ਮੂੰਹ ਵਿਚ ਛੋਟੇ-ਛੋਟੇ ਛਾਲੇ ਪੈ ਜਾਣੇ ਜਾਂ ਮੂੰਹ ਫੁੱਲ ਜਾਣਾ ਇਕ ਆਮ ਜਿਹੀ ਬਿਮਾਰੀ ਹੈ। ਮੂੰਹ ਵਿਚ ਛਾਲੇ ਆਮ ਤੌਰ 'ਤੇ ਮਸੂੜਿਆਂ ਉਤੇ, ਜੀਭ ਉਤੇ, ਬੁੱਲ੍ਹਾਂ ਦੇ ਥੱਲੇ ਜਾਂ ਮੂੰਹ ਦੇ ਦੋਵਾਂ ਕੋਨਿਆਂ ਵਿਚ ਹੋ ਜਾਂਦੇ ਹਨ। ਇਹ ਛਾਲੇ ਮੂੰਹ ਦੀ ਅੰਦਰਲੀ ਲਾਰ ਕਰਕੇ ਹੁੰਦੇ ਹਨ।
ਅਲਾਮਤਾਂ : * ਮੂੰਹ ਫੁੱਲਣ ਕਰਕੇ ਮੂੰਹ ਵਿਚ ਦਰਦ ਹੁੰਦੀ ਹੈ। * ਕੁਝ ਖਾਣ ਨੂੰ ਦਿਲ ਨਹੀਂ ਕਰਦਾ। ਖਾਣੇ ਵਿਚ ਨਮਕ ਤੇ ਮਿਰਚ ਤਕਲੀਫ਼ ਦਿੰਦਾ ਹੈ। * ਮੂੰਹ ਵਿਚੋਂ ਹਰ ਵੇਲੇ ਲੇਸ ਵਾਲਾ ਪਾਣੀ ਨਿਕਲਦਾ ਹੈ। * ਮੂੰਹ ਅੰਦਰੋਂ ਚਿੱਟਾ ਜਿਹਾ ਲਗਦਾ ਹੈ ਤੇ ਇਸ ਤਰ੍ਹਾਂ ਲਗਦਾ ਹੈ ਕਿ ਮੂੰਹ ਵਿਚ ਉੱਲੀ ਲੱਗੀ ਹੋਵੇ।
ਕਾਰਨ : * ਜਦੋਂ ਮੂੰਹ ਵਿਚ ਸਫਾਈ ਨਾ ਹੋਵੇ ਤਾਂ ਕਈ ਤਰ੍ਹਾਂ ਦੇ ਕੀਟਾਣੂ ਸਾਡੇ ਖਾਣੇ ਨਾਲ ਮੂੰਹ ਵਿਚ ਇਕੱਠੇ ਹੋ ਜਾਂਦੇ ਹਨ। ਮੂੰਹ ਵਿਚੋਂ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਤਰਲ ਪਦਾਰਥ ਨਮੀ ਦੇ ਰੂਪ ਵਿਚ ਮਿਲ ਜਾਂਦੇ ਹਨ, ਜਿਥੇ ਉਹ ਪਨਪਦੇ ਹਨ।
* ਜਦੋਂ ਕੋਈ ਆਦਮੀ ਕਮਜ਼ੋਰ ਜਾਂ ਬਿਮਾਰ ਹੁੰਦਾ ਹੈ ਤਾਂ ਉਹ ਮੂੰਹ ਦੀ ਸਫਾਈ ਠੀਕ ਤਰ੍ਹਾਂ ਨਹੀਂ ਕਰ ਸਕਦਾ ਜਾਂ ਉਸ ਵਿਚ ਕੀਟਾਣੂਆਂ ਨਾਲ ਲੜਨ ਦੀ ਤਾਕਤ ਨਹੀਂ ਹੁੰਦੀ, ਜਿਸ ਕਾਰਨ ਮੂੰਹ ਅੰਦਰਲੀ ਝਿੱਲੀ ਕਮਜ਼ੋਰ ਹੋ ਜਾਂਦੀ ਹੈ ਤੇ ਬੈਕਟੀਰੀਆ ਕਰਕੇ ਉਸ 'ਤੇ ਛਾਲੇ ਪੈ ਜਾਂਦੇ ਹਨ।
