02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਮਹਾਰਾਣੀ ਜਿੰਦਾਂ ਦੇ ਨਿਪਾਲ ਪਹੁੰਚਣ ਦੀ ਦਾਸਤਾਨ

ਅਜੀਤ ਡੈਸਕ 26-07-2026

 ਨਿਪਾਲ ਨੂੰ ਦੁਨੀਆ ਦੀਆਂ ਅੱਠ ਸਭ ਤੋਂ ਉੱਚੀਆਂ ਪਹਾੜੀ ਚੋਟੀਆਂ ਮਾਊਂਟ ਐਵਰੈਸਟ, ਕੰਚਨਜੰਗਾ ਅਤੇ ਹੋਰ ਹਿਮਾਲਈ ਚੋਟੀਆਂ ਦਾ ਘਰ ਹੋਣ ਕਰਕੇ 'ਵਿਸ਼ਵ ਦੀ ਛੱਤ' ਕਿਹਾ ਜਾਂਦਾ ਹੈ। ਇਹ ਦੁਨੀਆ ਦੇ ਉਨ੍ਹਾਂ ਗਿਣਤੀ ਦੇ ਦੇਸ਼ਾਂ ਵਿਚੋਂ ਇਕ ਹੈ ਜਿਸ ਨੇ ਕਦੇ ਵੀ ਕਿਸੇ ਵਿਦੇਸ਼ੀ ਹਕੂਮਤ ਦੀ ਗੁਲਾਮੀ ਨਹੀਂ ਸਹੀ, ਇਸ ਲਈ ਇੱਥੇ ਆਜ਼ਾਦੀ ਦਿਵਸ ਨਹੀਂ ਮਨਾਇਆ ਜਾਂਦਾ। ਇਸ ਦੀ ਰਾਜਧਾਨੀ ਕਾਠਮੰਡੂ ਆਪਣੀ ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਕਰਕੇ ਸੰਸਾਰ ਭਰ ਵਿਚ ਪ੍ਰਸਿੱਧ ਹੈ।

ਨਿਪਾਲ ਦੀ ਯਾਤਰਾ ਦੌਰਾਨ ਮੇਰੇ ਮਨ ਵਿਚ ਪੰਜਾਬ ਅਤੇ ਨਿਪਾਲ ਦੇ ਉਸ ਇਤਿਹਾਸ ਦੀਆਂ ਯਾਦਾਂ ਤਾਜ਼ਾ ਹੋਈਆਂ, ਜਦੋਂ ਪੰਜਾਬ ਦੇ ਮਹਾਰਾਜਾ ਅਤੇ ਨਿਪਾਲ ਦੇ ਰਾਜਾ ਵਿਚਕਾਰ ਦੋਸਤੀ ਅਤੇ ਆਪਸੀ ਸਤਿਕਾਰ ਦਾ ਰਿਸ਼ਤਾ ਸੀ। ਇਹ ਵੀ ਉਹੀ ਧਰਤੀ ਹੈ ਜਿੱਥੇ ਇਕ ਮਹਾਰਾਣੀ ਨੇ ਆਪਣਾ ਰਾਜ ਗੁਆਉਣ ਤੋਂ ਬਾਅਦ ਸੰਨਿਆਸਣ ਬਣ ਕੇ ਲੰਮਾ ਸਮਾਂ ਬਿਤਾਇਆ ਸੀ। ਉਹ ਮਹਾਰਾਣੀ ਸੀ, ਮਾਈ ਜਿੰਦਾਂ।
ਅੰਗਰੇਜ਼ਾਂ ਵਲੋਂ ਸਿੱਖ ਰਾਜ ਖੋਹਣ ਤੋਂ ਬਾਅਦ ਮਾਈ ਜਿੰਦਾਂ ਨੂੰ ਬਨਾਰਸ ਨੇੜੇ ਚੁਨਾਰ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ ਗਿਆ ਪਰ ਉਹ ਹੌਸਲਾ ਹਾਰਨ ਵਾਲੀ ਨਹੀਂ ਸੀ। ਇਕ ਦਿਨ ਉਹ ਕੈਦ ਵਿਚੋਂ ਬਚ ਕੇ ਨਿਕਲਣ ਵਿਚ ਕਾਮਯਾਬ ਹੋ ਗਈ ਅਤੇ ਲੁਕਦੀ-ਛਿਪਦੀ ਪਟਨਾ ਪਹੁੰਚ ਗਈ। ਅੰਗਰੇਜ਼ ਉਸ ਦੀ ਭਾਲ ਵਿਚ ਹਰ ਪਾਸੇ ਛਾਪੇ ਮਾਰ ਰਹੇ ਸਨ।
