ਸਾਡੀ ਸਾਹਿਤ ਸਭਾ ਦੇ ਜਨਰਲ ਸਕੱਤਰ ਬਾਬੂ ਸਿੰਘ ਰੈਹਲ 'ਮਨੁੱਖ ਗ਼ਲਤੀਆਂ ਦਾ ਪੁਤਲਾ' ਵਿਸ਼ੇ 'ਤੇ ਵਖਿਆਨ ਕਰ ਰਹੇ ਸਨ ਤੇ ਵਿਦਵਾਨ ਲੇਖਕ/ਸਰੋਤੇ ਬੜੀ ਗੰਭੀਰਤਾ ਨਾਲ ਸੁਣ ਰਹੇ ਸਨ। ਉਨ੍ਹਾਂ ਨੇ ਜਦੋਂ ਕਿਹਾ, 'ਇਹੋ ਜਿਹਾ ਕੋਈ ਵੀ ਮਨੁੱਖ ਨਹੀਂ ਹੈ, ਜਿਸ ਨੇ ਕਦੇ ਕੋਈ ਗ਼ਲਤੀ ਨਾ ਕੀਤੀ ਹੋਵੇ।' ਤਾਂ ਮੇਰੇ ਕੀੜੀਆਂ ਜਿਹੀਆਂ ਲੜਨ ਲੱਗ ਪਈਆਂ ਤੇ ਮੈਂ ਝੱਟ ਆਪਣੀ ਸੀਟ ਤੋਂ ਖੜ੍ਹਾ ਹੋ ਕੇ ਕਹਿਣ ਲੱਗਾ, 'ਰੈਹਲ ਸਾਹਿਬ! ਮੈਂ ਕਦੇ ਕੋਈ ਗ਼ਲਤੀ ਨਹੀਂ ਕੀਤੀ।'
ਮੇਰੀ ਇਹ ਗੱਲ ਸੁਣਨ ਸਾਰ ਸਾਰੇ ਹਾਜ਼ਰੀਨ ਆਪਸ ਵਿਚ ਘੁਸਰ-ਮੁਸਰ ਕਰਨ ਲੱਗ ਪਏ, 'ਆਹ ਚੰਗੇ ਭਲੇ ਮਹਿਮੀ ਨੂੰ ਕੀ ਹੋ ਗਿਆ?'
ਸ਼ਾਂਤ ਸੁਭਾਅ ਦੇ ਰੈਹਲ ਨੇ ਆਖਿਆ, 'ਮਹਿਮੀ! ਮੰਨ ਵੀ ਲਿਆ ਜਾਵੇ ਕਿ ਤੂੰ ਪਹਿਲਾਂ ਕਦੇ ਕੋਈ ਗ਼ਲਤੀ ਨਹੀਂ ਕੀਤੀ, ਪਰ ਹੁਣ ਜ਼ਰੂਰ ਕਰ ਰਿਹਾ ਏਂ।'
'ਉਹ ਕਿੱਦਾਂ?' ਮੈਂ ਅਜੇ ਵੀ ਗੱਲ ਭੂੰਜੇ ਨਹੀਂ ਪੈਣ ਦਿੱਤੀ।
'ਜੇ ਕਿਸੇ ਕੋਲੋਂ ਕੋਈ ਗ਼ਲਤੀ ਨਾ ਵੀ ਹੋਈ ਹੋਵੇ, ਉਹ ਇਸ ਦਾ ਢੰਡੋਰਾ ਨਹੀਂ ਪਿੱਟਦਾ ਹੁੰਦਾ।'
ਮੈਂ ਝੱਗ ਵਾਂਗ ਹੇਠਾਂ ਬਹਿ ਗਿਆ।
-220-ਗਰੀਨ ਪਾਰਕ ਕਾਲੋਨੀ, ਸਰਹਿੰਦ ਰੋਡ, ਪਟਿਆਲਾ-147004.
ਮੋਬਾਈਲ : 96460-24321