* ਬੀ. ਕੰਪਲੈਕਸ ਜਾਂ ਲੋਹੇ ਦੀ ਕਮੀ ਕਰਕੇ ਜ਼ੁਬਾਨ ਲਾਲ ਹੋ ਜਾਂਦੀ ਹੈ ਤੇ ਮੂੰਹ ਦੇ ਦੋਵਾਂ ਕੋਨਿਆਂ 'ਚ ਮਾਸ ਫੁੱਲ ਜਾਂਦਾ ਹੈ ਅਤੇ ਮੂੰਹ ਦੇ ਅੰਦਰ ਸੋਜ਼ਿਸ਼ ਹੋ ਜਾਂਦੀ ਹੈ।
ਮੂੰਹ ਵਿਚ ਉੱਲੀ ਲੱਗਣੀ-ਇਹ ਖ਼ਾਸ ਕਰਕੇ ਬੱਚਿਆਂ, ਬੁੱਢਿਆਂ, ਬਿਮਾਰਾਂ ਤੇ ਕਮਜ਼ੋਰਾਂ ਵਿਚ ਹੁੰਦੀ ਹੈ। ਤੇਜ਼ ਐਂਟੀਬਾਇਓਟਿਕ ਤੇ ਸਟੀਰਾਈਡ ਦਵਾਈਆਂ ਦੀ ਜ਼ਿਆਦਾ ਵਰਤੋਂ ਕਰਨ ਕਰਕੇ ਹੌਲੀ-ਹੌਲੀ ਜੀਭ 'ਤੇ ਮਸੂੜਿਆਂ ਦੀ ਅੰਦਰਲੀ ਝਿੱਲੀ ਫੁੱਲ ਕੇ ਉਖੜ ਜਾਂਦੀ ਹੈ, ਜਿਸ ਕਰਕੇ ਜ਼ਖ਼ਮ ਹੋ ਜਾਂਦੇ ਹਨ। ਹੌਲੀ-ਹੌਲੀ ਇਹ ਗਲੇ ਦੀ ਨਾਲੀ ਤੱਕ ਚਲੇ ਜਾਂਦੇ ਹਨ।
ਬੱਚਿਆਂ ਤੇ ਬੁੱਢਿਆਂ ਨੂੰ ਖਾਣ ਵਿਚ ਬੜੀ ਮੁਸ਼ਕਿਲ ਆਉਂਦੀ ਹੈ। ਬੱਚੇ ਦਾ ਮੂੰਹ ਅੰਦਰੋਂ ਚਿੱਟਾ ਹੋ ਜਾਂਦਾ ਹੈ ਤੇ ਉਹ ਦੁੱਧ ਤੱਕ ਨਹੀਂ ਪੀ ਸਕਦਾ। ਕਈ ਵਾਰ ਬੱਚੇ ਨੂੰ ਭੁੱਖ ਨਾ ਲੱਗਣ ਤੇ ਬਹੁਤ ਰੋਣ ਕਰਕੇ ਡਾਕਟਰ ਕੋਲ ਲਿਆਉਣਾ ਪੈਂਦਾ ਹੈ ਤੇ ਬੱਚੇ ਦਾ ਮੂੰਹ ਚੰਗੀ ਤਰ੍ਹਾਂ ਚੈੱਕ ਕਰਕੇ ਇਸ ਬਿਮਾਰੀ ਦਾ ਪਤਾ ਲਗਾਇਆ ਜਾਂਦਾ ਹੈ।
ਮੂੰਹ ਦੇ ਛਾਲੇ-ਅਪੈਬਸ ਅਲਸਰ : ਇਹ ਇਕ ਆਮ ਬਿਮਾਰੀ ਹੈ। ਸ਼ੁਰੂ-ਸ਼ੁਰੂ ਵਿਚ ਛੋਟੇ-ਛੋਟੇ ਇਕ ਜਾਂ ਦੋ ਛਾਲੇ ਹੁੰਦੇ ਹਨ, ਫਿਰ ਇਨ੍ਹਾਂ ਵਿਚ ਪਾਣੀ ਭਰ ਜਾਂਦਾ ਹੈ। ਫਿਰ ਇਹ ਫਟ ਕੇ ਜ਼ਖ਼ਮ ਬਣ ਜਾਂਦੇ ਹਨ ਤੇ ਮੂੰਹ ਵਿਚ ਜੀਭ ਤੇ ਜਾਂ ਬੁੱਲ੍ਹਾਂ ਥੱਲੇ ਦੋ-ਤਿੰਨ ਅਲਸਰ ਨਜ਼ਰ ਆਉਂਦੇ ਹਨ ਤੇ ਬਹੁਤ ਦਰਦ ਕਰਦੇ ਹਨ।