ਪਟਨਾ ਵਿਚ ਉਸ ਦੀ ਮੁਲਾਕਾਤ ਆਪਣੇ ਵਿਸ਼ਵਾਸਪਾਤਰ ਸਾਥੀ ਅਵਤਾਰ ਨਾਲ ਹੋਈ। ਉਸ ਨੇ ਮਾਈ ਲਈ ਭਗਵੇਂ ਰੰਗ ਦੇ ਵਸਤਰਾਂ ਦਾ ਪ੍ਰਬੰਧ ਕੀਤਾ, ਤਾਂ ਜੋ ਉਹ ਇਕ ਤਪੱਸਵੀ ਦਾ ਰੂਪ ਧਾਰ ਸਕੇ।
ਉਸ ਰਾਤ ਉਹ ਪਟਨਾ ਦੇ ਇਕ ਗੁਰਦੁਆਰਾ ਸਾਹਿਬ ਵਿਚ ਠਹਿਰੀ, ਜਿੱਥੇ ਲੋੜਵੰਦਾਂ ਲਈ ਲੰਗਰ ਅਤੇ ਰਹਿਣ ਦਾ ਪ੍ਰਬੰਧ ਸੀ। ਉਸ ਨੇ ਫ਼ੈਸਲਾ ਕਰ ਲਿਆ ਸੀ ਕਿ ਹੁਣ ਉਸ ਦੀ ਮੰਜ਼ਿਲ ਨਿਪਾਲ ਹੈ, ਜਿੱਥੇ ਉਹ ਸ਼ਰਨ ਅਤੇ ਮਦਦ ਦੀ ਉਮੀਦ ਰੱਖਦੀ ਸੀ।
ਅਗਲੇ ਦਿਨ ਅਵਤਾਰ ਘੋੜਿਆਂ ਅਤੇ ਯਾਤਰਾ ਲਈ ਲੋੜੀਂਦਾ ਸਮਾਨ ਲੈਣ ਗਿਆ, ਪਰ ਮੁੜ ਕੇ ਨਾ ਆਇਆ। ਮਾਈ ਨੇ ਤਿੰਨ ਦਿਨ ਉਸ ਦੀ ਉਡੀਕ ਕੀਤੀ। ਆਖਿਰ ਲੋਕਾਂ ਤੋਂ ਪਤਾ ਲੱਗਾ ਕਿ ਫਿਰੰਗੀ ਬਾਗੀਆਂ ਦੀ ਭਾਲ ਵਿਚ ਹਰ ਪਾਸੇ ਘੁੰਮ ਰਹੇ ਹਨ।
ਉਸ ਨੇ ਸਵੇਰੇ ਅਰਦਾਸ ਕੀਤੀ। ਇਕੱਲੀ ਹੀ ਨਿਪਾਲ ਵੱਲ ਰਵਾਨਾ ਹੋ ਗਈ। ਜਾਣ ਤੋਂ ਪਹਿਲਾਂ ਉਸ ਨੇ ਗ੍ਰੰਥੀ ਸਿੰਘ ਨੂੰ ਦੱਸਿਆ ਕਿ ਉਹ ਪਸ਼ੂਪਤੀਨਾਥ ਮੰਦਰ ਦੀ ਯਾਤਰਾ ਲਈ ਜਾ ਰਹੀ ਹੈ। ਗ੍ਰੰਥੀ ਨੇ ਉਸ ਨੂੰ ਰਸਤੇ ਦੀ ਜਾਣਕਾਰੀ ਦਿੱਤੀ, ਇਕ ਪੁਰਾਣਾ ਕੰਬਲ, ਕੁਝ ਰੋਟੀਆਂ ਅਤੇ ਥੋੜ੍ਹੇ ਪੈਸੇ ਦੇ ਕੇ ਵਿਦਾ ਕੀਤਾ।
ਮਾਈ ਨੂੰ ਆਸ ਸੀ ਕਿ ਰਸਤੇ ਵਿਚ ਕੋਈ ਯਾਤਰੀ ਟੋਲੀ ਮਿਲ ਜਾਵੇਗੀ, ਪਰ ਉਹ ਇਕੱਲੀ ਹੀ ਤੁਰਦੀ ਰਹੀ। ਕੁਝ ਦਿਨਾਂ ਬਾਅਦ ਉਸ ਦੀ ਜੁੱਤੀ ਟੁੱਟ ਗਈ। ਪੈਰਾਂ ਵਿਚ ਛਾਲੇ ਪੈ ਗਏ ਅਤੇ ਖੂਨ ਵਗਣ ਲੱਗਾ। ਜਦ ਤੱਕ ਪੈਸੇ ਸਨ, ਉਹ ਦੁੱਧ ਅਤੇ ਰੋਟੀ ਨਾਲ ਗੁਜ਼ਾਰਾ ਕਰਦੀ ਰਹੀ। ਕਈ ਵਾਰ ਰਸਤਾ ਸੰਘਣੇ ਜੰਗਲਾਂ ਵਿਚੋਂ ਲੰਘਦਾ, ਜਿੱਥੇ ਜੰਗਲੀ ਜਾਨਵਰਾਂ ਦਾ ਡਰ ਹਰ ਵੇਲੇ ਬਣਿਆ ਰਹਿੰਦਾ। ਆਪਣੀ ਸੁਰੱਖਿਆ ਲਈ ਉਹ ਪੱਥਰ ਨਾਲ ਰੱਖਦੀ। ਰਾਤ ਨੂੰ ਫੱਟੇ ਕੰਬਲ ਵਿਚ ਲਿਪਟ ਕੇ ਕਦੇ ਦਰੱਖਤਾਂ ਹੇਠਾਂ ਤੇ ਕਦੇ ਗੁਫ਼ਾਵਾਂ ਵਿਚ ਸੌਂ ਜਾਂਦੀ। ਦਿਨ ਅਤੇ ਰਾਤ ਇਕੋ ਜਿਹੇ ਹੋ ਗਏ ਸਨ।
ਅਖ਼ੀਰਕਾਰ ਉਹ ਪਹਾੜਾਂ ਵਿਚ ਪਹੁੰਚ ਗਈ। ਕੜਾਕੇ ਦੀ ਠੰਢ, ਬਰਫ਼ ਨਾਲ ਢਕੀਆਂ ਸਵੇਰਾਂ ਅਤੇ ਲੰਮੇ ਪਹਾੜੀ ਰਸਤੇ ਉਸ ਦੀ ਹਿੰਮਤ ਨੂੰ ਹਰ ਰੋਜ਼ ਅਜ਼ਮਾਉਂਦੇ ਰਹੇ। ਕਈ ਵਾਰ ਜਦੋਂ ਉਹ ਸਵੇਰੇ ਉੱਠਦੀ ਤਾਂ ਕੰਬਲ ਉੱਤੇ ਬਰਫ਼ ਦੀ ਪਰਤ ਜੰਮੀ ਹੁੰਦੀ। ਖਾਣਾ ਵੀ ਖ਼ਤਮ ਹੋ ਚੁੱਕਾ ਸੀ। ਥੱਕ-ਹਾਰ ਕੇ ਉਸ ਦੇ ਮਨ ਵਿਚ ਖ਼ਿਆਲ ਆਉਣ ਲੱਗੇ ਕਿ ਸ਼ਾਇਦ ਹੁਣ ਉਹ ਜ਼ਿਆਦਾ ਦੇਰ ਜੀਵਿਤ ਨਾ ਰਹਿ ਸਕੇ।
ਇਕ ਦਿਨ ਜਦੋਂ ਉਹ ਇਕ ਚੱਟਾਨ ਹੇਠਾਂ ਨਿਢਾਲ ਪਈ ਸੀ, ਤਾਂ ਪਸ਼ੂਪਤੀਨਾਥ ਜਾ ਰਹੇ ਕੁਝ ਸ਼ਰਧਾਲੂਆਂ ਨੇ ਉਸ ਨੂੰ ਦੇਖਿਆ। ਉਨ੍ਹਾਂ ਨੇ ਉਸ ਨੂੰ ਲੋੜਵੰਦ ਸਮਝ ਕੇ ਭੋਜਨ ਦਿੱਤਾ ਅਤੇ ਹੌਸਲਾ ਦਿੱਤਾ। ਆਪਣੀ ਅਸਲੀ ਪਹਿਚਾਣ ਲੁਕਾਉਣ ਲਈ ਮਾਈ ਨੇ ਸਿਰਫ਼ ਇਹੀ ਕਿਹਾ, 'ਮੇਰੇ ਪੁੱਤਰ ਦੀ ਮੌਤ ਨੇ ਮੈਨੂੰ ਸੰਨਿਆਸਣ ਬਣਾ ਦਿੱਤਾ ਹੈ।'
ਇਕ ਮਹੀਨੇ ਦੇ ਔਖੇ ਸਫ਼ਰ ਤੋਂ ਬਾਅਦ ਉਹ ਆਖਿਰਕਾਰ ਕਾਠਮੰਡੂ ਪਹੁੰਚ ਗਈ। ਪੁੱਛਦੀ-ਪੁੱਛਾਉਂਦੀ ਉਹ ਰਾਣਾ ਜੰਗ ਬਹਾਦਰ ਦੇ ਮਹਿਲ ਤੱਕ ਪਹੁੰਚੀ।
ਜਦੋਂ ਰਾਣਾ ਜੰਗ ਬਹਾਦਰ ਦਰਬਾਰ ਨੂੰ ਜਾ ਰਿਹਾ ਸੀ, ਉਸ ਨੇ ਮਾਈ ਨੂੰ ਭਿਖਾਰਨ ਸਮਝ ਕੇ ਕੁਝ ਸਿੱਕੇ ਦੇਣੇ ਚਾਹੇ। ਮਾਈ ਨੇ ਸਿੱਕੇ ਲੈਣ ਤੋਂ ਇਨਕਾਰ ਕਰ ਦਿੱਤਾ। ਹੈਰਾਨ ਹੋ ਕੇ ਰਾਣਾ ਨੇ ਪੁੱਛਿਆ, 'ਤੂੰ ਕੌਣ ਹੈਂ?'
