਰਿਵਾਰ ਵਿਚ ਅੰਦਾਜ਼ਨ 1934 ਈ. ਨੂੰ ਗਯਾ ਦੇ ਛੋਟੇ ਜਿਹੇ ਪਿੰਡ ਗੈਹਲੌਰ ਵਿਚ ਹੋਇਆ। ਛੋਟੀ ਉਮਰੇ ਧਨਬਾਦ ਦੀਆਂ ਕੋਲਾ ਖਾਣਾਂ ਵਿਚ ਕੰਮ ਕੀਤਾ। ਜ਼ਿੰਦਗੀ ਦੇ ਸੁੱਖਾਂ ਨਾਲ ਮੁੱਢੋਂ ਵੈਰ ਰਿਹਾ। ਦੋ ਡੰਗ ਦੀ ਰੋਟੀ ਵੀ ਜੱਦੋਜਹਿਦ ਸੀ। ਪਿੰਡ ਵਾਪਸ ਆ ਕੇ ਸਰਪੰਚ ਕੋਲ ਨੌਕਰੀ ਕਰਨ ਲੱਗ ਪਿਆ। ਫਾਗੁਨੀਆ ਨਾਲ ਵਿਆਹ ਹੋਣ ਤੋਂ ਬਾਅਦ ਚੁਣੌਤੀਆਂ ਹੋਰ ਵੱਧ ਗਈਆਂ। ਪਿੰਡ ਵਿਚ ਸਿਹਤ, ਸਿੱਖਿਆ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ। ਸ਼ਹਿਰ ਵਜ਼ੀਰਗੰਜ ਪਹੁੰਚਣ ਲਈ 70 ਕਿਲੋਮੀਟਰ ਦਾ ਬਿਖੜਾ ਰਸਤਾ 300 ਫੁੱਟ ਉੱਚੇ ਪਹਾੜ ਦੇ ਦੁਆਲੇ ਦਰੇ ਨੂੰ ਪਾਰ ਕਰ ਕੇ ਹੀ ਸੰਭਵ ਸੀ। ਇਹ ਦੁਸ਼ਵਾਰੀਆਂ ਜਿਵੇਂ ਦਸ਼ਰਥ ਦਾ ਇਮਤਿਹਾਨ ਲੈਣ ਲਈ ਹੀ ਬਣੀਆਂ ਸਨ।
ਫਾਗੁਨੀਆ ਦਾ ਪਹਾੜੋਂ ਪਾਣੀ ਭਰ ਕੇ ਲਿਆਉਣਾ ਅਤੇ ਪਤੀ ਲਈ ਖਾਣਾ ਲੈ ਕੇ ਜਾਣਾ ਹੀ ਨਿੱਤਨੇਮ ਸੀ। ਦਸ਼ਰਥ ਲੱਕੜਾਂ ਕੱਟਦਾ ਅਤੇ ਹੱਡ ਭੰਨਵੀਂ ਮਿਹਨਤ ਕਰਦਾ। ਇਕ ਦਿਨ ਰੋਟੀ ਲੇਟ ਹੋ ਗਈ ਅਤੇ ਦਸ਼ਰਥ ਦਾ ਭੁੱਖ ਨਾਲ ਬੁਰਾ ਹਾਲ ਹੋ ਗਿਆ। ਮਨ ਹੀ ਮਨ ਗ਼ਰੀਬੀ 'ਤੇ ਝੂਰਦਾ ਅਤੇ ਗੁੱਸੇ ਵਿਚ ਚੂਰ ਉਹ ਪਿੰਡ ਵੱਲ ਨੂੰ ਹੋ ਤੁਰਿਆ। ਸਾਹਮਣੇ ਅਣਹੋਣੀ ਵਾਪਰੀ ਦੇਖੀ। ਗਰਭਵਤੀ ਫਾਗੁਨੀਆ ਕਿਸੇ ਪਹਾੜੀ ਪੱਥਰ ਨਾਲ ਟਕਰਾ ਕੇ ਬੇਸੁੱਧ ਪਈ ਸੀ। ਸੱਟਾਂ ਗੰਭੀਰ ਸਨ। ਸ਼ਹਿਰ ਪਹੁੰਚਣ ਲਈ ਪਰਬਤ ਦੇ ਖ਼ਤਰਨਾਕ ਪਾਸ ਭਾਵ ਰਾਹ ਨੂੰ ਵਲ ਕੇ ਲੰਘਣਾ ਹੀ ਇਕੋ ਇਕ ਰਾਹ ਸੀ। ਪਿੰਡ ਵਿਚ ਕੋਈ ਮੁਢਲੀ ਸਿਹਤ ਸਹੂਲਤ ਦੀ ਅਣਹੋਂਦ ਕਾਰਨ ਬੜੇ ਤਰੱਦਦ ਨਾਲ ਸ਼ਹਿਰ ਪਹੁੰਚਿਆ, ਤਾਂ ਡਾਕਟਰਾਂ ਨੇ ਫਾਗੁਨੀਆ ਨੂੰ ਮ੍ਰਿਤਕ ਐਲਾਨ ਦਿੱਤਾ। 1959 ਦੇ ਇਸ ਸਾਲ ਨੇ ਮਾਂਝੀ ਨੂੰ ਧੁਰ ਅੰਦਰੋਂ ਨਪੀੜ ਦਿੱਤਾ ਅਤੇ ਉਸਦੇ ਅਡੋਲ ਇਰਾਦੇ, ਨਿੱਗਰ ਇੱਛਾ ਸ਼ਕਤੀ ਅਤੇ ਲਾ-ਮਿਸਾਲ ਲਗਨ ਦੀ ਸ਼ੁਰੂਆਤ ਹੋਈ।
ਸਿਆਣੇ ਕਹਿੰਦੇ ਨੇ, ਇਰਾਦਾ ਧਾਰ ਲਿਆ ਤਾਂ ਮੁਕੱਦਰਾਂ ਦੀਆਂ ਟੇਢੀਆਂ ਲਕੀਰਾਂ ਵੀ ਸਿੱਧੀਆਂ ਹੋਣ ਲੱਗਦੀਆਂ ਹਨ। ਦਸ਼ਰਥ ਨੇ ਠਾਣ ਲਿਆ ਸੀ ਕਿ ਹੁਣ ਪਹਾੜ ਨੂੰ ਝੁਕਾ ਕੇ ਹੀ ਦਮ ਲਵੇਗਾ। ਘਰ ਦੀਆਂ ਬੱਕਰੀਆਂ ਵੇਚ ਕੇ ਸੰਦ ਖ਼ਰੀਦਣ ਜੋਗੇ ਪੈਸੇ ਇਕੱਠੇ ਕੀਤੇ ਅਤੇ ਹੁਣ ਹਥੌੜਾ ਤੇ ਛੈਣੀ ਉਸਦੇ ਉਮਰਾਂ ਦੇ ਸੰਗੀ ਬਣ ਗਏ। ਜੋਸ਼ ਨੇ ਨਾ ਦਿਨ ਦੇਖਿਆ, ਨਾ ਰਾਤ। ਠੱਕ ਠੱਕ ਹੁੰਦੀ ਰਹੀ ਤੇ ਪਰਬਤ ਭੁਰਦਾ ਰਿਹਾ। ਮਾਂਝੀ ਦੇ ਸ਼ਬਦ: ਜਦੋਂ ਮੈਂ ਪਹਾੜੀ ਨੂੰ ਤੋੜਨਾ ਸ਼ੁਰੂ ਕੀਤਾ, ਲੋਕਾਂ ਨੇ ਮੈਨੂੰ ਪਾਗਲ ਕਿਹਾ, ਪਰ ਮੇਰੇ ਹੌਸਲੇ ਹੋਰ ਪੱਕੇ ਹੋ ਗਏ। ਨੌਕਰਸ਼ਾਹੀ ਨੇ 'ਪਹਾੜ ਚੋਰ' ਦਾ 'ਖ਼ਿਤਾਬ' ਝੋਲ਼ੀ ਪਾ ਦਿੱਤਾ। 