ਮਹਾਨ ਅਦਾਕਾਰ ਨਸੀਰੂਦੀਨ ਸ਼ਾਹ (76) ਨੇ ਬਾਲੀਵੁੱਡ 'ਚ ਆਪਣੇ 5 ਦਹਾਕੇ ਦੇ ਲੰਬੇ ਕਰੀਅਰ ਨੂੰ ਪੂਰੇ ਕਰਦਿਆਂ ਪਿਛਲੇ ਹਫ਼ਤੇ ਆਪਣਾ ਜਨਮ ਦਿਨ ਮਨਾਇਆ ਹੈ। ਨਸੀਰੂਦੀਨ ਸ਼ਾਹ ਇਕ ਅਜਿਹੇ ਅਦਾਕਾਰ ਹਨ, ਜਿਨ੍ਹਾਂ ਸਿਨੇਮਾ ਦੇ ਵਿਆਕਰਨ ਨੂੰ ਮੁੜ ਪਰਿਭਾਸ਼ਿਤ ਕੀਤਾ ਹੈ। ਭਾਰਤੀ ਸਿਨੇਮਾ ਦੇ ਇਸ ਅਸਾਧਾਰਨ ਕਲਾਕਾਰ ਨੇ ਅਦਾਕਾਰੀ ਨੂੰ ਬੌਧਿਕ ਖੋਜ 'ਚ ਬਦਲਦਿਆਂ ਸਾਬਤ ਕਰ ਦਿੱਤਾ ਹੈ ਕਿ ਵਪਾਰਕ ਸਫਲਤਾ ਨੂੰ ਕਲਾਤਮਕ ਇਮਾਨਦਾਰੀ ਦੀ ਕੀਮਤ 'ਤੇ ਨਹੀਂ ਤੋਲਿਆ ਜਾ ਸਕਦਾ ਹੈ। ਉਹ ਆਪਣੇ 5 ਦਹਾਕਿਆਂ ਤੋਂ ਵੱਧ ਸਮੇਂ ਦੇ ਅਦਾਕਾਰੀ ਕਰੀਅਰ ਦੌਰਾਨ ਸਮਾਨਾਂਤਰ ਸਿਨੇਮਾ ਦੇ ਕਠੋਰ ਯਥਾਰਥਵਾਦ ਤੇ ਬਾਲੀਵੁੱਡ ਦੇ ਚਮਕਦਾਰ ਰੰਗ ਤਮਾਸ਼ਿਆਂ ਨੂੰ ਬਿਨਾਂ ਕਿਸੇ ਮੁਸ਼ਕਿਲ ਦੇ ਨਾਲੋ-ਨਾਲ ਲੈ ਕੇ ਤੁਰਿਆ ਹੈ, ਪਰ ਉਸ ਨੇ ਕਦੇ ਵੀ ਆਪਣੀ ਕਲਾ ਨਾਲ ਕੋਈ ਸਮਝੌਤਾ ਨਹੀਂ ਕੀਤਾ। ਬਹੁਤ ਘੱਟ ਅਦਾਕਾਰਾਂ ਨੇ ਇਨ੍ਹਾਂ ਦੋ ਸਿਨੇਮੈਟਿਕ ਬ੍ਰਹਿਮੰਡਾਂ ਨੂੰ ਇੰਨੀ ਸ਼ਾਨ ਨਾਲ ਪਾਰ ਕੀਤਾ ਹੈ। ਫਿਲਮ ਉਦਯੋਗ ਵਿਚ ਜਿੱਥੇ ਗਲੈਮਰ ਦਾ ਬੋਲਬਾਲਾ ਰਿਹਾ ਹੈ, ਉੱਥੇ ਨਸੀਰੂਦੀਨ ਸ਼ਾਹ ਨੇ ਆਪਣੇ ਅਦਾਕਾਰੀ ਟਾਈਮਿੰਗ ਤੇ ਭਾਵਨਾਤਮਕ ਸੱਚਾਈ ਦੇ ਪ੍ਰਦਰਸ਼ਨ ਨਾਲ ਆਪਣਾ ਇਕ ਸਾਮਰਾਜ ਬਣਾਇਆ ਹੈ।
ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਦਿੱਲੀ ਤੋਂ ਬਾਅਦ ਨੈਸ਼ਨਲ ਸਕੂਲ ਆਫ਼ ਡਰਾਮਾ ਦੀ ਸਖ਼ਤ ਸਿਖਲਾਈ ਨੇ ਸ਼ਾਹ ਦੇ ਸਟੇਜ 'ਤੇ ਅਦਾਕਾਰੀ ਹੁਨਰ ਨੂੰ ਨਿਖਾਰਿਆ ਅਤੇ ਉਸ ਨੇ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ਼ ਇੰਡੀਆ ਪੁਣੇ ਤੋਂ ਗ੍ਰੈਜੂਏਸ਼ਨ ਕਰਨ ਦੌਰਾਨ ਅਦਾਕਾਰੀ ਦੀਆਂ ਬਾਰੀਕੀਆਂ ਨੂੰ ਸਮਝਿਆ। 1960 ਦੇ ਦਹਾਕੇ ਦੇ ਅਖ਼ੀਰ ਤੇ 1970 ਦੇ ਦਹਾਕੇ ਦੀ ਸ਼ੁਰੂਆਤ ਸਮੇਂ ਦਿੱਲੀ ਦੇ ਅਦਾਕਾਰਾਂ ਦੀ ਇਕ ਅਸਾਧਾਰਨ ਪੀੜ੍ਹੀ 'ਚ ਸ਼ਾਹ ਤੋਂ ਇਲਾਵਾ ਓਮ ਪੁਰੀ, ਰਾਜ ਬੱਬਰ, ਪੰਕਜ ਕਪੂਰ ਸ਼ਾਮਿਲ ਸਨ, ਜਿਨ੍ਹਾਂ ਭਾਰਤੀ ਸਿਨੇਮਾ 'ਤੇ ਆਪਣੀ ਅਮਿੱਟ ਛਾਪ ਛੱਡੀ ਹੈ। ਨਸੀਰੂਦੀਨ ਸ਼ਾਹ ਦੀ ਸ਼ਬਦਾਵਲੀ ਹਿੰਦੀ ਸਿਨੇਮਾ 'ਚ ਬੇਮਿਸਾਲ ਹੈ। ਉਹ ਭਾਵੇਂ ਉਰਦੂ ਬੋਲ ਰਿਹਾ ਹੋਵੇ, ਹਿੰਦੀ ਜਾਂ ਅੰਗਰੇਜ਼ੀ ਉਸ ਦੀ ਸੰਵਾਦ ਡਿਲੀਵਰੀ ਵਿਚ ਇਕ ਅਜਿਹਾ ਸੰਗੀਤਕ ਤਾਲ ਹੈ ਜੋ ਸਮਕਾਲੀ ਸਿਨੇਮਾ ਵਿਚ ਬਹੁਤ ਘੱਟ ਵੇਖਣ ਸੁਣਨ ਨੂੰ ਮਿਲਦਾ ਹੈ। 1970 ਦੇ ਦਹਾਕੇ ਦੌਰਾਨ ਸਮਾਨਾਂਤਰ ਸਿਨੇਮਾ ਨੇ ਇਕ ਨਵੀਂ ਲਹਿਰ ਦਾ ਜਨਮ ਦੇਖਿਆ, ਜਿਸ ਨੇ ਯਥਾਰਥਵਾਦ ਤੇ ਸਮਾਜਿਕ ਟਿੱਪਣੀ ਨਾਲ ਫਾਰਮੂਲਾ ਕਹਾਣੀ ਸੁਣਾਉਣ ਨੂੰ ਚੁਣੌਤੀ ਦਿੱਤੀ। ਨਸੀਰੂਦੀਨ ਸ਼ਾਹ ਇਸ ਦੇ ਸਭ ਤੋਂ ਚਮਕਦਾਰ ਸਿਤਾਰਿਆਂ 'ਚੋਂ ਇਕ ਵਜੋਂ ਉਭਰਿਆ। ਉਸ ਦੀਆਂ ਨਿਸ਼ਾਂਤ, ਮੰਥਨ, ਭੂਮਿਕਾ, ਜੁਨੂੰਨ, ਆਕਰੋਸ਼, ਮੰਡੀ, ਮਿਰਚ ਮਸਾਲਾ, ਪਾਰ, ਮੋਹਨ ਜੋਸ਼ੀ ਹਾਜ਼ਿਰ ਹੋ! ਲਾਜਵਾਬ ਸਨ, ਇਸੇ ਦੌਰਾਨ ਅਰਧ ਸੱਤਿਆ ਤੇ ਜਾਨੇ ਭੀ ਦੋ ਯਾਰੋ ਵਰਗੀਆਂ ਫਿਲਮਾਂ ਭਾਰਤੀ ਸਿਨੇਮਾ ਦੀਆਂ ਮੀਲ ਪੱਥਰ ਬਣੀਆਂ।
ਉਸ ਨੇ ਸ਼ਿਆਮ ਬੈਨੇਗਲ, ਗੋਵਿੰਦ ਨਿਹਲਾਨੀ, ਕੇਤਨ ਮਹਿਤਾ, ਸਈਦ ਅਖ਼ਤਰ ਮਿਰਜ਼ਾ ਅਤੇ ਕੁੰਦਨ ਸ਼ਾਹ ਵਰਗੇ ਦੂਰਦਰਸ਼ੀ ਫਿਲਮ ਨਿਰਮਾਤਾਵਾਂ ਨਾਲ ਕੰਮ ਕਰਦਿਆਂ ਭਾਰਤੀ ਅਦਾਕਾਰੀ ਨੂੰ ਮੁੜ ਪਰਿਭਾਸ਼ਿਤ ਕਰਨ ਵਿਚ ਮਦਦ ਕੀਤੀ। ਨਸੀਰੂਦੀਨ ਸ਼ਾਹ ਨੇ ਕਮਰਸ਼ੀਅਲ ਸਿਨੇਮਾ 'ਚ- ਕਰਮਾ, ਤ੍ਰਿਦੇਵ, ਮੋਹਰਾ, ਸਰਫਰੋਸ਼, ਮਾਸੂਮ, ਵੋ ਸਾਤ ਦਿਨ, ਦ ਡਰਟੀ ਪਿਕਚਰ, ਇਸ਼ਕੀਆ, ਡੇਢ ਇਸ਼ਕੀਆ, ਏ ਵੈਡਨਸਡੇ, ਜ਼ਿੰਦਗੀ ਨਾ ਮਿਲੇਗੀ ਦੋਬਾਰਾ, ਫਾਈਂਡਿੰਗ ਫੈਨੀ ਤੇ ਵੈਲਕਮ ਬੈਕ ਵਰਗੀਆਂ ਫਿਲਮਾਂ 'ਚ ਆਪਣੀ ਬਹੁਪੱਖੀ ਪ੍ਰਤਿਭਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਉਹ ਰਵਾਇਤੀ ਨਾਇਕਾਂ ਦੇ ਉਲਟ ਕਦੇ ਵੀ ਡਾਂਸ ਨੰਬਰਾਂ, ਵਿਸਤ੍ਰਿਤ ਐਕਸ਼ਨ ਸੀਕਵੈਂਸ ਜਾਂ ਸਟਾਰਡਮ 'ਤੇ ਨਿਰਭਰ ਨਹੀਂ ਰਹੇ। ਵਪਾਰਕ ਮਨੋਰੰਜਨ ਫ਼ਿਲਮਾਂ ਵਿਚ ਵੀ ਦਰਸ਼ਕਾਂ ਨੇ ਉਸ ਨੂੰ ਮੁੱਖ ਨਾਇਕਾਂ ਨਾਲੋਂ ਵਧੇਰੇ ਨੇੜੇ ਹੋ ਕੇ ਦੇਖਿਆ। ਉਸ ਦੀ 'ਏ ਵੈਡਨਸਡੇ' ਫ਼ਿਲਮ ਵਿਚ ਅੱਤਵਾਦ ਤੋਂ ਦੁਖੀ ਇਕ ਆਮ ਨਾਗਰਿਕ ਦੀ ਨਿਭਾਈ ਭੂਮਿਕਾ ਨੂੰ ਕੋਈ ਕਦੇ ਨਹੀਂ ਭੁੱਲ ਸਕਦਾ। ਨਸੀਰੂਦੀਨ ਸ਼ਾਹ ਦੀ ਸ਼ਬਦਾਵਲੀ ਲਾਜਵਾਬ ਹੈ, ਨੌਜਵਾਨ ਕਲਾਕਾਰ ਉਸ ਦੀ ਸੰਵਾਦ ਡਿਲੀਵਰੀ ਦਾ ਅਧਿਐਨ ਕਰਦੇ ਹਨ।
ਸ਼ਾਹ ਨੇ ਭਾਰਤੀ ਅਦਾਕਾਰੀ ਵਿਚ ਸਾਹਿਤਕ ਸੂਝ-ਬੂਝ ਲਿਆਂਦੀ ਹੈ। ਉਸ ਦੀ ਆਵਾਜ਼ ਦਰਸ਼ਕਾਂ ਨੂੰ ਯਾਦ ਦਿਵਾਉਂਦੀ ਹੈ ਕਿ ਸ਼ਬਦਾਂ ਵਿਚ ਬਹੁਤ ਸ਼ਕਤੀ ਹੁੰਦੀ ਹੈ। ਥੀਏਟਰ ਉਸ ਦਾ ਪਹਿਲਾ ਪਿਆਰ ਰਿਹਾ। ਉਸ ਨੇ ਆਪਣੀ ਪਤਨੀ ਰਤਨਾ ਪਾਠਕ ਸ਼ਾਹ ਦੇ ਨਾਲ ਮਿਲ ਕੇ ਥੀਏਟਰ ਕੰਪਨੀ ਮੋਟਲੀ ਦੀ ਸਥਾਪਨਾ ਕੀਤੀ, ਜਿਸ ਨੇ ਸਮਕਾਲੀ ਦਰਸ਼ਕਾਂ ਲਈ ਗੰਭੀਰ ਅੰਗਰੇਜ਼ੀ ਤੇ ਹਿੰਦੀ ਥੀਏਟਰ ਨੂੰ ਮੁੜ ਸੁਰਜੀਤ ਕੀਤਾ। ਪ੍ਰਸਿੱਧੀ ਪ੍ਰਾਪਤ ਕਰਨ ਤੋਂ ਬਾਅਦ ਥੀਏਟਰ ਨੂੰ ਛੱਡਣ ਵਾਲੇ ਬਹੁਤ ਸਾਰੇ ਫਿਲਮੀ ਸਿਤਾਰਿਆਂ ਦੇ ਉਲਟ ਸ਼ਾਹ ਸਟੇਜ 'ਤੇ ਵਾਪਸ ਆਉਂਦੇ ਰਹੇ। ਉਨ੍ਹਾਂ ਲਈ ਥੀਏਟਰ ਪੁਰਾਣੀਆਂ ਯਾਦਾਂ ਨਹੀਂ ਹਨ। ਦਰਅਸਲ ਸਟੇਜ ਅਦਾਕਾਰ ਸਿਨੇਮਾ 'ਤੇ ਇਸ ਲਈ ਹਾਵੀ ਹੁੰਦੇ ਹਨ ਕਿਉਂਕਿ ਭਾਰਤੀ ਸਿਨੇਮਾ ਦੇ ਸਭ ਤੋਂ ਵਧੀਆ ਕਲਾਕਾਰ ਜ਼ਿਆਦਾਤਰ ਥੀਏਟਰ ਤੋਂ ਉੱਭਰੇ ਹਨ। ਦਿਲੀਪ ਕੁਮਾਰ ਦਾ ਮਨੋਵਿਗਿਆਨਕ ਯਥਾਰਥਵਾਦ, ਬਲਰਾਜ ਸਾਹਨੀ ਦਾ ਸੁਭਾਵਿਕਤਾ, ਓਮ ਪੁਰੀ ਦੀ ਤੀਬਰਤਾ, ਇਰਫਾਨ ਖਾਨ ਦੀ ਸ਼ਾਂਤ ਪ੍ਰਤਿਭਾ, ਪੰਕਜ ਕਪੂਰ ਦੀ ਸ਼ੁੱਧਤਾ, ਮਨੋਜ ਬਾਜਪਾਈ ਦੀ ਭਾਵਨਾਤਮਕ ਡੂੰਘਾਈ ਦਾ ਸਾਂਝਾ ਗੁਣ ਥੀਏਟਰ ਹੀ ਹੈ। ਥੀਏਟਰ-ਸਿਖਿਅਤ ਅਦਾਕਾਰਾਂ ਕੋਲ ਅਸਾਧਾਰਨ ਭਾਵਨਾਤਮਕ ਸੀਮਾ ਹੁੰਦੀ ਹੈ ਕਿਉਂਕਿ ਉਹ ਚੁੱਪ ਨੂੰ, ਤਾਲ ਨੂੰ ਤੇ ਸਭ ਤੋਂ ਮਹੱਤਵਪੂਰਨ ਸੁਣਨ ਨੂੰ ਸਮਝਦੇ ਹਨ -ਨਸੀਰੂਦੀਨ ਸ਼ਾਹ ਇਸ ਪਰੰਪਰਾ ਦੇ ਸਭ ਤੋਂ ਵੱਡੇ ਰਾਜਦੂਤਾਂ 'ਚੋਂ ਇਕ ਹੈ।
