16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਹਰੀ ਖਾਦ ਨਾਲ ਮਿੱਟੀ ਦੀ ਸਿਹਤ ਤੇ ਫ਼ਸਲਾਂ ਦਾ ਝਾੜ ਵਧਾਓ

ਅਜੀਤ ਡੈਸਕ 19-05-2026

ਅੱਜ ਤੋਂ ਕੁਝ ਸਾਲ ਪਹਿਲਾਂ ਕਿਸਾਨ ਵੀਰ ਆਪਣੇ ਖੇਤਾਂ ਵਿਚ ਰੂੜੀ ਦੀ ਖਾਦ ਪਾਉਂਦੇ ਸਨ, ਜਿਸ ਕਰਕੇ ਜ਼ਮੀਨ ਵਿਚ ਲਘੂ ਤੇ ਵੱਡੇ ਖ਼ੁਰਾਕੀ ਤੱਤ ਇਕਸਾਰ ਹੁੰਦੇ ਸਨ ਅਤੇ ਜ਼ਮੀਨ ਦੀ ਸਿਹਤ ਬਹੁਤ ਵਧੀਆ ਰਹਿੰਦੀ ਸੀ। ਪਰ ਅੱਜ-ਕੱਲ੍ਹ ਅਜਿਹਾ ਨਹੀਂ ਹੁੰਦਾ। ਮਿੱਟੀ ਦੀ ਸਿਹਤ ਬਰਕਰਾਰ ਰੱਖਣ ਲਈ ਰੂੜੀ ਦੀ ਖਾਦ ਦੇ ਬਦਲ ਵਜੋਂ ਹਰੀ ਖਾਦ ਬੀਜੀ ਜਾ ਸਕਦੀ ਹੈ। ਹਰੀ ਖਾਦ ਬੀਜਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਸਿਫ਼ਾਰਸ ਕੀਤੀਆਂ ਗਈਆਂ ਮੁੱਖ ਫ਼ਸਲਾਂ ਜਿਵੇਂ ਕਿ ਸਣ, ਢੈਂਚਾ (ਜੰਤਰ), ਰਵਾਂਹ ਅਤੇ ਮੂੰਗੀ ਆਦਿ ਹਨ।
ਹਰੀ ਖਾਦ ਦੀ ਕਾਸ਼ਤ ਦੇ ਨੁਕਤੇ
ਹਰੀ ਖਾਦ ਲਈ ਸਿਫ਼ਾਰਸ ਕਿਸਮਾਂ, ਜੰਤਰ ਲਈ ਪੰਜਾਬ ਢੈਂਚਾ-1, ਸਣ ਲਈ ਪੀਏਯੂ-1691 ਅਤੇ ਨਰਿੰਦਰ ਸਨਈ-1, ਰਵਾਂਹ ਲਈ ਸੀਐਲ-367 ਅਤੇ ਰਵਾਂਹ-88 ਬੀਜੋ। ਹਰੀ ਖਾਦ ਬੀਜਣ ਲਈ ਕਣਕ ਨੂੰ ਵੱਢਣ ਉਪਰੰਤ ਖੇਤ ਨੂੰ ਪਾਣੀ ਲਾ ਦਿਓ। ਸਣ ਅਤੇ ਢੈਂਚੇ ਲਈ 20 ਕਿਲੋ ਬੀਜ ਅਤੇ ਰਵਾਂਹ ਲਈ 12 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ। ਬੀਜ ਨੂੰ 8 ਘੰਟੇ ਲਈ ਪਾਣੀ ਵਿਚ ਭਿਉਂ ਕੇ ਰੱਖੋ। ਫਾਸਫੋਰਸ ਤੱਤ ਦੀ ਘਾਟ ਵਾਲੇ ਖੇਤਾਂ ਵਿਚ ਹਰੀ ਖਾਦ ਲਈ 75 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਬਿਜਾਈ ਸਮੇਂ ਹੀ ਕਰਨੀ ਚਾਹੀਦੀ ਹੈ। ਹਰੀ ਖਾਦ ਵਾਲੀ ਫ਼ਸਲ ਤਕਰੀਬਨ 6-8 ਹਫ਼ਤਿਆਂ ਵਿਚ (ਜਦੋਂ ਫ਼ਸਲ ਫੁੱਲਾਂ 'ਤੇ ਆਉਂਦੀ ਹੈ) ਤਿਆਰ ਹੋਂ ਜਾਦੀ ਹੈ। ਭਾਵ ਕਿ 15-20 ਅਪ੍ਰੈਲ ਨੂੰ ਬੀਜੀ ਫ਼ਸਲ, 10-15 ਜੂਨ ਤੱਕ ਤਿਆਰ ਹੋ ਜਾਂਦੀ ਹੈ। ਝੋਨਾ ਲਾਉਣ ਤੋਂ ਇਕ ਦਿਨ ਪਹਿਲਾਂ ਹਰੀ ਖਾਦ ਵਾਲੀ ਫ਼ਸਲ ਨੂੰ ਰੋਟਾਵੇਟਰ ਜਾਂ ਤਵੀਆਂ ਨਾਲ ਵਾਹ ਦਿਓ। ਇਸ ਤਰ੍ਹਾਂ ਮਿੱਟੀ ਵਿਚ ਦਬਾਈ ਗਈ ਹਰੀ ਖਾਦ ਹੌਲੀ-ਹੌਲੀ ਗਲਦੀ ਰਹਿੰਦੀ ਹੈ ਅਤੇ ਝੋਨੇ ਦੀ ਫ਼ਸਲ ਨੂੰ ਲੋੜ ਅਨੁਸਾਰ ਖ਼ੁਰਾਕੀ ਤੱਤ ਮਿਲਦੇ ਰਹਿੰਦੇ ਹਨ।
ਹਰੀ ਖਾਦ ਦੇ ਫ਼ਾਇਦੇ
ਹਰੀ ਖਾਦ ਮਿੱਟੀ ਦੀ ਸਿਹਤ ਸੁਧਾਰਨ ਵਿਚ ਅਹਿਮ ਯੋਗਦਾਨ ਪਾਉਂਦੀ ਹੈ। ਹਰੀ ਖਾਦ ਬੀਜਣ ਨਾਲ ਜ਼ਮੀਨ ਵਿਚ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਹੋਰ ਲਘੂ ਖ਼ੁਰਾਕੀ ਤੱਤਾਂ ਦੀ ਮਾਤਰਾ ਵਿਚ ਵਾਧਾ ਹੁੰਦਾ ਹੈ। ਹਰੀ ਖਾਦ ਮਿੱਟੀ ਵਿਚ ਜੈਵਿਕ ਮਾਦਾ ਵਧਾਉਣ ਦੇ ਨਾਲ-ਨਾਲ ਮਿੱਟੀ ਦੀ ਭੌਤਿਕ, ਰਸਾਇਣਕ ਤੇ ਜੈਵਿਕ ਹਾਲਤ ਵੀ ਸੁਧਾਰਦੀ ਹੈ।
ਹਰੀ ਖਾਦ ਮਿੱਟੀ ਦੀ ਬਣਤਰ ਵਿਚ ਸੁਧਾਰ ਕਰਦੀ ਹੈ, ਜਿਸ ਨਾਲ ਜ਼ਮੀਨ ਵਿਚ ਪਾਣੀ ਜ਼ਿਆਦਾ ਜੀਰਦਾ ਹੈ ਅਤੇ ਮਿੱਟੀ ਦਾ ਭੌਂਅ ਖੋਰ ਵੀ ਘਟਦਾ ਹੈ। ਜਿਸ ਖੇਤ ਵਿਚ ਹਰੀ ਖਾਦ ਬੀਜੀ ਹੋਵੇ, ਉੱਥੇ ਝੋਨੇ ਦੀ ਫ਼ਸਲ ਨੂੰ 25 ਕਿਲੋ ਨਾਈਟ੍ਰੋਜਨ ਤੱਤ (55 ਕਿਲੋ ਯੂਰੀਆ ਖਾਦ) ਪ੍ਰਤੀ ਏਕੜ ਘੱਟ ਪਾਉਣੀ ਚਾਹੀਦੀ ਹੈ ਅਤੇ ਬਾਸਮਤੀ ਨੂੰ ਯੂਰੀਆ ਖਾਦ ਪਾਉਣ ਦੀ ਲੋੜ ਨਹੀਂ ਪੈਂਦੀ।
