![]()
ਗਿੱਧਾ ਪਾਉਣ ਦਾ ਚਾਅ ਚਾਹੇ ਵਿਆਹ ਵਿਚ ਹੋਵੇ ਜਾਂ ਫਿਰ ਤੀਆਂ ਵਿਚ ਪੰਜਾਬ ਦੀ ਹਰ ਕੁੜੀ ਦੇ ਮਨ ਵਿਚ ਗਿੱਧੇ ਦੀ ਇਕ ਵੱਖਰੀ ਹੀ ਰੀਝ ਹੁੰਦੀ ਸੀ | ਗਿੱਧਾ ਸਿਰਫ਼ ਨੱਚਣ ਦਾ ਨਾਂਅ ਨਹੀਂ ਸੀ, ਸਗੋਂ ਕੁੜੀਆਂ ਦੇ ਚਾਵਾਂ, ਹਾਸਿਆਂ, ਰੀਝਾਂ ਅਤੇ ਮਨ ਦੀਆਂ ਗੱਲਾਂ ਨੂੰ ਬੋਲੀਆਂ ਰਾਹੀਂ ਬਾਹਰ ਕੱਢਣ ਦਾ ਇਕ ਸੋਹਣਾ ਜ਼ਰੀਆ ਸੀ | ਪੁਰਾਣੇ ਸਮਿਆਂ ਵਿਚ ਤੀਵੀਆਂ ਨੂੰ ਗਿੱਧਾ ਪਾਉਣ ਦਾ ਮੌਕਾ ਖਾਸ ਕਰਕੇ ਵਿਆਹਾਂ, ਤੀਆਂ ਜਾਂ ਕਿਸੇ ਵੱਡੇ ਸਮਾਗਮ ਵੇਲੇ ਹੀ ਮਿਲਦਾ ਸੀ | ਪਰ ਜਦੋਂ ਮੌਕਾ ਮਿਲਦਾ ਸੀ ਤਾਂ ਫਿਰ ਗਿੱਧਾ ਅਜਿਹਾ ਮਘਦਾ ਕਿ ਬਨੇਰੇ ਵੀ ਗੂੰਜ ਉੱਠਦੇ ਸਨ | ਅੱਜ ਦੇ ਸਮੇਂ ਵਿਚ ਜਿਹੜੀਆਂ ਬਜ਼ੁਰਗ ਬੀਬੀਆਂ ਨੂੰ ਅਸੀਂ ਸਾਦੇ ਕੱਪੜਿਆਂ ਵਿਚ ਘਰ ਦੇ ਕੰਮਾਂ-ਕਾਰਾਂ ਵਿਚ ਲੱਗੀਆਂ ਦੇਖਦੇ ਹਾਂ, ਉਹ ਕਿਸੇ ਵੇਲੇ ਪੂਰੀਆਂ ਰਕਾਨਾਂ ਹੁੰਦੀਆਂ ਸਨ | ਗਿੱਧੇ ਵਿਚ ਬੋਲੀਆਂ ਪਾ-ਪਾ ਕੇ ਅਜਿਹੀ ਧਮਾਲ ਪਾਉਂਦੀਆਂ ਸਨ ਕਿ ਦੇਖਣ ਵਾਲਿਆਂ ਦਾ ਵੀ ਆਪਣੀ ਥਾਂ ਤੋਂ ਹਿੱਲਣ ਨੂੰ ਜੀਅ ਨਾ ਕਰਦਾ | ਉਨ੍ਹਾਂ ਕੋਲ ਬੋਲੀਆਂ ਦਾ ਕੋਈ ਖ਼ਾਤਮਾ ਨਹੀਂ ਹੁੰਦਾ ਸੀ | ਇਕ ਬੋਲੀ ਮੁੱਕਦੀ ਤਾਂ ਦੂਜੀ ਤਿਆਰ, ਦੂਜੀ ਤੋਂ ਬਾਅਦ ਤੀਜੀ | ਲਗਦਾ ਸੀ ਜਿਵੇਂ ਬੋਲੀਆਂ ਦਾ ਪੂਰਾ ਖੂਹ ਭਰਿਆ ਪਿਆ ਹੋਵੇ | ਖਾਸ ਕਰਕੇ ਸਿਆਲ ਦੇ ਮਹੀਨਿਆਂ ਵਿਚ ਜਦੋਂ ਪਿੰਡਾਂ ਵਿਚ ਕਿਸੇ ਘਰ ਵਿਆਹ ਧਰਿਆ ਹੋਣਾ ਤਾਂ ਵਿਆਹ ਤੋਂ ਕਈ ਦਿਨ ਪਹਿਲਾਂ ਹੀ ਘਰ ਵਿਚ ਗੀਤਾਂ ਦੀਆਂ ਆਵਾਜ਼ਾਂ ਆਉਣ ਲਗਦੀਆਂ | ਘਰ ਦੀਆਂ ਔਰਤਾਂ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਅਤੇ ਨਾਲ ਹੀ ਕੁੜੀਆਂ ਦੇ ਮਨ ਵਿਚ ਗਿੱਧੇ ਦਾ ਚਾਅ ਵੀ ਜਾਗ ਪੈਂਦਾ | ਕੁੜੀਆਂ ਆਪਸ ਵਿਚ ਸਲਾਹਾਂ ਕਰਦੀਆਂ 'ਵੀਰੇ ਦੇ ਵਿਆਹ 'ਤੇ ਜਾਗੋ ਵਿਚ ਆਹ ਬੋਲੀ ਪਾਉਣੀ ਹੈ |', 'ਨਾਨਕਿਆਂ ਨੂੰ ਇਹ ਮੋੜ ਦੇਣਾ ਹੈ', 'ਦਾਦਕਿਆਂ ਵਾਲਿਆਂ ਨੂੰ ਇਸ ਬੋਲੀ ਨਾਲ ਜਵਾਬ ਦੇਣਾ |' ਇਸ ਤਰ੍ਹਾਂ ਬੋਲੀਆਂ ਦੀ ਤਿਆਰੀ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀ | ਕਿਸੇ ਨੂੰ ਆਪਣੀ ਪਸੰਦ ਦੀ ਬੋਲੀ ਯਾਦ ਹੁੰਦੀ, ਕਿਸੇ ਕੋਲ ਨਵੀਂ ਬੋਲੀ ਹੁੰਦੀ ਅਤੇ ਕੋਈ ਮੌਕੇ 'ਤੇ ਹੀ ਅਜਿਹੀ ਬੋਲੀ ਜੋੜ ਦਿੰਦੀ ਕਿ ਸਾਰਾ ਗਿੱਧਾ ਹਾਸਿਆਂ ਨਾਲ ਭਰ ਜਾਂਦਾ | ਨਾਨਕਿਆਂ ਅਤੇ ਦਾਦਕਿਆਂ ਦੀ ਬੋਲੀਆਂ ਵਿਚ ਪੂਰੀ ਟੱਕਰ ਹੁੰਦੀ | ਇਕ ਧਿਰ ਬੋਲੀ ਪਾਉਂਦੀ ਤਾਂ ਦੂਜੀ ਧਿਰ ਤੁਰੰਤ ਉਸ ਦਾ ਜਵਾਬ ਦੇਣ ਲਈ ਤਿਆਰ ਹੋ ਜਾਂਦੀ | ਗੱਲ-ਗੱਲ ਵਿਚ ਮਜ਼ਾਕ, ਹਾਸਾ ਅਤੇ ਖਿੱਚੋਤਾਣ ਚੱਲਦੀ ਰਹਿੰਦੀ | ਕਿਸੇ ਦੇ ਦਿਲ 'ਤੇ ਗੱਲ ਨਹੀਂ ਲਗਦੀ ਸੀ, ਕਿਉਂਕਿ ਸਭ ਜਾਣਦੇ ਸਨ ਕਿ ਇਹ ਗਿੱਧੇ ਦੀ ਰੌਣਕ ਹੈ | ਇਸ ਦੇ ਨਾਲ ਹੀ ਪੁਰਾਣੇ ਸਮਿਆਂ ਵਿਚ ਬਰਾਤ ਜਾਣ ਦਾ ਜਿੰਨਾ ਚਾਅ ਮੁੰਡਿਆਂ ਅਤੇ ਬਰਾਤੀਆਂ ਨੂੰ ਹੁੰਦਾ ਸੀ, ਓਨਾ ਹੀ ਚਾਅ ਕੁੜੀਆਂ ਨੂੰ ਬਰਾਤ ਦੇ ਜਾਣ ਤੋਂ ਬਾਅਦ ਗਿੱਧਾ ਪਾਉਣ ਦਾ ਹੁੰਦਾ ਸੀ | ਜਦੋਂ ਬਰਾਤ ਘਰੋਂ ਰਵਾਨਾ ਹੋ ਜਾਂਦੀ ਤਾਂ ਕੁੜੀਆਂ ਨੂੰ ਜਿਵੇਂ ਗਿੱਧਾ ਪਾਉਣ ਨੂੰ ਖੁੱਲ੍ਹਾ ਮੈਦਾਨ ਮਿਲ ਜਾਂਦਾ | ਘਰ ਦੇ ਮਰਦਾਂ ਦੀ ਸੰਗ-ਸ਼ਰਮ ਕੁਝ ਘੱਟ ਹੋ ਜਾਂਦੀ ਅਤੇ ਫਿਰ ਗਿੱਧੇ ਦਾ ਪੂਰਾ ਰੰਗ ਬੱਝਦਾ | ਬੋਲੀਆਂ ਪੈਂਦੀਆਂ, ਤਾੜੀਆਂ ਵੱਜਦੀਆਂ, ਪੈਰ ਥਿਰਕਦੇ ਅਤੇ ਹਾਸਿਆਂ ਦੀਆਂ ਆਵਾਜ਼ਾਂ ਦੂਰ ਤੱਕ ਸੁਣਾਈ ਦਿੰਦੀਆਂ | ਗਿੱਧਾ ਸ਼ੁਰੂ ਹੋਣ ਤੋਂ ਪਹਿਲਾਂ ਵੀ ਕੁੜੀਆਂ ਨੂੰ ਆਪਣਾ ਹਾਰ-ਸ਼ਿੰਗਾਰ ਕਰਨ ਦੀ ਪੂਰੀ ਰੀਝ ਹੁੰਦੀ |
ਪਰ ਨਾਲ ਹੀ ਇਕ ਸੰਗ, ਸ਼ਰਮ ਜਾਂ ਡਰ ਵੀ ਰਹਿੰਦਾ 'ਕਿਤੇ ਵੀਰਾ ਦੇਖ ਨਾ ਲਵੇ |' 'ਬਾਪੂ ਨੇ ਦੇਖ ਲਿਆ ਤਾਂ ਫਿਰ ਖ਼ੈਰ ਨਹੀਂ |' ਇਸ ਕਰਕੇ ਤਿਆਰ ਹੋਣ ਲਈ ਵੀ ਕਈ ਵਾਰ ਘਰ ਦੇ ਕਿਸੇ ਕੋਨੇ ਦੀ ਭਾਲ ਕੀਤੀ ਜਾਂਦੀ | ਪਰ ਜਦੋਂ ਗਿੱਧੇ ਦੀ ਵਾਰੀ ਆਉਂਦੀ ਤਾਂ ਸਾਰੀ ਝਿਜਕ ਪਿੱਛੇ ਰਹਿ ਜਾਂਦੀ | ਗਿੱਧੇ ਵਿਚ ਸਿਰਫ਼ ਆਮ ਨੱਚਣਾ ਹੀ ਨਹੀਂ ਹੁੰਦਾ ਸੀ | ਕੁੜੀਆਂ ਪਹਿਲਾਂ ਹੀ ਆਪਸ ਵਿਚ ਸਲਾਹ ਕਰ ਲੈਂਦੀਆਂ ਕਿ ਅੱਜ ਮਰ੍ਹੈਲਣ ਕਿਸ ਨੇ ਬਣਨਾ ਹੈ | ਫਿਰ ਉਹ ਕੁੜੀ ਗਿੱਧੇ ਦੇ ਵਿਚਕਾਰ ਆ ਕੇ ਅਜਿਹਾ ਨੱਚਦੀ ਕਿ ਬਾਕੀਆਂ ਤਾੜੀਆਂ ਮਾਰਦੀਆਂ, ਹੱਸਦੀਆਂ ਅਤੇ ਉਸ ਦਾ ਹੌਸਲਾ ਵਧਾਉਂਦੀਆਂ | ਇਕ ਦੀ ਵਾਰੀ ਮੁੱਕਦੀ ਤਾਂ ਦੂਜੀ ਤਿਆਰ | ਇਸੇ ਤਰ੍ਹਾਂ ਵਾਰੀ-ਵਾਰੀ ਗਿੱਧਾ ਮਘਦਾ ਰਹਿੰਦਾ | ਕਿਸੇ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੁੰਦੀ ਸੀ ਕਿ ਕੱਪੜੇ ਕਿਵੇਂ ਦਿਸ ਰਹੇ ਹਨ, ਵੀਡੀਓ ਤੇ ਫੋਟੋ ਦਾ ਤਾਂ ਰਿਵਾਜ ਹੀ ਨਹੀਂ ਸੀ | ਮਕਸਦ ਸਿਰਫ਼ ਆਪਣਾ ਚਾਅ ਪੂਰਾ ਕਰਨਾ ਹੁੰਦਾ ਸੀ | ਇੰਨੀ ਕਬੀਲਦਾਰੀ, ਘਰ ਦੇ ਕੰਮ-ਧੰਦੇ ਅਤੇ ਜ਼ਿੰਮੇਵਾਰੀਆਂ ਦੇ ਬਾਵਜੂਦ ਉਹ ਕੁੜੀਆਂ ਆਪਣੇ ਲਈ ਕੁਝ ਪਲ ਕੱਢ ਲੈਂਦੀਆਂ ਸਨ | ਗਿੱਧਾ ਉਨ੍ਹਾਂ ਲਈ ਮਨ ਦੀ ਖੁਸ਼ੀ ਸੀ, ਆਪਣੀਆਂ ਸਹੇਲੀਆਂ ਨਾਲ ਮਿਲਣ ਦਾ ਮੌਕਾ ਸੀ ਅਤੇ ਆਪਣੀ ਜਵਾਨੀ ਨੂੰ ਜਿਊਣ ਦਾ ਇਕ ਸੋਹਣਾ ਢੰਗ ਵੀ ਸੀ | ਜਦੋਂ ਗਿੱਧਾ ਮੁੱਕਦਾ ਤਾਂ ਜਿਨ੍ਹਾਂ ਕੁੜੀਆਂ ਨੇ ਗਿੱਧੇ ਵਿਚ ਭੜਥੂ ਪਾਇਆ ਹੁੰਦਾ, ਉਹ ਇੰਝ ਹੌਲੀਆਂ ਹੋ ਜਾਂਦੀਆਂ ਜਿਵੇਂ ਪੇਪਰ ਦੇਣ ਤੋਂ ਬਾਅਦ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਹੋਣ | ਕਈ-ਕਈ ਦਿਨ ਪਿੰਡ ਵਿਚ ਗਿੱਧੇ ਦੀਆਂ ਗੱਲਾਂ ਚਲਦੀਆਂ, 'ਉਹ ਬੋਲੀ ਯਾਦ ਐ? ਜਦੋਂ ਫਲਾਣੀ ਨੇ ਨੱਚਿਆ ਸੀ | ਕਮਾਲ ਕਰਤੀ ਸੀ ਨਾਨਕਿਆਂ ਵਾਲੀਆਂ ਨੇ ਤਾਂ ਅੱਜ ਧਮਾਲ ਪਾ ਦਿੱਤੀ |' ਇਹ ਯਾਦਾਂ ਕਈ ਦਿਨ ਪਿੰਡ ਦੀਆਂ ਗਲੀਆਂ ਵਿਚ ਘੁੰਮਦੀਆਂ ਰਹਿੰਦੀਆਂ | ਪਰ ਹੁਣ ਸਮਾਂ ਬਦਲ ਗਿਆ ਹੈ | ਪਿੰਡ ਬਦਲ ਗਏ ਹਨ | ਵਿਆਹਾਂ ਦੇ ਢੰਗ ਬਦਲ ਗਏ ਹਨ | ਤੀਆਂ ਦਾ ਰੰਗ ਵੀ ਪਹਿਲਾਂ ਵਰਗਾ ਨਹੀਂ ਰਿਹਾ ਅਤੇ ਗਿੱਧਾ ਵੀ ਘਟ ਗਿਆ, ਵਿਆਹਾਂ ਵਿਚ ਨੱਚਣ ਲਈ ਗਿੱਧੇ ਵਾਲੀਆ ਨੂੰ ਕਿਰਾਏ ਉੱਪਰ ਲੈ ਕੇ ਆਉਣਾ ਪੈਂਦਾ ਹੈ, ਪਰ ਖਾਸਕਰ ਕਰਕੇ ਹੁਣ ਕੁੜੀਆਂ ਲਈ ਗਿੱਧੇ ਦੀ ਜਗ੍ਹਾ ਇੰਸਟਾਗ੍ਰਾਮ ਰੀਲ ਨੇ ਲੈ ਲਈ ਹੈ | ਹੁਣ ਗਿੱਧੇ ਵਿਚ ਘੱਟ ਅਤੇ ਇੰਸਟਾਗ੍ਰਾਮ ਤੇ ਜ਼ਿਆਦਾ ਨੱਚਿਆ ਜਾਂਦਾ ਬੋਲੀ ਪਾਉਣ ਦੀ ਤਾਂ ਬਿਲਕੁਲ ਵੀ ਜ਼ਰੂਰਤ ਨਹੀਂ ਪੈਂਦੀ ਜਿਵੇਂ ਮਰਜ਼ੀ ਐਡਿਟ ਕਰ ਲਓ | ਅੱਜ ਦੀਆਂ ਕੁੜੀਆਂ ਨੱਚ ਤਾਂ ਰਹੀਆਂ ਹਨ | ਉਹ ਵੀ ਤਿਆਰ ਹੁੰਦੀਆਂ ਹਨ, ਸਜਦੀਆਂ ਹਨ, ਪੰਜਾਬੀ ਗੀਤ ਲਾਉਂਦੀਆਂ ਹਨ ਅਤੇ ਕੈਮਰੇ ਅੱਗੇ ਆਪਣੀਆਂ ਰੀਲਾਂ ਬਣਾਉਂਦੀਆਂ ਹਨ | ਫ਼ਰਕ ਸਿਰਫ਼ ਇਹ ਹੈ ਕਿ ਪਹਿਲਾਂ ਨੱਚਣ ਵਾਲੀਆਂ ਕੁੜੀਆਂ ਦੇ ਸਾਹਮਣੇ ਪਿੰਡ ਦੀਆਂ ਕੁਝ ਕੁੜੀਆਂ, ਭੈਣਾਂ, ਸਹੇਲੀਆਂ ਜਾਂ ਰਿਸ਼ਤੇਦਾਰ ਹੁੰਦੇ ਸਨ ਅਤੇ ਅੱਜ ਇਕ ਮੋਬਾਈਲ ਕੈਮਰੇ ਦੇ ਪਿੱਛੇ ਪੂਰੀ ਦੁਨੀਆ ਖੜ੍ਹੀ ਹੁੰਦੀ ਹੈ | ਪਹਿਲਾਂ ਗਿੱਧਾ ਪਾ ਕੇ ਧਰਤੀ ਹਿਲਾਉਣ ਦਾ ਚਾਅ ਹੁੰਦਾ ਸੀ, ਅੱਜ ਰੀਲ ਪਾ ਕੇ ਕੇਵਲ ਵਿਊ ਲੈਣ ਦਾ ਚਾਅ ਹੈ | ਪਹਿਲਾਂ ਤਾੜੀਆਂ ਦੀ ਆਵਾਜ਼ ਹੌਸਲਾ ਦਿੰਦੀ ਸੀ, ਅੱਜ ਲਾਈਕ ਅਤੇ ਕੁਮੈਂਟ ਉਹੀ ਕੰਮ ਕਰਦੇ ਹਨ | ਪਹਿਲਾਂ ਬੋਲੀ ਸੁਣ ਕੇ ਸਹੇਲੀਆਂ ਕਹਿੰਦੀਆਂ ਸਨ, 'ਵਾਹ! ਫੇਰ ਪਾ |'
ਅੱਜ ਕੁਮੈਂਟ ਆਉਂਦਾ ਹੈ ਵਾਹ ਜੀ ਵਾਹ', 'ਕਿਆ ਬਾਤ ਆ', 'ਇਕ ਹੋਰ ਰੀਲ ਪਾਓ |' ਇਸ ਬਦਲਾਅ ਦਾ ਇਕ ਹੋਰ ਪੱਖ ਵੀ ਹੈ, ਜਿਸ ਬਾਰੇ ਗੱਲ ਕਰਨੀ ਬਣਦੀ ਹੈ | ਪਹਿਲਾਂ ਗਿੱਧਾ ਪਾਉਂਦੀਆਂ ਮੁਟਿਆਰਾਂ ਵਿਚ ਆਪਣੇ-ਆਪ ਇਕ ਲਾਜ ਅਤੇ ਸੰਗ ਹੁੰਦੀ ਸੀ | ਗਿੱਧਾ ਪਾਉਣ ਲਈ ਉਹ ਸਜਦੀਆਂ-ਸੰਵਰਦੀਆਂ ਜ਼ਰੂਰ ਸਨ, ਪਰ ਇਸ ਗੱਲ ਦਾ ਖ਼ਿਆਲ ਵੀ ਰੱਖਦੀਆਂ ਸਨ ਕਿ ਘਰ ਦੇ ਵੱਡਿਆਂ ਜਾਂ ਪਿੰਡ ਦੇ ਮਰਦਾਂ ਦੀ ਨਜ਼ਰ ਉਨ੍ਹਾਂ ਵੱਲ ਨਾ ਪਵੇ | ਤੀਆਂ ਵਿਚ ਤਾਂ ਕਈ ਥਾਵਾਂ 'ਤੇ ਮਰਦਾਂ ਦੇ ਜਾਣ ਦੀ ਮਨਾਹੀ ਹੁੰਦੀ ਸੀ | ਤੀਆਂ ਦਾ ਉਹ ਵਿਹੜਾ ਔਰਤਾਂ ਅਤੇ ਕੁੜੀਆਂ ਦਾ ਆਪਣਾ ਸੰਸਾਰ ਹੁੰਦਾ ਸੀ | ਉੱਥੇ ਉਹ ਖੁੱਲ੍ਹ ਕੇ ਹੱਸਦੀਆਂ, ਪੀਂਘਾਂ ਝੂਟਦੀਆਂ, ਬੋਲੀਆਂ ਪਾਉਂਦੀਆਂ ਅਤੇ ਗਿੱਧਾ ਪਾ ਕੇ ਆਪਣਾ ਚਾਅ ਪੂਰਾ ਕਰਦੀਆਂ ਸਨ | ਅੱਜ ਹਾਲਾਤ ਕੁਝ ਹੋਰ ਹਨ | ਜਿਹੜਾ ਨੱਚਣਾ ਕਦੇ ਆਪਣੇ ਲੋਕਾਂ ਦੇ ਸਾਹਮਣੇ, ਆਪਣੀਆਂ ਸਹੇਲੀਆਂ ਵਿਚਕਾਰ ਅਤੇ ਆਪਣੇ ਸੱਭਿਆਚਾਰਕ ਮਾਹੌਲ ਵਿਚ ਹੁੰਦਾ ਸੀ, ਉਹ ਹੁਣ ਮੋਬਾਈਲ ਦੇ ਕੈਮਰੇ ਰਾਹੀਂ ਦੁਨੀਆ ਦੇ ਸਾਹਮਣੇ ਆ ਰਿਹਾ ਹੈ | ਰੀਲ ਬਣਾਉਣ ਦੀ ਦੌੜ ਵਿਚ ਕਈ ਵਾਰ ਨੱਚਣ ਨਾਲੋਂ ਪਹਿਰਾਵੇ, ਅਦਾਵਾਂ ਅਤੇ ਅੰਗ-ਪ੍ਰਦਰਸ਼ਨ ਨੂੰ ਵੱਧ ਮਹੱਤਵ ਮਿਲਦਾ ਦਿਖਾਈ ਦਿੰਦਾ ਹੈ | ਜਿਹੜੀ ਗੱਲ ਪਹਿਲਾਂ ਲਾਜ ਅਤੇ ਪਰਦੇ ਨਾਲ ਜੁੜੀ ਹੋਈ ਸੀ, ਅੱਜ ਉਹੀ ਗੱਲ ਕਈ ਵਾਰ ਵੱਧ ਤੋਂ ਵੱਧ ਵਿਊ ਲੈਣ ਦੀ ਕੋਸ਼ਿਸ਼ ਵਿਚ ਖੁਦ ਹੀ ਜਨਤਕ ਕੀਤੀ ਜਾ ਰਹੀ ਹੈ | ਇਹ ਬਦਲਾਅ ਸਿਰਫ਼ ਕੱਪੜਿਆਂ ਦਾ ਨਹੀਂ, ਸੋਚ ਦੇ ਬਦਲਾਅ ਦਾ ਸੰਕੇਤ ਵੀ ਹੈ | ਪਹਿਲਾਂ ਕੁੜੀਆਂ ਸੋਚਦੀਆਂ ਸਨ ਕਿ ਕੋਈ ਓਪਰਾ ਬੰਦਾ ਨਾ ਦੇਖ ਲਵੇ |