1960 ਤੋਂ 1982 ਤੱਕ- 22 ਸਾਲ- ਜੀ ਹਾਂ, ਪੂਰੇ ਬਾਈ ਸਾਲ-ਮਾਂਝੀ ਦਾ ਹਥੌੜਾ-ਛੈਣੀ ਪਹਾੜ ਨੂੰ ਵੰਗਾਰਦੇ ਰਹੇ। ਉਹ ਅੱਧਾ ਦਿਨ ਸਰਪੰਚ ਕੋਲ ਦਿਹਾੜੀ ਕਰਦਾ, ਅੱਧਾ ਦਿਨ ਪਹਾੜ ਕੱਟਦਾ। ਜਿੱਤ ਨੇ ਕਦਮ ਚੁੰਮੇ, ਪਰਬਤ ਨੇ ਹਾਰ ਮੰਨ ਲਈ ਅਤੇ 360 ਫੁੱਟ ਲੰਬਾ, 30 ਫੁੱਟ ਚੌੜਾ ਅਤੇ 25 ਫੁੱਟ ਡੂੰਘਾ ਰਸਤਾ ਤਿਆਰ ਗਿਆ। ਇਲਾਕੇ ਦੇ 60 ਪਿੰਡਾਂ ਨੂੰ ਸਹੂਲਤ ਮਿਲੀ ਅਤੇ ਅਤਰੀ ਤੋਂ ਵਜ਼ੀਰਗੰਜ ਦੀ ਦੂਰੀ 55 ਕਿਲੋਮੀਟਰ ਤੋਂ ਘੱਟ ਕੇ 15 ਕਲੋਮੀਟਰ ਰਹਿ ਗਈ। ਦਸ਼ਰਥ ਮਾਂਝੀ ਦੀ ਜਿੱਤ ਦੇ ਡੰਕੇ ਵੱਜ ਗਏ ਅਤੇ ਉਹ ਗ਼ਰੀਬ ਜਨਤਾ ਦਾ ਰਾਹ ਦਸੇਰਾ ਬਣ ਗਿਆ। ਇੱਥੇ ਬਾਬਾ ਨਜ਼ਮੀ ਦੀ ਸ਼ਾਇਰੀ ਸ਼ਾਇਦ ਮਾਂਝੀ ਦੇ ਹੱਠ ਦਾ ਅਨੁਸਰਣ ਕਰ ਰਹੀ ਹੋਵੇ:
ਬੇ-ਹਿੰਮਤੇ ਨੇ ਜਿਹੜੇ ਬਹਿ ਕੇ
ਸ਼ਿਕਵਾ ਕਰਨ ਮੁਕੱਦਰਾਂ ਦਾ
ਉੱਗਣ ਵਾਲੇ ਉੱਗ ਪੈਂਦੇ ਨੇ
ਸੀਨਾ ਪਾੜ ਕੇ ਪੱਥਰਾਂ ਦਾ।
ਦਸ਼ਰਥ ਮਾਂਝੀ ਦੀ 'ਵਨ ਮੈਨ ਆਰਮੀ' ਨੇ ਜੰਗ ਜਿੱਤ ਲਈ ਸੀ। ਉਸਦੀ ਇੱਛਾ ਸੀ ਕਿ ਪਿੰਡ ਵਿਚ ਹਸਪਤਾਲ, ਸਕੂਲ ਬਣੇ, ਪਰ ਉਸਦੇ ਜਿਊਂਦੇ ਜੀਅ ਇਹ ਰੀਝ ਪੂਰੀ ਨਹੀਂ ਹੋਈ। ਪਛਾਣ ਮਿਲੀ ਤਾਂ 2015 ਵਿਚ ਕੇਤਨ ਮਹਿਤਾ ਦੀ ਫਿਲਮ 'ਮਾਂਝੀ : ਦਿ ਮਾਊਂਨਟਿਨ ਮੈਨ' ਨਾਲ। ਦੁਨੀਆਂ ਨੇ ਹੈਰਤ-ਅੰਗੇਜ਼ ਹੋ ਕੇ ਦੇਖਿਆ ਕਿ ਇਕ ਆਮ ਹੱਡ-ਮਾਸ ਦਾ ਪੁਤਲਾ ਵੀ ਚਮਤਕਾਰ ਕਰ ਸਕਦਾ ਹੈ। ਉੱਘੀ ਫਿਲਮੀ ਹਸਤੀ ਆਮਿਰ ਖਾਨ ਨੇ ਆਪਣੇ ਟੀ.