ਕਣਕ ਦੇ ਵੱਢ ਵਿਚ ਬੀਜੀ ਗਰਮ ਰੁੱਤ ਦੀ ਮੂੰਗੀ ਦੀਆਂ ਫ਼ਲੀਆਂ ਤੋੜਨ ਉਪਰੰਤ ਮੂੰਗੀ ਦਾ ਹਰਾ ਟਾਂਗਰ ਝੋਨਾ ਲਾਉਣ ਤੋਂ ਇਕ ਜਾਂ ਦੋ ਦਿਨ ਪਹਿਲਾਂ ਮਿੱਟੀ ਵਿਚ ਮਿਲਾਉਣ ਨਾਲ ਝੋਨੇ ਦਾ ਝਾੜ ਵਧ ਜਾਂਦਾ ਹੈ ਅਤੇ ਝੋਨੇ ਦੀ ਫ਼ਸਲ ਨੂੰ ਨਾਈਟ੍ਰੋਜਨ ਦਾ ਤੀਜਾ ਹਿੱਸਾ ਘਟਾ ਦੇਣਾ ਚਾਹੀਦਾ ਹੈ।
ਹਰੀ ਖਾਦ ਤੋਂ ਬਾਅਦ ਬੀਜੀ ਜਾਣ ਵਾਲੀ ਫ਼ਸਲ ਵਿਚ ਨਦੀਨਾਂ ਦੀ ਸਮੱਸਿਆ ਘੱਟ ਆਉਂਦੀ ਹੈ, ਕਿਉਂਕਿ ਹਰੀ ਖਾਦ ਦੇ ਨਾਲ ਉੱਗੇ ਨਦੀਨ, ਹਰੀ ਖਾਦ ਵਾਹੁਣ ਉਪਰੰਤ ਬੀਜ ਬੀਜਣ ਤੋਂ ਪਹਿਲਾਂ ਹੀ ਮਿੱਟੀ ਵਿਚ ਦੱਬ ਜਾਂਦੇ ਹਨ। ਹਰੀ ਖਾਦ ਜ਼ਮੀਨ ਵਿਚ ਪਏ ਖ਼ੁਰਾਕੀ ਤੱਤਾਂ ਨੂੰ ਘੋਲਦੀ ਹੈ ਅਤੇ ਲੋੜ ਅਨੁਸਾਰ ਬੂਟੇ ਨੂੰ ਮੁਹੱਈਆ ਕਰਾਉਂਦੀ ਰਹਿੰਦੀ ਹੈ, ਜਿਸ ਦੇ ਸਿੱਟੇ ਵਜੋਂ ਫ਼ਸਲਾਂ ਦਾ ਝਾੜ ਵਧਦਾ ਹੈ। ਹਰੀ ਖਾਦ ਜ਼ਮੀਨ ਦਾ ਖਾਰੀ ਅੰਗ ਨੂੰ ਘਟਾਉਣ ਦੇ ਨਾਲ-ਨਾਲ ਜ਼ਮੀਨ ਵਿਚ ਲਾਭਦਾਇਕ ਜੀਵਾਣੂਆਂ ਦੀ ਗਿਣਤੀ ਵੀ ਵਧਾਉਂਦੀ ਹੈ।
ਹਰੀ ਖਾਦ ਜ਼ਮੀਨ ਵਿਚ ਨੀਮਾਟੋਡ ਦੀ ਸਮੱਸਿਆਂ ਨੂੰ ਵੀ ਹੱਲ ਕਰਨ ਵਿਚ ਸਹਾਈ ਹੁੰਦੀ ਹੈ।


-ਫਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ ਤੇ ਪੀ.ਏ.ਯੂ. ਲੁਧਿਆਣਾ।
ਮੋਬਾਈਲ : 94646-59995

ਪਿਛਲੀ ਖ਼ਬਰ ਹੁਣ ਪੈਂਚਰ ਨਹੀਂ ਹੋਣਗੇ ਟਾਇਰ ਅਗਲੀ ਖ਼ਬਰ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਦੀ ਲੋੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।