![]()
ਐਂਟੀਬਾਇਓਟਿਕ ਦਵਾਈਆਂ ਦੀ ਅੰਨ੍ਹੇਵਾਹ ਵਰਤੋਂ ਮੌਜੂਦਾ ਸਮੇਂ ਵਿਚ ਇਕ ਵਿਸ਼ਾਲ ਸਿਹਤ ਸਮੱਸਿਆ ਬਣਦੀ ਜਾ ਰਹੀ ਹੈ | ਜ਼ਿਆਦਾਤਰ ਲੋਕ ਡਾਕਟਰ ਨਾਲ ਸਲਾਹ ਕੀਤੇ ਬਿਨਾਂ ਹੀ ਆਪਣੀ ਮਰਜ਼ੀ ਨਾਲ ਦਵਾਈਆਂ ਦੀ ਵਰਤੋਂ ਕਰ ਲੈਂਦੇ ਹਨ, ਜਿਸ ਨਾਲ ਉਹ ਬਿਮਾਰੀ ਤੋਂ ਛੁਟਕਾਰਾ ਪਾਉਣ ਦੀ ਬਜਾਏ ਅਨੇਕ ਗੰਭੀਰ ਬੁਰੇ ਪ੍ਰਭਾਵਾਂ ਅਤੇ ਬਿਮਾਰੀਆਂ ਨਾਲ ਘਿਰ ਜਾਂਦੇ ਹਨ | ਐਂਟੀਬਾਇਓਟਿਕ ਦਵਾਈਆਂ ਦੀ ਬਿਨਾਂ ਸਮਝੇ ਅਤੇ ਅੰਨ੍ਹੇਵਾਹ ਵਰਤੋਂ ਨਾਲ ਲੋਕ ਦਸਤ, ਪੀਲੀਆ, ਖਾਰਿਸ਼ ਵਰਗੀਆਂ ਸਮੱਸਿਆਵਾਂ ਦੇ ਨਾਲ ਅਨੇਕ ਬਿਮਾਰੀਆਂ ਦੇ ਸ਼ਿਕਾਰ ਬਣ ਸਕਦੇ ਹਨ |
ਅੱਜਕਲ੍ਹ ਲੋਕ ਹਰ ਕਿਸੇ ਤਕਲੀਫ਼ ਵਿਚ ਡਾਕਟਰ ਦੀ ਸਲਾਹ ਲਏ ਬਿਨਾਂ ਹੀ ਆਪਣੇ-ਆਪ ਜਾਂ ਕਿਸੇ ਕੈਮਿਸਟ ਤੋਂ ਪੁੱਛ ਕੇ ਐਂਟੀਬਾਇਓਟਿਕ ਦਵਾਈ ਦੀ ਵਰਤੋਂ ਕਰਨ ਲਗਦੇ ਹਨ | ਇਸ ਨਾਲ ਜੀਵਾਣੂਆਂ ਵਿਚ ਇਨ੍ਹਾਂ ਦਵਾਈਆਂ ਵਿਰੁੱਧ ਪ੍ਰਤੀਰੋਧੀ ਸ਼ਕਤੀ ਵਿਕਸਿਤ ਹੋ ਜਾਂਦੀ ਹੈ ਅਤੇ ਇਹ ਐਂਟੀਬਾਇਓਟਿਕ ਦਵਾਈਆਂ ਬੇਅਸਰ ਹੋ ਜਾਂਦੀਆਂ ਹਨ | ਕਈ ਮਰੀਜ਼ ਤਾਂ ਤਿੰਨ-ਚਾਰ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਵੀ ਇਕੱਠੀ ਵੀ ਕਰ ਲੈਂਦੇ ਹਨ |
ਐਂਟੀਬਾਇਓਟਿਕ ਦਵਾਈਆਂ ਦੀ ਜ਼ਿਆਦਾ ਵਰਤੋਂ ਨਾਲ ਮੂੰਹ ਵਿਚ ਛਾਲੇ ਵੀ ਹੋ ਸਕਦੇ ਹਨ | ਪੂਰੇ ਸਰੀਰ ਵਿਚ ਖਾਰਿਸ਼ ਦੀ ਸਮੱਸਿਆ ਵੀ ਪੈਦਾ ਹੋ ਸਕਦੀ ਹੈ |
ਕਈ ਮਰੀਜ਼ਾਂ ਦੀ ਇਹ ਧਾਰਨਾ ਹੁੰਦੀ ਹੈ ਕਿ ਉਨ੍ਹਾਂ ਨੂੰ ਜ਼ਿਆਦਾ ਸ਼ਕਤੀਸ਼ਾਲੀ ਐਂਟੀਬਾਇਓਟਿਕ ਦਵਾਈਆਂ ਜ਼ਿਆਦਾ ਫ਼ਾਇਦਾ ਕਰਨਗੀਆਂ ਪਰ ਅਸਲ ਵਿਚ ਸੱਚਾਈ ਇਹ ਹੈ ਕਿ ਕੋਈ ਵੀ ਦਵਾਈ ਜ਼ਿਆਦਾ ਜਾਂ ਘੱਟ ਸ਼ਕਤੀਸ਼ਾਲੀ ਨਹੀਂ ਹੁੰਦੀ | ਜ਼ਰੂਰਤ ਅਨੁਸਾਰ ਸਭ ਦਵਾਈਆਂ ਦੀ ਵਰਤੋਂ ਨਾਲ ਹੀ ਮਰੀਜ਼ ਨੂੰ ਲਾਭ ਹੋ ਸਕਦਾ ਹੈ | ਕਈ ਲੋਕਾਂ ਦੀ ਇਹ ਧਾਰਨਾ ਵੀ ਹੁੰਦੀ ਹੈ ਕਿ ਐਂਟੀਬਾਇਓਟਿਕ ਦਵਾਈਆਂ ਨੁਕਸਾਨਦੇਹ ਅਤੇ ਬੁਰਾ ਪ੍ਰਭਾਵ ਪੈਦਾ ਕਰਨ ਵਾਲੀਆਂ ਹੀ ਹੋਇਆ ਕਰਦੀਆਂ ਹਨ, ਇਸ ਲਈ ਉਹ ਜ਼ਰੂਰੀ ਹੋਣ 'ਤੇ ਵੀ ਇਨ੍ਹਾਂ ਦਵਾਈਆਂ ਦੀ ਵਰਤੋਂ ਨਹੀਂ ਕਰਦੇ | ਇਹ ਜਾਣਨਾ ਜ਼ਰੂਰੀ ਹੈ ਕਿ ਇਨ੍ਹਾਂ ਦਵਾਈਆਂ ਤੋਂ ਕਤਰਾਉਣ 'ਤੇ ਸੰਕ੍ਰਮਣ ਜਾਨਲੇਵਾ ਵੀ ਹੋ ਸਕਦਾ ਹੈ | ਜੀਵਾਣੂ-ਸੰਕ੍ਰਮਣ ਹੋਣ 'ਤੇ ਐਂਟੀਬਾਇਓਟਿਕ ਦਵਾਈਆਂ ਨਾ ਲੈਣ 'ਤੇ ਸੰਕ੍ਰਮਣ ਪੂਰੇ ਸਰੀਰ ਵਿਚ ਫੈਲ ਕੇ 'ਸੈਪਟੀਸੀਮੀਆ' ਦਾ ਰੂਪ ਲੈ ਸਕਦਾ ਹੈ, ਜਿਸ ਨਾਲ ਗੁਰਦੇ ਅਤੇ ਹੋਰ ਮਹੱਤਵਪੂਰਨ ਅੰਗ ਖ਼ਰਾਬ ਹੋ ਸਕਦੇ ਹਨ | ਦਰਅਸਲ ਸੰਕ੍ਰਮਣ ਉਦੋਂ ਹੁੰਦਾ ਹੈ, ਜਦੋਂ ਜੀਵਾਣੂ ਸਰੀਰ ਦੀ ਰੋਗ ਪ੍ਰਤੀਰੋਧੀ ਪ੍ਰਣਾਲੀ ਨੂੰ ਹਰਾ ਦਿੰਦੇ ਹਨ | ਇਸ ਤਰ੍ਹਾਂ ਜੀਵਾਣੂਆਂ ਨੂੰ ਮਾਰਨ ਲਈ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਜ਼ਰੂਰੀ ਹੁੰਦੀ ਹੈ |
ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਤੋਂ ਪਹਿਲਾਂ ਮਰੀਜ਼ ਦੇ ਖੂਨ ਦੇ ਨਮੂਨੇ ਦਾ ਕਲਚਰ ਕਰਕੇ ਦੇਖਿਆ ਜਾਣਾ ਚਾਹੀਦਾ ਹੈ, ਤਾਂ ਕਿ ਇਹ ਪਤਾ ਲਗ ਸਕੇ ਕਿ ਕਿਸ ਕਿਸਮ ਦਾ ਬੈਕਟੀਰੀਅਲ ਸੰਕ੍ਰਮਣ ਹੈ ਅਤੇ ਉਸ ਮੌਸਮ ਵਿਚ ਕਿਹੜਾ ਜੀਵਾਣੂ ਜ਼ਿਆਦਾ ਸਰਗਰਮ ਹੈ | ਅੱਜਕਲ੍ਹ ਕੁਝ ਇਸ ਤਰ੍ਹਾਂ ਦੀਆਂ ਐਂਟੀਬਾਇਓਟਿਕ ਦਵਾਈਆਂ ਵੀ ਵਿਕਸਿਤ ਹੋ ਚੁੱਕੀਆਂ ਹਨ, ਜਿਨ੍ਹਾਂ ਨੂੰ ਇਕ ਹੀ ਵਾਰ ਲੈਣ ਦੀ ਜ਼ਰੂਰਤ ਪੈਂਦੀ ਹੈ |
ਅਕਸਰ ਇਹ ਵੀ ਦੇਖਿਆ ਜਾਂਦਾ ਹੈ ਕਿ ਕਈ ਡਾਕਟਰ ਮਰੀਜ਼ ਨੂੰ ਐਂਟੀਬਾਇਓਟਿਕ ਦਵਾਈਆਂ ਦੀ ਘੱਟ ਮਾਤਰਾ ਹੀ ਲੈਣ ਦੀ ਸਲਾਹ ਦਿੰਦੇ ਹਨ ਪਰ ਕਈ ਵਾਰ ਇਨ੍ਹਾਂ ਨਾਲ ਕੋਈ ਲਾਭ ਨਹੀਂ ਹੁੰਦਾ | ਦਰਅਸਲ ਦਵਾਈਆਂ ਦੀ ਖੁਰਾਕ ਮਰੀਜ਼ ਦੀ ਉਮਰ ਅਤੇ ਸਰੀਰਕ ਵਜ਼ਨ ਦੇ ਹਿਸਾਬ ਨਾਲ ਹੀ ਦਿੱਤੀ ਜਾਣੀ ਚਾਹੀਦੀ ਹੈ |
ਮਿਸਾਲ ਦੇ ਤੌਰ 'ਤੇ ਸਾਧਾਰਨ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਦਵਾਈਆਂ ਜਿਵੇਂ ਐਂਪੀਸੀਲੀਨ, ਐਮੋਕਸੀਸਿਲੀਨ ਦੀ 500 ਮਿਲੀਗ੍ਰਾਮ ਦੀ ਖੁਰਾਕ 50 ਕਿੱਲੋਗ੍ਰਾਮ ਵਜ਼ਨ ਦੇ ਮਰੀਜ਼ ਨੂੰ ਦਿਨ ਵਿਚ ਦੋ ਤੋਂ ਚਾਰ ਵਾਰ ਤੱਕ ਦਿੱਤੀ ਜਾਂਦੀ ਹੈ ਪਰ ਡਾਕਟਰ ਜ਼ਿਆਦਾਤਰ 250 ਮਿਲੀਗ੍ਰਾਮ ਦੀ ਖੁਰਾਕ ਹੀ ਦੋ ਤੋਂ ਚਾਰ ਵਾਰ ਤੱਕ ਦਿਆ ਕਰਦੇ ਹਨ | ਘੱਟ ਖੁਰਾਕ ਵਿਚ ਦਵਾਈ ਲੈਣ 'ਤੇ ਜੀਵਾਣੂਆਂ ਵਿਚ ਦਵਾਈ ਵਿਰੁੱਧ ਪ੍ਰਤੀਰੋਧੀ ਸ਼ਕਤੀ ਵਿਕਸਿਤ ਹੁੰਦੀ ਹੈ |