'ਪਦਮ' ਦਾ ਮਤਲਬ ਹੈ ਕਮਲ | ਜਦੋਂ ਇਹ ਆਸਣ ਕੀਤਾ ਜਾਂਦਾ ਹੈ ਉਸ ਸਮੇਂ ਆਸਣ ਕਰਨ ਵਾਲਾ ਕਮਲ ਫੁੱਲ ਵਾਂਗ ਦਿਖਾਈ ਦਿੰਦਾ ਹੈ, ਇਸ ਲਈ ਇਸ ਨੂੰ 'ਪਦਮ ਆਸਣ' ਕਿਹਾ ਜਾਂਦਾ ਹੈ | ਇਸ ਆਸਣ ਨੂੰ 'ਕਮਲ ਆਸਣ' ਵੀ ਕਿਹਾ ਜਾਂਦਾ ਹੈ | ਇਸ ਆਸਣ ਨੂੰ ਮਰਦ ਅਤੇ ਔਰਤਾਂ ਦੋਵੇਂ ਹੀ ਕਰ ਸਕਦੇ ਹਨ | ਪਦਮ ਆਸਣ ਨਾਲ ਦਮਾ, ਉਨੀਂਦਰਾ, ਹਿਸਟੀਰੀਆ, ਮੋਟਾਪਾ, ਦਿਲ ਦੇ ਰੋਗ, ਫੇਫੜੇ, ਜਠਰ, ਜਕੜਨ, ਬਦਹਜ਼ਮੀ, ਅਫਾਰਾ, ਰੀੜ੍ਹ ਦੀ ਹੱਡੀ, ਪੇਟ ਦਾ ਦਰਦ, ਅਜੀਰਣ, ਅੰਤੜੀਆਂ ਦੀ ਕਮਜ਼ੋਰੀ, ਕਬਜ਼, ਪੇਚਿਸ਼, ਉਨੀਂਦਰਾ ਆਦਿ ਬਿਮਾਰੀਆਂ ਦੂਰ ਹੁੰਦੀਆਂ ਹਨ ਅਤੇ ਹੱਥ ਦੇ ਸਭ ਜੋੜ ਅਤੇ ਮਾਸਪੇਸ਼ੀਆਂ, ਦੋਵੇਂ ਗੋਡੇ ਅਤੇ ਗਿੱਟਿਆਂ ਦੇ ਜੋੜਾਂ ਦਾ ਦਰਦ ਅਤੇ ਅੰਦਰੂਨੀ ਗ੍ਰੰਥੀਆਂ ਸਰਗਰਮ ਹੋ ਕੇ ਸੁਚਾਰੂ ਰੂਪ ਵਿਚ ਕੰਮ ਕਰਨ ਲੱਗ ਜਾਂਦੀਆਂ ਹਨ |
ਪਦਮ ਆਸਣ ਕਰਨ ਲਈ ਸਭ ਤੋਂ ਪਹਿਲਾਂ ਜ਼ਮੀਨ 'ਤੇ ਪੈਰ ਫੈਲਾ ਕੇ ਸਿੱਧੇ ਬੈਠ ਜਾਓ | ਇਸ ਤੋਂ ਬਾਅਦ ਸੱਜਾ ਪੈਰ ਖੱਬੇ ਪੈਰ ਦੇ ਪੱਟ ਅਤੇ ਖੱਬਾ ਪੈਰ ਸੱਜੇ ਪੈਰ ਦੇ ਪੱਟ 'ਤੇ ਰੱਖੋ | ਦੋਵਾਂ ਹੱਥਾਂ ਦੇ ਅੰਗੂਠਿਆਂ ਨੂੰ ਤਰਜਨੀਆ ਦੇ ਨਾਲ ਮਿਲਾ ਕੇ ਖੱਬਾ ਹੱਥ ਸੱਜੇ ਪੈਰ ਦੇ ਗੋਡੇ 'ਤੇ ਅਤੇ ਸੱਜਾ ਹੱਥ ਖੱਬੇ ਪੈਰ ਦੇ ਗੋਟੇ 'ਤੇ ਰੱਖ ਲਓ | ਰੀੜ੍ਹ ਦੀ ਹੱਡੀ ਅਤੇ ਸਿਰ ਸਿੱਧੀ ਰੇਖਾ ਵਿਚ ਰੱਖੋ | ਅੱਖਾਂ ਨੂੰ ਬੰਦ ਜਾਂ ਖੁੱਲ੍ਹਾ ਰੱਖੋ | ਸ਼ੁਰੂ ਵਿਚ ਇਸ ਆਸਣ ਨੂੰ ਇਕ-ਦੋ ਮਿੰਟ ਤੱਕ ਕਰੋ ਅਤੇ ਹੌਲੀ-ਹੌਲੀ ਸਮਾਂ ਵਧਾਉਂਦੇ ਜਾਓ |
ਪਦਮ ਆਸਣ ਦਾ ਅਭਿਆਸ ਸਭ ਗ੍ਰੰਥੀਆਂ ਨੂੰ ਮਜ਼ਬੂਤ ਬਣਾਉਂਦਾ ਹੈ | ਇਸ ਆਸਣ ਦੇ ਕਰਦੇ ਰਹਿਣ ਨਾਲ ਦਮਾ, ਉਨੀਂਦਰਾ, ਹਿਸਟੀਰੀਆ, ਲਿਊਕੋਰੀਆ ਆਦਿ ਬਿਮਾਰੀਆਂ ਠੀਕ ਹੁੰਦੀਆਂ ਹਨ | ਉਨੀਂਦਰਾ ਦੇ ਰੋਗੀਆਂ ਲਈ ਆਸਣ ਬਹੁਤ ਵਧੀਆ ਹੈ | ਇਹ ਆਸਣ ਸਰੀਰ ਦੀ ਸਥੂਲਤਾ ਨੂੰ ਘੱਟ ਕਰਦਾ ਹੈ ਅਤੇ ਇਸ ਨਾਲ ਜੀਵਨ ਸ਼ਕਤੀ ਵਿਚ ਵਾਧਾ ਹੁੰਦਾ ਹੈ |