ਗਰਮੀ 'ਚ ਖ਼ੁਦ ਨੂੰ ਚੁਸਤ-ਦਰੁਸਤ, ਆਪਣੇ ਦਿਲੋ-ਦਿਮਾਗ਼ ਨੂੰ ਤਰੋਤਾਜ਼ਾ ਅਤੇ ਸਰੀਰ ਨੂੰ ਠੰਢਾ ਰੱਖਣ ਲਈ ਹੇਠ ਲਿਖੇ ਕਾਰਗਰ ਉਪਾਅ ਅਪਣਾਓ ਅਤੇ ਖ਼ੁਸ਼ੀ-ਖ਼ੁਸ਼ੀ ਇਸ ਗਰਮੀ ਦੇ ਮੌਸਮ ਨੂੰ ਵੀ ਗੁਜ਼ਾਰੋ।
ਖਾਣ-ਪੀਣ : ਭਾਵੇਂ ਕਿ ਤਲਿਆ ਅਤੇ ਭਾਰੀ ਭੋਜਨ ਸਰੀਰ ਲਈ ਹਮੇਸ਼ਾ ਹਾਨੀਕਾਰਕ ਹੁੰਦਾ ਹੈ ਪਰ ਗਰਮੀ ਵਿਚ ਖ਼ਾਸ ਤੌਰ 'ਤੇ ਖ਼ਤਰਨਾਕ ਹੁੰਦਾ ਹੈ, ਇਸ ਲਈ ਗਰਮੀ ਵਿਚ ਭੋਜਨ ਹਜ਼ਮ ਹੋਣ ਵਾਲਾ ਚਾਹੀਦਾ ਹੈ। ਤਰਲ ਪਦਾਰਥ ਜ਼ਿਆਦਾ ਮਾਤਰਾ ਵਿਚ ਲੈਣੇ ਚਾਹੀਦੇ ਹਨ ਜਿਸ ਨਾਲ ਪਸੀਨਾ ਨਿਕਲਣ ਨਾਲ ਸਰੀਰ ਵਿਚ ਪਾਣੀ ਦੀ ਕਮੀ ਨਾ ਹੋ ਸਕੇ ਪਰ ਧਿਆਨ ਰਹੇ ਘਟੀਆ ਜਾਂ ਬਾਜ਼ਾਰੂ ਕੋਲਡਡ੍ਰਿੰਕਸ ਨਾ ਵਰਤੋ। ਚਮੜੀ ਦੀ ਨਮੀ ਅਤੇ ਤਾਜ਼ਗੀ ਲਈ ਸਭ ਤੋਂ ਸਹੀ ਪੀਣ ਵਾਲਾ ਪਦਾਰਥ ਹੈ ਪਾਣੀ। ਦਿਨ ਵਿਚ ਘੱਟ ਤੋਂ ਘੱਟ 8-10 ਗਿਲਾਸ ਜਾਂ 4-5 ਲੀਟਰ ਪਾਣੀ ਜ਼ਰੂਰ ਪੀਓ।
ਸਵੇਰੇ ਨਾਸ਼ਤੇ ਵਿਚ ਤਲਿਆ ਖਾਣ ਦੀ ਬਜਾਏ ਭਿੱਜੇ ਹੋਏ ਤੇ ਪੁੰਗਰੇ ਹੋਏ ਛੋਲੇ ਜਾਂ ਕੋਈ ਵੀ ਅਨਾਜ ਜਾਂ ਉਨ੍ਹਾਂ ਦਾ ਮਿਸ਼ਰਨ ਜਿਵੇਂ ਕਣਕ, ਮੂੰਗੀ, ਮੂੰਗਫਲੀ, ਮਟਰ, ਬੀਨਸ ਆਦਿ ਨੂੰ ਸਵਾਦ ਅਨੁਸਾਰ ਬਣਾ ਕੇ ਵਰਤੋਂ ਕਰੋ। ਧਿਆਨ ਰੱਖੋ, ਇਨ੍ਹਾਂ ਨੂੰ ਅੱਗ 'ਤੇ ਨਾ ਚੜ੍ਹਾਓ ਨਹੀਂ ਤਾਂ ਇਨ੍ਹਾਂ ਦੇ ਪੋਸ਼ਕ ਤੱਤ ਮਰ ਜਾਣਗੇ। ਨਾਲ ਹੀ ਕੋਈ ਤਰਲ ਪੀਣ ਵਾਲਾ ਪਦਾਰਥ ਜੇਕਰ ਦਹੀਂ ਦੀ ਲੱਸੀ ਹੋਵੇ ਤਾਂ ਜ਼ਰੂਰ ਪੀਓ।
