23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਸ਼ਿਕਾਰਬੰਦੀ

ਅਜੀਤ ਡੈਸਕ 01-03-2026

ਜੰਗਲੀ ਜਾਨਵਰਾਂ ਦੀਆਂ ਕੁਝ ਇਕ ਪ੍ਰਜਾਤੀਆਂ ਦਾ ਸਰਬਨਾਸ਼ ਬਚਾਉਣ ਲਈ ਤਿਆਰ ਕੀਤੀ ਗਈ ਇਹ ਜੁਗਤ ਸਮੁੱਚੇ ਪੰਜਾਬ ਵਿਚ ਕਿਸੇ ਦੇ ਗੋਡੇ 'ਤੇ ਲੱਗੀ ਤੇ ਕਿਸੇ ਦੇ ਗਿੱਟੇ 'ਤੇ। ਸ਼ੁਰੂ-ਸ਼ੁਰੂ ਵਿਚ ਸ਼ਿਕਾਰ ਦਾ ਮਕਸਦ ਭਾਵੇਂ ਖੁਰਾਕ ਹੀ ਸੀ ਪਰ ਬਣਦੇ-ਬਣਦੇ ਇਸ ਦੀ ਸ਼ਕਲ-ਸੂਰਤ ਲੋੜ ਅਨੁਸਾਰ ਬਦਲਦੀ ਗਈ ਤੇ ਇਸ ਦੇ ਕਈ ਰੂਪ ਤੇ ਕਈ ਮਕਸਦ ਬਣ ਗਏ। ਮਨੋਰੰਜਨ ਦੀ ਦੁਨੀਆ ਵਿਚ ਜਦ ਸ਼ਿਕਾਰ ਦਾ ਪ੍ਰਵੇਸ਼ ਹੋਇਆ ਤਾਂ ਇਸ ਦਾ ਦਾਇਰਾ ਇਕਦਮ ਵਿਸ਼ਾਲ ਹੋ ਗਿਆ ਤੇ ਅਮੀਰ ਘਰਾਣੇ, ਰਾਜੇ-ਰਜਵਾੜੇ ਅਤੇ ਸਰਦਾਰਾਂ, ਚੌਧਰੀਆਂ ਦੀ ਡੀ ਵਿਚ ਜਦ ਇਸ ਦਾ ਬਾਲ ਜਾ ਡਿੱਗਿਆ ਤਾਂ ਨਵੇਂ-ਨਵੇਂ ਹਥਿਆਰ, ਨਵੇਂ-ਨਵੇਂ ਅਸਲ੍ਹੇ, ਦੂਰਬੀਨਾਂ, ਤਲਵਾਰਾਂ ਤੀਰ ਕਮਾਨਾਂ ਅਤੇ ਬਰਸ਼ਿਆਂ ਆਦਿ ਦੇ ਨਾਲ-ਨਾਲ ਸ਼ਿਕਾਰ ਵਿਚ ਘੋੜੇ, ਉਠ ਅਤੇ ਹਾਥੀਆਂ ਦਾ ਇਸਤੇਮਾਲ ਸ਼ੁਰੂ ਹੋ ਗਿਆ, ਜਿਸ ਵਿਚ ਨਵੇਂ ਰੁਜ਼ਗਾਰ ਪੈਦਾ ਹੋਏ। ਇਸ ਤੋਂ ਹੋਰ ਅੱਗੇ ਮੁਕਾਬਲਾ ਇਸ ਸ਼ੌਕ ਵਿਚ ਸ਼ਾਮਿਲ ਹੋਇਆ ਤੇ ਬਣਦੇ-ਬਣਦੇ ਇਹ ਸ਼ੌਕ ਮਸ਼ਹੂਰੀ ਅਤੇ ਸਰਦਾਰੀ ਦੇ ਰੁਤਬੇ ਤੱਕ ਪਹੁੰਚਿਆ। ਪੰਜਾਬ ਵਿਚ ਵੀ ਭਾਵੇਂ ਇਸ ਸ਼ੌਕ ਦਾ ਇਹ ਹੀ ਇਤਿਹਾਸ ਹੈ ਪਰ ਪੰਜਾਬ ਵਿਚ ਇਹ ਸ਼ੌਕ ਗੱਭਰੂ ਹੋਣ ਭਾਵ ਪ੍ਰਫੁੱਲਿਤ ਹੋਣ ਤੋਂ ਪਹਿਲਾਂ ਹੀ ਇਸ ਵਿਚ ਕਈ ਤਰੁੱਟੀਆਂ ਪੈਦਾ ਹੋ ਗਈਆਂ ਤੇ ਲੋਕਾਂ ਨੇ ਇਸ ਸ਼ੌਕ ਦਾ ਇਸਤੇਮਾਲ ਇੰਨੀ ਬੇਰਹਿਮੀ, ਇੰਨੀ ਜ਼ਿਆਦਤੀ, ਇੰਨੀ ਬਹੁਤਾਤ ਤੇ ਇੰਨੀ ਗ਼ੈਰ-ਜ਼ਿੰਮੇਵਾਰੀ ਨਾਲ ਕੀਤਾ ਕਿ ਜਾਨਵਰਾਂ ਦੀਆਂ ਕਈ ਪ੍ਰਜਾਤੀਆਂ ਨੂੰ ਪੱਤਣ ਦਿਖਾ ਦਿੱਤਾ। ਇਸ ਕਰਕੇ ਸ਼ਿਕਾਰਬੰਦੀ ਦਾ ਕਿੱਸਾ ਖੁੱਲ੍ਹਿਆ। ਮਾਸ ਦੇ ਲੋਭੀਆਂ ਨੇ ਗਰਭਵਤੀ ਜਾਨਵਰਾਂ, ਤਿੱਤਰਾਂ ਦੇ ਬਸੈਰੇ ਉਜਾੜ ਦਿੱਤੇ ਹਿਰਨ, ਖਰਗੋਸ਼ , ਤਿੱਤਰ, ਬਟੇਰ, ਭਟਿੱਟਰ, ਕੂੰਜ ਆਦਿ ਪ੍ਰਜਾਤੀਆਂ ਨੂੰ ਇੱਥੋਂ ਤੱਕ ਕਿ ਪ੍ਰਵਾਸੀ ਪੰਛੀਆਂ ਨੂੰ ਵੀ ਨਹੀਂ ਬਖ਼ਸ਼ਿਆ, ਜਿਸ ਕਰਕੇ ਸ਼ਿਕਾਰ 'ਤੇ ਪਹਿਲਾਂ ਕੁਝ ਪਾਬੰਦੀਆਂ ਲੱਗੀਆਂ ਤੇ ਫਿਰ ਮੁਕੰਮਲ ਸ਼ਿਕਾਰਬੰਦੀ ਹੋ ਗਈ। ਸ਼ਿਕਾਰਬੰਦੀ ਨਾਲ ਜੰਗਲੀ ਜਾਨਵਰਾਂ ਦਾ ਕੁਝ ਹੱਦ ਤੱਕ ਫਾਇਦਾ ਤਾਂ ਹੋਇਆ, ਪਰ ਪੰਜਾਬੀਆਂ ਦਾ ਅਤੇ ਪੰਜਾਬੀਅਤ ਦਾ ਜੋ ਨੁਕਸਾਨ ਹੋਇਆ, ਉਸ ਵੱਲ ਝਾਤ ਮਾਰਨੀ ਵੀ ਜ਼ਰੂਰੀ ਹੋਵੇਗੀ। ਪੰਜਾਬੀਆਂ ਦਾ ਸਿਰਤਾਜ ਸ਼ੌਕ ਸ਼ਿਕਾਰ, ਪੰਜਾਬੀਆਂ ਦਾ ਜੱਦੀ-ਪੁਸ਼ਤੀ ਹਥਿਆਰ ਰੱਖਣ ਦਾ ਸ਼ੌਕ ਤੇ ਸਭ ਤੋਂ ਉਪਰ ਪੰਜਾਬੀਆਂ ਦੀ ਸਵੈ-ਰੱਖਿਆ ਪ੍ਰਤੀ ਸਿਖਲਾਈ ਵਿਚ ਭਾਰੀ ਨਿਘਾਰ ਆਇਆ। ਸ਼ਿਕਾਰਬੰਦੀ ਤੋਂ ਪਹਿਲਾਂ ਪੰਜਾਬੀਆਂ ਦੇ ਬਹੁਤੇ ਘਰਾਂ ਵਿਚ ਹਥਿਆਰ ਹੁੰਦੇ ਸਨ, ਖੁੱਲ੍ਹੇ ਅਸਲ੍ਹੇ ਹੁੰਦੇ ਸਨ। ਸ਼ਿਕਾਰ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਹਥਿਆਰ ਰੱਖਣ, ਹਥਿਆਰ ਚੁੱਕਣ ਤੇ ਹਥਿਆਰ ਵਰਤਣ ਦੀ ਪੂਰੀ ਜਾਣਕਾਰੀ ਸੀ ਤੇ ਉਨ੍ਹਾਂ ਦਾ ਰੁਤਬਾ ਆਮ ਜਨਤਾ ਤੋਂ ਉੱਚਾ ਹੁੰਦਾ ਸੀ, ਜਿਸ ਗਲੀ-ਮੁਹੱਲੇ ਵਿਚ ਹਥਿਆਰਬੰਦ ਪੰਜਾਬੀ ਰਹਿੰਦਾ ਸੀ, ਉਹ ਸਾਰਾ ਮੁਹੱਲਾ ਸੁਰੱਖਿਅਤ ਮਹਿਸੂਸ ਕਰਦਾ ਸੀ ਤੇ ਦੁਸ਼ਮਣ, ਚੋਰ-ਉਚੱਕਾ ਉਸ ਖੇਤਰ ਵਿਚ ਵੜਨ ਤੋਂ ਡਰਦਾ ਸੀ। ਜ਼ਿਕਰਯੋਗ ਹੈ ਕਿ ਸ਼ਿਕਾਰ ਇਕ ਮੁਕੰਮਲ ਫ਼ੌਜੀ ਸਿਖਲਾਈ ਹੈ, ਜਿਸ ਵਿਚ ਲੁਕ-ਛਿਪ ਕੇ ਜਾਨਵਰ ਤੱਕ ਪਹੁੰਚ ਕਰਨਾ, ਹਥਿਆਰ ਚੁੱਕ ਕੇ ਮੀਲੋ-ਮੀਲ ਤੁਰਨਾ, ਦੌੜਨਾ ਤੇ ਰੁੜ੍ਹਨਾ ਆਦਿ ਸ਼ਾਮਿਲ ਹੁੰਦਾ ਹੈ। ਜਾਨਵਰ ਦੇ ਨਜ਼ਦੀਕ ਜਾਣਾ ਤੇ ਆਪਣੇ-ਆਪ ਨੂੰ ਲੁਕਾ-ਛਿਪਾ ਕੇ ਰੱਖਣਾ, ਸ਼ੇਰ ਚੀਤੇ ਆਦਿ ਦੇ ਸ਼ਿਕਾਰ ਵਿਚ ਆਪਣਾ ਬਚਾਓ ਕਰਨਾ, ਹਥਿਆਰ ਚਲਾਉਣਾ, ਨਿਸ਼ਾਨਾ ਲਗਾਉਣਾ ਆਦਿ ਆਦਿ ਸਾਰੀ ਉਹੀ ਸਿਖਲਾਈ ਹੈ ਜੋ ਫ਼ੌਜੀਆਂ ਨੂੰ ਦੁਸ਼ਮਣ ਨਾਲ ਟੱਕਰ ਲੈਣ ਵਾਸਤੇ ਦਿੱਤੀ ਜਾਂਦੀ ਹੈ। ਇਸ ਸਿਖਲਾਈ ਨਾਲ ਸਵੈ-ਰੱਖਿਆ ਅਤੇ ਹਮਲਾ ਕਰਨ ਦੀ ਸਮਰੱਥਾ ਵੱਧਦੀ ਹੈ। ਸ਼ਿਕਾਰਬੰਦੀ ਕਰਕੇ ਇਹ ਸਿਖਲਾਈ, ਖਤਮ ਹੋ ਗਈ, ਜਿਸ ਨਾਲ ਹਥਿਆਰ ਅਤੇ ਅਸਲ੍ਹੇ ਰੱਖਣ ਦੀ ਜ਼ਰੂਰਤ ਖ਼ਤਮ ਹੋ ਗਈ, ਲੋਕਾਂ ਨੇ ਹਥਿਆਰ ਵੇਚ-ਵੱਟ ਲਏ ਜਾਂ ਥਾਣੇ ਜਮ੍ਹਾਂ ਕਰਵਾ ਦਿੱਤੇ। ਕਈਆਂ ਨੇ ਪੇਟੀਆਂ ਵਿਚ ਸਾਂਭ ਕੇ ਰੱਖ ਲਏ ਤੇ ਜਿੰਦਰੇ ਲਗਾ ਦਿੱਤੇ। ਹੰਗਾਮੀ ਹਾਲਤ ਵਿਚ ਸਾਨੰ ਘਰ ਵਿਚ ਪਈ ਬੰਦੂਕ ਨਹੀਂ ਲੱਭਦੀ ਤੇ ਜੇ ਬੰਦੂਕ ਲੱਭ ਜਾਵੇ ਤਾਂ ਕਾਰਤੂਸ ਨਹੀਂ ਲੱਭਦੇ। ਉਧਰ ਨਵੇਂ ਲਾਇਸੰਸ ਵੀ ਹੁਣ ਨਹੀਂ ਮਿਲਦੇ, ਇਕ ਬੰਦੂਕ ਨਾਲ ਪੰਜ ਕਾਰਤੂਸ ਰੱਖਣ ਦੀ ਇਜਾਜ਼ਤ ਰਹਿ ਗਈ ਹੈ, ਯਾਨਿ ਕਿ ਸ਼ਿਕਾਰ ਦੇ ਸ਼ੌਕ ਦਾ ਹੁਣ ਪੂਰਨ ਭੋਗ ਪੈ ਚੁੱਕਾ ਹੈ। ਨਵੀਂ ਪੀੜ੍ਹੀ ਨੂੰ ਹਥਿਆਰ ਵਰਤਣਾ ਤਾਂ ਕੀ, ਹਥਿਆਰ ਖੋਲ੍ਹਣਾ ਵੀ ਨਹੀਂ ਆੳਂੁਦਾ। ਕਾਨੂੰਨ ਨੇ ਹਥਿਆਰ ਨੂੰ ਹੱਥ ਲਾਉਣਾ ਵੀ ਅਪਰਾਧ ਬਣਾ ਦਿੱਤਾ ਹੈ, ਜਿਸ ਨਾਲ ਸਾਡੀ ਨਵੀਂ ਪੀੜ੍ਹੀ ਸਵੈ-ਰੱਖਿਆ ਤੋਂ ਅਪਾਹਜ ਹੋ ਗਈ ਹੈ। ਸਾਡੇ ਘਰਾਂ ਵਿਚ ਜੇ ਸੱਪ ਨਿਕਲ ਆਵੇ ਤਾਂ ਅੱਜ ਦਾ ਜਵਾਨ ਡਰਦਾ ਮਾਰਾ ਮੰਜੇ 'ਤੇ ਚੜ੍ਹ ਜਾਂਦਾ ਹੈ ਤੇ ਬਾਹਰ ਗਲੀ ਵਿਚ ਫਿਰਦੇ ਲੋਕਾਂ ਨੂੰ ਆਵਾਜ਼ਾਂ ਮਾਰਦਾ ਹੈ ਕਿ ਆ ਕੇ ਸੱਪ ਨੂੰ ਘਰ ਵਿਚੇ ਕੱਢੋ। ਕਹਿਣਾ ਮੈਂ ਇਹ ਚਾਹੁੰਦਾ ਹਾਂ ਕਿ ਹਰ ਜੀਵੜਾ ਮਰਦ ਨਹੀਂ ਹੁੰਦਾ। ਮਰਦ ਉਸ ਨੂੰ ਕਹਿੰਦੇ ਹਨ ਜੋ ਆਪਣੀ ਰੱਖਿਆ ਦੇ ਨਾਲ-ਨਾਲ ਆਪਣਿਆਂ ਦੀ ਰੱਖਿਆ ਦਾ ਫ਼ਰਜ਼ ਨਿਭਾਉਣ ਦੇ ਕਾਬਿਲ ਹੋਵੇ, ਦੁਸ਼ਮਣ ਲਈ ਵੰਗਾਰ ਹੋਵੇ ਤੇ ਹਰ ਆਲੇ-ਦੁਆਲੇ ਲਈ ਸੁਰੱਖਿਆ ਦਾ ਕਵਚ ਹੋਵੇ। ਸਵੈ-ਰੱਖਿਆ ਦੀ ਸਿਖਲਾਈ ਤੇ ਹਥਿਆਰ ਰੱਖਣ ਦੀ ਸਮਰੱਥਾ ਦੀ ਸਾਨੂੰ ਹੋਰ ਵੀ ਵੱਧ ਲੋੜ ਇਸ ਲਈ ਹੈ ਕਿਉਂਕਿ ਸਾਡਾ ਗੁਆਂਢੀ ਮੁਲਕ ਕਿਸੇ ਵੀ ਵੇਲੇ ਸਾਡਾ ਇਮਤਿਹਾਨ ਲੈਣ ਲਈ ਤਿਆਰ ਬੈਠਾ ਹੈ। ਸ਼ਿਕਾਰ ਵਾਲੇ ਖੁੱਲ੍ਹਮ-ਖੁੱਲ੍ਹੇ ਮਾਹੌਲ ਨੂੰ ਦਰਸਾਉਂਦੀਆਂ ਆਪਣੀਆਂ ਦੋ ਤਸਵੀਰਾਂ ਮੈਂ ਇਸ ਲੇਖ ਨਾਲ ਸ਼ਾਮਿਲ ਕਰ ਦਿੱਤੀਆਂ ਹਨ।

-ਐਡਵੋਕੇਟ ਫਿਲੌਰ, ਵਾਸੀ ਥੰਮਣਵਾਲ।
-ਮੋਬਾਈਲ : 98722-56005

ਪਿਛਲੀ ਖ਼ਬਰ ਬਹੁਕਲਾਵਾਂ ਦਾ ਸੁੰਦਰ ਸੁਮੇਲ ਹੈ-ਸ਼ਮਸ਼ੇਰ ਸੰਧੂ ਅਗਲੀ ਖ਼ਬਰ ਪੰਜਾਬੀ ਸਾਹਿਤ ਦੇ ਭਰ ਵਗਦੇ ਦਰਿਆ ਕਰਤਾਰ ਸਿੰਘ ਦੁੱਗਲ ਨੂੰ ਯਾਦ ਕਰਦਿਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।