08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਅਮਨ ਲਈ ਪਹਿਲ ਦੀ ਲੋੜ

ਅਜੀਤ ਡੈਸਕ 02-03-2026

28 ਫਰਵਰੀ ਨੂੰ ਅਮਰੀਕਾ ਤੇ ਇਜ਼ਰਾਈਲ ਵਲੋਂ ਈਰਾਨ 'ਤੇ ਕੀਤੇ ਗਏ ਹਮਲੇ ਨਾਲ ਪੂਰੇ ਵਿਸ਼ਵ, ਖ਼ਾਸ ਕਰਕੇ ਮੱਧ ਪੂਰਬ ਵਿਚ ਬੇਹੱਦ ਤਣਾਅ ਭਰਪੂਰ ਹਾਲਾਤ ਪੈਦਾ ਹੋ ਗਏ ਹਨ। ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਖਾਮੇਨੇਈ, ਰੱਖਿਆ ਮੰਤਰੀ ਅਜ਼ੀਜ਼ ਨਾਸਿਰਜ਼ਾਦੇਹ ਅਤੇ ਸੈਨਾ ਪ੍ਰਮੁੱਖ ਜਨਰਲ ਅਬਦੁਲ ਰਹੀਮ ਮੁਸਾਬੀ ਸਮੇਤ ਫ਼ੌਜ ਦੇ ਹੋਰ ਵੱਡੇ ਅਧਿਕਾਰੀ ਮਾਰੇ ਗਏ ਹਨ। ਇਸ ਨਾਲ ਜਿਥੇ ਈਰਾਨ ਦੇ ਲੋਕਾਂ ਵਿਚ ਭਾਰੀ ਰੋਹ ਤੇ ਰੋਸ ਪੈਦਾ ਹੋਇਆ ਹੈ, ਵੱਡੀ ਗਿਣਤੀ ਵਿਚ ਲੋਕ ਸੜਕਾਂ 'ਤੇ ਰੋਸ ਪ੍ਰਗਟ ਕਰਨ ਲਈ ਆਏ ਹਨ, ਉਥੇ ਇਰਾਕ ਸਮੇਤ ਖਾੜੀ ਦੇ ਕਈ ਹੋਰ ਦੇਸ਼ਾਂ ਵਿਚ ਵੀ ਅਮਰੀਕਾ ਤੇ ਇਜ਼ਰਾਈਲ ਦੇ ਹਮਲੇ ਵਿਰੁੱਧ ਲੋਕਾਂ ਵਲੋਂ ਰੋਸ ਪ੍ਰਗਟ ਕਰਨ ਦੀਆਂ ਖ਼ਬਰਾਂ ਆਈਆਂ ਹਨ। ਪਾਕਿਸਤਾਨ ਵਿਚ ਵੀ ਵਿਖਾਵੇ ਹੋਏ ਹਨ। ਕਰਾਚੀ ਤੇ ਲਾਹੌਰ ਵਿਚ ਅਮਰੀਕੀ ਕੌਂਸਲੇਟ 'ਤੇ ਹਮਲੇ ਹੋਏ ਹਨ। ਅਮਰੀਕਾ ਵਿਚ ਡੋਨਾਲਡ ਟਰੰਪ ਦੇ ਖ਼ਿਲਾਫ਼ ਲੋਕ ਵੱਡੀ ਗਿਣਤੀ ਵਿਚ ਸੜਕਾਂ 'ਤੇ ਉਤਰ ਆਏ ਹਨ।
ਇਸੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇਹ ਬਿਆਨ ਵੀ ਸਾਹਮਣੇ ਆਇਆ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਦੇ ਸਾਂਝੇ ਹਮਲੇ ਵਿਚ ਈਰਾਨ ਦੇ ਵੱਡੇ ਆਗੂ ਆਇਤੁੱਲਾ ਖਾਮੇਨੇਈ, ਜੋ ਦੁਨੀਆ ਦੇ ਸਭ ਤੋਂ ਬੁਰੇ ਵਿਅਕਤੀ ਸਨ, ਮਾਰੇ ਗਏ ਹਨ। ਉਨ੍ਹਾਂ ਨੇ ਈਰਾਨ ਦੇ ਲੋਕਾਂ ਨੂੰ ਇਕ ਵਾਰ ਫਿਰ ਇਹ ਸੱਦਾ ਦਿੱਤਾ ਹੈ ਕਿ ਉਹ ਆਪਣੀ ਸਰਕਾਰ ਦੇ ਖ਼ਿਲਾਫ਼ ਬਗ਼ਾਵਤ ਕਰਦੇ ਹੋਏ ਦੇਸ਼ ਦਾ ਕੰਟਰੋਲ ਆਪਣੇ ਹੱਥ ਲੈ ਲੈਣ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਇਕ ਹਫ਼ਤੇ ਤੱਕ ਅਮਰੀਕਾ ਤੇ ਇਜ਼ਰਾਈਲ ਵਲੋਂ ਈਰਾਨ 'ਤੇ ਲਗਾਤਾਰ ਹਮਲੇ ਕੀਤੇ ਜਾਂਦੇ ਰਹਿਣਗੇ। ਦੂਜੇ ਪਾਸੇ ਈਰਾਨ ਦੇ ਹੁਕਮਰਾਨਾਂ ਨੇ ਜਿੱਥੇ ਆਪਣੇ ਸੁਪਰੀਮ ਲੀਡਰ ਦੀ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ 40 ਦਿਨ ਦੇ ਸ਼ੋਕ ਦਾ ਐਲਾਨ ਕੀਤਾ ਹੈ, ਉਥੇ ਆਪਣੀ ਇਹ ਦ੍ਰਿੜ੍ਹਤਾ ਫਿਰ ਦੁਹਰਾਈ ਹੈ ਕਿ ਉਹ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਦਾ ਡਟ ਕੇ ਸਾਹਮਣਾ ਕਰਨਗੇ। ਇਸੇ ਦੌਰਾਨ ਆਇਤੁੱਲਾ ਅਲੀਰੇਜ਼ਾ ਅਰਾਫੀ ਨੇ ਅੰਤਰਿਮ ਸੁਪਰੀਮ ਲੀਡਰ ਦੇ ਤੌਰ 'ਤੇ ਈਰਾਨ ਦੀ ਅਗਵਾਈ ਸੰਭਾਲ ਲਈ ਹੈ। ਅਮਰੀਕਾ ਤੇ ਇਜ਼ਰਾਈਲ ਵਲੋਂ ਈਰਾਨ 'ਤੇ ਕੀਤੇ ਜਾ ਰਹੇ ਲਗਾਤਾਰ ਹਮਲਿਆਂ ਕਾਰਨ ਤਹਿਰਾਨ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ 200 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ 700 ਦੇ ਲਗਭਗ ਜ਼ਖ਼ਮੀ ਵੀ ਹੋਏ ਹਨ। ਈਰਾਨ ਵਿਚ ਇਕ ਲੜਕੀਆਂ ਦੇ ਸਕੂਲ 'ਤੇ ਡਿਗੀ ਮਿਜ਼ਾਈਲ ਨਾਲ 86 ਦੇ ਲਗਭਗ ਵਿਦਿਆਰਥਣਾਂ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ। ਅਮਰੀਕਾ ਤੇ ਇਜ਼ਰਾਈਲ ਵਲੋਂ ਈਰਾਨ 'ਤੇ ਜਾਰੀ ਰੱਖੇ ਜਾ ਰਹੇ ਹਮਲਿਆਂ ਦੇ ਦੌਰਾਨ ਹੀ ਈਰਾਨ ਵਲੋਂ ਵੀ ਅਮਰੀਕਾ ਦੇ ਅਰਬ ਖਾੜੀ ਵਿਚ ਸਥਿਤ 8 ਫ਼ੌਜੀ ਟਿਕਾਣਿਆਂ 'ਤੇ ਜ਼ੋਰਦਾਰ ਹਮਲੇ ਕੀਤੇ ਗਏ ਹਨ। ਇਨ੍ਹਾਂ ਹਮਲਿਆਂ ਲਈ 130 ਮਿਜ਼ਾਈਲਾਂ ਅਤੇ 200 ਤੋਂ ਵੱਧ ਡਰੋਨਾਂ ਦੀ ਵਰਤੋਂ ਕੀਤੀ ਗਈ ਹੈ। ਕਤਰ, ਬਹਿਰੀਨ, ਕੁਵੈਤ, ਯੂ.ਏ.ਈ. ਤੇ ਸਾਊਦੀ ਅਰਬ ਵਿਚ ਈਰਾਨ ਵਲੋਂ ਇਜ਼ਰਾਈਲ 'ਤੇ ਵੀ ਵੱਡੀ ਗਿਣਤੀ ਵਿਚ ਸਥਿਤ ਅਮਰੀਕੀ ਅੱਡਿਆਂ 'ਤੇ ਹਮਲੇ ਹੋਏ ਹਨ। ਮਿਜ਼ਾਈਲਾਂ ਦਾਗੀਆਂ ਗਈਆਂ ਹਨ। ਪੈਦਾ ਹੋਈ ਇਸ ਸਥਿਤੀ ਲਈ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਵੀ ਆਪਸ ਵਿਚ ਵਿਚਾਰ ਚਰਚਾ ਕੀਤੀ ਹੈ ਅਤੇ ਈਰਾਨ 'ਤੇ ਅਮਰੀਕਾ ਅਤੇ ਇਜ਼ਰਾਈਲ ਵਲੋਂ ਕੀਤੇ ਗਏ ਹਮਲੇ ਦੀ ਸਖ਼ਤ ਆਲੋਚਨਾ ਕਰਦਿਆਂ ਇਸ ਨੂੰ ਈਰਾਨ ਦੀ ਪ੍ਰਭੂਸੱਤਾ ਦੀ ਉਲੰਘਣਾ ਕਰਾਰ ਦਿੱਤਾ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਵੀ ਈਰਾਨ ਅਤੇ ਇਜ਼ਰਾਈਲ ਦੇ ਵਿਦੇਸ਼ ਮੰਤਰੀਆਂ ਨਾਲ ਗੱਲਬਾਤ ਕੀਤੀ ਹੈ ਅਤੇ ਦੋਵਾਂ ਦੇਸ਼ਾਂ ਨੂੰ ਇਸ ਮਸਲੇ ਦਾ ਗੱਲਬਾਤ ਰਾਹੀਂ ਹੱਲ ਲੱਭਣ ਅਤੇ ਖਿੱਤੇ ਵਿਚ ਮੁੜ ਸ਼ਾਂਤੀ ਬਹਾਲ ਕਰਨ ਲਈ ਅਪੀਲ ਕੀਤੀ ਹੈ। ਭਾਰਤ ਦੇ ਵਿਦੇਸ਼ ਮੰਤਰੀ ਵਲੋਂ ਖਾੜੀ ਦੇ ਹੋਰ ਦੇਸ਼ਾਂ, ਜਿਨ੍ਹਾਂ 'ਤੇ ਈਰਾਨ ਵਲੋਂ ਮਿਜ਼ਾਈਲਾਂ ਨਾਲ ਹਮਲੇ ਕੀਤੇ ਗਏ ਹਨ, ਦੇ ਵਿਦੇਸ਼ ਮੰਤਰੀਆਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ।
ਅਮਰੀਕਾ ਅਤੇ ਇਜ਼ਰਾਈਲ ਵਲੋਂ ਈਰਾਨ 'ਤੇ ਕੀਤੇ ਗਏ ਇਸ ਤਾਜ਼ਾ ਹਮਲੇ ਦੇ ਬਾਰੇ ਵਿਚ ਨਿਰਪੱਖ ਰਾਜਨੀਤਕ ਵਿਸ਼ਲੇਸ਼ਕਾਂ ਦਾ ਮਤ ਹੈ ਕਿ ਓਮਾਨ ਦੀ ਵਿਚੋਲਗੀ ਰਾਹੀਂ ਜਨੇਵਾ ਵਿਚ ਈਰਾਨ, ਅਮਰੀਕਾ ਤੇ ਇਜ਼ਰਾਈਲ ਦੇ ਪ੍ਰਤੀਨਿਧੀਆਂ ਵਿਚਕਾਰ ਗੱਲਬਾਤ ਦੇ ਤਿੰਨ ਦੌਰ ਹੋਏ ਸਨ ਅਤੇ ਈਰਾਨ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਸੀਮਤ ਕਰਨ ਅਤੇ ਪ੍ਰਮਾਣੂ ਊਰਜਾ ਦੀ ਵਰਤੋਂ ਸਿਰਫ਼ ਨਾਗਰਿਕ ਵਿਕਾਸ ਦੇ ਮੰਤਵਾਂ ਲਈ ਕਰਨ ਵਾਸਤੇ ਸਹਿਮਤ ਹੋ ਗਿਆ ਸੀ ਅਤੇ ਇਸੇ ਕਰਕੇ ਓਮਾਨ ਨੇ ਇਹ ਆਸ ਪ੍ਰਗਟ ਕੀਤੀ ਸੀ ਕਿ ਸੰਬੰਧਿਤ ਧਿਰਾਂ ਦਰਮਿਆਨ ਗੱਲਬਾਤ ਵਿਚ ਕਾਫੀ ਪ੍ਰਗਤੀ ਹੋਈ ਹੈ ਅਤੇ ਕੋਈ ਮੁਨਾਸਿਬ ਸਮਝੌਤਾ ਹੋ ਸਕਦਾ ਹੈ। ਨਿਰਪੱਖ ਰਾਜਨੀਤਕ ਸੂਤਰਾਂ ਦਾ ਕਹਿਣਾ ਹੈ ਕਿ ਇਸ ਦੇ ਬਾਵਜੂਦ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ 'ਤੇ ਹਮਲਾ ਕਰਨ ਦਾ ਰਸਤਾ ਅਪਣਾਇਆ, ਕਿਉਂਕਿ ਉਹ ਮੱਧ ਪੂਰਬ ਦੇ ਖਾੜੀ ਦੇਸ਼ਾਂ ਵਿਚ ਈਰਾਨ ਦੇ ਪ੍ਰਭਾਵ ਨੂੰ ਬਿਲਕੁਲ ਖ਼ਤਮ ਕਰਨਾ ਚਾਹੁੰਦੇ ਹਨ ਅਤੇ ਈਰਾਨ ਦੇ ਪ੍ਰਮਾਣੂ ਹਥਿਆਰਾਂ ਅਤੇ ਖ਼ਾਸ ਕਰਕੇ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਨੂੰ ਵੀ ਪੂਰੀ ਤਰ੍ਹਾਂ ਤਬਾਹ ਕਰਨ ਲਈ ਬਜ਼ਿੱਦ ਹਨ। ਉਹ ਖਾੜੀ ਵਿਚ ਤੇਲ ਦੇ ਸਾਰੇ ਸਰੋਤਾਂ 'ਤੇ ਵੀ ਆਪਣਾ ਕਬਜ਼ਾ ਚਾਹੁੰਦੇ ਹਨ। ਰਾਜਨੀਤਕ ਹਲਕੇ ਈਰਾਨ 'ਤੇ ਕੀਤੇ ਗਏ ਤਾਜ਼ਾ ਹਮਲੇ ਨੂੰ ਅਮਰੀਕਾ ਵਲੋਂ ਪਿਛਲੇ ਸਾਲ ਜੂਨ ਵਿਚ ਉਸ ਦੇ ਕੀਤੇ ਗਏ ਹਮਲੇ ਦੀ ਕੜੀ ਵਜੋਂ ਹੀ ਦੇਖ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਹਮਲੇ ਰਾਹੀਂ ਅਮਰੀਕਾ ਦਾ ਦੁਨੀਆ ਵਿਚ ਦਬਦਬਾ ਵੀ ਮੁੜ ਕਾਇਮ ਕਰਨਾ ਚਾਹੁੰਦੇ ਹਨ। ਬ੍ਰਿਕਸ ਦੇਸ਼ਾਂ ਦੇ ਗੱਠਜੋੜ ਨੂੰ ਕਮਜ਼ੋਰ ਕਰਨਾ ਅਤੇ ਡਾਲਰ ਦੀ ਸਰਦਾਰੀ ਮੁੜ ਤੋਂ ਬਹਾਲ ਕਰਨਾ ਵੀ ਉਸ ਦਾ ਉਦੇਸ਼ ਹੈ। ਡੋਨਾਲਡ ਟਰੰਪ ਫ਼ਿਲਸਤੀਨ ਮਸਲੇ ਦੇ ਹੱਲ ਵਿਚ ਵੀ ਈਰਾਨ ਨੂੰ ਇਕ ਵੱਡੀ ਰੁਕਾਵਟ ਵਜੋਂ ਦੇਖ ਰਹੇ ਹਨ ਅਤੇ ਇਸ ਮਕਸਦ ਲਈ ਉਹ ਈਰਾਨ ਵਿਚ ਅਮਰੀਕਾ ਪੱਖੀ ਸਰਕਾਰ ਬਣਾਉਣ ਲਈ ਵੀ ਯਤਨਸ਼ੀਲ ਹਨ, ਤਾਂ ਜੋ ਈਰਾਨ ਵਲੋਂ ਪੈਦਾ ਹੋ ਰਹੀ ਚੁਣੌਤੀ ਨੂੰ ਸਥਾਈ ਤੌਰ 'ਤੇ ਖ਼ਤਮ ਕੀਤਾ ਜਾ ਸਕੇ।
ਆਪਣੇ ਇਨ੍ਹਾਂ ਉਪਰੋਕਤ ਉਦੇਸ਼ਾਂ ਦੀ ਪੂਰਤੀ ਲਈ ਹੀ ਡੋਨਾਲਡ ਟਰੰਪ ਨੇ ਇਜ਼ਰਾਈਲ ਦੇ ਸਹਿਯੋਗ ਨਾਲ ਈਰਾਨ 'ਤੇ ਮੁੜ ਤੋਂ ਹਮਲਾ ਕਰਨ ਦਾ ਰਾਹ ਚੁਣਿਆ ਹੈ। ਅਫ਼ਸੋਸ ਦੀ ਗੱਲ ਇਹ ਹੈ ਕਿ ਇਸ ਸਮੇਂ ਕੌਮਾਂਤਰੀ ਸੰਸਥਾਵਾਂ, ਖ਼ਾਸ ਕਰਕੇ ਸੰਯੁਕਤ ਰਾਸ਼ਟਰ ਸੰਘ ਇਸ ਭਿਆਨਕ ਜੰਗ ਨੂੰ ਰੋਕਣ ਵਿਚ ਆਪਣੀ ਪ੍ਰਭਾਵੀ ਭੂਮਿਕਾ ਨਿਭਾਉਣ ਦੇ ਸਮਰੱਥ ਨਹੀਂ ਹੋ ਰਿਹਾ। ਪਿਛਲੇ ਦਿਨੀਂ ਫਰਾਂਸ ਦੀ ਪਹਿਲ 'ਤੇ ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਕੌਂਸਲ ਦੀ ਮੀਟਿੰਗ ਜ਼ਰੂਰ ਹੋਈ ਸੀ, ਉਸ ਵਿਚ ਅਮਰੀਕਾ ਤੇ ਇਜ਼ਰਾਈਲ ਵਲੋਂ ਆਪਣਾ ਇਹ ਪੱਖ ਦੁਹਰਾਇਆ ਗਿਆ ਕਿ ਉਨ੍ਹਾਂ ਨੇ ਹਮਲਾ ਇਸ ਲਈ ਕੀਤਾ ਹੈ, ਕਿਉਂਕਿ ਅਮਰੀਕਾ ਅਤੇ ਇਜ਼ਰਾਈਲ ਨੂੰ ਈਰਾਨ ਤੋਂ ਹੋਂਦ ਦਾ ਗੰਭੀਰ ਖ਼ਤਰਾ ਹੈ। ਦੂਜੇ ਪਾਸੇ ਈਰਾਨ ਵਲੋਂ ਇਸ ਮੀਟਿੰਗ ਵਿਚ ਅਮਰੀਕਾ ਅਤੇ ਇਜ਼ਰਾਈਲ ਦੀ ਸਖ਼ਤ ਆਲੋਚਨਾ ਕੀਤੀ ਗਈ ਅਤੇ ਇਸ ਹਮਲੇ ਨੂੰ ਆਪਣੀ ਪ੍ਰਭੂਸੱਤਾ ਦੀ ਘੋਰ ਉਲੰਘਣਾ ਕਰਾਰ ਦਿੱਤਾ। ਵਿਸ਼ਵ ਦੀ ਅਜੋਕੀ ਸਥਿਤੀ ਅਤੇ ਖ਼ਾਸ ਕਰਕੇ ਖਾੜੀ ਦੇਸ਼ਾਂ ਵਿਚ ਵਧ ਰਹੇ ਤਣਾਅ ਨੂੰ ਮੁੱਖ ਰੱਖਦਿਆਂ ਇਸ ਗੱਲ ਦੀ ਬੇਹੱਦ ਲੋੜ ਹੈ ਕਿ ਭਾਰਤ ਸਮੇਤ ਉਹ ਸਾਰੇ ਦੇਸ਼ ਜਿਨ੍ਹਾਂ ਦਾ ਅਮਰੀਕਾ, ਇਜ਼ਰਾਈਲ ਅਤੇ ਈਰਾਨ ਨਾਲ ਰਾਬਤਾ ਬਰਕਰਾਰ ਹੈ, ਉਹ ਆਪਣੇ ਅਸਰ ਰਸੂਖ਼ ਦੀ ਵਰਤੋਂ ਕਰਦਿਆਂ ਇਸ ਜੰਗ ਨੂੰ ਰੁਕਵਾਉਣ ਲਈ ਵੱਧ ਤੋਂ ਵੱਧ ਯਤਨ ਕਰਨ, ਤਾਂ ਜੋ ਦੁਨੀਆ ਨੂੰ ਇਕ ਹੋਰ ਭਿਆਨਕ ਜੰਗ ਤੋਂ ਬਚਾਇਆ ਜਾ ਸਕੇ।

ਪਿਛਲੀ ਖ਼ਬਰ ਅਮਰੀਕੀ ਚੌਧਰ ਦੀ ਮੁੜ ਬਹਾਲੀ ਲਈ ਹੀ ਕੀਤਾ ਗਿਆ ਈਰਾਨ 'ਤੇ ਹਮਲਾ ਅਗਲੀ ਖ਼ਬਰ ਸਰਕਾਰਾਂ ਦੁਆਰਾ ਕਾਨੂੰਨ ਨੂੰ ਲਾਗੂ ਨਾ ਕਰ ਸਕਣ ਦੀ ਅਸਫਲਤਾ ਤੋਂ ਵੱਡਾ ਦੋਸ਼ ਹੋਰ ਕੁਝ ਵੀ ਨਹੀਂ ਹੈ। -ਅਲਬਰਟ ਆਈਨਸਟਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।