23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਬਹੁਕਲਾਵਾਂ ਦਾ ਸੁੰਦਰ ਸੁਮੇਲ ਹੈ-ਸ਼ਮਸ਼ੇਰ ਸੰਧੂ

ਅਜੀਤ ਡੈਸਕ 01-03-2026

ਸ਼ਮਸ਼ੇਰ ਸੰਧੂ ਕਈ ਸਾਰੀਆਂ ਸਾਹਿਤਕ ਕਲਾਵਾਂ ਦਾ ਸੁੰਦਰ ਸੁਮੇਲ ਆਖਿਆ ਜਾ ਸਕਦਾ ਹੈ। ਆਪਣੇ ਕਿਸੇ ਪ੍ਰਸ਼ੰਸਕ ਲਈ ਉਹ ਅਮਰ ਗਾਇਕ ਸੁਰਜੀਤ ਬਿੰਦਰਖੀਆ ਵਲੋਂ ਗਾਏ ਗਏ ਸੁਪ੍ਰਸਿੱਧ ਗੀਤਾਂ ਦਾ ਸਿਰਜਕ ਹੈ, ਕਿਸੇ ਹੋਰ ਲਈ ਉਹ ਲਾਜਵਾਬ ਕਹਾਣੀ ਸੰਗ੍ਰਿਹ 'ਕੋਈ ਦਿਉ ਜਵਾਬ' ਦਾ ਸੂਝਵਾਨ ਰਚੇਤਾ ਹੈ ਤੇ ਕਿਸੇ ਪਾਠਕ ਲਈ ਉਹ ਪਾਸ਼ ਨਾਲ ਸੰਬੰਧਿਤ ਯਾਦਾਂ ਬਾਰੇ ਲਿਖੇ ਦਿਲਚਸਪ ਤੇ ਯਾਦਗਾਰੀ ਲੇਖਾਂ ਦਾ ਘਾੜਾ ਹੈ। ਸ਼ਮਸ਼ੇਰ ਸੰਧੂ ਦਾ ਪਿੰਡ ਸਿੱਧਵਾਂ ਬੇਟ ਦੀ ਜੂਹ ਨਾਲ ਲਗਦਾ ਮਦਾਰਪੁਰਾ ਹੈ ਤੇ ਉਸ ਦਾ ਜਨਮ ਜਗਰਾਉਂ ਦੇ ਐਨ ਨੇੜੇ ਘੁੱਗ ਵਸਦੇ ਪਿੰਡ ਮਾਣੂੰਕੇ ਦਾ ਹੈ। ਸੰਨ 1978 ਵਿਚ ਉਸ ਨੇ ਚੰਡੀਗੜ੍ਹ ਤੋਂ ਛਪਦੇ 'ਪੰਜਾਬੀ ਟ੍ਰਿਬਿਊਨ' ਅਖ਼ਬਾਰ ਲਈ ਬਤੌਰ ਉਪ ਸੰਪਾਦਕ ਸੇਵਾ ਆਰੰਭ ਕਰ ਦਿੱਤੀ।
5 ਮਾਰਚ, 1951 ਨੂੰ ਪਿੰਡ ਮਦਾਰਪੁਰੇ ਵਿਖੇ ਜਨਮੇ ਸ਼ਮਸ਼ੇਰ ਸੰਧੂ ਨੇ ਨਿੱਕੀ ਉਮਰੇ ਹੀ ਲਿਖ਼ਣ ਦੀ ਸ਼ੁਰੂਆਤ 'ਸੈਨਿਕ ਸਮਾਚਾਰ' ਨਾਮਕ ਰਸਾਲੇ ਤੋਂ ਕੀਤੀ। ਉਹ ਅਸਲ ਵਿਚ ਕਹਾਣੀ ਦਾ ਮੁਰੀਦ ਸੀ ਤੇ ਉਸ ਦੀਆਂ ਕਹਾਣੀਆਂ ਸੰਸਾਰ ਪ੍ਰਸਿੱਧ ਪੰਜਾਬੀ ਕਵਿੱਤਰੀ ਤੇ ਲੇਖਿਕਾ ਅੰਮ੍ਰਿਤਾ ਪ੍ਰੀਤਮ ਦੇ ਰਸਾਲੇ 'ਨਾਗਮਣੀ' ਦਾ ਸ਼ਿੰਗਾਰ ਬਣਨ ਲੱਗ ਪਈਆਂ। ਉਸ ਦਾ ਰਚਿਆ ਕਹਾਣੀ ਸੰਗ੍ਰਹਿ 'ਕੋਈ ਦਿਉ ਜਵਾਬ', 'ਦ੍ਰਿਸ਼ਟੀ ਪ੍ਰਕਾਸ਼ਨ' ਨੇ ਪ੍ਰਕਾਸ਼ਿਤ ਕੀਤਾ ਸੀੇ। ਉਸ ਦੀ ਕਲਮ ਤੋਂ ਰਚੀਆਂ ਗਈਆਂ 'ਭੂਆ ਖ਼ਤਮ ਕੌਰ', 'ਗੱਛਾ ਨਚਾਰ', 'ਥਿੜਕਦੇ ਪੈਰ' ਆਦਿ ਬਾਕਮਾਲ ਕਹਾਣੀਆਂ ਹਨ।
ਪਿੱਛੋਂ ਸੰਧੂ ਨੇ ਕਵਿਤਾ ਰਚਣੀ ਅਰੰਭ ਕਰ ਦਿੱਤੀ ਤੇ ਛੇਤੀ ਹੀ ਆਪਣਾ ਕਾਵਿ ਸੰਗ੍ਰਹਿ 'ਕਿੱਥੇ ਖੋ ਗਏ ਚੱਜ ਦੇ ਬੰਦੇ' ਲੈ ਕੇ ਉਹ ਪਾਠਕਾਂ ਦੇ ਰੂਬਰੂ ਹੋ ਗਿਆ। ਫਿਰ ਉਸ ਨੇ ਆਪਣੀ ਕਲਮ ਦਾ ਰੁਖ਼ ਰੇਖਾ ਚਿੱਤਰਾਂ ਵੱਲ ਨੂੰ ਮੋੜ ਦਿੱਤਾ ਤੇ 'ਲੋਕ ਸੁਰਾਂ' ਅਤੇ ਪੁਸਤਕ 'ਸੁਰ ਦਰਿਆਉਂ ਪਾਰ ਦੇ' ਵੀ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ।
ਸੰਧੂ ਦੇ ਵਿਦਿਆਰਥੀ ਜੀਵਨ ਦੀ ਇਕ ਬੜੀ ਹੀ ਦਿਲਚਸਪ ਗੱਲ ਇਹ ਹੈ ਕਿ ਉਸ ਨੇ ਕਾਲਜ ਦੀ ਪੜ੍ਹਾਈ ਦੌਰਾਨ ਦੋ ਬੜੇ ਹੀ ਵਿਕੋਲਿਤਰੇ ਸ਼ੌਕ ਪਾਲ ਲਏ ਸਨ। ਉਸ ਦਾ ਪਹਿਲਾ ਸ਼ੌਕ ਸੀ ਚੋਟੀ ਦਾ ਭਲਵਾਨ ਬਣਨਾ ਤੇ ਇਸ ਸ਼ੌਕ ਦੀ ਪੂਰਤੀ ਲਈ ਉਸ ਨੇ ਮਨ ਹੀ ਮਨ ਸੰਸਾਰ ਪ੍ਰਸਿੱਧ ਪਹਿਲਵਾਨ ਦਾਰਾ ਸਿੰਘ ਨੂੰ ਆਪਣਾ ਉਸਤਾਦ ਵੀ ਧਾਰ ਲਿਆ ਸੀ। ਉਸ ਨੇ ਆਪਣੇ ਕਮਰੇ ਵਿਚ ਦਾਰਾ ਸਿੰਘ ਦੀ ਤਸਵੀਰ ਲਗਾਈ ਹੋਈ ਸੀ ਜਿਸਦੇ ਮੂਹਰੇ ਉਹ ਹਰ ਰੋਜ਼ ਧੂਫ਼ ਬੱਤੀ ਵੀ ਕਰਿਆ ਕਰਦਾ ਸੀ। ਉਸ ਦਾ ਦੂਜਾ ਸ਼ੌਕ, ਉਸ ਦੇ ਪਹਿਲੇ ਸ਼ੌਕ ਤੋਂ ਬਿਲਕੁਲ ਉਲਟ ਸੀ ਤੇ ਉਹ ਸ਼ੌਕ ਸੀ ਗਾਇਕ ਬਣਨਾ। ਉਹ ਅਕਸਰ ਹੀ ਉਸਤਾਦ ਗਾਇਕ ਲਾਲ ਚੰਦ ਯਮਲਾ ਜੱਟ ਹੁਰਾਂ ਦੇ ਡੇਰੇ ਜਾ ਬਹਿੰਦਾ ਤੇ ਤੂੰਬੀ 'ਤੇ ਪੋਟੇ ਫੇਰਦਿਆਂ ਕੋਈ ਮਿੱਠਾ ਜਿਹਾ ਗੀਤ ਗੁਣਗੁਣਾਉਣ ਲਗ ਜਾਂਦਾ।
