23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਪੰਜਾਬੀ ਸਾਹਿਤ ਦੇ ਭਰ ਵਗਦੇ ਦਰਿਆ ਕਰਤਾਰ ਸਿੰਘ ਦੁੱਗਲ ਨੂੰ ਯਾਦ ਕਰਦਿਆਂ

ਅਜੀਤ ਡੈਸਕ 01-03-2026

ਜੋ ਮਨੁੱਖ ਅੱਕਦਾ, ਥੱਕਦਾ, ਯੱਕਦਾ ਨਹੀਂ, ਉਹ ਹਮੇਸ਼ਾ ਆਪਣੀ ਮੰਜ਼ਿਲ 'ਤੇ ਪਹੁੰਚਦਾ ਹੈ। ਕੋਈ ਟੀਚਾ ਰੱਖ ਕੇ ਕੀਤੀ ਨਿਰੰਤਰ ਮਿਹਨਤ ਜਿੱਤ ਦੀ ਨਿਸ਼ਾਨੀ ਹੁੰਦੀ ਹੈ। ਉੱਥੇ ਹੌਸਲਾ ਆਪਣੇ ਆਪ ਰਾਹ ਖੋਲ੍ਹਦਾ ਤੁਰਿਆ ਜਾਂਦਾ ਹੈ। ਮੈਂ, ਉਸ ਸ਼ਖ਼ਸ ਦੀ ਗੱਲ ਕਰਨ ਲੱਗਿਆ ਹਾਂ, ਜਿਨ੍ਹਾਂ ਨੇ ਲਗਾਤਾਰ ਅੱਧੀ ਸਦੀ ਪੰਜਾਬੀ ਸਾਹਿਤ ਦੀ ਸੇਵਾ ਕੀਤਾ ਹੈ। ਉਹ ਭਰ ਵਗਦਾ ਦਰਿਆ ਕਿਸੇ ਦੀ ਜਾਣ-ਪਛਾਣ ਦਾ ਮੁਥਾਜ਼ ਨਹੀਂ, ਉਹ ਹੈ, ਮਾਂ ਬੋਲੀ ਦਾ ਲਾਲ ਕਰਤਾਰ ਸਿੰਘ ਦੁੱਗਲ।
ਕਰਤਾਰ ਸਿੰਘ ਦੁੱਗਲ ਦਾ ਜਨਮ 1 ਮਾਰਚ, 1917 ਈ: ਨੂੰ ਮਾਤਾ ਸਤਵੰਤ ਕੌਰ ਦੀ ਕੁੱਖੋਂ, ਪਿਤਾ ਜੀਵਨ ਸਿੰਘ ਦੇ ਘਰ, ਰਾਵਲਪਿੰਡੀ ਦੇ ਕਸਬੇ ਧਮਿਆਲ (ਪਾਕਿਸਤਾਨ) 'ਚ ਹੋਇਆ। ਸ੍ਰੀਮਤੀ ਆਇਸ਼ਾ ਨੂੰ ਉਨ੍ਹਾਂ ਨੇ ਜੀਵਨ ਸਾਥਣ ਬਣਾਇਆ। ਡਾ. ਸੁਹੇਲ ਦੁੱਗਲ, ਉਨ੍ਹਾਂ ਦਾ ਸਪੁੱਤਰ ਹੈ। ਉਨ੍ਹਾਂ ਲਾਹੌਰ ਦੇ ਕ੍ਰਿਸਚੀਅਨ ਕਾਲਜ ਤੋਂ ਅੰਗਰੇਜ਼ੀ ਦੀ ਐਮ. ਏ. ਕੀਤੀ। ਆਲ ਇੰਡੀਆ ਰੇਡੀਓ ਵਿਚ ਉਨ੍ਹਾਂ ਨੂੰ 1942 ਈ: ਵਿਚ ਨੌਕਰੀ ਮਿਲੀ ਅਤੇ ਡਾਇਰੈਕਟਰ ਦੀ ਪਦਵੀ ਤੋਂ 1966 ਈ: 'ਚ ਸੇਵਾ ਮੁਕਤ ਹੋਏ। ਉਨ੍ਹਾਂ ਨੇ ਦੇਸ਼ ਦੀ ਵੰਡ ਸਮੇਂ ਲਾਹੌਰ ਤੋਂ ਆ ਕੇ ਜਲੰਧਰ ਰੇਡੀਓ ਸਟੇਸ਼ਨ ਸ਼ੁਰੂ ਕੀਤਾ। 1973 ਈ: ਤੱਕ ਨੈਸ਼ਨਲ ਬੁਕ ਟਰੱਸਟ ਦੇ ਡਾਇਰੈਕਟਰ ਰਹੇ। ਉਨ੍ਹਾਂ ਨੂੰ 1973 ਈ: ਤੱਕ ਭਾਰਤ ਸਰਕਾਰ ਦੇ ਸੂਚਨਾ ਤੇ ਪ੍ਰਸਾਰਨ ਮੰਤਰਾਲੇ ਦੇ ਸਲਾਹਕਾਰ ਬਣਾਈ ਰੱਖਿਆ। ਦੁੱਗਲ ਸਾਹਿਬ 5 ਸਾਲ ਰਾਜ ਸਭਾ ਦੇ ਮੈਂਬਰ ਵੀ ਰਹੇ ਅਤੇ ਉਹ ਪਿਛਲੇ ਤਿੰਨ ਦਹਾਕਿਆਂ ਦੇ ਲੱਗ ਭਗ ਪੰਜਾਬੀ ਸਾਹਿਤ ਸਭਾ ਨਵੀਂ ਦਿੱਲੀ ਦੇ ਪ੍ਰਧਾਨ ਦੇ ਅਹੁਦੇ 'ਤੇ ਬਿਰਾਜਮਾਨ ਰਹੇ।
ਕਰਤਾਰ ਸਿੰਘ ਦੁੱਗਲ ਜਿੱਥੇ ਪੰਜਾਬੀ ਮਾਂ ਬੋਲੀ ਨਾਲ ਗਹਿਰਾ ਸੰਬੰਧ ਰੱਖਦੇ ਸਨ, ਉੱਥੇ ਉਹ ਉਰਦੂ, ਅੰਗਰੇਜ਼ੀ ਅਤੇ ਹਿੰਦੀ ਵਿਚ ਵੀ ਵਧੀਆ ਲਿਖਦੇ ਸਨ। ਉਨ੍ਹਾਂ ਦੀਆਂ ਰਚਨਾਵਾਂ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿਚ ਵੀ ਅਨੁਵਾਦ ਹੋਈਆਂ। ਲੇਖਕ, ਉਨ੍ਹਾਂ ਲੇਖਕਾਂ ਵਿਚੋਂ ਇਕ ਹਨ ਜਿਨ੍ਹਾਂ ਨੇ ਪੰਜਾਬੀ ਗਲਪ ਅਤੇ ਪੰਜਾਬੀ ਕਹਾਣੀ ਦਾ ਮੁੱਢ ਬੰਨ੍ਹਿਆ। ਦੁੱਗਲ ਦੀ 'ਸਵੇਰ ਸਾਰ' ਕਹਾਣੀ ਛਪਣ ਨਾਲ ਪੰਜਾਬੀ ਸਾਹਿਤ ਜਗਤ ਵਿਚ ਬਹੁਤ ਪ੍ਰਸੰਸਾ ਹੋਈ ਅਤੇ ਫਿਰ ਇਹ ਕਹਾਣੀ ਉਰਦੂ ਵਿਚ ਵੀ ਬਹੁਤ ਸਲਾਹੀ ਗਈ ਇਸ ਕਹਾਣੀ ਨੇ ਸ਼੍ਰੀਮਤੀ ਆਇਸ਼ਾ ਨੂੰ ਦੁੱਗਲ ਸਾਹਿਬ ਦੀ ਜੀਵਨ ਸਾਥਣ ਬਣਾ ਦਿੱਤਾ।
