02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਲਾਸ ਏਂਜਲਸ ਤਿਆਰ ਹੈ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਲਈ

ਅਜੀਤ ਡੈਸਕ 19-04-2026

1932 ਵਿਚ ਲਾਸ ਏਂਜਲਸ ਨੇ ਪਹਿਲੀ ਵਾਰ ਉਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ ਤੇ ਇਸ ਖੇਡ ਕੁੰਭ ਨੇ ਲਾਸ ਏਂਜਲਸ ਨੂੰ ਇਕ ਪ੍ਰਮੁੱਖ ਅਮਰੀਕੀ ਸ਼ਹਿਰ ਵਜੋਂ ਦੁਨੀਆ ਵਿਚ ਜਾਣ-ਪਛਾਣ ਕਰਵਾਈ ਸੀ। ਇਸ ਵਾਰ ਇਹ ਖੇਡਾਂ , ਜਿਨ੍ਹਾਂ ਨੂੰ 'ਐਲ ਏ-28' ਦਾ ਨਾਂਅ ਦਿੱਤਾ ਗਿਆ ਹੈ, ਮੁੜ ਲਾਸ ਏਂਜਲਸ ਦੇ ਸਿਰ ਸਿਹਰਾ ਬੰਨ੍ਹਣਗੀਆਂ। ਖਾਸ ਗੱਲ ਇਹ ਵੀ ਹੈ ਕਿ ਇਸੇ ਸਾਲ ਹੀ ਨਵੰਬਰ 'ਚ ਰਾਸ਼ਟਰਪਤੀ ਦੀ ਚੋਣ ਹੋਵੇਗੀ ਤੇ ਜਾਂਦਿਆਂ ਜਾਂਦਿਆਂ ਡੋਨਾਲਡ ਟਰੰਪ ਇਸ ਵਿਸ਼ਵ ਖੇਡ ਮੇਲੇ ਦਾ ਅਨੰਦ ਜ਼ਰੂਰ ਮਾਣ ਲੈਣਗੇ। ਭਾਵੇਂ ਈਰਾਨ ਤੇ ਅਮਰੀਕਾ-ਇਜ਼ਰਾਈਲ ਜੰਗ ਦੇ ਸੇਕ ਨਾਲ ਮਹਿੰਗਾਈ 'ਚ ਪਿਸ ਰਹੇ ਅਮਰੀਕੀ ਨਿਰਾਸ਼ ਤੇ ਚਿੰਤਤ ਹਨ ਪਰ ਲਾਸ ਏਂਜਲਸ 'ਚ ਉਲੰਪਿਕ ਖੇਡਾਂ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਆਓ, ਕੈਲੀਫੋਰਨੀਆ ਦੇ ਇਸ ਦੱਖਣੀ ਸ਼ਹਿਰ ਦਾ ਖੇਡ ਇਤਿਹਾਸ, ਖੇਡ ਤਿਆਰੀਆਂ, ਖਰਚੇ 'ਤੇ ਸ਼ਾਮਿਲ ਹੋ ਰਹੀਆਂ ਕੁਝ ਨਵੀਆਂ ਖੇਡਾਂ ਬਾਰੇ ਵਿਸਥਾਰ 'ਚ ਗੱਲ ਕਰਦੇ ਹਾਂ।