ਦੁਪਹਿਰ ਦੇ ਖਾਣੇ ਵਿਚ ਸਲਾਦ, ਹਰੀ ਸਬਜ਼ੀ, ਦਹੀਂ ਆਦਿ ਦੀ ਭਰਪੂਰ ਮਾਤਰਾ ਵਿਚ ਵਰਤੋਂ ਕਰੋ। ਸ਼ਾਮ ਨੂੰ ਵੀ ਫਲ, ਜੂਸ, ਨਿੰਬੂ-ਪਾਣੀ, ਬੇਲ, ਫਾਲਸਾ ਆਦਿ ਦੇ ਸ਼ਰਬਤ ਪੀਓ।
ਰਾਤ ਦਾ ਭੋਜਨ ਵੀ ਹਲਕਾ ਹੀ ਹੋਵੇ। ਰਾਤ ਨੂੰ ਭੋਜਨ ਤੋਂ ਬਾਅਦ ਥੋੜ੍ਹਾ ਟਹਿਲਣਾ ਨਾ ਭੁੱਲੋ। ਨਾਲ ਹੀ ਇਹ ਵੀ ਧਿਆਨ ਰੱਖੋ ਕਿ ਭੋਜਨ ਅਤੇ ਸੌਣ ਵਿਚਾਲੇ ਲਗਭਗ ਦੋ ਘੰਟੇ ਦਾ ਵਕਫ਼ਾ ਹੋਵੇ।
ਕਸਰਤ : ਗਰਮੀ ਵਿਚ ਚੁਸਤ ਤੇ ਫੁਰਤੀਲਾ ਬਣੇ ਰਹਿਣ ਲਈ ਹਲਕੀ-ਫੁਲਕੀ ਕਸਰਤ ਬਹੁਤ ਜ਼ਰੂਰੀ ਹੈ, ਮੁੱਖ ਤੌਰ 'ਤੇ ਪ੍ਰਾਣਾਯਾਮ, ਸਵੇਰੇ-ਸਵੇਰੇ ਖੁੱਲ੍ਹੇ ਥਾਂ 'ਚ ਟਹਿਲਣਾ ਆਦਿ। ਹਾਂ, ਗਰਮੀ ਵਿਚ ਕਸਰਤ ਤੋਂ ਕੁਝ ਦੇਰ ਪਹਿਲਾਂ ਥੋੜ੍ਹਾ ਪਾਣੀ ਪੀ ਲੈਣਾ ਚਾਹੀਦਾ ਹੈ, ਜਿਸ ਨਾਲ ਸਰੀਰ ਦੀ ਨਮੀ ਬਣੀ ਰਹੇ। ਗਰਮੀ ਵਿਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਜਿਥੇ ਅਸੀਂ ਸਰਦੀ ਵਿਚ ਖੁਸ਼ਕੀ ਤੋਂ ਆਪਣੀ ਚਮੜੀ ਨੂੰ ਬਚਾਉਣ ਲਈ ਕਾਫ਼ੀ ਦੇਖਭਾਲ ਕਰਦੇ ਹਾਂ, ਉਥੇ ਸਾਨੂੰ ਥੋੜ੍ਹਾ ਜਿਹਾ ਧਿਆਨ ਗਰਮੀ ਦੇ ਦਿਨਾਂ ਵਿਚ ਵੀ ਆਪਣੀ ਚਮੜੀ ਵੱਲ ਜ਼ਰੂਰ ਦੇਣਾ ਚਾਹੀਦਾ। ਸਰਦੀ ਵਿਚ ਚਮੜੀ ਸੁੱਕੀ ਅਤੇ ਕਟੀ-ਫਟੀ ਹੋ ਜਾਂਦੀ ਹੈ ਪਰ ਗਰਮੀ ਵਿਚ ਇਸ ਦੇ ਠੀਕ ਉਲਟ ਪਸੀਨੇ ਨਾਲ ਚਮੜੀ ਚਿਪਚਿਹਾਟ ਵਾਲੀ ਅਤੇ ਗੰਦੀ ਹੋ ਜਾਂਦੀ ਹੈ, ਇਸ ਲਈ ਚਮੜੀ ਦੀ ਸਫਾਈ ਚੰਗੀ ਤਰ੍ਹਾਂ ਕਰਨੀ ਚਾਹੀਦੀ ਹੈ। ਦਿਨ ਵਿਚ ਘੱਟ ਤੋਂ ਘੱਟ ਦੋ ਵਾਰ ਇਸ਼ਨਾਨ ਜ਼ਰੂਰ ਕਰੋ। ਚਿਹਰੇ ਦੇ ਨਾਲ-ਨਾਲ ਅੱਖਾਂ ਨੂੰ ਵੀ ਦਿਨ ਵਿਚ ਕਈ ਵਾਰ ਸਾਫ਼ ਪਾਣੀ ਨਾਲ ਧੋਵੋ। ਅੱਖਾਂ ਨੂੰ ਸਵੇਰੇ ਤ੍ਰਿਫਲਾ ਪਾਣੀ ਨਾਲ ਧੋਵੋ। ਇਸ ਨਾਲ ਅੱਖਾਂ ਰੋਗ ਮੁਕਤ ਰਹਿਣਗੀਆਂ ਅਤੇ ਅੱਖਾਂ ਚਮਕੀਲੀਆਂ ਅਤੇ ਸੁੰਦਰ ਦਿਸਣਗੀਆਂ।
ਨਹਾਉਂਦੇ ਸਮੇਂ ਚਿਹਰੇ 'ਤੇ ਸਾਬਣ ਦੀ ਥਾਂ ਵੇਸਣ ਵਿਚ ਕੁਝ ਬੂੰਦਾਂ ਨਿੰਬੂ, ਗੁਲਾਬ ਜਲ, ਸ਼ਹਿਦ ਦੀਆਂ ਪਾ ਕੇ ਕੱਚੇ ਦੁੱਧ ਜਾਂ ਦਹੀਂ ਵਿਚ ਪੇਸਟ ਬਣਾ ਕੇ ਚਿਹਰੇ 'ਤੇ ਲਗਾਓ। ਸੁੱਕਣ 'ਤੇ ਧੋ ਲਓ। ਇਸ ਨਾਲ ਚਮੜੀ ਸਾਫ਼-ਸੁਥਰੀ ਅਤੇ ਚਮਕਦਾਰ ਰਹੇਗੀ। ਚਿਹਰੇ 'ਤੇ ਕੋਈ ਕ੍ਰੀਮ ਲਗਾਉਣ ਦੀ ਬਜਾਏ ਖੀਰੇ, ਤਰ ਜਾਂ ਹਦਵਾਣੇ ਦੇ ਰਸ ਵਿਚ ਕੁਝ ਬੂੰਦਾਂ ਨਿੰਬੂ ਰਸ ਦੀਆਂ ਪਾ ਕੇ ਚਿਹਰੇ, ਗਲੇ ਅਤੇ ਹੋਰ ਖੁੱਲ੍ਹੀਆਂ ਥਾਵਾਂ 'ਤੇ ਲਗਾਉ ਅਤੇ ਅੱਧੇ ਘੰਟੇ ਬਾਅਦ ਧੋ ਲਓ। ਇਸ ਨਾਲ ਚਿਹਰਾ ਖਿੜਿਆ-ਖਿੜਿਆ ਅਤੇ ਚਮੜੀ ਨਿੱਖਰੀ ਰਹੇਗੀ। ਜ਼ਿਆਦਾ ਚਿਪਚਿਪ ਵਾਲੀ ਚਮੜੀ ਲਈ ਨਿੰਬੂ ਦਾ ਰਸ ਅਤੇ ਬਰਫ਼ ਦਾ ਠੰਢਾ ਪਾਣੀ ਮਿਲਾ ਕੇ ਚਿਹਰੇ 'ਤੇ ਲਗਾਓ।
ਹੱਥਾਂ, ਪੈਰਾਂ, ਨਹੁੰਆਂ ਅਤੇ ਕੂਹਣੀਆਂ 'ਤੇ ਨਿੰਬੂ ਦਾ ਗੁੱਦਾ ਰਗੜੋ। ਇਸ ਨਾਲ ਉਹ ਸਾਫ਼ ਅਤੇ ਸੁੰਦਰ ਦਿਸਣਗੀਆਂ।
ਵਾਲਾਂ ਨੂੰ ਵੀ ਗਰਮੀ ਬਹੁਤ ਲਗਦੀ ਹੈ ਅਤੇ ਹਰ ਰੋਜ਼ ਜਾਂ ਹਫ਼ਤੇ ਵਿਚ ਦੋ ਵਾਰ ਇਨ੍ਹਾਂ ਨੂੰ ਜ਼ਰੂਰ ਧੋਵੋ। ਔਲਾ, ਦਹੀਂ, ਨਿੰਬੂ ਮਿਲੇ ਮਿਸ਼ਰਨ ਨਾਲ ਸਿਰ ਧੋਣ ਨਾਲ ਦਿਮਾਗ਼ ਵੀ ਠੰਢਾ ਰਹਿੰਦਾ ਹੈ ਅਤੇ ਵਾਲ ਵੀ ਲੰਮੇ, ਚਮਕੀਲੇ, ਕਾਲੇ, ਸੰਘਣੇ ਅਤੇ ਮਜ਼ਬੂਤ ਬਣੇ ਰਹਿੰਦੇ ਹਨ।
ਕੁਝ ਹੋਰ ਗੱਲਾਂ : ਸਾਧਾਰਨ ਇਸ਼ਨਾਨ ਦੀ ਬਜਾਏ ਜਦੋਂ ਤੱਕ ਤਰਾਵਟ ਤੇ ਤਾਜ਼ਗੀ ਮਹਿਸੂਸ ਨਾ ਹੋਵੇ, ਉਦੋਂ ਤੱਕ ਨਹਾਓ ਅਤੇ ਘੱਟ ਤੋਂ ਘੱਟ ਦਿਨ ਵਿਚ ਦੋ ਵਾਰ ਜ਼ਰੂਰ ਨਹਾਓ।
ਸਰੀਰ ਠੰਢਾ ਰੱਖਣ ਲਈ ਜਾਂ ਜ਼ਿਆਦਾ ਗਰਮੀ ਮਹਿਸੂਸ ਹੋਣ 'ਤੇ ਬਹੁਤ ਠੰਢੇ ਪਾਣੀ ਨਾਲ ਨਹੀਂ, ਟੂਟੀ ਦੇ ਪਾਣੀ ਨਾਲ ਹੀ ਇਸ਼ਨਾਨ ਕਰਨਾ ਚਾਹੀਦਾ ਹੈ। ਹਾਂ, ਸੰਭਵ ਹੋਵੇ ਤਾਂ ਨਹਾਉਣ ਤੋਂ ਪਹਿਲਾਂ ਪਾਣੀ ਵਿਚ ਤਾਜ਼ੇ ਗੁਲਾਬ ਦੀਆਂ ਪੱਤੀਆਂ, ਕੁਝ ਦੇਰ ਭਿਉਂ ਦਿਉ ਜਾਂ ਕੁਝ ਬੂੰਦਾਂ ਨਿੰਬੂ ਦੇ ਰਸ ਦੀਆਂ ਪਾ ਦਿਓ।
ਬਹੁਤ ਜ਼ਿਆਦਾ ਗਰਮੀ ਮਹਿਸੂਸ ਹੋਣ 'ਤੇ ਪਾਣੀ ਵਿਚ ਤੌਲੀਆ ਭਿਉਂ, ਨਿਚੋੜ ਕੇ ਚਿਹਰੇ, ਗਲੇ ਅਤੇ ਕਲਾਈਆਂ 'ਤੇ ਰੱਖੋ। ਇਸ ਨਾਲ ਤਾਜ਼ਗੀ ਮਿਲਦੀ ਰਹੇਗੀ।
ਪੈਰਾਂ ਨੂੰ ਠੰਢਾ ਰੱਖਣ ਲਈ ਉਨ੍ਹਾਂ ਨੂੰ ਵੀ ਧੋਂਦੇ ਰਹੋ ਅਤੇ ਗਰਮੀ ਦੇ ਦਿਨਾਂ ਵਿਚ ਜੁੱਤੀਆਂ, ਬੰਦ ਸੈਂਡਲ ਦੀ ਥਾਂ ਚੱਪਲਾਂ, ਖੁੱਲ੍ਹੇ ਸੈਂਡਲ ਅਤੇ ਇਸ ਤਰ੍ਹਾਂ ਦੀਆਂ ਜੁੱਤੀਆਂ ਪਾਓ ਜਿਨ੍ਹਾਂ ਵਿਚ ਹਵਾ ਆਉਂਦੀ-ਜਾਂਦੀ ਰਹੇ ਅਤੇ ਜ਼ੁਰਾਬਾਂ ਵੀ ਸੂਤੀ ਹੀ ਪਾਓ।