ਅੱਜ ਸੋਚ ਇਹ ਹੁੰਦੀ ਹੈ ਕਿ 'ਰੀਲ ਕਿੰਨੇ ਲੋਕਾਂ ਨੇ ਦੇਖੀ?' ਪਹਿਲਾਂ ਜਿਵੇਂ ਕਿ ਤੀਆਂ ਵਿਚ ਮਰਦਾਂ ਦੇ ਜਾਣ ਦੀ ਮਨਾਹੀ ਹੁੰਦੀ ਸੀ ਤਾਂ ਜੋ ਕੁੜੀਆਂ ਬੇਝਿਜਕ ਹੋ ਕੇ ਆਪਣਾ ਚਾਅ ਪੂਰਾ ਕਰ ਸਕਣ | ਅੱਜ ਉਹੀ ਕੁੜੀਆਂ ਆਪਣੇ ਨੱਚਣ ਦੀ ਵੀਡੀਓ ਖੁਦ ਬਣਾ ਕੇ ਪੂਰੀ ਦੁਨੀਆ ਲਈ ਸੋਸ਼ਲ ਮੀਡੀਆ 'ਤੇ ਪਾ ਰਹੀਆਂ ਹਨ | ਇੱਥੇ ਕਿਸੇ ਇਕ ਕੁੜੀ ਨੂੰ ਦੋਸ਼ ਦੇਣ ਦੀ ਗੱਲ ਨਹੀਂ | ਸਮਾਂ ਬਦਲਿਆ ਹੈ, ਤਕਨਾਲੋਜੀ ਬਦਲੀ ਹੈ ਅਤੇ ਮਨੋਰੰਜਨ ਦੇ ਢੰਗ ਵੀ ਬਦਲੇ ਹਨ | ਪਰ ਸਵਾਲ ਇਹ ਜ਼ਰੂਰ ਹੈ ਕਿ ਕੀ ਅਸੀਂ ਬਦਲਦੇ ਸਮੇਂ ਦੇ ਨਾਲ ਆਪਣੀ ਸੱਭਿਆਚਾਰਕ ਲਾਜ ਅਤੇ ਮਰਿਆਦਾ ਨੂੰ ਤਾਂ ਪਿੱਛੇ ਛੱਡ ਨਹੀਂ ਰਹੇ ਹਾਂ? ਸਭ ਤੋਂ ਵੱਡੀ ਤ੍ਰਾਸਦੀ ਤਾਂ ਇਹ ਹੈ ਕਿ ਜਿਹੜੀਆਂ ਬੋਲੀਆਂ ਗਿੱਧੇ ਦੀ ਜਾਨ ਹੁੰਦੀਆਂ ਸਨ, ਉਹ ਅੱਜ ਦੀ ਪੀੜ੍ਹੀ ਨੂੰ ਬਹੁਤ ਘੱਟ ਯਾਦ ਹਨ | ਪਹਿਲਾਂ ਕਿਸੇ ਕੁੜੀ ਨੂੰ ਗਿੱਧੇ ਵਿਚ ਖੜ੍ਹਾ ਕਰ ਦਿਓ, ਉਹ ਇਕ ਬੋਲੀ ਪਾਉਂਦੀ ਤਾਂ ਦੂਜੀ ਕੁੜੀ ਤੁਰੰਤ ਉਸ ਦਾ ਜਵਾਬ ਦੇ ਦਿੰਦੀ | ਕਿਸੇ ਨੂੰ ਸੱਸ ਬਾਰੇ ਬੋਲੀ ਆਉਂਦੀ, ਕਿਸੇ ਨੂੰ ਨਣਦ ਬਾਰੇ, ਕਿਸੇ ਨੂੰ ਵੀਰੇ ਦੇ ਵਿਆਹ ਦੀ, ਕਿਸੇ ਨੂੰ ਨਾਨਕਿਆਂ ਦੀ ਤੇ ਕਿਸੇ ਨੂੰ ਦਾਦਕਿਆਂ ਦੀ | ਬੋਲੀਆਂ ਵਿਚ ਹਾਸਾ ਵੀ ਹੁੰਦਾ ਸੀ, ਵਿਅੰਗ ਵੀ ਹੁੰਦਾ ਸੀ ਅਤੇ ਪਿੰਡ ਦੇ ਜੀਵਨ ਦੀ ਪੂਰੀ ਤਸਵੀਰ ਵੀ ਹੁੰਦੀ ਸੀ |