ਮਾਈ ਨੇ ਬੜੇ ਸਵੈਮਾਨ ਨਾਲ ਜਵਾਬ ਦਿੱਤਾ, 'ਮੈਂ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਰਾਣੀ ਜਿੰਦ ਕੌਰ ਹਾਂ, ਜੋ ਕਦੇ ਤੁਹਾਡੇ ਰਾਜ ਦੇ ਮਿੱਤਰ ਰਹੇ ਹਨ।'
ਰਾਣਾ ਜੰਗ ਬਹਾਦਰ ਹੈਰਾਨ ਰਹਿ ਗਿਆ। ਉਸ ਨੇ ਮਾਈ ਤੋਂ ਸਾਰੀ ਕਹਾਣੀ ਸੁਣੀ, ਚੁਨਾਰ ਦੀ ਕੈਦ ਤੋਂ ਲੈ ਕੇ ਕਾਠਮੰਡੂ ਤੱਕ ਦਾ ਉਹ ਦੁੱਖਾਂ ਭਰਿਆ ਸਫ਼ਰ। ਇਹ ਸੁਣ ਕੇ ਉਹ ਆਪਣੇ ਰੱਥ ਤੋਂ ਹੇਠਾਂ ਉਤਰਿਆ ਅਤੇ ਮਾਈ ਨੂੰ ਸਤਿਕਾਰ ਨਾਲ ਨਮਸਕਾਰ ਕੀਤਾ।
ਉਸ ਨੇ ਕਿਹਾ, 'ਤੁਸੀਂ ਬਹੁਤ ਬਹਾਦਰ ਔਰਤ ਹੋ, ਮਾਈ ਜਿੰਦਾਂ। ਅਸੀਂ ਅੱਜ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਆਪਣੇ ਪੁਰਾਣੇ ਸੰਬੰਧਾਂ ਨੂੰ ਸਤਿਕਾਰ ਨਾਲ ਯਾਦ ਕਰਦੇ ਹਾਂ, ਸਰਕਾਰ-ਏ-ਖ਼ਾਲਸਾ ਨੇ ਸਾਨੂੰ ਲੋੜ ਪੈਣ 'ਤੇ ਮੱਦਦ ਦਿੱਤੀ ਸੀ। ਅਸੀਂ ਤੁਹਾਡੇ ਰਾਜ ਉੱਤੇ ਹੋਏ ਅੰਗਰੇਜ਼ੀ ਕਬਜ਼ੇ ਅਤੇ ਤੁਹਾਡੇ ਪੁੱਤਰ ਨਾਲ ਹੋਈਧੱਕੇਸ਼ਾਹੀਬਾਰੇ ਸੁਣਿਆ ਹੈ। ਨਿਪਾਲ ਵਿਚ ਤੁਹਾਡਾ ਸਵਾਗਤ ਹੈ।'
ਮਾਈ ਜਿੰਦਾਂ ਨੇ ਅਗਲੇ ਗਿਆਰਾਂ ਸਾਲ ਨਿਪਾਲ ਵਿਚ ਬਿਤਾਏ। ਜਦੋਂ ਉਸ ਦੀ ਨਜ਼ਰ ਕਮਜ਼ੋਰ ਹੋ ਗਈ ਤਾਂ ਲਗਭਗ ਇਕ ਦਹਾਕੇ ਬਾਅਦ ਅੰਗਰੇਜ਼ਾਂ ਨੇ ਉਸ ਨੂੰ ਆਪਣੇ 22 ਸਾਲਾ ਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਕਲਕੱਤਾ ਦੇ ਸਪੈਂਸ ਹੋਟਲ ਵਿਚ ਮਿਲਣ ਦੀ ਇਜਾਜ਼ਤ ਦਿੱਤੀ। ਉੱਥੋਂ ਮਾਂ-ਪੁੱਤਰ ਇਕੱਠੇ ਇੰਗਲੈਂਡ ਚਲੇ ਗਏ।
1 ਅਗਸਤ, 1863 ਨੂੰ ਕੇਨਸਿੰਗਟਨ ਦੇ ਅਬਿੰਗਡਨ ਹਾਊਸ ਵਿਚ ਮਹਾਰਾਣੀ ਜਿੰਦ ਕੌਰ ਦਾ ਦੇਹਾਂਤ ਹੋ ਗਿਆ। ਉਸ ਸਮੇਂ ਬਰਤਾਨੀਆ ਵਿਚ ਸਸਕਾਰ ਦੀ ਆਗਿਆ ਨਹੀਂ ਸੀ, ਇਸ ਲਈ ਦਲੀਪ ਸਿੰਘ ਨੂੰ ਮਾਤਾ ਦੀ ਦੇਹ ਪੰਜਾਬ ਲਿਜਾਣ ਦੀ ਇਜਾਜ਼ਤ ਨਾ ਮਿਲੀ। ਕੁਝ ਸਮੇਂ ਲਈ ਉਨ੍ਹਾਂ ਦੀ ਦੇਹ ਕੇਨਸਲ ਗ੍ਰੀਨ ਕਬਰਸਤਾਨ ਵਿਚ ਰੱਖੀ ਗਈ। 1864 ਵਿਚ ਦਲੀਪ ਸਿੰਘ ਨੂੰ ਦੇਹ ਭਾਰਤ ਲਿਆਉਣ ਦੀ ਇਜਾਜ਼ਤ ਮਿਲੀ, ਜਿੱਥੇ ਬੰਬਈ ਵਿਚ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਮਹਾਰਾਣੀ ਜਿੰਦ ਕੌਰ ਦੀ ਅੰਤਿਮ ਇੱਛਾ ਲਾਹੌਰ ਵਿਚ ਸਸਕਾਰ ਹੋਣ ਦੀ ਸੀ, ਪਰ ਬਰਤਾਨੀਆ ਸਰਕਾਰ ਨੇ ਇਸ ਦੀ ਆਗਿਆ ਨਹੀਂ ਸੀ ਦਿੱਤੀ।
ਮਾਈ ਜਿੰਦਾਂ ਦੀ ਇਹ ਦਾਸਤਾਨ ਸਿਰਫ਼ ਇਕ ਮਹਾਰਾਣੀ ਦੀ ਕਹਾਣੀ ਨਹੀਂ, ਸਗੋਂ ਸਵੈਮਾਨ, ਦ੍ਰਿੜ੍ਹ ਇਰਾਦੇ, ਹਿੰਮਤ ਅਤੇ ਬੇਮਿਸਾਲ ਸੰਘਰਸ਼ ਦੀ ਗਾਥਾ ਹੈ। ਨਿਪਾਲ ਵਿਚ ਬਿਤਾਏ ਉਹ ਗਿਆਰਾਂ ਸਾਲ ਪੰਜਾਬ ਅਤੇ ਨਿਪਾਲ ਦੇ ਇਤਿਹਾਸਕ ਰਿਸ਼ਤਿਆਂ ਦਾ ਇਕ ਅਮਿੱਟ ਅਧਿਆਇ ਹਨ, ਜਿਨ੍ਹਾਂ ਨੂੰ ਅੱਜ ਵੀ ਯਾਦ ਕਰਨ ਦੀ ਲੋੜ ਹੈ।
-ਡਾਇਰੈਕਟਰ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ।
ਮੋਬਾਈਲ : 98548-00075

ਪਿਛਲੀ ਖ਼ਬਰ ਮੁੱਖ ਧਾਰਾ ਦੇ ਬਾਲੀਵੁੱਡ ਸਿਨੇਮਾ ਦੀ ਜ਼ਮੀਰ ਹੈ ਨਸੀਰੂਦੀਨ ਸ਼ਾਹ ਅਗਲੀ ਖ਼ਬਰ ਦੇਸ਼ ਦੇ ਨੌਜਵਾਨਾਂ ਦੀ ਵੱਡੀ ਜਿੱਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।