ਗਰਮੀ ਤੋਂ ਬਚਣ ਲਈ ਵਾਲ ਖੁੱਲ੍ਹੇ ਰੱਖੋ, ਵਾਲਾਂ ਵਿਚ ਤੇਲ ਪਾ ਕੇ ਉਨ੍ਹਾਂ ਨੂੰ ਸੰਵਾਰ ਕੇ ਰੱਖੋ। ਇਨ੍ਹੀਂ ਦਿਨੀਂ ਪਸੀਨਾ ਸਭ ਨੂੰ ਆਉਂਦਾ ਹੈ ਪਰ ਬਹੁਤ ਜ਼ਿਆਦਾ ਆਏ ਤਾਂ ਮੁਲਤਾਨੀ ਮਿੱਟੀ, ਚੰਦਨ ਬੁਰਾਦਾ, ਨਿੰਬੂ ਰਸ, ਗੁਲਾਬ ਜਲ ਦੀਆਂ ਕੁਝ ਬੂੰਦਾਂ ਮਿਲਾ ਕੇ ਲੇਪ ਬਣਾਓ ਅਤੇ ਪੂਰੇ ਸਰੀਰ 'ਤੇ ਲਗਾਓ। ਥੋੜ੍ਹੀ ਦੇਰ ਬਾਅਦ ਇਸ਼ਨਾਨ ਕਰ ਲਓ।
ਜੇਕਰ ਪਸੀਨੇ ਤੋਂ ਬਦਬੂ ਆਵੇ ਤਾਂ ਨਹਾਉਂਦੇ ਸਮੇਂ ਪਾਣੀ ਵਿਚ ਡਿਟੋਲ ਦੀਆਂ ਕੂਝ ਬੂੰਦਾਂ ਮਿਲਾ ਦਿਓ।
ਐਂਟੀਪਰਸਪੀਰੈਂਟ ਦੀ ਵਰਤੋਂ ਕਰਨ ਨਾਲ ਵੀ ਪਸੀਨਾ ਰੁਕਦਾ ਹੈ ਅਤੇ ਬਦਬੂ ਨਹੀਂ ਆਉਂਦੀ।
ਮੂੰਹ ਦੀ ਤਾਜ਼ਗੀ ਬਣਾਈ ਰੱਖਣ ਲਈ ਚੰਗੀ ਟੁੱਥਪੇਸਟ ਦੀ ਸਵੇਰੇ ਸ਼ਾਮ ਵਰਤੋਂ ਕਰੋ। ਇਨ੍ਹੀਂ ਦਿਨੀਂ ਜੇਕਰ ਤੁਸੀਂ ਠੰਢੇ ਕੂਲਰ ਜਾਂ ਏ.ਸੀ. ਕਮਰੇ ਵਿਚ ਬੈਠੇ ਹੋਵੋ ਤਾਂ ਥੋੜ੍ਹੀ ਦੇਰ ਪਹਿਲਾਂ ਉਨ੍ਹਾਂ ਨੂੰ ਬੰਦ ਕਰ ਦਿਓ, ਫਿਰ ਬਾਹਰ ਜਾਓ, ਇਸ ਨਾਲ ਲੂ ਲੱਗਣ ਦਾ ਡਰ ਨਹੀਂ ਰਹੇਗਾ।
ਜੇਕਰ ਗਰਮੀ ਨਾਲ ਤੁਹਾਡੇ ਬੁੱਲ੍ਹ ਸੁਕਦੇ ਹਨ ਤਾਂ ਸ਼ਹਿਦ ਵਿਚ ਕੁਝ ਬੂੰਦਾਂ ਗੁਲਾਬ ਜਲ ਦੀਆਂ ਪਾ ਕੇ ਰਾਤ ਨੂੰ ਸੌਂਤੇ ਸਮੇਂ ਅਤੇ ਦਿਨ ਵਿਚ ਇਕ ਦੋ ਵਾਰ ਲਗਾ ਲਓ। ਫਿਰ ਦੇਖੋ ਤੁਹਾਡੇ ਬੁੱਲ੍ਹ ਸੁਰਖ, ਕੋਮਲ ਅਤੇ ਮੁਲਾਇਮ ਬਣੇ ਰਹਿਣਗੇ।
ਬਸ ਉਪਰੋਕਤ ਗੱਲਾਂ ਧਿਆਨ ਵਿਚ ਰੱਖੋ। ਉਨ੍ਹਾਂ ਨੂੰ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਲਾਗੂ ਕਰੋ ਅਤੇ ਗਰਮੀ ਵਿਚ ਵੀ ਤਾਜ਼ਗੀ ਦਾ ਅਹਿਸਾਸ ਕਰਦੇ ਹੋਏ ਗਰਮੀਆਂ ਹਾਸੇ-ਖੁਸ਼ੀ ਨਾਲ ਬਿਤਾਓ।
-੦-
ਗਰਮੀ ਤਾਂ ਹੈ ਪਰ ਘਬਰਾਓ ਨਾ
ਅਜੀਤ ਡੈਸਕ
12-06-2026