ਵੀ.ਲੜੀਵਾਰ 'ਸਤਿਆਮੇਵ ਜਯਤੇ' ਦੀ ਦੂਸਰੀ ਲੜੀ ਦੀ ਪਹਿਲੀ ਕਿਸ਼ਤ ਮਾਂਝੀ ਨੂੰ ਸਮਰਪਿਤ ਕੀਤੀ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪਟਨਾ ਦੇ ਜਨਤਾ ਦਰਬਾਰ ਵਿਚ ਆਪਣੀ ਕੁਰਸੀ 'ਤੇ ਮਾਂਝੀ ਨੂੰ ਬਿਠਾ ਕੇ ਉਸਦੀ ਮਿਹਨਤ ਨੂੰ ਮਾਣ ਬਖ਼ਸਿਆ। ਇਹ ਦੈਵੀ ਰੂਹ ਦਿੱਲੀ ਦੇ ਏਮਜ਼ ਵਿਖੇ 17 ਅਗਸਤ 2007 ਨੂੰ ਗਾਲ ਬਲੈਡਰ ਦੇ ਕੈਂਸਰ ਕਾਰਨ ਅਲਵਿਦਾ ਕਹਿ ਗਈ।
ਅੱਜ ਪਿੰਡ ਵਿਚ ਸਕੂਲ ਹੈ, ਹਸਪਤਾਲ ਹੈ, 'ਮਾਂਝੀ ਮਾਰਗ' ਹੈ ਅਤੇ 'ਦਸ਼ਰਥ ਨਗਰ' ਹੈ। ਹਰ ਸਾਲ 17 ਅਗਸਤ ਨੂੰ 'ਦਸ਼ਰਥ ਮਾਂਝੀ ਉਤਸਵ' ਵੀ ਮਨਾਇਆ ਜਾਂਦਾ ਹੈ, ਪਰ ਤ੍ਰਾਸਦੀ ਇਹ ਹੈ ਕਿ ਉਸਦੇ ਅੰਗਹੀਣ ਪੁੱਤਰ ਅਤੇ ਨੂੰਹ-ਭਾਗੀਰਥ ਮਾਂਝੀ ਅਤੇ ਬਸੰਤੀ ਦੇਵੀ-ਅੱਜ ਵੀ ਅਣਦੇਖੀ ਦਾ ਸ਼ਿਕਾਰ ਹਨ। ਦਸ਼ਰਥ ਮਾਂਝੀ ਨੂੰ 'ਭਾਰਤ ਰਤਨ' ਦੇਣ ਦੀ ਮੰਗ ਰਾਜਨੀਤਕ ਰੌਲ਼-ਘਚੋਲ਼ੇ ਵਿਚ ਫਸੀ ਹੋਈ ਹੈ। ਆਪਣੀ ਤਾ-ਉਮਰ ਲੋਕਾਂ ਦੀ ਭਲਾਈ ਲਈ ਨਿਛਾਵਰ ਕਰਨ ਵਾਲੇ ਇਸ ਸਿਰੜੀ ਯੋਧੇ ਦੀ ਘਾਲਣਾ ਆਉਣ ਵਾਲੀਆਂ ਪੀੜ੍ਹੀਆਂ ਲਈ ਚਾਨਣ ਮੁਨਾਰਾ ਬਣੀ ਰਹੇਗੀ। ਅਖੀਰ ਵਿਚ ਹਾਸ਼ਮ ਸ਼ਾਹ ਦੀਆਂ ਸਤਰਾਂ ਨਾਲ ਸ਼ਰਧਾਂਜਲੀ:
ਹਾਸ਼ਮ ਫ਼ਤਿਹ ਨਸੀਬ ਤਿਨ੍ਹਾਂ
ਜਿਨ੍ਹਾਂ ਹਿੰਮਤ ਯਾਰ ਬਣਾਈ।
-ਮੋਬਾਈਲ : 89684-33500