ਲਾਸ ਏਂਜਲਸ ਦਾ ਉਲੰਪਿਕ ਖੇਡਾਂ ਦਾ ਇਕ ਖਾਸ ਇਤਿਹਾਸ ਹੈ। ਇਸ ਤੋਂ ਪਹਿਲਾਂ 1932 ਅਤੇ 1984 ਵਿਚ ਦੋ ਵਾਰ ਇਸ ਪ੍ਰਤੀਕ ਗਲੋਬਲ ਈਵੈਂਟ ਦੀ ਮੇਜ਼ਬਾਨੀ ਇਸੇ ਹੀ ਸ਼ਹਿਰ ਨੇ ਕੀਤੀ ਸੀ। 'ਐਲ ਏ-28' ਦੇ ਚੇਅਰਪਰਸਨ ਕੇਸੀ ਵਾਸਰਮੈਨ ਨੇ ਕਿਹਾ ਕਿ ਖੇਡਾਂ ਲਾਸ ਏਂਜਲਸ ਦੇ ਇਤਿਹਾਸ ਦੇ ਤਾਣੇ-ਬਾਣੇ ਵਿਚ ਬੁਣੀਆਂ ਹੋਈਆਂ ਹਨ। 1932 ਵਿਚ ਸ਼ੁਰੂ ਹੋਈ ਅਤੇ 1984 ਵਿਚ ਪੱਕੀ ਹੋਈ ਵਿਰਾਸਤ ਪਿੱਛੋਂ ਹੁਣ 2028 ਦੀਆਂ ਇਹ ਖੇਡਾਂ ਸਦੀਆਂ ਤੀਕਰ ਸਾਡੇ ਭਾਈਚਾਰੇ ਅਤੇ ਖੇਡ ਦੀ ਦੁਨੀਆ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ।
ਅਮਰੀਕਾ ਨੇ 1932 ਵਿਚ 103 ਤਗ਼ਮੇ ਜਿੱਤ ਕੇ ਮੁਕਾਬਲੇ ਵਿਚ ਸਿਖ਼ਰ ਛੋਹੀ ਸੀ। ਇਟਲੀ ਅਤੇ ਫਿਨਲੈਂਡ ਨੇ ਕ੍ਰਮਵਾਰ 36 ਅਤੇ 25 ਤਗਮਿਆਂ ਨਾਲ ਗਿਣਤੀ ਵਿਚ ਅਮਰੀਕਾ ਤੋਂ ਬਾਅਦ ਕਦਮ ਰੱਖਿਆ ਸੀ।
ਉਲੰਪਿਕ ਖੇਡਾਂ 2028 ਵਿਚ ਲਾਸ ਏਂਜਲਸ ਫਿਰ ਵਾਪਸ ਆ ਗਈਆਂ ਹਨ ਤੇ ਦੱਖਣੀ ਕੈਲੀਫੋਰਨੀਆ ਦੇ ਕਈ ਪ੍ਰਤੀਕ ਖੇਡ ਸਥਾਨਾਂ ਵਿਚ ਦੂਜੀ ਵਾਰ ਰੋਸ ਬਾਊਲ ਅਤੇ ਲਾਸ ਏਂਜਲਸ ਮੈਮੋਰੀਅਲ ਕੋਲੀਜ਼ੀਅਮ ਸਮੇਤ ਸਰਗਰਮੀਆਂ ਬਹੁਤ ਤੇਜੀ ਨਾਲ ਚੱਲ ਰਹੀਆਂ ਹਨ। 1984 ਦੀਆਂ ਖੇਡਾਂ ਵਿਚ, ਅਮਰੀਕਾ 83 ਸੋਨ ਤਗਮਿਆਂ ਨਾਲ ਮੋਹਰੀ ਸੀ ਅਤੇ ਕਾਰਲ ਲੁਈਸ 4 ਸੋਨ ਤਗਮਿਆਂ ਨਾਲ ਮੁੱਖ ਯੋਗਦਾਨ ਪਾਉਣ ਵਾਲਾ ਦੌੜਾਕ ਸੀ, ਜਿਸਨੇ 1936 ਵਿਚ ਜੈਸੀ ਓਵਨਜ਼ ਵਲੋਂ ਪ੍ਰਾਪਤ ਕੀਤੇ ਗਏ ਪਹਿਲਾਂ ਦੇ ਬੇਮਿਸਾਲ ਕਾਰਨਾਮੇ ਦੇ ਬਰਾਬਰ 4 ਸੋਨ ਤਗਮੇ ਜਿੱਤੇ ਸਨ। ਪਹਿਲੀਆਂ ਪ੍ਰਾਪਤੀਆਂ ਦੀ ਇਕ ਲੜੀ ਵਿਚ, ਮੋਰੱਕੋ ਦੀ ਨਵਲ ਐਲ ਮੋਤਾਵਾਕੇਲ ਔਰਤ ਦੀ 400 ਮੀਟਰ ਦੌੜ ਜਿੱਤ ਕੇ ਇਕ ਮੁਸਲਿਮ ਦੇਸ਼ ਦੀ ਪਹਿਲੀ ਔਰਤ ਬਣੀ ਸੀ ਤੇ ਜ਼ੂ ਹਾਈਫੇਂਗ ਨੇ ਚੀਨ ਲਈ ਪਹਿਲਾ ਸੋਨ ਤਗਮਾ ਜਿੱਤਿਆ ਸੀ। ਲਾਸ ਏਂਜਲਸ 2028 ਦਾ ਰਸਤਾ 2015 ਵਿਚ ਸ਼ੁਰੂ ਹੋਇਆ ਜਦੋਂ ਲਾਸ ਏਂਜਲਸ ਨੇ ਪੈਰਿਸ, ਰੋਮ, ਬੁਡਾਪੈਸਟ ਅਤੇ ਹੈਮਬਰਗ ਨਾਲ ਮੁਕਾਬਲਾ ਕਰਦਿਆਂ ਉਲੰਪਿਕ ਅਤੇ ਪੈਰਾਲੰਪਿਕ ਖੇਡਾਂ 2024 ਲਈ ਬੋਲੀ ਦਾ ਐਲਾਨ ਕੀਤਾ। ਲਾਸ ਏਂਜਲਸ ਅਤੇ ਪੈਰਿਸ 2017 ਦੀਆਂ ਗਰਮੀਆਂ ਵਿਚ ਫਾਈਨਲਿਸਟ ਸਨ ਅਤੇ ਪਹਿਲੀ ਵਾਰ, ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦੋਹਰੇ ਪੁਰਸਕਾਰ ਨਾਲ ਅੱਗੇ ਵਧੀ, ਜਿਸ ਵਿਚ ਪੈਰਿਸ ਨੂੰ ਉਲੰਪਿਕ ਖੇਡਾਂ 2024 ਦਾ ਮੇਜ਼ਬਾਨ ਅਤੇ ਲਾਸ ਏਂਜਲਸ ਨੂੰ ਉਲੰਪਿਕ ਖੇਡਾਂ 2028 ਦਾ ਮੇਜ਼ਬਾਨ ਐਲਾਨਿਆ ਗਿਆ।
ਦੂਜੇ ਪਾਸੇ ਲਾਸ ਏਂਜਲਸ-28 ਉਲੰਪਿਕ 'ਤੇ ਅਨੁਮਾਨਿਤ 8 ਅਰਬ ਡਾਲਰ ਖਰਚ ਆਉਣ ਦੀ ਸੰਭਾਵਨਾ ਹੈ ਤੇ ਅਧਿਕਾਰੀਆਂ ਦੀ ਚਿੰਤਾ ਇਹ ਹੈ ਕਿ ਇਹ ਕਿਤੇ ਸ਼ਹਿਰ 'ਤੇ ਆਰਥਿਕ ਬੋਝ ਨਾ ਬਣ ਜਾਵੇ, ਕਿਉਂਕਿ ਇਮੀਗਰੇਸ਼ਨ ਤੇ ਹੋਰ ਕਈ ਮਾਮਲਿਆਂ ਕਰਕੇ ਵ੍ਹਾਈਟ ਹਾਊਸ ਤੇ ਕੈਲੀਫੋਰਨੀਆ ਦਰਮਿਆਨ ਪਹਿਲਾਂ ਹੀ ਕਾਫੀ ਖਿੱਚੋ-ਤਾਣ ਹੈ। ਇਸੇ ਕਰਕੇ ਜ਼ਿੰਮੇਵਾਰ ਅਧਿਕਾਰੀਆਂ ਨੇ ਅਮਰੀਕੀ ਸ਼ਹਿਰ ਵਿਚ 2028- ਉਲੰਪਿਕ ਦੇ ਆਯੋਜਨ 'ਤੇ ਕਈ ਵੱਡੇ ਡਰ ਪ੍ਰਗਟ ਕੀਤੇ ਹਨ। ਉਧਰ ਲਾਸ ਏਂਜਲਸ 44 ਸਾਲਾਂ ਬਾਅਦ ਉਲੰਪਿਕ ਦੀ ਮੇਜ਼ਬਾਨੀ ਕਰੇਗਾ, ਅਤੇ ਲੰਡਨ ਅਤੇ ਪੈਰਿਸ ਤੋਂ ਬਾਅਦ ਤਿੰਨ ਵਾਰ ਇਸਦੀ ਮੇਜ਼ਬਾਨੀ ਕਰਨ ਵਾਲਾ ਤੀਜਾ ਸ਼ਹਿਰ ਬਣਨ ਲਈ ਤਿਆਰ ਹੈ। ਪੰਜ ਖੇਡਾਂ ਨਵੇਂ ਸ਼ਡਿਊਲ ਦਾ ਹਿੱਸਾ ਹੋਣਗੀਆਂ ਜੋ ਪੈਰਿਸ-2024 ਕੈਲੰਡਰ 'ਤੇ ਨਹੀਂ ਸਨ। ਫਲੈਗ ਫੁੱਟਬਾਲ ਅਤੇ ਸਕੁਐਸ਼ ਆਪਣੀ ਸ਼ੁਰੂਆਤ ਕਰਨਗੇ। ਲੈਕਰੋਸ ਅਤੇ ਬੇਸਬਾਲ/ਸਾਫਟਬਾਲ ਆਪਣੀ ਵਾਪਸੀ ਕਰਨਗੇ, ਜਦੋਂ ਕਿ 1900 ਤੋਂ ਬਾਅਦ ਪਹਿਲੀ ਵਾਰ ਕ੍ਰਿਕਟ ਨੂੰ ਇਕ ਉਲੰਪਿਕ ਖੇਡ ਬਣਾਇਆ ਗਿਆ ਹੈ ਕਿਉਂਕਿ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਅਮਰੀਕਾ ਵਿਚ ਖੇਡ ਦੀ ਪਹੁੰਚ ਨੂੰ ਹੋਰ ਵਧਾਉਣਾ ਹੈ।
ਖੇਡਾਂ ਲਈ ਪ੍ਰਸਤਾਵਿਤ ਬਜਟ ਲਗਭਗ 7 ਬਿਲੀਅਨ ਡਾਲਰ ਹੈ ਜੋ ਕਿ ਟਿਕਟਾਂ ਦੀ ਵਿਕਰੀ, ਵਪਾਰਕ ਮਾਲੀਆ ਅਤੇ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਤੋਂ ਅੰਸਕ ਫੰਡਿੰਗ ਦੁਆਰਾ ਇਕੱਤਰ ਹੋਏਗਾ। ਦਸੰਬਰ ਵਿਚ ਇਹ ਰਿਪੋਰਟ ਕੀਤੀ ਗਈ ਸੀ ਕਿ 'ਐਲ ਏ-28' ਪ੍ਰਬੰਧਕਾਂ ਨੇ ਪਹਿਲਾਂ ਹੀ ਖੇਡਾਂ ਲਈ ਵਪਾਰਕ ਮਾਲੀਏ ਵਿਚ 2 ਬਿਲੀਅਨ ਡਾਲਰ ਦਾ ਹੈਰਾਨਕੁੰਨ ਵਾਧਾ ਕੀਤਾ ਹੈ। ਪਰ ਲਾਸ ਏਂਜਲਸ ਟਾਈਮਜ਼ ਅਨੁਸਾਰ, ਸ਼ਹਿਰ ਦੇ ਅਧਿਕਾਰੀ ਹੁਣ ਇਹ ਭਰੋਸਾ ਮੰਗ ਰਹੇ ਹਨ ਕਿ ਉਲੰਪਿਕ ਦੀ ਪੂਰੀ ਲਾਗਤ ਨੂੰ ਵਧਾਇਆ ਜਾ ਸਕਦਾ ਹੈ ਤਾਂ ਜੋ ਅਜਿਹੀ ਸਥਿਤੀ ਤੋਂ ਬਚਿਆ ਜਾ ਸਕੇ ਜਿੱਥੇ ਟੈਕਸ ਦੇਣ ਵਾਲਿਆਂ ਨੂੰ ਬਹੁਤਾ ਭਾਰ ਨਾ ਚੁੱਕਣਾ ਪਵੇ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਸ਼ਹਿਰ ਦੇ ਵਕੀਲ ਹਾਈਡੀ ਫੈਲਡਸਟਾਈਨ ਸੋਟੋ ਅਤੇ ਕੌਂਸਲ ਮੈਂਬਰ ਮੋਨਿਕਾ ਰੌਡਰਿਗਜ਼ ਦੋਵਾਂ ਨੇ 'ਇਕਰਾਰਨਾਮੇ ਦੀ ਮੰਗ ਕਰਨ ਵਾਲੇ ਜਾਰੀ ਕੀਤੇ ਪੱਤਰ ਵਿਚ ਵਾਅਦਾ ਮੰਗਿਆ ਹੈ ਕਿ 'ਐਲ ਏ-28' ਸ਼ਹਿਰ ਦੇ ਭਵਿੱਖ ਦੇ ਕਿਸੇ ਵੀ ਖਰਚੇ ਨੂੰ ਕਵਰ ਕਰੇਗਾ। ਇਹ ਵੀ ਕਿਹਾ ਗਿਆ ਹੈ ਕਿ ਇਕਰਾਰਨਾਮੇ ਦੀ ਲੋੜ 'ਕਿਸੇ ਵੀ ਸਥਿਤੀ ਨੂੰ ਰੋਕਣ ਲਈ ਹੈ ਜਿਸ ਵਿਚ ਫੰਡ ਸੰਗਠਨ ਦੇ ਅਮੀਰ ਸਮਰਥਕਾਂ ਅਤੇ ਨਿਵੇਸ਼ਕਾਂ ਨੂੰ ਟੈਕਸਦਾਤਾਵਾਂ ਦੁਆਰਾ ਫੰਡ ਕੀਤੇ ਗਏ ਅਸਾਧਾਰਨ ਖਰਚਿਆਂ ਦੀ ਅਦਾਇਗੀ ਕੀਤੇ ਬਿਨਾਂ ਵਾਪਸ ਜਾ ਸਕਦੇ ਹਨ। ਅਧਿਕਾਰੀ ਚਾਹੁੰਦੇ ਹਨ ਕਿ ਉਲੰਪਿਕ ਸੰਗਠਨ 'ਪੁਲਿਸਿੰਗ, ਆਵਾਜਾਈ, ਕੂੜਾ ਚੁੱਕਣ ਅਤੇ ਹੋਰ ਕਿਸੇ ਵੀ ਕੰਮ ਲਈ ਕਿਸੇ ਵੀ ਵਾਧੂ ਲਾਗਤ ਦਾ ਭੁਗਤਾਨ ਕਰੇ' ਤਾਂ ਜੋ 'ਮੁੱਖ ਸ਼ਹਿਰੀ ਸੇਵਾਵਾਂ' ਨੂੰ ਫੰਡ ਦੇਣ ਦੀ ਯੋਗਤਾ ਨੂੰ ਪ੍ਰਭਾਵਿਤ ਨਾ ਕੀਤਾ ਜਾ ਸਕੇ।
ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਜਾਰੀ ਕੀਤੇ ਇਕ ਬਿਆਨ ਨਾਲ ਜਵਾਬ ਦਿੱਤਾ ਹੈ ਕਿ ਸਭ ਤੋਂ ਸੁਰੱਖਿਅਤ ਅਤੇ ਵਿੱਤੀ ਤੌਰ 'ਤੇ ਜ਼ਿੰਮੇਵਾਰ ਖੇਡਾਂ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨਾਲ ਆਉਣ ਵਾਲੇ ਦਹਾਕਿਆਂ ਵਿਚ ਇਹ ਖੇਡਾਂ ਲਾਸ ਏਂਜਲਸ ਨੂੰ ਲਾਭ ਪਹੁੰਚਾਉਣਗੀਆਂ। ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਡਰ ਨੂੰ ਦੂਰ ਕਰਨ ਵਿਚ ਮੁੱਖ ਭੂਮਿਕਾ ਨਿਭਾ ਸਕਦੇ ਹਨ। ਕੈਲੀਫੋਰਨੀਆ ਵਿਚ ਕਈ ਡੈਮੋਕ੍ਰੇਟਿਕ ਹਾਊਸ ਪ੍ਰਤੀਨਿਧੀਆਂ ਨੇ ਪਹਿਲਾਂ ਟਰੰਪ ਨੂੰ ਫੰਡਿੰਗ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਸੀ ਤੇ ਇਸ ਨੂੰ ਸੰਘੀ ਐਲਾਨ ਤੋਂ ਪਹਿਲਾਂ ਇਕ ਪੱਤਰ ਵਿਚ 'ਅੰਤਿਮ ਮੌਕਾ' ਦੱਸਿਆ ਸੀ। ਟਰੰਪ ਦੇ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਨਾਲ ਸੰਬੰਧ ਇਸ ਕਰਕੇ ਵੀ ਸੁਖਾਵੇਂ ਨਹੀ ਹਨ ਕਿਉੁਂਕਿ ਉਸ ਨੂੰ 2028 ਦੀਆਂ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੀ ਨਾਮਜ਼ਦਗੀ ਪ੍ਰਾਪਤ ਕਰਨ ਦੇ ਮੁੱਖ ਦਾਅਵੇਦਾਰਾਂ ਵਿਚੋਂ ਇਕ ਦੇ ਤੌਰ 'ਤੇ ਦੇਖਿਆ ਜਾਂਦਾ ਹੈ ਤੇ ਨਿਊਸਮ ਦੇ ਇਕ ਬੁਲਾਰੇ ਨੇ ਟਰੰਪ ਪ੍ਰਸ਼ਾਸਨ 'ਤੇ 2025 ਦੇ ਸ਼ੁਰੂ ਵਿਚ ਲਾਸ ਏਂਜਲਸ ਦੇ ਜੰਗਲਾਂ 'ਚ ਲੱਗੀ ਅੱਗ ਦੇ ਪੀੜਤਾਂ ਲਈ ਹੋਰ ਸੰਘੀ ਫੰਡਿੰਗ 'ਤੇ ਚਰਚਾ ਕਰਨ ਲਈ ਇਕ ਜ਼ਰੂਰੀ ਮੀਟਿੰਗ ਤੋਂ ਇਨਕਾਰ ਕਰਨ ਦਾ ਦੋਸ਼ ਲਗਾਇਆ।
ਨਵਾਂ ਕੀ ਹੋਵੇਗਾ?
ਲਾਸ ਏਂਜਲਸ-2028 ਉਲੰਪਿਕ ਵਿਚ ਕਈ ਕੁਝ ਅਜਿਹਾ ਸ਼ਾਮਿਲ ਕੀਤਾ ਜਾ ਰਿਹਾ ਜੋ ਸ਼ਾਇਦ ਪਹਿਲੀ ਵਾਰ ਹੋਵੇਗਾ। ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈ ਓ ਸੀ) ਨੇ ਵੀ ਪਹਿਲਾਂ ਹੀ ਕਈ ਨਿਰਧਾਰਤ ਬਦਲਾਵਾਂ ਦੀ ਪੁਸ਼ਟੀ ਕਰ ਦਿੱਤੀ ਹੈ, ਜਿਸ ਵਿਚ ਕ੍ਰਿਕਟ ਨੂੰ ਦੁਬਾਰਾ ਜੋੜਨਾ ਸ਼ਾਇਦ ਪੈਰਿਸ 2024 ਤੋਂ ਸਭ ਤੋਂ ਮਹੱਤਵਪੂਰਨ ਘਟਨਾਕ੍ਰਮ ਹੋਵੇਗਾ। ਕ੍ਰਿਕਟ ਅਮਰੀਕਾ ਵਿਚ ਲੋਕਪ੍ਰਿਆ ਹੋ ਰਹੀ ਖੇਡ ਹੈ। ਟੀ-20 ਮੁਕਾਬਲਾ ਦੁਨੀਆ ਭਰ ਦੇ ਗੋਰੇ ਬਾਲ ਖਿਡਾਰੀਆਂ ਨੂੰ ਆਕਰਸ਼ਿਤ ਕਰਦਾ ਹੈ। ਰਵਾਇਤੀ ਅਮਰੀਕੀ ਖੇਡਾਂ, ਜਿਵੇਂ ਕਿ ਬੇਸਬਾਲ, ਫਲੈਗ ਫੁੱਟਬਾਲ ਅਤੇ ਸਾਫਟਬਾਲ ਨੂੰ ਵੀ ਉਲੰਪਿਕ ਸ਼ਡਿਊਲ ਵਿਚ ਸ਼ਾਮਿਲ ਕਰਨ ਲਈ ਤਿਆਰ ਹੈ। ਜਨਵਰੀ ਅਤੇ ਫਰਵਰੀ ਵਿਚ ਕੈਲੀਫੋਰਨੀਆ ਦੇ ਜੰਗਲਾਂ ਦੀ ਅੱਗ ਨੇ ਜਿਸ ਤਰਾਂ ਪਿਛੇ ਜਿਹੇ ਲਾਸ ਏਂਜਲਸ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਸੀ ਤਾਂ ਕੁਦਰਤੀ ਸੀ ਕਿ ਖੇਡਾਂ ਨੂੰ ਲੈ ਕੇ ਚਿੰਤਾਵਾਂ ਵਧੀਆਂ ਸਨ ਪਰ ਬਾਅਦ ਵਿਚ ਇਹ ਪੁਸ਼ਟੀ ਕੀਤੀ ਗਈ ਕਿ ਤਿਆਰੀਆਂ ਪ੍ਰਭਾਵਿਤ ਨਹੀਂ ਹੋਣਗੀਆਂ। ਇਹ ਤਿਆਰੀਆਂ ਅਧਿਕਾਰਤ ਤੌਰ 'ਤੇ ਪੈਰਿਸ-2024 ਦੇ ਸਮਾਪਤੀ ਸਮਾਰੋਹ ਨਾਲ ਹੀ ਸ਼ੁਰੂ ਹੋ ਗਈਆਂ ਸਨ, ਕਿਉਂਕਿ ਉਲੰਪਿਕ ਝੰਡਾ ਲਾਸ ਏਂਜਲਸ ਨੂੰ ਇਕ ਪ੍ਰਤੀਕਾਤਮਿਕ ਹਿੱਸੇ ਦੇ ਤੌਰ 'ਤੇ ਸੌਂਪਿਆ ਗਿਆ ਸੀ ਜਿਸ ਵਿਚ ਟੌਮ ਕਰੂਜ਼, ਮਾਈਕਲ ਜੌਹਨਸਨ, ਬਿਲੀ ਆਈਲਿਸ਼ ਅਤੇ ਸਨੂਪ ਡੌਗ ਸ਼ਾਮਿਲ ਸਨ। ਹੁਣ ਲਾਸ ਏਂਜਲਸ-2028 ਦੇ ਬੂਹੇ ਕਿਵੇਂ ਖੁੱਲ੍ਹਣਗੇ ? ਇਸ ਬਾਰੇ ਕੁਝ ਵੇਰਵੇ ਸਾਹਮਣੇ ਆਏ ਹਨ। ਉਹ ਇਹ ਕਿ ਉਲੰਪਿਕ ਇਤਿਹਾਸ ਵਿਚ ਪਹਿਲੀ ਵਾਰ ਉਦਘਾਟਨੀ ਸਮਾਰੋਹ ਦੋ ਵੱਡੇ ਸਟੇਡੀਅਮਾਂ ਵਿਚ ਆਯੋਜਿਤ ਕੀਤਾ ਜਾਵੇਗਾ। ਲਾਸ ਏਂਜਲਸ ਮੈਮੋਰੀਅਲ ਕੋਲੀਜ਼ੀਅਮ ਦੇ ਨਾਲ, ਜਿਸਨੇ 1932 ਅਤੇ 1984 ਵਿਚ ਦੋ ਪਿਛਲੇ ਉਦਘਾਟਨੀ ਸਮਾਰੋਹਾਂ ਦੀ ਮੇਜ਼ਬਾਨੀ ਕੀਤੀ ਸੀ, ਸੋਫੀ ਸਟੇਡੀਅਮ ਨੂੰ ਵੀ ਪਹਿਲੀ ਵਾਰ ਵਰਤਿਆ ਜਾਵੇਗਾ। ਸਟੇਡੀਅਮ ਸਥਾਈ ਤੌਰ 'ਤੇ ਲਾਸ ਏਂਜਲਸ ਵਿਚ ਸਥਿਤ ਦੋ ਐਨ.ਐਫ.ਐਲ. ਟੀਮਾਂ-ਰੈਮਜ਼ ਅਤੇ ਚਾਰਜਰਸ ਦੁਆਰਾ ਵਰਤਿਆ ਜਾਂਦਾ ਹੈ ਅਤੇ 2026 ਫੀਫਾ ਵਿਸ਼ਵ ਕੱਪ ਵਿਚ ਮੈਚਾਂ ਦੀ ਮੇਜ਼ਬਾਨੀ ਲਈ ਵੀ ਤਿਆਰ ਕੀਤਾ ਗਿਆ ਹੈ। 2028 ਦੇ ਉਦਘਾਟਨੀ ਅਤੇ ਸਮਾਪਤੀ ਸਮਾਰੋਹਾਂ ਲਈ ਚੁਣੇ ਗਏ ਸਥਾਨ ਲਾਸ ਏਂਜਲਸ ਦੇ ਅਮੀਰ ਖੇਡ ਇਤਿਹਾਸ ਅਤੇ ਅਤਿ-ਆਧੁਨਿਕ ਭਵਿੱਖ ਨੂੰ ਉਜਾਗਰ ਕਰਨਗੇ ਜੋ ਕਿ ਇਸ ਸ਼ਹਿਰ ਵਲੋਂ ਵਿਸ਼ਵ ਮੰਚ 'ਤੇ ਪੇਸ਼ ਕੀਤੇ ਜਾਣ ਵਾਲੇ ਸਭ ਤੋਂ ਵਧੀਆ ਪ੍ਰਦਰਸ਼ਨ ਦੀ ਉਦਾਹਰਨ ਬਣਨਗੇ। ਇਹ ਦੋ ਅਸਾਧਾਰਨ ਸਥਾਨ ਇਕ ਅਭੁੱਲ ਅਨੁਭਵ, ਦੁਨੀਆ ਭਰ ਦੇ ਪ੍ਰਸ਼ੰਸਕਾਂ ਦਾ ਉਲੰਪਿਕ ਅਤੇ ਪੈਰਾ-ਉਲੰਪਿਕ ਖੇਡਾਂ ਵਿਚ ਸਵਾਗਤ ਕਰਨਗੇ ਜੋ ਪਹਿਲਾਂ ਕਦੇ ਨਹੀਂ ਹੋਇਆ ਹੋਵੇਗਾ ਅਤੇ ਇਤਿਹਾਸ ਦੀਆਂ ਸਭ ਤੋਂ ਸ਼ਾਨਦਾਰ ਖੇਡਾਂ ਵਿਚੋਂ ਇਕ ਵਜੋਂ ਸਮਾਪਤ ਹੋਣਗੇ।

ਪਿਛਲੀ ਖ਼ਬਰ ਇਸਤਰੀ ਦੇ ਸਨਮਾਨ ਨਾਲ ਹੀ ਸੱਭਿਅਤਾ ਦੀ ਪਛਾਣ ਹੁੰਦੀ ਹੈ। -ਕਰਟਿਸ ਅਗਲੀ ਖ਼ਬਰ ਅਜੀਤ' ਖ਼ਬਰਾਂ, 19 ਅਪੑੈਲ 2026

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।