16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਦੀ ਲੋੜ

ਅਜੀਤ ਡੈਸਕ 19-05-2026

ਚਾਲੂ ਮਾਲੀ ਵਰ੍ਹੇ 2026 ਦੌਰਾਨ ਖੇਤੀਬਾੜੀ ਵਿਭਾਗ ਪੰਜਾਬ ਵਲੋਂ ਝੋਨੇ ਦੀ ਸਿੱਧੀ ਬਿਜਾਈ ਹੇਠ 5 ਲੱਖ ਏਕੜ ਲੈ ਕੇ ਆਉਣ ਦਾ ਟੀਚਾ ਮਿੱਥਿਆ ਗਿਆ ਹੈ, ਜਦਕਿ ਪੰਜਾਬ ਅੰਦਰ 32 ਲੱਖ ਹੈਕਟੇਅਰ ਰਕਬੇ 'ਤੇ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਭਾਵੇਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ 15 ਸੌ ਰੁਪਏ ਪ੍ਰਤੀ ਏਕੜ ਦੀ ਮਦਦ ਵੀ ਦਿੱਤੀ ਜਾਂਦੀ ਹੈ। ਫਿਰ ਵੀ 5 ਲੱਖ ਏਕੜ ਰਕਬਾ ਝੋਨੇ ਦੀ ਸਿੱਧੀ ਬਿਜਾਈ ਹੇਠ ਬਹੁਤ ਘੱਟ ਹੈ, ਜਿਸ ਕਰਕੇ ਕਿਸਾਨਾਂ ਨੂੰ ਪੰਜਾਬ ਅੰਦਰ ਝੋਨੇ ਦੀ ਸਿੱਧੀ ਬਿਜਾਈ ਕਰਨ ਵੱਲ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਪੰਜਾਬ 'ਚ 15 ਮਈ ਤੋਂ ਝੋਨੇ ਦੀ ਸਿੱਧੀ ਬਿਜਾਈ ਸ਼ੁਰੂ ਹੋਣ ਦੇ ਨਾਲ ਹੀ ਪੰਜਾਬ ਸਰਕਾਰ ਵਲੋਂ ਨਹਿਰੀ ਪਾਣੀ ਵੀ ਦੇਣ ਦਾ ਪ੍ਰੋਗਰਾਮ ਬਣਾਇਆ ਗਿਆ ਹੈ। ਜਿੱਥੇ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਸਭ ਤੋਂ ਵੱਡਾ ਕਾਰਨ ਪੰਜਾਬ 'ਚ ਪ੍ਰਵਾਸੀ ਤੇ ਸਥਾਨਕ ਮਜ਼ਦੂਰਾਂ ਦੀ ਘਾਟ ਵੀ ਹੈ, ਉੱਥੇ ਹੀ ਧਰਤੀ ਹੇਠਲੇ ਪਾਣੀ ਦਾ ਸੰਕਟ ਵੀ ਕਈ ਗੁਣਾ ਵਧ ਚੁੱਕਿਆ ਹੈ। ਪਰ ਝੋਨੇ ਦੀ ਹੋਈ ਸਿੱਧੀ ਬਿਜਾਈ ਕਾਰਨ ਪਾਣੀ ਦੀ ਬੱਚਤ ਹੋਣ ਦੇ ਨਾਲ ਹੀ ਕਿਸਾਨਾਂ ਦਾ ਬੂਟਿਆਂ ਰਾਹੀਂ ਝੋਨਾ ਲਗਾਉਣ ਨਾਲ ਖਰਚਾ ਵੀ ਕਈ ਗੁਣਾ ਘੱਟ ਆਉਂਦਾ ਹੈ, ਕਿਉਂਕਿ ਝੋਨੇ ਦੀ ਪਨੀਰੀ ਬੀਜਣ ਤੋਂ ਲੈ ਕੇ ਪੁੱਟਣ ਤੱਕ, ਝੋਨਾ ਲਗਾਉਣ ਲਈ ਜ਼ਮੀਨ ਵਿਚ ਕੱਦੂ ਕਰਨ ਤੱਕ ਹਜ਼ਾਰਾਂ ਰੁਪਏ ਖਰਚ ਹੋਣ ਦੇ ਨਾਲ ਹੀ ਖੇਤ ਵਿਚ ਪਾਣੀ ਖੜ੍ਹਾਉਣਾ ਪੈਂਦਾ ਹੈ। ਇਸ ਤਰ੍ਹਾਂ ਦੀ ਬਿਜਾਈ ਨਾਲ ਧਰਤੀ ਹੇਠਲਾ ਪਾਣੀ ਵੀ ਘੱਟ ਹੋ ਰਿਹਾ ਹੈ। ਦੂਸਰੇ ਪਾਸੇ ਦੇਸ਼ ਦੇ ਤਕਰੀਬਨ ਹਰ ਰਾਜ ਅੰਦਰ ਆਪਣੀ ਲੋੜ ਮੁਤਾਬਿਕ ਚੌਲ ਪੈਦਾ ਹੋ ਰਹੇ ਹਨ, ਹੁਣ ਇਹ ਗੱਲ ਨਹੀਂ ਆਖੀ ਜਾ ਸਕਦੀ ਕਿ ਦੇਸ਼ ਦੇ ਰਾਜ ਚੌਲਾਂ ਲਈ ਪੰਜਾਬ 'ਤੇ ਪੂਰੀ ਤਰਾਂ ਨਿਰਭਰ ਹਨ, ਸਗੋਂ ਪੰਜਾਬ ਵਿਚ ਲੱਗੇ ਸੇਲਾ ਪਲਾਂਟ ਝੋਨਾ ਦੂਸਰੇ ਰਾਜਾਂ 'ਚੋਂ ਲੈ ਕੇ ਆਉਂਦੇ ਹਨ ਤੇ ਚਾਵਲਾ ਨੂੰ ਐਕਸਪੋਰਟ ਕੀਤਾ ਜਾਂਦਾ ਹੈ। ਝੋਨੇ ਦੀ ਫ਼ਸਲ ਖ਼ਾਸ ਕਰਕੇ ਬਾਸਮਤੀ ਕਿਸਮ 'ਤੇ ਨਦੀਨ ਅਤੇ ਕੀਟਨਾਸ਼ਕਾਂ ਦੀ ਬੇਲੋੜੀ ਵਰਤੋਂ ਹੁੰਦੀ ਰਹੀ ਹੈ, ਜਿਸ ਕਰਕੇ ਅੰਤਰਰਾਸ਼ਟਰੀ ਪੱਧਰ 'ਤੇ ਚੌਲਾਂ ਦੇ ਮਿਆਰ 'ਚ ਗਿਰਾਵਟ ਆਉਣ ਕਰਕੇ ਭਾਰਤੀ ਚੌਲਾਂ ਦੀ ਮੰਗ ਘਟਦੀ ਜਾ ਰਹੀ ਸੀ, (ਖ਼ਾਸ ਕਰਕੇ ਪੰਜਾਬ ਦੇ ਚੌਲਾਂ ਦੀ) ਕਿਉਂਕਿ ਪੰਜਾਬ ਦੇ ਕਿਸਾਨ ਝੋਨੇ ਲਈ ਸਭ ਤੋਂ ਵੱਧ ਜ਼ਹਿਰਾਂ ਦੀ ਵਰਤੋਂ ਕਰਦੇ ਹਨ, ਜਿਸ ਕਰਕੇ ਪਿਛਲੇ ਸਮਿਆਂ ਦੌਰਾਨ ਕੇਂਦਰ ਸਰਕਾਰ ਵਲੋਂ ਚੌਲਾਂ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਮਕਸਦ ਨਾਲ 27 ਦੇ ਕਰੀਬ ਕੀਟਨਾਸ਼ਕ, ਉੱਲੀ ਨਾਸ਼ਕ ਅਤੇ ਨਦੀਨ ਨਾਸ਼ਕ ਦਵਾਈਆਂ ਦੇ ਭੰਡਾਰ ਅਤੇ ਖਰੀਦ-ਵੇਚ 'ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾਈ ਗਈ ਸੀ, ਜਿਨ੍ਹਾਂ 'ਚ ਅਲਟਰਾਜਾਈਨ, ਬੇਨਫਰਾਕਾਰਬ, ਬੂਟਾਕਲੇਰ (ਨਦੀਨ ਨਾਸ਼ਕ) ਕੈਪਟਨ ਉੱਲੀ ਨਾਸ਼ਕ) ਕਾਰਬੇਡੇ ਜਿਮ ਕਾਰਬੋਫਿਉਰਾਨ, ਫਲੌਰੇ ਪਾਇਯਰੀਫ਼ਾਸ, 24-ਡੀ ਨਦੀਨ ਨਾਸ਼ਕ) ਡੈਲਟਾਮੈਥਰੀਨ, ਡਿਕੇਫਾਲ ਡਿਮੇਥੇਂਟ, ਡਾਈਨੇਕੈਪ (ਉੱਲੀ ਨਾਸ਼), ਡਿਉਰਾਨ ਨਦੀਨ ਨਾਸ਼ਕ) ਮੈਲਾਥਿਆਨ, ਮੈਨਕਜੇਬ ਉੱਲੀ ਨਾਸ਼ਕ
ਮਿਥਮਿਲ, ਮੇਨੇਕਰੋਟੋਫਾਸ, ਆਕਸੀਫਲੋਰੀਨ ਨਦੀਨ ਨਾਸ਼ਕ ਪੈਡੀਮੇਥਲੀਨ (ਨਦੀਨ ਨਾਸ਼ਕ), ਕਿਉਨਲਫਾਸ, ਸਲਫੋਸਲਫੂਰਨ ਨਦੀਨ ਨਾਸ਼ਕ ਥੀਉਡੀਕਰਬ, ਬਾਯਫਿਨੇਟ ਮਿਥਾਇਲ (ਉੱਲੀ ਨਾਸ਼ਕ) ਥੀਰਮ (ਉੱਲੀ ਨਾਸ਼ਕ), ਜੀਨੇਥ, ਜੀਰਮ (ਫੁੱਲੀ ਨਾਸਕ) ਆਦਿ ਸ਼ਾਮਿਲ ਹਨ।
ਇਨ੍ਹਾਂ ਕੀਟ ਨਾਸ਼ਕਾਂ/ ਨਦੀਨ ਨਾਸ਼ਕਾਂ ਦੀ ਵਰਤੋਂ 'ਤੇ ਪੰਜਾਬ ਵਿਚ ਪਾਬੰਦੀ ਲਾ ਦਿੱਤੀ ਗਈ ਸੀ, ਜਿਨ੍ਹਾਂ ਵਿਚ ਕੈਪਟਨ ਉੱਲੀ ਨਾਸ਼ਕ) ਕਾਰਬੇਡੇ ਜਿਮ ਕੀਟ ਨਾਸ਼ਕ ਝੋਨੇ ਦੇ ਬੀਜ ਨੂੰ ਸੋਧਣ ਲਈ ਕੰਮ ਆਉਂਦੀ ਹੈ), ਕਾਰਬੇਡੇਜਿਮ ਕੀਟ ਨਾਸ਼ਕ ਤੇਲ ਬੀਜਾਂ ਨੂੰ ਕੀੜਿਆ ਤੋਂ ਬਚਾਅ ਲਈ ਕੰਮ ਆਉਂਦੀ ਹੈ), ਕਲੋਰੋਂ ਪਿਉਰਿਫਾਸ (ਕੀਟ ਨਾਸ਼ਕ) ਝੋਨੇ ਗੰਨੇ ਨੂੰ ਕੀੜਿਆਂ ਤੋਂ ਬਚਾਅ ਲਈ ਕੰਮ ਆਉਂਦੀ ਹੈ), ਮੈਲਾਥਿਆਨ (ਕੀਟ ਨਾਸ਼ਕ ਟਮਾਟਰ ਦੀ ਫ਼ਸਲ 'ਤੇ ਪੈਣ ਵਾਲੀ ਚਿੱਟੀ ਮੱਖੀ ਨੂੰ ਕਾਬੂ ਕਰਨ ਵਾਲੀ), ਆਕਸੀਕਲੋਰੀਨ ਨਦੀਨ ਨਾਸ਼ਕ ਪਿਆਜ਼ ਦੀ ਫ਼ਸਲ 'ਚ ਉੱਘੇ ਘਾਹ ਨੂੰ ਕਾਬੂ ਕਰਨ ਵਾਲੀ), ਪੈਡੀਮੇਥਲੀਨ (ਨਦੀਨ ਨਾਸ਼ਕ ਝੋਨੇ ਦੀ ਸਿੱਧੀ ਬਿਜਾਈ ਵਾਲੀ ਫ਼ਸਲ 'ਚ ਉੱਘੇ ਘਾਹ ਨੂੰ ਕਾਬੂ ਕਰਨ ਲਈ) ਆਦਿ ਸ਼ਾਮਿਲ ਹਨ। ਪਰ ਇਨ੍ਹਾਂ ਦਵਾਈਆਂ ਦਾ ਹੋਰ ਕੋਈ ਬਦਲ ਵੀ ਨਹੀਂ ਹੈ। ਕੀਟ ਅਤੇ ਨਦੀਨ ਨਾਸ਼ਕਾਂ 'ਤੇ ਪਾਬੰਦੀ ਲਾਉਣ ਦੇ ਨਾਲ ਹੀ ਪੰਜਾਬ ਵਿਚ ਝੋਨੇ ਹੇਠ ਰਕਬਾ ਘਟਾਉਣ ਦੀਆਂ ਯੋਜਨਾਵਾਂ ਵੀ ਤਿਆਰ ਕਰਨੀਆਂ ਚਾਹੀਦੀਆਂ ਹਨ। ਜੇਕਰ ਪੰਜਾਬ ਵਿਚ ਝੋਨੇ ਹੇਠ ਰਕਬਾ ਨਹੀਂ ਘਟਾਇਆ ਜਾ ਸਕਦਾ ਤਾਂ ਝੋਨੇ ਦੀ ਬਿਜਾਈ ਦਾ ਢੰਗ ਬਦਲ ਕੇ ਪਾਣੀ ਅਤੇ ਹੋਰ ਖਰਚਿਆਂ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਤੋਂ ਪਹਿਲਾਂ ਝੋਨਾ ਵੱਟਾਂ 'ਤੇ ਵੀ ਲਗਾਇਆ ਗਿਆ ਸੀ। ਪੰਜਾਬ ਵਿਚ ਝੋਨੇ ਦੀ ਸਿੱਧੀ ਬਿਜਾਈ ਦੋ ਤਰ੍ਹਾਂ ਦੇ ਢੰਗਾਂ ਨਾਲ ਕੀਤੀ ਜਾ ਰਹੀ ਹੈ। ਕੁਝ ਕਿਸਾਨਾਂ ਵਲੋਂ ਤਾਂ ਝੋਨੇ ਦੇ ਬੀਜ ਦਾ ਖੇਤਾਂ ਵਿਚ ਛਿੱਟਾ ਦਿੱਤਾ ਜਾਂਦਾ ਅਤੇ ਕੁਝ ਕਿਸਾਨਾਂ ਵਲੋਂ ਡਰਿਲਾਂ ਰਾਹੀਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਜਾ ਰਹੀ ਹੈ, ਜਿਸ ਨੂੰ ਉਤਸ਼ਾਹਿਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਸਬਸਿਡੀ 'ਤੇ ਸਿੱਧੀ ਬਿਜਾਈ ਵਾਲੀਆਂ ਮਸ਼ੀਨਾਂ ਅਤੇ ਝੋਨਾ ਲਗਾਉਣ ਵਾਲੀਆਂ ਮਸ਼ੀਨਾਂ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਇਕ ਗੱਲ ਮੁੱਢ ਤੋਂ ਹੀ ਉੱਭਰ ਕੇ ਸਾਹਮਣੇ ਆ ਰਹੀ ਸੀ ਕਿ ਝੋਨੇ ਦੇ ਬੂਟੇ ਨੂੰ ਪਾਣੀ ਵਾਲਾ ਬੂਟਾ ਨਾ ਬਣਾਇਆ ਜਾਵੇ, ਸਗੋਂ ਖੇਤ ਵਿਚ ਸਿੱਲ੍ਹ ਹੋਣੀ ਜ਼ਰੂਰੀ ਹੋਣ ਤਾਂ ਕਿ ਜ਼ਮੀਨ ਵਿਚ ਤਰੇੜਾਂ ਨਾ ਪੈ ਸਕਣ। ਪਰ ਪੰਜਾਬ ਦੇ ਕਿਸਾਨਾਂ ਨੇ ਜ਼ਮੀਨ ਵਿਚ ਪਾਣੀ ਖੜ੍ਹਾ ਰੱਖਣ ਵਾਲਾ ਆਪਣਾ ਤਜਰਬਾ ਜਾਰੀ ਰੱਖਿਆ। ਫੁਹਾਰਾ ਸਿੰਚਾਈ ਪ੍ਰਣਾਲੀ ਰਾਹੀਂ ਜਿੱਥੇ ਝੋਨੇ ਦੇ ਖੇਤਾਂ ਨੂੰ ਪਾਣੀ ਦਿੱਤਾ ਜਾ ਰਿਹਾ ਹੈ, ਉੱਥੇ ਹੀ ਇਸ ਪ੍ਰਣਾਲੀ ਰਾਹੀਂ ਫ਼ਸਲ ਦੇ ਪੱਤੇ ਫੁਹਾਰੇ ਨਾਲ ਧੋਏ ਜਾਂਦੇ ਹਨ। ਭਾਵ ਕਿ ਬਰਸਾਤ ਵਾਂਗ ਕਣੀਆਂ ਫ਼ਸਲ 'ਤੇ ਪੈਂਦੀਆਂ ਹਨ, ਦੂਸਰਾ ਲਾਭ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਹਾੜ੍ਹੀ ਦੀ ਬਿਜਾਈ ਵੇਲੇ ਜ਼ਮੀਨ ਵਿਚ ਬੱਤਰ ਨਾ ਹੋਵੇ ਤਾਂ ਫੁਹਾਰਾ ਸਿੰਚਾਈ ਰਾਹੀਂ ਸਿੱਲ੍ਹ ਪੈਦਾ ਕਰਕੇ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ। ਫ਼ਸਲ ਨੂੰ ਪਾਣੀ ਦੇਣ ਵਾਲੀ ਇਸ ਯੋਜਨਾ ਨਾਲ 30/40 ਫ਼ੀਸਦੀ ਪਾਣੀ ਦੀ ਬੱਚਤ ਹੋਣ ਦੇ ਨਾਲ ਹੀ ਫ਼ਸਲ ਨੂੰ ਬਿਮਾਰੀਆਂ ਘੱਟ ਲੱਗਣ ਦਾ ਤਜਰਬਾ ਵੀ ਹਾਸਿਲ ਹੋਇਆ ਹੈ। ਸਿੱਧੀ ਬਿਜਾਈ ਨਾਲ ਝੰਡਾ ਰੋਗ ਨਹੀ ਪੈਂਦਾ, ਕੱਦੂ ਕਰਵਾਈ, ਝੋਨੇ ਦੀ ਲਵਾਈ, ਪਨੀਰੀ ਦਾ ਖ਼ਰਚਾ ਪਾ ਕੇ ਸ਼ੁਰੂਆਤੀ ਦੌਰ ਵਿਚ 5 ਤੋਂ 7 ਹਜ਼ਾਰ ਰੁਪਏ ਦਾ ਸਿੱਧਾ ਲਾਭ ਕਿਸਾਨਾਂ ਨੂੰ ਪ੍ਰਤੀ ਏਕੜ ਪਿੱਛੇ ਹੁੰਦਾ ਹੈ। ਜੇ ਸਿੱਧੀ ਬਿਜਾਈ ਵਾਲੀ ਫ਼ਸਲ ਦਾ ਝਾੜ ਦੂਸਰੀ ਬਿਜਾਈ ਨਾਲੋਂ ਘੱਟ ਨਿਕਲਦਾ ਹੈ ਤਾਂ ਵੀ ਕਿਸਾਨ ਨੂੰ ਕੋਈ ਜ਼ਿਆਦਾ ਨੁਕਸਾਨ ਨਹੀਂ ਹੈ। ਖਾਦ ਤੇ ਨਦੀਨ ਨਾਸ਼ਕਾਂ ਦੀ ਵਰਤੋਂ ਦੂਜੀ ਫ਼ਸਲ ਵਾਂਗ ਹੀ ਹੁੰਦੀ ਹੈ। ਪਾਣੀ ਖੜ੍ਹਨ ਵਾਲੀਆਂ ਜ਼ਮੀਨਾਂ ਵਿਚ ਸਿੱਧੀ ਬਿਜਾਈ ਪੂਰੀ ਤਰ੍ਹਾਂ ਕਾਮਯਾਬ ਹੈ, ਕਿਉਂਕਿ 15-20 ਮਈ ਤੱਕ ਬੀਜੀ ਗਈ ਝੋਨੇ ਦੀ ਫ਼ਸਲ ਮੀਂਹ ਆਉਣ ਤੱਕ ਵਧੀਆ ਹੋ ਜਾਂਦੀ ਹੈ ਤੇ ਮੀਹਾਂ ਨਾਲ ਬੂਟੇ ਦਾ ਫੁਟਾਰਾ ਵਧਦਾ ਹੈ। ਕੱਦੂ ਕਰਕੇ ਲਵਾਈ ਗਈ ਝੋਨੇ ਦੀ ਫ਼ਸਲ ਵਿਚ ਪਹਿਲਾਂ ਹੀ ਪਾਣੀ ਖੜ੍ਹਾ ਹੋਣ ਕਰਕੇ ਤੇ ਫਿਰ ਮੀਂਹ ਪੈ ਜਾਣ ਨਾਲ ਬੂਟੇ ਮਰ ਜਾਂਦੇ ਹਨ। ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਪਰਾਲੀ ਸਾਂਭਣ ਵਾਲੀਆਂ 50 ਹਜ਼ਾਰ 815 ਮਸ਼ੀਨਾਂ 'ਤੇ 460 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਸੀ, ਇਸੇ ਤਰ੍ਹਾਂ ਸਿੱਧੀ ਬਿਜਾਈ ਵਾਲੇ ਝੋਨੇ 'ਤੇ ਵੀ ਏਕੜ ਦੇ ਹਿਸਾਬ ਨਾਲ 5 ਹਜ਼ਾਰ ਰੁਪਏ ਪ੍ਰਤੀ ਏਕੜ ਸਬਸਿਡੀ ਦਿੱਤੀ ਜਾਣੀ ਚਾਹੀਦੀ ਹੈ, ਤਾਂ ਕਿ ਸਿੱਧੀ ਬਿਜਾਈ ਵਾਲੇ ਝੋਨੇ ਦਾ ਘੱਟ ਝਾੜ ਨਿਕਲਣ 'ਤੇ ਕਿਸਾਨ ਦੀ ਆਰਥਿਕ ਮਦਦ ਹੋ ਸਕੇ ਤੇ ਧਰਤੀ ਹੇਠਲੇ ਡੂੰਘੇ ਹੋ ਰਹੇ ਪਾਣੀ ਨੂੰ ਬਚਾਇਆ ਜਾ ਸਕੇ।

-ਕਾਹਨਗੜ੍ਹ ਰੋਡ, ਪਾਤੜਾਂ, ਜ਼ਿਲ੍ਹਾ ਪਟਿਆਲਾ। ਮੋਬਾਈਲ : 98761-01698

ਪਿਛਲੀ ਖ਼ਬਰ ਹਰੀ ਖਾਦ ਨਾਲ ਮਿੱਟੀ ਦੀ ਸਿਹਤ ਤੇ ਫ਼ਸਲਾਂ ਦਾ ਝਾੜ ਵਧਾਓ ਅਗਲੀ ਖ਼ਬਰ ਉੱਭਰਦੇ ਖਿਡਾਰੀਆਂ ਨੂੰ ਸਿਖਲਾਈ ਦੇਣ ਪ੍ਰਸਿੱਧ ਤੇ ਸਾਬਕਾ ਖਿਡਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।