ਪਹਿਲਾਂ ਬੋਲੀਆਂ ਪੀੜ੍ਹੀ ਦਰ ਪੀੜ੍ਹੀ ਅੱਗੇ ਜਾਂਦੀਆਂ ਸਨ | ਦਾਦੀ ਆਪਣੀ ਪੋਤੀ ਨੂੰ ਬੋਲੀ ਸਿਖਾਉਂਦੀ ਸੀ | ਮਾਂ ਆਪਣੀ ਧੀ ਨੂੰ ਦੱਸਦੀ ਸੀ | ਸਹੇਲੀਆਂ ਇਕ ਦੂਜੀ ਤੋਂ ਸਿੱਖਦੀਆਂ ਸਨ | ਇਸ ਤਰ੍ਹਾਂ ਪੰਜਾਬੀ ਲੋਕ-ਵਿਰਸਾ ਮੂੰਹੋਂ-ਮੂੰਹ ਅੱਗੇ ਤੁਰਦਾ ਸੀ | ਹੁਣ ਜੇਕਰ ਅੱਜ ਦੀ ਕਿਸੇ ਮੁਟਿਆਰ ਨੂੰ ਪੁੱਛ ਲਿਆ ਜਾਵੇ ਕਿ ਗਿੱਧੇ ਦੀਆਂ ਦਸ ਪੁਰਾਣੀਆਂ ਬੋਲੀਆਂ ਸੁਣਾ ਦੇ, ਤਾਂ ਸ਼ਾਇਦ ਉਹ ਸੋਚਾਂ ਵਿਚ ਪੈ ਜਾਵੇ | ਪਰ ਜੇ ਪੁੱਛੋ ਕਿ ਕਿਹੜਾ ਗਾਣਾ ਇਸ ਵੇਲੇ ਇੰਸਟਾਗ੍ਰਾਮ 'ਤੇ ਟਰੈਂਡ ਕਰ ਰਿਹਾ ਹੈ, ਤਾਂ ਜਵਾਬ ਝੱਟ ਮਿਲ ਜਾਵੇਗਾ | ਇਹੀ ਤਾਂ ਅਸਲ ਤ੍ਰਾਸਦੀ ਹੈ | ਸਾਡੇ ਕੋਲ ਰੀਲਾਂ ਦੇ ਸਟੈਪ ਵਧ ਰਹੇ ਹਨ ਪਰ ਬੋਲੀਆਂ ਘਟ ਰਹੀਆਂ ਹਨ | ਸਾਡੇ ਕੋਲ ਵਿਊ ਵਧ ਰਹੇ ਹਨ ਪਰ ਵਿਰਸੇ ਦੀ ਯਾਦ ਘਟ ਰਹੀ ਹੈ | ਇਹੀ ਸਫ਼ਰ ਹੈ ਗਿੱਧੇ ਤੋਂ ਇੰਸਟਾਗ੍ਰਾਮ ਤੱਕ ਦਾ | ਨੱਚਣ ਦਾ ਚਾਅ ਅਜੇ ਵੀ ਹੈ, ਪਰ ਚਾਅ ਦਾ ਰੂਪ ਬਦਲ ਗਿਆ ਹੈ | ਪਹਿਲਾਂ ਗਿੱਧਾ ਆਪਣਿਆਂ ਲਈ ਪੈਂਦਾ ਸੀ, ਅੱਜ ਰੀਲ ਅਣਜਾਣਿਆਂ ਲਈ ਵੀ ਬਣਦੀ ਹੈ | ਇਸ ਦੌੜ ਵਿਚ ਸ਼ਾਇਦ ਗਿੱਧਾ ਤਾਂ ਬਚ ਜਾਵੇ, ਪਰ ਗਿੱਧੇ ਦੀ ਰੂਹ ਹੀ ਨਾ ਗੁਆਚ ਜਾਵੇ |
-ਪਿੰਡ ਤੇ ਡਾਕ: ਘੱਟਿਆ ਵਾਲੀ ਜੱਟਾਂ, ਤਹਿਸੀਲ ਅਰਨੀਵਾਲਾ, ਜ਼ਿਲ੍ਹਾ ਫਾਜ਼ਿਲਕਾ |
ਫੋਨ : 98157-88001