ਲੇਖਕ ਦੀਆਂ ਪੁਸਤਕਾਂ ਦੀ ਬਹੁਤ ਲੰਬੀ ਲਿਸਟ ਹੈ, ਉਨ੍ਹਾਂ ਵਿਚ ਕੁਝ ਲਿਖ ਰਹੇ ਹਾਂ, 'ਕਿਸੁ ਪਹਿ ਖੋਲਉ ਗੱਠੜੀ' (ਸਵੈ-ਜੀਵਨੀ), 'ਇਕ ਗੀਤ ਦਾ ਜਨਮ', 'ਇਕਛਿਟ ਚਾਨਣ ਦੀ', 'ਨਵਾਂ ਘਰ', 'ਸੋਨਾਰ ਬੰਗਲਾ ਤੇ ਤਰਕਾਲਾਂ ਵੇਲੇ', 'ਹਾਲ ਮੁਰੀਦਾਂ ਦਾ', 'ਦਿਲ ਦਰਿਆ', 'ਮੈਂ ਤੋ ਪ੍ਰੇਮ ਦੀਵਾਨੀ', 'ਮੇਰਾ ਦਿਲ ਮੋੜਦੇ', 'ਫੁੱਲਾਂ ਦਾ ਸਾਥ', 'ਮਾਂ ਪਿਓ ਜਾਏ', 'ਇਕ ਦਿਲ ਵਿਕਾਊ', 'ਅੰਮੀ ਨੂੰ ਕੀ ਹੋ ਗਿਐ', 'ਸਰਦ ਪੁੰਨਿਆਂ ਦੀ ਰਾਤ', 'ਮਨ ਪ੍ਰਦੇਸੀ', 'ਜਲ ਕੀ ਪਿਆਸ ਨਾ ਜਾਇ', 'ਨਾਨਕ ਨਾਮ ਚੜ੍ਹਦੀ ਕਲਾ', 'ਕਰਾਮਾਤ', 'ਸਵੇਰ ਸਾਰ', 'ਪਿੱਪਲ ਪੱਤੀਆਂ', 'ਹੰਸਾ ਆਦਮੀ', 'ਸਭੇ ਸਾਂਝੀਵਾਲ ਸਦਾਇਨ', 'ਪਾਰੇ ਮੇਰੇ', 'ਡੰਗਰ', 'ਇਕਰਾਰਾਂ ਵਾਲੀ ਰਾਤ', 'ਫੁੱਲ ਤੋੜਨਾ ਮਨ੍ਹਾਂ ਹੈ', 'ਮਾਝਾ ਨਹੀਂ ਮੋਇਆ', 'ਸ਼੍ਰੇਸ਼ਟ ਕਹਾਣੀਆਂ', 'ਢੋਇਆ ਹੋਇਆ ਬੂਹਾ', 'ਇਕ ਅੱਖ ਇਕ ਨਜ਼ਰ' (ਨਾਟਕ), 'ਯੁੱਗ ਕਵੀ ਮੋਹਨ ਸਿੰਘ' (ਕਾਵਿ-ਬਿੰਬ), 'ਗੁਰੂ ਸਿੱਖੀ ਦਾ ਸਰਮਾਇਆ', 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ' ਦਾ ਅੰਗਰੇਜ਼ੀ ਵਿਚ ਅਨੁਵਾਦ ਚਾਰ ਜਿਲਦਾਂ ਵਿਚ ਪ੍ਰਕਾਸ਼ਿਤ ਹੋਇਆ, 'ਸਿੱਖ ਧਰਮ ਦੇ ਫਲਸਫੇ' ਬਾਰੇ ਪੁਸਤਕ (ਅੰਗਰੇਜ਼ੀ ਵਿਚ) ਉਨ੍ਹਾਂ ਦੇ 24 ਕਹਾਣੀ ਸੰਗ੍ਰਹਿ, 10 ਨਾਵਲ, 7 ਨਾਟਕ ਸੰਗ੍ਰਹਿ, 2 ਕਵਿਤਾ ਸੰਗ੍ਰਹਿ, 7 ਆਲੋਚਨਾਂ ਦੀਆਂ ਪੁਸਤਕਾਂ ਆਦਿ ਹਨ। ਉਨ੍ਹਾਂ ਦੀਆਂ ਲਾਇਬਰੇਰੀ ਆਫ ਕਾਂਗਰਸ ਵਿਚ 118 ਕਿਤਾਬਾਂ ਪਈਆਂ ਹਨ। ਲੇਖਕ ਦੀਆਂ ਕਈ ਕਿਤਾਬਾਂ ਕਈ ਯੂਨੀਵਰਸਿਟੀ ਦੇ ਗਰੈਜੂਏਸ਼ਨ ਕੋਰਸ਼ਾਂ ਵਿਚ ਲੱਗੀਆਂ ਹੋਈਆਂ ਹਨ। ਉਨ੍ਹਾਂ ਨੇ ਸੰਸਾਰ ਦੀਆਂ ਇਕ ਹਜ਼ਾਰ ਤੋਂ ਉੱਪਰ ਕਹਾਣੀਆਂ ਪੜੀਆਂ ਅਤੇ 500 ਦੇ ਲਗਭਗ ਕਹਾਣੀਆਂ ਦੀ ਰਚਨਾ ਕੀਤੀ।
ਕਰਤਾਰ ਸਿੰਘ ਦੁੱਗਲ ਬਹੁ-ਭਾਸ਼ਾਈ ਅਤੇ ਬਹੁ-ਪੱਖੀ ਲੇਖਕ ਸੀ। ਉਨ੍ਹਾਂ ਨੇ ਨਾਵਲ, ਨਾਟਕ, ਕਵਿਤਾ, ਕਹਾਣੀ ਆਲੋਚਨਾ ਤੇ ਕਲਮ ਅਜ਼ਮਾਈ ਕੀਤੀ। ਉੱਥੇ ਉੱਚ ਕੋਟੀ ਦੇ ਅਨੁਵਾਦ ਵੀ ਕੀਤੇ। ਸਾਹਿਤ ਜਗਤ ਵਿਚ ਸਭ ਤੋਂ ਵੱਧ ਸਨਮਾਨਤ ਸ਼ਖ਼ਸੀਅਤ ਸ਼ਾਇਦ ਕਰਤਾਰ ਸਿੰਘ ਦੁੱਗਲ ਹੀ ਹੋਣ। ਉਨ੍ਹਾਂ ਨੂੰ 1988 ਈ: ਵਿਚ ਭਾਰਤ ਸਰਕਾਰ ਨੇ 'ਪਦਮ ਭੂਸ਼ਣ' ਨਾਲ ਸਨਮਾਨਿਤ ਕੀਤਾ। ਪੰਜਾਬ ਸਰਕਾਰ ਨੇ ਸਰਵ-ਸ੍ਰੇਸ਼ਠ ਸਾਹਿਤਕਾਰ ਅਤੇ ਪ੍ਰਮਾਣ ਪੱਤਰ ਨਾਲ ਸਨਮਾਨ ਕੀਤਾ। ਸਾਹਿਤ ਅਕਾਦਮੀ ਪੁਰਸਕਾਰ ਵੀ ਝੋਲੀ ਪਿਆ। ਸੰਨ 2007 ਈ: ਵਿਚ ਸਾਹਿਤ ਅਕਾਦਮੀ ਨੇ ਫੈਲੋਸ਼ਿਪ ਪ੍ਰਦਾਨ ਕੀਤੀ। ਪੰਜਾਬੀ ਯੂਨੀਵਰਸਿਟੀ ਦੀ ਫੈਲੋਸ਼ਿਪ, ਗਾਲਿਬ ਸਨਮਾਨ, ਭਾਰਤੀ ਭਾਸ਼ਾ ਪ੍ਰੀਸ਼ਦ ਸਨਮਾਨ, ਸੋਵੀਅਤ ਲੈਂਡ ਇਨਾਮ, ਭਾਈ ਵੀਰ ਸਿੰਘ, ਭਾਈ ਮੋਹਨ ਸਿੰਘ ਵੈਦ ਆਦਿ ਸਨਮਾਨ ਹਾਸਲ ਹੋਏ। ਕਲੱਬਾਂ ਅਤੇ ਸਾਹਿਤ ਸਭਾਵਾਂ ਦੇ ਦਿੱਤੇ ਸਨਮਾਨਾਂ ਦੀ ਲੜੀ ਤਾਂ ਬਹੁਤ ਲੰਬੀ ਹੈ।
ਕਰਤਾਰ ਸਿੰਘ ਦੁੱਗਲ ਦੇ ਸਮਕਾਲੀ ਲੇਖਕ ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਪ੍ਰਿੰਸੀਪਲ ਸੁਜਾਨ ਸਿੰਘ, ਬਲਵੰਤ ਗਾਰਗੀ, ਪ੍ਰੋ: ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਪਿਆਰਾ ਸਿੰਘ ਦਾਤਾ ਆਦਿ ਅਤੇ ਕਾਮਰੇਡ ਜਗਜੀਤ ਸਿੰਘ ਆਨੰਦ, ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ, ਪੱਤਰਕਾਰ ਕੁਲਦੀਪ ਨਈਅਰ, ਭਾਪਾ ਪ੍ਰੀਤਮ ਸਿੰਘ ਅਤੇ ਡਾ. ਕਰਨਜੀਤ ਸਿੰਘ ਆਦਿ ਉਨ੍ਹਾਂ ਦੇ ਗੂੜ੍ਹੇ ਮਿੱਤਰ ਸਨ। ਜ਼ਾਕਿਰ ਹੁਸੈਨ ਵਿੱਦਿਅਕ ਫਾਉਂਡੇਸ਼ਨ ਅਤੇ ਰਾਜਾ ਰਾਮ ਮੋਹਨ ਰਾਇ ਲਾਇਬਰੇਰੀ ਫਾਊਂਡੇਸ਼ਨ ਉਨ੍ਹਾਂ ਦੀ ਹੀ ਦੇਣ ਹੈ।
ਕਰਤਾਰ ਸਿੰਘ ਦੁੱਗਲ 26 ਜਨਵਰੀ, 2012 ਈ: ਨੂੰ 94 ਵਰ੍ਹਿਆਂ ਦੀ ਉਮਰ ਭੋਗ ਕੇ ਸਦਾ ਦੀ ਨੀਂਦ ਸੌਂ ਗਏ। ਭਾਵੇਂ ਦੁੱਗਲ ਸਾਹਿਬ ਅੱਜ ਸਰੀਰਕ ਤੌਰ 'ਤੇ ਸਾਡੇ ਵਿਚਕਾਰ ਨਹੀਂ ਰਹੇ ਪਰ ਉਨ੍ਹਾਂ ਦਾ ਲਿਖਿਆ ਸਾਹਿਤ ਸਦਾ ਉਨ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਰੱਖੇਗਾ। ਨਵੀਂ ਪੀੜ੍ਹੀ ਨੂੰ ਉਨ੍ਹਾਂ ਦੀਆਂ ਲਿਖਤਾਂ ਤੋਂ ਸਦਾ ਪ੍ਰੇਰਨਾ ਤੇ ਸਿੱਖਿਆ ਮਿਲਦੀ ਰਹੇਗੀ।

-ਪਿੰਡ ਤੇ ਡਾਕ ਘਰ ਰਾਮਪੁਰਾ, ਤਹਿਸੀਲ ਰਾਮਪੁਰਾ ਫੂਲ, ਜ਼ਿਲ੍ਹਾ ਬਠਿੰਡਾ (ਪੰਜਾਬ)-151103 ਮੋ: 97792-9768

ਪਿਛਲੀ ਖ਼ਬਰ ਸ਼ਿਕਾਰਬੰਦੀ ਅਗਲੀ ਖ਼ਬਰ ਪਹਾੜ ਜਿੱਡੇ ਜੇਰੇ ਵਾਲਾ ਦਸ਼ਰਥ ਮਾਂਝੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।