ਨੌਜਵਾਨ ਅਦਾਕਾਰਾਂ ਦੀਆਂ ਪੀੜ੍ਹੀਆਂ ਬਿਨਾਂ ਕਿਸੇ ਝਿਜਕ ਖੁੱਲ੍ਹ ਕੇ ਸ਼ਾਹ ਦੇ ਪ੍ਰਭਾਵ ਨੂੰ ਸਵੀਕਾਰ ਕਰਦੀਆਂ ਹਨ ਤੇ ਬਹੁਤੇ ਉਸ ਦੀ ਸ਼ੈਲੀ ਦੀ ਨਕਲ ਕਰਦੇ ਹਨ। ਸ਼ਾਹ ਨੇ ਅਦਾਕਾਰੀ ਦੇ ਡਿਗਦੇ ਮਿਆਰਾਂ, ਸਤਹੀ ਫਿਲਮ ਨਿਰਮਾਣ ਤੇ ਬਾਕਸ-ਆਫਿਸ ਨੰਬਰਾਂ ਦੇ ਜਨੂੰਨ ਦੀ ਹਮੇਸ਼ਾ ਆਲੋਚਨਾ ਕੀਤੀ ਹੈ। ਭਾਵੇਂ ਦਰਸ਼ਕ ਉਸ ਦੇ ਵਿਚਾਰਾਂ ਨਾਲ ਸਹਿਮਤ ਹੋਣ ਜਾਂ ਨਾ ਹੋਣ, ਪਰ ਉਨ੍ਹਾਂ ਦੇ ਪਿੱਛੇ ਦੀ ਇਮਾਨਦਾਰੀ ਨੂੰ ਪਛਾਣਦੇ ਹਨ। ਉਸ ਨੂੰ ਮਿਲੇ ਕਈ ਰਾਸ਼ਟਰੀ ਫਿਲਮ ਪੁਰਸਕਾਰ ਤੇ ਫਿਲਮਫੇਅਰ ਪੁਰਸਕਾਰਾਂ ਤੋਂ ਇਲਾਵਾ ਪਦਮ ਸ਼੍ਰੀ, ਪਦਮ ਭੂਸ਼ਣ ਅਤੇ ਅੰਤਰਰਾਸ਼ਟਰੀ ਪੁਰਸਕਾਰ ਉਸ ਦੀ ਕਾਮਯਾਬੀ ਦੀ ਕਹਾਣੀ ਨੂੰ ਬਿਆਨਦੇ ਹਨ। ਉਸ ਦੀ ਸਟਾਰਡਮ ਤੋਂ ਪਰ੍ਹੇ ਇਕ ਮਹਾਨ ਵਿਰਾਸਤ ਹੈ। ਅੱਜ ਦਾ ਹਿੰਦੀ ਸਿਨੇਮਾ ਵਧੇਰੇ ਅਮੀਰ ਹੈ ਕਿਉਂਕਿ ਨਸੀਰੂਦੀਨ ਸ਼ਾਹ ਵਰਗੇ ਅਦਾਕਾਰਾਂ ਨੇ ਇਸ ਦੀਆਂ ਨੀਂਹਾਂ ਮਜ਼ਬੂਤ ਕੀਤੀਆਂ ਹਨ। ਪੰਕਜ ਤ੍ਰਿਪਾਠੀ, ਜੈਦੀਪ ਅਹਿਲਾਵਤ, ਵਿਜੇ ਵਰਮਾ, ਰਾਜਕੁਮਾਰ ਰਾਓ ਤੇ ਬਹੁਤ ਸਾਰੇ ਹੋਰ ਕਲਾਕਾਰਾਂ ਦੀ ਸਫਲਤਾ ਉਸ ਰਸਤੇ ਦੀ ਦੇਣਦਾਰ ਹੈ, ਜੋ ਨਸੀਰੂਦੀਨ ਸ਼ਾਹ ਤੇ ਉਸ ਦੇ ਸਮਕਾਲੀਆਂ ਨੇ ਦਹਾਕਿਆਂ ਪਹਿਲਾਂ ਬਣਾਇਆ ਸੀ। ਸਟ੍ਰੀਮਿੰਗ ਪਲੇਟਫਾਰਮ, ਸੁਤੰਤਰ ਫਿਲਮਾਂ ਤੇ ਸੂਝਵਾਨ ਦਰਸ਼ਕਾਂ ਨੇ ਇਕ ਅਜਿਹਾ ਵਾਤਾਵਰਨ ਬਣਾਇਆ ਹੈ ਜਿੱਥੇ ਸੂਖਮ ਅਦਾਕਾਰੀ ਦਾ ਜਸ਼ਨ ਮਨਾਇਆ ਜਾਂਦਾ ਹੈ।
ਨਸੀਰੂਦੀਨ ਸ਼ਾਹ ਨੇ ਭਾਰਤੀ ਸਿਨੇਮਾ ਨੂੰ ਵਿਕਸਤ ਕਰਨ 'ਚ ਵੱਡਾ ਯੋਗਦਾਨ ਪਾਇਆ ਹੈ, ਉਸ ਦਾ ਕੰਮ ਯਾਦ ਦਿਵਾਉਂਦਾ ਹੈ ਕਿ ਅਸਲ ਕਲਾਤਮਕਤਾ ਕਦੇ ਵੀ ਪੁਰਾਣੀ ਨਹੀਂ ਹੁੰਦੀ। ਬਲਾਕਬਸਟਰ ਵੀਕਐਂਡ ਬਾਕਸ ਆਫਿਸ 'ਤੇ ਹਾਵੀ ਹੋ ਸਕਦੇ ਹਨ। ਸੁਪਰਸਟਾਰ ਸੁਰਖੀਆਂ 'ਤੇ ਕਾਬਜ਼ ਹੋ ਸਕਦੇ ਹਨ, ਪਰ ਨਸੀਰੂਦੀਨ ਸ਼ਾਹ ਵਰਗੇ ਅਦਾਕਾਰ ਪੀੜ੍ਹੀਆਂ ਦੇ ਸਤਿਕਾਰ ਨੂੰ ਸਥਾਈ ਬਣਾਉਂਦੇ ਹਨ। ਉਹ ਭਾਰਤ ਦਾ ਇਕ ਮਹਾਨ ਅਦਾਕਾਰ ਹੀ ਨਹੀਂ, ਸਗੋਂ ਕੈਮਰੇ ਦੇ ਸਾਹਮਣੇ ਖੜ੍ਹੇ ਹੋਣ ਵਾਲੇ ਸਭ ਤੋਂ ਮਹਾਨ ਕਲਾਕਾਰਾਂ 'ਚੋਂ ਇਕ ਹੈ। ਅੱਜ ਦੀਆਂ ਵਪਾਰਕ ਸਫਲਤਾਵਾਂ ਦੇ ਯਾਦਾਂ ਤੋਂ ਮਿਟ ਜਾਣ ਤੋਂ ਬਾਅਦ ਵੀ ਉਸ ਦੀਆਂ ਫਿਲਮਾਂ ਦਾ ਅਧਿਐਨ ਕੀਤਾ ਜਾਂਦਾ ਰਹੇਗਾ। ਸੱਚੇ ਕਲਾਕਾਰ ਤਾਰਾਮੰਡਲ ਬਣ ਜਾਂਦੇ ਹਨ ਜੋ ਆਉਣ ਵਾਲੀ ਹਰ ਪੀੜ੍ਹੀ ਦਾ ਮਾਰਗਦਰਸ਼ਨ ਕਰਦੇ ਰਹਿੰਦੇ ਹਨ। ਅੱਜਕਲ੍ਹ ਨਸੀਰੂਦੀਨ ਸ਼ਾਹ ਜੂਨ ਮਹੀਨੇ 'ਚ ਰਿਲੀਜ਼ ਹੋਈ ਆਪਣੀ ਫ਼ਿਲਮ 'ਮੈਂ ਵਾਪਸ ਆਊਂਗਾ' ਨਾਲ ਚਰਚਾ 'ਚ ਹਨ।
(ਆਈ.ਪੀ.ਏ. ਸਰਵਿਸ)
ਮੁੱਖ ਧਾਰਾ ਦੇ ਬਾਲੀਵੁੱਡ ਸਿਨੇਮਾ ਦੀ ਜ਼ਮੀਰ ਹੈ ਨਸੀਰੂਦੀਨ ਸ਼ਾਹ
ਅਜੀਤ ਡੈਸਕ
26-07-2026