ਸੋ ਇੰਜ ਅੱਲ੍ਹੜ ਵਰ੍ਹੇਸ ਤੋਂ ਚੱਲ ਕੇ ਕਹਾਣੀ, ਕਵਿਤਾ, ਪਹਿਲਵਾਨੀ ਅਤੇ ਗਾਇਕੀ ਦੀਆਂ ਵਿਧਾਵਾਂ ਵਿਚ ਆਪਣੀ ਪ੍ਰਪੱਕਤਾ ਦਰਸਾਉਣ ਮਗਰੋਂ ਸ਼ਮਸ਼ੇਰ ਸੰਧੂ ਨੇ ਗੀਤਕਾਰੀ ਦੀ ਵਿਧਾ ਵਿਚ ਕੋਈ ਕਰਿਸ਼ਮਾ ਕਰਨ ਦੀ ਸੋਚੀ ਉਸ ਦੇ ਰਚੇ ਸਰਲ ਸ਼ਬਦਾਵਲੀ ਤੇ ਠੁੱਕਦਾਰ ਬੋਲੀ ਵਾਲੇ ਤੇ ਲੋਕ ਮੁਹਾਵਰਿਆਂ ਅਤੇ ਠੇਠ ਅਲੰਕਾਰਾਂ ਭਰਪੂਰ ਗੀਤ ਛੇਤੀ ਹੀ ਬੱਚੇ-ਬੱਚੇ ਦੀ ਜ਼ੁਬਾਨ 'ਤੇ ਚੜ੍ਹ ਗਏ ਤੇ ਹਰੇਕ ਹੱਟੀ-ਭੱਠੀ ਤੇ ਗੁਣਗੁਣਾਏ ਜਾਣ ਲੱਗ ਪਏ।
ਸ਼ਮਸ਼ੇਰ ਸੰਧੂ ਦੀ ਭਾਵਪੂਰਤ ਗੀਤਕਾਰੀ ਨੂੰ ਜਦ ਸੰਗੀਤਕਾਰ ਅਤੁਲ ਸ਼ਰਮਾ ਦੇ ਸੁਰੀਲੇ ਸੰਗੀਤ ਅਤੇ ਗਾਇਕ ਸੁਰਜੀਤ ਬਿੰਦਰਖੀਆ ਦੀ ਬੁਲੰਦ ਆਵਾਜ਼ ਦਾ ਸਾਥ ਮਿਲਿਆਂ ਤਾਂ ਪੰਜਾਬੀ ਸੰਗੀਤ ਜਗਤ ਵਿਚ ਅਜਿਹੇ ਸ਼ਾਨਦਾਰ ਤੇ ਯਾਦਗਾਰੀ ਗੀਤ ਬਣੇ ਜੋ ਪੰਜਾਬੀ ਗੀਤ-ਸੰਗੀਤ ਦੇ ਇਤਿਹਾਸ ਵਿਚ ਸੁਨਹਿਰੀ ਅੱਖਰਾਂ ਨਾਲ ਦਰਜ ਹੋ ਗਏ। ਪੰਜਾਬੀ ਸੰਗੀਤ ਦੀ ਇਸ ਤ੍ਰਿਵੇਣੀ ਨੇ ਲਗਾਤਾਰ 15 ਸਾਲ ਤੱਕ ਪੰਜਾਬੀ ਸੰਗੀਤ ਜਗਤ ਨੂੰ ਆਪਣੀ ਕਲਾ ਦੇ ਮਿੱਠੇ ਤੇ ਸੁਰੀਲੇ ਜਲ ਨਾਲ ਸਰਾਬੋਰ ਕੀਤਾ ਸੀ। ਸ਼ਮਸ਼ੇਰ ਦਾ ਪਹਿਲਾ ਗੀਤ ਸੁਰਿੰਦਰ ਛਿੰਦਾ ਦੀ ਬੁਲੰਦ ਆਵਾਜ਼ ਵਿਚ ਰਿਕਾਰਡ ਹੋਇਆ ਸੀ। ਫਿਰ ਸੁਰੀਲੇ ਗਾਇਕ ਸਰਦੂਲ ਸਿਕੰਦਰ ਦੀ ਆਵਾਜ਼ ਵਿਚ ਸੰਧੂ ਦੇ ਗੀਤ 'ਡਿਸਕੋ ਬੁਖ਼ਾਰ' ਦੀ ਮਕਬੂਲੀਅਤ ਨੇ ਪੰਜਾਬੀ ਗੀਤਕਾਰੀ ਦੇ ਅੰਬਰ ਤੇ ਸੰਧੂ ਦੀ ਗੁੱਡੀ ਸੱਤਵੇਂ ਅਸਮਾਨ 'ਤੇ ਚਾੜ੍ਹ ਦਿੱਤੀ। ਉਸ ਤੋਂ ਬਾਅਦ ਤਾਂ ਫਿਰ ਚੱਲ ਸੋ ਚੱਲ।
ਸੰਧੂ ਨੇ ਆਪਣੇ ਗੀਤਾਂ ਵਿਚ ਜਿੱਥੇ ਜੋਬਨਮੱਤੇ ਗੱਭਰੂਆਂ ਤੇ ਮੁਟਿਆਰਾਂ ਦੇ ਮਨਾਂ ਦੇ ਵਲਵਲਿਆਂ ਦੀ ਬਾਤ ਪਾਈ ਹੈ ਉਥੇ ਹੀ ' ਮਾਂ ਮੈਂ ਮੁੜ ਨਹੀਂ ਪੇਕੇ ਆਉਣਾ, ਪੇਕੇ ਹੁੰਦੇ ਮਾਵਾਂ ਨਾਲ ' ਜਿਹਾ ਗੀਤ ਲਿਖ਼ ਕੇ ਉਹ ਧੀਆਂ ਧਿਆਣੀਆਂ ਵਿਚ ਵੀ ਸਤਿਕਾਰ ਦਾ ਪਾਤਰ ਬਣਿਆ। ਸੰਧੂ ਦੇ ਲਾਜਵਾਬ ਗੀਤਾਂ ਦੀ ਜੇ ਗੱਲ ਕੀਤੀ ਜਾਵੇ ਤਾਂ 'ਤੇਰੇ 'ਚ ਤੇਰਾ ਯਾਰ ਬੋਲਦਾ', 'ਦੁਪੱਟਾ ਤੇਰਾ ਸੱਤ ਰੰਗ ਦਾ', 'ਸੰਮੀ ਮੇਰੀ ਵਾਰ', 'ਦਿਲ ਦੀ ਛਤਰੀ', 'ਤੇਰਾ ਵਿਕਦਾ ਜੈ ਕੁਰੇ ਪਾਣੀ', 'ਪੇਕੇ ਹੁੰਦੇ ਮਾਵਾਂ ਨਾਲ', 'ਵੇ ਤੂੰ ਕਿਹਦਾ ਚੇਲਾ ਕਿੱਥੋਂ ਦਾ ਫ਼ਕੀਰ ਜੋਗੀਆ', 'ਗੁੰਮ ਗਈਆਂ ਜਵਾਨੀਆਂ', 'ਵੇ ਮੈਂ ਤਿੜਕੇ ਘੜੇ ਦਾ ਪਾਣੀ, ਕੱਲ੍ਹ ਤੱਕ ਨਹੀਂ ਰਹਿਣਾ' ਅਤੇ 'ਨਾ ਧੁੱਪ ਰਹਿਣੀ ਨਾ ਛਾਂ ਬੰਦਿਆ' ਆਦਿ ਹਨ। ਇਕੱਲੇ ਸੁਰਜੀਤ ਬਿੰਦਰਖੀਏ ਨੇ ਹੀ ਸੰਧੂ ਦੇ ਰਚੇ 137 ਗੀਤ ਗਾਏ ਸਨ। ਸੰਧੂ ਨੂੰ ਇਹ ਵੀ ਸ਼ਰਫ਼ ਹਾਸਿਲ ਹੈ ਕਿ ਉਸ ਦੇ ਲਿਖੇ ਗੀਤਾਂ ਨੂੰ ਪੰਜਾਬੀ ਸੰਗੀਤ ਜਗਤ ਦੇ ਉੱਘੇ ਫ਼ਨਕਾਰਾਂ ਜਨਾਬ ਗੁਰਦਾਸ ਮਾਨ, ਹਾਕਮ ਸੂਫ਼ੀ, ਕੁਲਦੀਪ ਮਾਣਕ, ਹੰਸ ਰਾਜ ਹੰਸ, ਰੰਜਨਾ, ਬਲਕਾਰ ਸਿੱਧੂ, ਨਛੱਤਰ ਗਿੱਲ, ਦਿਲਸ਼ਾਦ ਅਖ਼ਤਰ, ਕਲੇਰ ਕੰਠ, ਮਾਸਟਰ ਸਲੀਮ, ਸਰਬਜੀਤ ਚੀਮਾ, ਪੰਮੀ ਬਾਈ, ਮਨਮੋਹਣ ਵਾਰਿਸ, ਸਾਬਰਕੋਟੀ, ਰਣਜੀਤ ਮਣੀ, ਅਮਰ ਨੂਰੀ, ਸਰਬਜੀਤ ਕੋਕੇ ਵਾਲੀ, ਗੁਰਬਖ਼ਸ਼ ਸ਼ੌਂਕੀ, ਮਨਿੰਦਰ ਮੰਗਾ, ਭਿੰਦਾ ਜੱਟ, ਅਜੀਤਪਾਲ ਜੀਤੀ ਅਤੇ ਸੁਰਜੀਤ ਬਿੰਦਰਖੀਆ ਦੇ ਹੋਣਹਾਰ ਫ਼ਰਜ਼ੰਦ ਗੀਤਾਂਜ ਬਿੰਦਰਖੀਆ ਆਦਿ ਨੇ ਆਪਣੀਆਂ ਸੁਰੀਲੀਆਂ ਆਵਾਜ਼ਾਂ ਦਾ ਜਾਮਾ ਪਹਿਨਾਇਆ ਹੈ। ਇਥੇ ਹੀ ਬਸ ਨਹੀਂ ਪੰਜਾਬੀ ਫ਼ਿਲਮ ਜਗਤ ਦੀ ਕੌਮੀ ਪੁਰਸਕਾਰ ਜੇਤੂ ਫ਼ਿਲਮ 'ਕਚਹਿਰੀ' ਦੇ ਸਫ਼ਲ ਗੀਤ ਰਚਣ ਦਾ ਸਿਹਰਾ ਵੀ ਸੰਧੂ ਦੇ ਸਿਰ ਹੀ ਬੱਝਦਾ ਹੈ। ਉਸ ਦੇ ਰਚੇ ਨਗ਼ਮੇ 'ਰੱਬ ਦੀਆਂ ਰੱਖਾਂ', 'ਇਸ਼ਕ ਨਚਾਵੇ ਗਲੀ ਗਲੀ' ਅਤੇ 'ਬਦਲਾ ਜੱਟੀ ਦਾ' ਆਦਿ ਪੰਜਾਬੀ ਫ਼ਿਲਮਾਂ ਦਾ ਵੀ ਸ਼ਿੰਗਾਰ ਬਣੇ ਹਨ। ਪੰਜਾਬੀ ਸਿਨੇਮਾ ਦੀ ਸੁਪਰਹਿਟ ਫ਼ਿਲਮ 'ਪੁੱਤ ਜੱਟਾਂ ਦੇ' ਵਿਚ ਸ਼ਾਮਿਲ ਸੁਰਿੰਦਰ ਛਿੰਦਾ ਅਤੇ ਨਰਿੰਦਰ ਬੀਬਾ ਦੀਆਂ ਆਵਾਜ਼ਾਂ ਵਿਚ ਗਾਇਆ ਹੋਇਆ ਟੱਪਿਆਂਨੁਮਾ ਗੀਤ ਵੀ ਸੰਧੂ ਦੀ ਹੀ ਕਲਮ ਤੋਂ ਜਨਮਿਆ ਹੈ।
ਇੱਕੋ ਵੇਲੇ ਹੀ ਕਈ ਕਲਾਵਾਂ ਤੇ ਵਿਧਾਵਾਂ ਵਿਚ ਮੁਹਾਰਤ ਰੱਖਣ ਵਾਲਾ ਸਾਹਿਤਕਾਰ ਸ਼ਮਸ਼ੇਰ ਸੰਧੂ ਇਕ ਵਧੀਆ ਐਂਕਰ ਤੇ ਪ੍ਰਭਾਵਸ਼ਾਲੀ ਬੁਲਾਰਾ ਵੀ ਹੈ। ਉਸ ਨੇ ਸੱਤ ਸਾਲ ਤੱਕ ਦੂਰਦਰਸ਼ਨ ਜਲੰਧਰ ਤੋਂ ਨਵੇਂ ਸਾਲ ਦੇ ਵਿਸ਼ੇਸ਼ ਪ੍ਰੋਗਰਾਮ ਬਤੌਰ ਐਂਕਰ ਬਾਖ਼ੂਬੀ ਪੇਸ਼ ਕੀਤੇ ਹਨ। ਸੰਨ 1999 ਵਿਚ ਨਵੇਂ ਸਾਲ ਦੇ ਵਿਸ਼ੇਸ਼ ਪ੍ਰੋਗਰਾਮ 'ਫ਼ੁਲਕਾਰੀ' ਵਿਚ ਸ਼ਾਮਿਲ ਗੀਤ 'ਤੇਰੇ 'ਚ ਤੇਰਾ ਯਾਰ ਬੋਲਦਾ' ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ। ਗਾਇਕ ਬੱਬੂ ਮਾਨ ਦੀ ਕੰਪਨੀ ਪੁਆਇੰਟ ਜ਼ੀਰੋ ਨੇ ਵੀ ਨਵੇਂ ਸਾਲ ਸੰਬੰਧੀ 'ਆਓ ਸਾਰੇ ਨੱਚੀਏ' ਸਿਰਲੇਖ ਹੇਠ ਤਿੰਨ ਸਾਲ ਤੱਕ ਵਿਸ਼ੇਸ਼ ਪ੍ਰੋਗਰਾਮ ਰਿਕਾਰਡ ਕਰਵਾ ਕੇ ਪ੍ਰਸਾਰਿਤ ਕੀਤੇ ਸਨ। ਨਸ਼ਿਆਂ ਦੀ ਦਲਦਲ ਵਿਚ ਧਸਦੀ ਜਾ ਰਹੀ ਪੰਜਾਬ ਦੀ ਨੌਜਵਾਨੀ ਲਈ ਸੰਧੂ ਦੀ ਕਲਮ ਬਹੁਤ ਫ਼ਿਕਰਮੰਦ ਵਿਖਾਈ ਦਿੰਦੀ ਹੈ। ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਲੈ ਕੇ ਉਹ ਲਿਖ਼ਦਾ ਹੈ :
ਪੀਰਾਂ ਤੇ ਫ਼ਕੀਰਾਂ, ਸੂਰਬੀਰਾਂ ਦੀ ਇਹ ਧਰਤੀ
ਨਸ਼ਿਆਂ ਦੇ ਚਿੱਕੜ ਨੇ ਕਿਹੋ ਜਿਹੀ ਕਰਤੀ
ਦਾਗ਼ ਬਣ ਜਾਣਗੀਆਂ ਲੋਕੋ ਇਹ ਨਾਦਾਨੀਆਂ
ਗੁੰਮ ਗਏ ਜਵਾਨ ਤੇ ਗੁੰਮ ਗਈਆਂ ਨੇ ਜਵਾਨੀਆਂ।
ਸ਼ਮਸ਼ੇਰ ਸੰਧੂ ਦਰਅਸਲ ਇਕ ਸਫ਼ਲ ਗੀਤਕਾਰ, ਕਹਾਣੀਕਾਰ, ਵਾਰਤਕਕਾਰ, ਪੱਤਰਕਾਰ ਅਤੇ ਪੇਸ਼ਕਾਰ ਹੋਣ ਦੇ ਨਾਤੇ ਬਹੁਮੁਖੀ ਅਤੇ ਬੁਹਪੱਖੀ ਪ੍ਰਤਿਭਾਵਾਂ ਤੇ ਕਲਾਵਾਂ ਦਾ ਸੁੰਦਰ ਸੁਮੇਲ ਹੈ। ਮਸਤ ਚਾਲੇ ਚਲਦਾ ਸ਼ਮਸ਼ੇਰ ਸੰਧੂ ਅੱਜ ਵੀ ਸ਼ਾਲਾ! ਇਸ ਹਰਦਿਲ ਅਜ਼ੀਜ਼ ਕਲਮਕਾਰ ਦੀ ਉਮਰ, ਲੋਕ ਗੀਤਾਂ ਜਿੰਨੀ ਹੋਵੇ।

-ਕਮਲ ਕਲੋਨੀ, ਸਮਰਾਲਾ, ਜ਼ਿਲਾ ਲੁਧਿਆਣਾ-141114
ਮੋਬਾਈਲ : 99159-00955

ਪਿਛਲੀ ਖ਼ਬਰ ਮਿੰਨੀ ਕਹਾਣੀ ਗ਼ਲਤੀ ਅਗਲੀ ਖ਼ਬਰ ਸ਼ਿਕਾਰਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।