ਕਾਰਨ : ਇਹ ਜ਼ਿਆਦਾ ਕਰਕੇ ਪੇਟ ਦੀਆਂ ਬਿਮਾਰੀਆਂ, ਚਿੰਤਾ, ਜਿਗਰ ਦੀ ਤਕਲੀਫ਼, ਕਬਜ਼ ਜਾਂ ਲੀਵਰ ਦੀ ਕਮਜ਼ੋਰੀ ਕਰਕੇ ਹੁੰਦੀ ਹੈ। ਕਈ ਵਾਰੀ ਇਹ ਬਿਮਾਰੀ ਅਲਰਜੀ ਕਰਕੇ ਹੁੰਦੀ ਹੈ। ਕਈ ਲੋਕਾਂ ਨੂੰ ਟੂਥਪੇਸਟ ਜਾਂ ਮੰਜਨ ਤੋਂ ਅਲਰਜੀ ਹੁੰਦੀ ਹੈ। ਕਈ ਤਰ੍ਹਾਂ ਦੀਆਂ ਚਮੜੀ ਦੀਆਂ ਤਕਲੀਫਾਂ ਕਰਕੇ ਵੀ ਮੂੰਹ ਦੇ ਅੰਦਰ ਛਾਲੇ ਹੋ ਜਾਂਦੇ ਹਨ।
ਇਲਾਜ : ਇਨ੍ਹਾਂ ਸਾਰੀਆਂ ਤਕਲੀਫਾਂ ਵਿਚ ਫਿਕਰ ਕਰਨ ਵਾਲੀ ਕੋਈ ਗੱਲ ਨਹੀਂ ਹੁੰਦੀ। ਕਦੀ ਵੀ ਮੂੰਹ ਵਿਚ ਛਾਲਿਆਂ ਦਾ ਇਲਾਜ ਆਪ ਨਹੀਂ ਕਰਨਾ ਚਾਹੀਦਾ। ਸਭ ਤੋਂ ਪਹਿਲਾਂ ਮੂੰਹ ਫੁੱਲਣ ਦਾ ਕਾਰਨ ਲੱਭ ਕੇ ਉਸ ਦਾ ਇਲਾਜ ਸ਼ੁਰੂ ਕਰੋ। ਇਸ ਬਿਮਾਰੀ ਦੇ ਮੁੱਖ ਕਾਰਨ ਜੋ ਉੱਪਰ ਲਿਖੇ ਹਨ, ਉਨ੍ਹਾਂ ਸਭ ਦਾ ਇਲਾਜ ਅਲੱਗ-ਅਲੱਗ ਹੈ।
ਇਨ੍ਹਾਂ ਸਾਰੇ ਉੱਪਰ ਲਿਖੇ ਕਾਰਨਾਂ ਤੋਂ ਸਾਨੂੰ ਜਿਗਰ ਦੀ ਤਕਲੀਫ਼ ਹੋਣ ਦਾ ਸ਼ੱਕ ਹੁੰਦਾ ਹੈ, ਉਸ ਦੇ ਲਈ ਜਿਗਰ ਦੇ ਟੈਸਟ (ਐਲ.ਐਫ.ਟੀ.) ਅਤੇ ਪੇਟ ਦੀ ਸਕੈਨ ਆਦਿ ਟੈਸਟ ਕਰਵਾ ਕੇ ਇਨ੍ਹਾਂ ਦਾ ਇਲਾਜ ਬਹੁਤ ਸਰਲ ਤੇ ਸੌਖਾ ਹੈ। ਅੱਜਕਲ੍ਹ ਬਹੁਤ ਹੀ ਨਵੇਂ ਢੰਗ ਦੀ ਮਸ਼ੀ
ਨ ਐਂਡੋਸਕੋਪੀ ਆ ਗਈ ਹੈ, ਜਿਸ ਦੁਆਰਾ ਕਈ ਬਿਮਾਰੀਆਂ ਨੂੰ ਪਹਿਲੀ ਸਟੇਜ 'ਤੇ ਲੱਭ ਕੇ ਓਨਾ ਇਲਾਜ ਅਸਾਨ ਹੋ ਜਾਂਦਾ ਹੈ। ਇਸ ਨਾਲ ਮਰੀਜ਼ ਨੂੰ ਬਹੁਤੀ ਤਕਲੀਫ਼ ਵੀ ਨਹੀਂ ਹੁੰਦੀ।
ਮੂੰਹ ਵਿਚ ਛਾਲੇ ਕਿਉਂ ਹੁੰਦੇ ਹਨ?
ਅਜੀਤ ਡੈਸਕ
12-06-2026