08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਅਮਰੀਕੀ ਚੌਧਰ ਦੀ ਮੁੜ ਬਹਾਲੀ ਲਈ ਹੀ ਕੀਤਾ ਗਿਆ ਈਰਾਨ 'ਤੇ ਹਮਲਾ

ਅਜੀਤ ਡੈਸਕ 02-03-2026

28 ਫਰਵਰੀ ਦੀ ਸਵੇਰ ਨੂੰ ਅਮਰੀਕੀ ਸਾਮਰਾਜ ਤੇ ਜ਼ਿਊਨਵਾਦੀ ਇਜ਼ਰਾਈਲ ਰਾਜ ਨੇ ਇਕ ਸਾਂਝੇ ਫੌਜੀ ਆਪ੍ਰੇਸ਼ਨ ਤਹਿਤ ਈਰਾਨ 'ਤੇ ਜੰਗੀ ਧਾਵਾ ਬੋਲ ਦਿੱਤਾ। ਇਸ ਘਾਤਕ ਤੇ ਅਚਨਚੇਤ ਜੰਗੀ ਹਮਲੇ 'ਚ ਈਰਾਨ ਦੇ ਕਈ ਸ਼ਹਿਰਾਂ, ਮੰਤਰਾਲਿਆਂ, ਫੌਜੀ ਬੁਨਿਆਦੀ ਢਾਂਚਿਆਂ ਅਤੇ ਪ੍ਰਮਾਣੂ-ਸੰਬੰਧਿਤ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ। ਗਾਜ਼ਾ ਦੀ ਤਰਜ਼ 'ਤੇ ਇਜ਼ਰਾਈਲ ਵਲੋਂ ਈਰਾਨ ਦੇ ਦੋ ਸਕੂਲਾਂ 'ਤੇ ਕੀਤੇ ਹਮਲੇ 'ਚ ਸੌ ਤੋਂ ਵੱਧ ਨਿਰਦੋਸ਼ ਵਿਦਿਆਰਥੀ ਮਾਰੇ ਗਏ। ਅਮਰੀਕਾ-ਇਜ਼ਰਾਈਲ ਵਲੋਂ ਤਹਿਰਾਨ, ਇਸਫਾਹਾਨ, ਨਤਾਨਜ਼ ਤੇ ਹੋਰ ਈਰਾਨੀ ਖੇਤਰਾਂ 'ਤੇ ਹਵਾਈ ਅਤੇ ਮਿਜ਼ਾਈਲ ਹਮਲਿਆਂ ਦੇ ਨਾਲ-ਨਾਲ ਈਰਾਨ ਦੀ ਚੋਟੀ ਦੀ ਲੀਡਰਸ਼ਿਪ ਨੂੰ ਨਿਸ਼ਾਨਾ ਬਣਾ ਕੇ ਹੱਤਿਆ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਹਨ। ਇਨ੍ਹਾਂ ਘਾਤਕ ਹਮਲਿਆਂ 'ਚ ਈਰਾਨ ਦੇ ਸੁਪਰੀਮ ਲੀਡਰ ਆਇਤੁੱਲਾ ਅਲੀ ਖਾਮੇਨੇਈ ਦੀ ਹੱਤਿਆ ਕਰ ਦਿੱਤੀ ਗਈ, ਜਿਸ ਨਾਲ ਪੂਰੇ ਦੇਸ਼ 'ਚ ਸੋਗ ਤੇ ਗੁੱਸੇ ਦੀ ਲਹਿਰ ਹੈ। ਉੱਧਰ ਈਰਾਨ ਨੇ ਜਵਾਬੀ ਕਾਰਵਾਈ 'ਚ ਇਜ਼ਰਾਈਲ ਦੇ ਤਲ ਅਵੀਵ, ਯੇਰੂਸ਼ਲਮ ਅਤੇ ਹਾਈਫਾ ਸਮੇਤ ਮੱਧ ਪੂਰਬ 'ਚ ਸਥਿਤ ਅਮਰੀਕਾ ਦੇ ਅੱਠ ਫੌਜੀ ਟਿਕਾਣਿਆਂ (ਕਤਰ ਦੇ ਅਲ-ਉਦੀਦ, ਕੁਵੈਤ ਦੇ ਅਲ-ਸਲੇਮ, ਯੂ.ਏ.ਈ. ਦੇ ਅਲ-ਧਫਰਾ, ਰਿਆਧ, ਸਾਊਦੀ ਅਰਬ ਅਤੇ ਬਹਿਰੀਨ) 'ਤੇ ਹਮਲੇ ਕੀਤੇ ਹਨ। ਇਨ੍ਹਾਂ ਹਮਲਿਆਂ ਨਾਲ ਇਕ ਵਿਸ਼ਾਲ ਖੇਤਰੀ ਯੁੱਧ ਛਿੜਣ ਦਾ ਡਰ ਖੜ੍ਹਾ ਹੋ ਗਿਆ ਹੈ, ਜਿਸ ਦਾ ਸਭ ਤੋਂ ਵੱਡਾ ਹਰਜਾਨਾ ਮੱਧ ਪੂਰਬ ਏਸ਼ੀਆ ਨੂੰ ਭੁਗਤਣਾ ਪਵੇਗਾ।
ਟਰੰਪ-ਨੇਤਨਯਾਹੂ ਦੀ ਜੰਗਬਾਜ਼ ਜੋੜੀ ਵਲੋਂ ਈਰਾਨ ਦੁਆਰਾ ਪ੍ਰਮਾਣੂ ਹਥਿਆਰ ਪ੍ਰੋਗਰਾਮ ਚਲਾਉਣ ਦੇ ਝੂਠੇ ਬਹਾਨੇ ਤੇ ਇਜ਼ਰਾਈਲੀ ਸੁਰੱਖਿਆ ਲਈ ਖ਼ਤਰਾ ਗਰਦਾਨ ਕੇ ਵਿੱਢਿਆ ਹਮਲਾ ਅਸਲ 'ਚ ਮੱਧ ਪੂਰਬ ਵਿਚ 'ਗ੍ਰੇਟਰ ਇਜ਼ਰਾਈਲ' ਦੇ ਰਾਹ ਦਾ ਰੋੜਾ ਬਣੇ ਈਰਾਨ ਨੂੰ ਲਾਂਭੇ ਕਰਨ, ਰੂਸ-ਚੀਨ ਤੇ ਬ੍ਰਿਕਸ ਦੇ ਪ੍ਰਭਾਵ ਨੂੰ ਕਮਜ਼ੋਰ ਕਰਨ, ਈਰਾਨ ਦੇ ਤੇਲ ਤੇ ਊਰਜਾ ਸ੍ਰੋਤਾਂ ਉੱਤੇ ਕਬਜ਼ਾ ਕਰਨ, ਅਰਬ ਸਾਗਰ 'ਚ ਅਮਰੀਕੀ ਚੌਧਰ ਦੀ ਧਾਕ ਜਮਾਉਣ, ਅਰਬ ਸਾਗਰ ਦੇ ਕੌਮਾਂਤਰੀ ਵਪਾਰਕ ਲਾਂਘਿਆਂ ਨੂੰ ਸੇਂਧ ਲਾ ਕੇ ਕੰਟਰੋਲ ਕਰਨ ਅਤੇ ਡਾਲਰ ਦੀ ਸਰਦਾਰੀ ਨੂੰ ਬਰਕਰਾਰ ਰੱਖਣਾ ਹੈ। ਦੂਸਰਾ, ਇਜ਼ਰਾਈਲ ਵਲੋਂ ਗਾਜ਼ਾ 'ਚ ਫ਼ਿਲਸਤੀਨੀਆਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਵਿਰੁੱਧ ਈਰਾਨ ਫ਼ਿਲਸਤੀਨ ਦੇ ਹੱਕ 'ਚ ਤੇ ਇਜ਼ਰਾਈਲ ਖ਼ਿਲਾਫ਼ ਡਟ ਕੇ ਖੜ੍ਹਾ ਹੋਣ ਕਰਕੇ ਇਜ਼ਰਾਈਲ ਦੀ ਅੱਖ ਦਾ ਰੋੜ ਬਣਿਆ ਹੋਇਆ ਸੀ।
ਬੀਤੇ ਵਰ੍ਹੇ ਜੂਨ ਮਹੀਨੇ 'ਚ ਇਜ਼ਰਾਈਲ ਈਰਾਨ ਦੀਆਂ ਬੈਲਿਸਟਿਕ ਮਿਜ਼ਾਈਲਾਂ ਦਾ ਜ਼ਬਰਦਸਤ ਪ੍ਰਦਰਸ਼ਨ ਦੇਖ ਕੇ ਉਸ ਦੀ ਸੰਘੀ ਦੱਬਣ ਦੀ ਤਾਕ 'ਚ ਸੀ। ਉਸ ਸਮੇਂ ਇਜ਼ਰਾਈਲ ਦੀ ਹਵਾਈ ਰੱਖਿਆ ਪ੍ਰਣਾਲੀ (ਆਈਰਨ ਡੋਮ) ਈਰਾਨੀ ਬੈਲਿਸਟਿਕ ਮਿਜ਼ਾਈਲਾਂ ਦੀ ਤਾਬ ਨਹੀਂ ਸੀ ਝੱਲ ਸਕੀ ਤੇ ਅਮਰੀਕਾ ਨੂੰ ਮੂਹਰੇ ਲਾ ਕੇ ਨੇਤਨਯਾਹੂ ਨੂੰ ਪਿੱਛੇ ਹਟਣਾ ਪਿਆ ਸੀ। ਮੌਜੂਦਾ ਜੰਗ ਦੌਰਾਨ ਨੇਤਨਯਾਹੂ ਨੇ ਅਮਰੀਕਾ ਦਾ ਦੌਰਾ ਕਰ ਕੇ ਟਰੰਪ ਨੂੰ ਮੂਹਰੇ ਲਾ ਕੇ ਈਰਾਨ ਖ਼ਿਲਾਫ਼ ਮੁੜ ਜੰਗ ਦਾ ਬਿਗਲ ਵਜਾ ਦਿੱਤਾ ਹੈ। ਇਸ ਵਾਰ ਨੇਤਨਯਾਹੂ ਨੇ ਟਰੰਪ ਰਾਹੀਂ ਈਰਾਨ ਦੀ ਅਰਬ ਸਾਗਰ 'ਚ ਸਮੁੰਦਰੀ ਘੇਰਾਬੰਦੀ ਕਰ ਕੇ ਪ੍ਰਮਾਣੂ ਸਮਝੌਤੇ ਲਈ ਦਬਾਅ ਵਧਾਇਆ।
ਇਸ ਦੌਰਾਨ ਓਮਾਨ ਦੀ ਵਿਚੋਲਗੀ ਨਾਲ ਈਰਾਨ ਤੇ ਅਮਰੀਕਾ-ਇਜ਼ਰਾਈਲ ਵਿਚਕਾਰ ਤਿੰਨਾਂ ਗੇੜਾਂ ਦੀ ਵਾਰਤਾ ਵੱਡੀ ਸਫਲਤਾ ਦੀ ਕਗਾਰ 'ਤੇ ਸੀ। ਪਰ ਟਰੰਪ-ਨੇਤਨਯਾਹੂ ਅਸਲ ਅਰਥਾਂ 'ਚ ਗੱਲਬਾਤ ਦਾ ਢੌਂਗ ਰਚਾ ਕੇ ਈਰਾਨ 'ਤੇ ਹਮਲੇ ਦੇ ਬਹਾਨੇ ਲੱਭ ਰਹੇ ਸਨ ਅਤੇ ਉਨ੍ਹਾਂ ਨੇ ਗੱਲਬਾਤ ਦਾ ਅੰਤਿਮ ਦੌਰ ਖ਼ਤਮ ਹੋਣ ਤੋਂ ਪਹਿਲਾਂ ਹੀ ਈਰਾਨ ਉੱਤੇ ਹਮਲਾ ਕਰ ਦਿੱਤਾ। ਇਹ ਹਮਲਾ ਈਰਾਨ ਦੀ ਪ੍ਰਭੂਸੱਤਾ 'ਤੇ ਵਿਸ਼ਵਾਸਘਾਤੀ ਤੇ ਅਨਿਆਈ ਹਮਲਾ ਹੈ। ਇਹ ਹਮਲਾ ਸੰਯੁਕਤ ਰਾਸ਼ਟਰ ਦੇ ਚਾਰਟਰ ਨੰਬਰ-2 ਦੀ ਸਿੱਧੀ ਉਲੰਘਣਾ ਹੈ, ਜੋ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਦੀ ਪ੍ਰਭੂਸੱਤਾ ਦੀ ਰੱਖਿਆ ਕਰਦਾ ਹੈ, ਜਿਸ 'ਚ ਈਰਾਨ ਵੀ ਸ਼ਾਮਿਲ ਹੈ।
ਇਸ ਤੋਂ ਇਲਾਵਾ ਚਾਲੂ ਵਰ੍ਹੇ ਦੇ ਅਕਤੂਬਰ ਮਹੀਨੇ 'ਚ ਇਜ਼ਰਾਈਲ ਵਿਚ ਸੰਸਦੀ ਚੋਣਾਂ (ਨੇਸੇਟ) ਹਨ ਤੇ ਨੇਤਨਯਾਹੂ ਉੱਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਆਇਦ ਹਨ। ਇਜ਼ਰਾਈਲ 'ਚ ਉਸ ਖ਼ਿਲਾਫ਼ ਭਾਰੀ ਰੋਸ ਹੈ ਪਰ ਨੇਤਨਯਾਹੂ ਗਾਜ਼ਾ ਤੋਂ ਬਾਅਦ ਈਰਾਨ ਨਾਲ ਜੰਗ ਛੇੜ ਕੇ ਦੇਸ਼ 'ਚ ਐਮਰਜੈਂਸੀ ਐਲਾਨ ਕੇ ਸੱਤਾ 'ਚ ਬਣੇ ਰਹਿਣਾ ਚਾਹੁੰਦਾ ਹੈ। ਇਹੀ ਦਸ਼ਾ ਅਮਰੀਕਾ ਅੰਦਰ ਡੋਨਾਲਡ ਟਰੰਪ ਦੀ ਬਣੀ ਹੋਈ ਹੈ ਕਿਉਂਕਿ ਉਹ ਆਪਣੀਆਂ ਅਰਾਜਕਤਾ ਵਾਲੀਆਂ ਟੈਰਿਫ ਨੀਤੀਆਂ, ਕਰਜ਼ ਸੰਕਟ, ਘਰੇਲੂ ਯੁੱਧ, ਵਿਆਪਕ ਵਿਰੋਧ, ਐਪਸਟੀਨ ਫਾਈਲਾਂ ਤੋਂ ਧਿਆਨ ਭਟਕਾਅ ਕੇ ਅਤੇ ਅਮਰੀਕੀ ਡਾਲਰ ਦੀ ਖੁੱਸ ਰਹੀ ਸਾਖ਼ ਨੂੰ ਬਚਾਉਣ ਲਈ ਵੈਨੇਜ਼ੁਏਲਾ ਤੋਂ ਬਾਅਦ ਮੱਧ ਪੂਰਬ 'ਚ 'ਤੇਲ ਸਿਆਸਤ' ਕਰਕੇ ਜੰਗ ਛੇੜ ਰਿਹਾ ਹੈ। ਵੈਨੇਜ਼ੁਏਲਾ ਤੋਂ ਬਾਅਦ ਟਰੰਪ ਈਰਾਨ 'ਚ ਸੱਤਾ ਬਦਲੀ (ਅਮਰੀਕਾ ਪੱਖੀ ਸਰਕਾਰ) ਕਰ ਕੇ ਇੱਥੋਂ ਦੇ ਤੇਲ ਤੇ ਹੋਰ ਸ੍ਰੋਤਾਂ 'ਤੇ ਕੰਟਰੋਲ ਕਰ ਕੇ ਅਮਰੀਕੀ ਆਰਥਿਕਤਾ ਨੂੰ ਹੁਲਾਰਾ ਦੇਣਾ ਤੇ ਇਜ਼ਰਾਇਲ ਦੇ ਪ੍ਰਭਾਵ ਨੂੰ ਬੇਰੋਕ ਅੱਗੇ ਵਧਾਉਣਾ ਚਾਹੁੰਦਾ ਹੈ।
ਈਰਾਨ ਸੰਕਟ ਤੇ ਇਸ ਦੀ ਅਮਰੀਕਾ ਨਾਲ ਦੁਸ਼ਮਣੀ ਦਹਾਕਿਆਂ ਪੁਰਾਣੀ ਹੈ। ਅਮਰੀਕਾ ਤੇ ਹੋਰ ਬਸਤੀਵਾਦੀ ਤਾਕਤਾਂ ਨੇ ਦਹਾਕਿਆਂ ਤੋਂ ਮਨਮਾਨੇ ਢੰਗ ਨਾਲ ਮੱਧ ਪੂਰਬ 'ਚ ਸਰਹੱਦੀ ਵੰਡੀਆਂ ਪਾ ਕੇ ਧਾਰਮਿਕ ਕੱਟੜਪੰਥੀ ਨੂੰ ਪਾਲਿਆ-ਪੋਸਿਆ। ਅਮਰੀਕਾ ਨੇ ਇਸ ਖਿੱਤੇ 'ਚ ਤੇਲ-ਆਧਾਰਤ ਅਰਥਵਿਵਸਥਾਵਾਂ ਦੀ ਨੀਂਹ ਰੱਖ ਕੇ ਉਨ੍ਹਾਂ ਨੂੰ ਵਿਸ਼ਵ ਪੂੰਜੀਵਾਦ ਦੀਆਂ ਸੇਵਾਦਾਰ ਬਣਾਇਆ ਹੈ। ਇਨ੍ਹਾਂ ਬਸਤੀਵਾਦੀ-ਸਾਮਰਾਜੀ ਦਖ਼ਲਅੰਦਾਜ਼ੀਆਂ ਨੇ ਈਰਾਨ ਸਮੇਤ ਬਾਕੀ ਦੇ ਖਾੜੀ ਮੁਲਕਾਂ ਦੀ ਘਰੇਲੂ ਆਰਥਿਕ-ਸਮਾਜਿਕ ਵਿਵਸਥਾ ਨੂੰ ਤਬਾਹ ਕਰ ਦਿੱਤਾ ਤੇ ਈਰਾਨੀ ਤੇਲ ਤੇ ਊਰਜਾ ਸ੍ਰੋਤਾਂ ਦੇ ਨਿਰਯਾਤ ਨਾਲ ਈਰਾਨ ਅੰਦਰ ਗ਼ੈਰ-ਬਰਾਬਰਤਾ ਨੂੰ ਜਨਮ ਦਿੱਤਾ। ਇਸ ਖਿੱਤੇ 'ਚ ਅਮਰੀਕੀ ਰਣਨੀਤੀ ਹਮੇਸ਼ਾਂ ਤੇਲ ਸਪਲਾਈ ਨੂੰ ਕੰਟਰੋਲ ਕਰਨ, ਸੋਵੀਅਤ ਪ੍ਰਭਾਵ ਨੂੰ ਰੋਕਣ ਤੇ ਪੱਛਮੀ ਪੂੰਜੀਪਤੀਆਂ ਲਈ ਖੁੱਲ੍ਹੀ ਮੰਡੀ ਦੀ ਨੀਤੀ ਨੂੰ ਬਰਕਰਾਰ ਰੱਖਣ 'ਚ ਸਰਗਰਮ ਰਹੀ ਹੈ। ਈਰਾਨੀ ਸ਼ਾਹਾਂ ਸਮੇਤ ਖਾੜੀ ਮੁਲਕਾਂ ਦੀਆਂ ਰਾਜਸ਼ਾਹੀਆਂ ਫੌਜੀ ਸੁਰੱਖਿਆ, ਆਰਥਿਕ ਸਹਾਇਤਾ ਤੇ ਨਿਗੁਣੀ ਸਿਆਸੀ ਮਦਦ ਬਦਲੇ ਅਮਰੀਕੀ ਨੀਤੀਆਂ ਦੀ ਤਾਬਿਆਦਾਰ ਰਹੀਆਂ ਹਨ। 1979 ਦੀ ਈਰਾਨ ਕ੍ਰਾਂਤੀ ਵੇਲੇ ਅਮਰੀਕਾ ਪੱਖੀ ਸ਼ਾਹ ਨੂੰ ਗੱਦੀਓਂ ਲਾਹ ਕੇ ਆਇਤੁੱਲਾ ਅਲੀ ਖਾਮਨੇਈ ਸੱਤਾ 'ਤੇ ਬਿਰਾਜਮਾਨ ਹੋਇਆ। ਇਹ ਕ੍ਰਾਂਤੀ ਕੋਈ ਸਮਾਜਵਾਦੀ ਜਾਂ ਲੋਕਪੱਖੀ ਤਬਦੀਲੀ ਨਹੀਂ ਸੀ, ਸਗੋਂ ਇਕ ਰਾਸ਼ਟਰਵਾਦੀ ਤੇ ਧਾਰਮਿਕ ਕੱਟੜਪੰਥੀ ਲਹਿਰ ਸੀ, ਜਿਸ ਨੇ ਰਾਜਸ਼ਾਹੀ ਤੇ ਸਾਮਰਾਜੀ ਦਖ਼ਲਅੰਦਾਜ਼ੀ ਵਿਰੁੱਧ ਵਿਆਪਕ ਗੁੱਸੇ ਨੂੰ ਇਕ ਧਰਮਸ਼ਾਹੀ ਰਾਜ ਵਿਚ ਬਦਲ ਦਿੱਤਾ। ਨਵੇਂ ਸ਼ਾਸਕ ਨੇ ਪੱਛਮੀ ਪੂੰਜੀ ਪ੍ਰਤੀ ਸ਼ਾਹ ਦੀ ਵਫ਼ਾਦਾਰੀ ਨੂੰ ਰੱਦ ਕਰ ਕੇ ਘਰੇਲੂ ਨੀਤੀ ਅਤੇ ਆਪਣੇ ਖੇਤਰੀ ਪ੍ਰਭਾਵ 'ਤੇ ਵਧੇਰੇ ਪ੍ਰਭੂਸੱਤਾ ਦੀ ਨੀਤੀ ਅਪਣਾਈ।
ਈਰਾਨੀ ਕ੍ਰਾਂਤੀ ਸਾਮਰਾਜੀ ਦਬਦਬੇ ਖ਼ਿਲਾਫ਼ ਵੱਡੀ ਜਿੱਤ ਜ਼ਰੂਰ ਸੀ ਪਰ ਇਸ ਨੇ ਲੋਕਪੱਖੀ ਵਿਵਸਥਾ ਕਾਇਮ ਕਰਨ 'ਚ ਕੋਈ ਭੂਮਿਕਾ ਨਹੀਂ ਸੀ ਨਿਭਾਈ, ਜਿਸ ਕਾਰਨ ਈਰਾਨ ਅੱਜ ਵੱਡੇ ਆਰਥਿਕ-ਸਮਾਜਿਕ ਸੰਕਟ 'ਚ ਫਸ ਚੁੱਕਾ ਹੈ। ਅਮਰੀਕਾ ਨੇ ਦੂਜੇ ਵਿਸ਼ਵ ਯੁੱਧ ਬਾਅਦ ਆਪਣੇ ਹਿੱਤਾਂ ਲਈ ਇਸ ਪੂਰੇ ਖੇਤਰ 'ਚ ਸਾਮਰਾਜੀ ਪੱਖੀ ਗੱਠਜੋੜਾਂ ਅਤੇ ਫੌਜੀ ਟਿਕਾਣਿਆਂ ਦਾ ਇਕ ਨੈੱਟਵਰਕ ਕਾਇਮ ਕੀਤਾ।
ਈਰਾਨ ਪ੍ਰਤੀ ਅਮਰੀਕਾ ਦੀ ਨੀਤੀ ਆਰਥਿਕ ਰੋਕਾਂ, ਕੂਟਨੀਤਕ ਦਬਾਅ ਤੇ ਫੌਜੀ ਦਾਬੇ ਵਾਲੀ ਰਹੀ ਹੈ। ਇਰਾਕ, ਸੀਰੀਆ, ਲੀਬੀਆ, ਯਮਨ ਤੇ ਲਿਬਨਾਨ ਸਮੇਤ ਪੂਰਾ ਅਰਬ ਸੰਸਾਰ ਪ੍ਰੌਕਸੀ ਜੰਗਾਂ-ਟਕਰਾਵਾਂ ਰਾਹੀਂ ਮੁਕਾਬਲੇਬਾਜ਼ ਪੂੰਜੀਵਾਦੀ ਤੇ ਸਾਮਰਾਜਵਾਦੀ ਹਿੱਤਾਂ ਦੀ ਭੇਟ ਚੜ੍ਹਦਾ ਆ ਰਿਹਾ ਹੈ। ਸ਼ੀਤ ਯੁੱਧ ਤੋਂ ਬਾਅਦ ਅਮਰੀਕਾ-ਇਜ਼ਰਾਈਲ ਮੱਧ ਪੂਰਬ 'ਚ ਮੁੱਖ ਬਾਹਰੀ ਸ਼ਕਤੀ ਵਜੋਂ ਉੱਭਰੇ ਹਨ।
ਇਸ ਵਕਤ ਈਰਾਨ ਅਮਰੀਕਾ-ਇਜ਼ਰਾਈਲ ਨਾਲ ਸਿੱਧੀ ਜੰਗੀ ਟੱਕਰ 'ਚ ਇਕ ਕਮਜ਼ੋਰ ਤਾਕਤ ਜ਼ਰੂਰ ਹੈ ਪਰ ਉਹ ਇਸ ਜੰਗ 'ਚ ਅਮਰੀਕਾ-ਇਜ਼ਰਾਈਲ ਗੁੱਟ ਸਮੇਤ ਅਮਰੀਕੀ ਭਾਈਵਾਲ ਖਾੜ੍ਹੀ ਮੁਲਕਾਂ ਲਈ ਵੱਡੀ ਚੁਣੌਤੀ ਖੜੀ ਕਰ ਰਿਹਾ ਹੈ।
ਈਰਾਨ ਅਰਬ ਮੁਲਕਾਂ ਵਿਚ ਸਥਿਤ ਅਮਰੀਕੀ ਫੌਜੀ ਟਿਕਾਣਿਆਂ 'ਤੇ ਹਮਲਾ ਕਰਕੇ ਅਤੇ ਹਾਰਮੂਜ਼ ਜਲਡਮਰੂ ਨੂੰ ਬੰਦ ਕਰ ਕੇ ਕੌਮਾਂਤਰੀ ਵਪਾਰਕ ਗਤੀਵਿਧੀਆਂ ਨੂੰ ਬੁਰੇ ਰੁਖ਼ ਪ੍ਰਭਾਵਿਤ ਕਰ ਕੇ ਕਰਜ਼ ਸੰਕਟ 'ਚ ਘਿਰੇ ਅਮਰੀਕਾ ਨੂੰ ਚੁਣੌਤੀ ਪੇਸ਼ ਕਰ ਸਕਦਾ ਹੈ। ਮੱਧ ਪੂਰਬ, ਯੂਰਪ ਤੇ ਏਸ਼ੀਆ ਨੂੰ ਇਸ ਦਾ ਅਸਰ ਖੇਤਰੀ ਅਸ਼ਾਂਤੀ, ਤੇਲ ਕੀਮਤਾਂ 'ਚ ਵਾਧੇ ਤੇ ਮਹਿੰਗਾਈ ਦੇ ਰੂਪ 'ਚ ਹੰਢਾਉਣਾ ਪਵੇਗਾ। ਈਰਾਨ ਦੇ ਸਰਵਉੱਚ ਨੇਤਾ ਖਾਮਨੇਈ ਦੀ ਮੌਤ ਤੋਂ ਬਾਅਦ 'ਇਸਲਾਮੀ ਰੈਵੋਲਿਊਸ਼ਨਰੀ ਗਾਰਡ ਕੋਰ' ਤੋਂ ਸਿਖਲਾਈਯਾਫ਼ਤਾ ਪ੍ਰੌਕਸੀ ਗਰੁੱਪਾਂ ਜਿਵੇਂ ਕਿ ਲਿਬਨਾਨ 'ਚ ਹਿਜਬੁੱਲਾ, ਯਮਨ ਦੇ ਹੂਤੀ, ਇਰਾਕ, ਸੀਰੀਆ 'ਚ ਈਰਾਨ ਗੱਠਜੋੜ ਵਾਲੇ ਸ਼ੀਆ ਮਿਲੀਸ਼ੀਆ ਵੀ ਅਮਰੀਕੀ ਫੌਜੀ ਟਿਕਾਣਿਆਂ, ਸਮੁੰਦਰੀ ਵਪਾਰਕ ਲਾਂਘਿਆਂ ਅਤੇ ਸਹਿਯੋਗੀਆਂ ਨੂੰ ਨਿਸ਼ਾਨਾ ਬਣਾਉਣ ਦੇ ਰੌਂਅ 'ਚ ਹਨ। ਚੀਨ ਤੇ ਰੂਸ ਵੀ ਹਥਿਆਰ, ਹਵਾਈ ਰੱਖਿਆ ਪ੍ਰਣਾਲੀ ਅਤੇ ਸਮੁੰਦਰੀ ਮਿਜ਼ਾਈਲ ਤਕਨਾਲੋਜੀ ਰਾਹੀਂ ਈਰਾਨ ਦੀ ਸਿੱਧੀ-ਅਸਿੱਧੀ ਮਦਦ ਕਰ ਕੇ ਅਮਰੀਕੀ ਸਾਮਰਾਜ ਦੇ ਰਾਹ 'ਚ ਔਕੜਾਂ ਪੈਦਾ ਕਰ ਰਹੇ ਹਨ। ਖਾਮਨੇਈ ਦੀ ਮੌਤ ਤੋਂ ਬਾਅਦ ਈਰਾਨ ਹਮਲੇ ਨੂੰ ਹੋਰ ਵੱਧ ਤਿੱਖਾ ਕਰ ਕੇ ਜੰਗ ਨੂੰ ਲੰਬੀ ਖਿੱਚ ਸਕਦਾ ਹੈ, ਜਦਕਿ ਦੂਜੇ ਪਾਸੇ ਟਰੰਪ ਇਸ ਨੂੰ ਇਕੋ ਝਟਕੇ ਵੱਡੇ ਹਮਲੇ ਰਾਹੀਂ ਛੇਤੀ ਖ਼ਤਮ ਕਰਨ ਦੀ ਹਸਰਤ ਰੱਖ ਰਿਹਾ ਹੈ।
ਭਾਵੇਂ ਕਿ ਈਰਾਨ ਦੇ ਹਾਕਮ ਪਿਛਾਖੜੀ ਹਨ ਪਰ ਸੰਸਾਰ ਭਰ ਦੇ ਲੋਕਾਂ ਨੂੰ ਅਮਰੀਕੀ-ਇਜ਼ਰਾਈਲੀ ਸਾਮਰਾਜੀ ਹਮਲੇ ਦਾ ਵਿਰੋਧ ਕਰਨਾ ਚਾਹੀਦਾ ਹੈ ਤੇ ਈਰਾਨੀ ਲੋਕਾਂ ਨੂੰ ਆਪਣੀ ਖ਼ੁਦਮੁਖਤਿਆਰੀ ਵਾਲਾ ਰਾਜ-ਸਮਾਜ ਸਿਰਜਣ ਦਾ ਹੱਕ ਹੋਣਾ ਚਾਹੀਦਾ ਹੈ ਅਤੇ ਸਮਝ ਲੈਣਾ ਚਾਹੀਦਾ ਹੈ ਕਿ ਅਮਰੀਕਾ-ਇਜ਼ਰਾਇਲ ਸ਼ਾਂਤੀ ਤੇ ਸੁਰੱਖਿਆ ਲਈ ਨਹੀਂ ਲੜ ਰਹੇ।

ਮੋਬਾਈਲ : +1 438-924-2052

ਪਿਛਲੀ ਖ਼ਬਰ ਡਿਜੀਟਲ ਗ੍ਰਿਫ਼ਤਾਰੀ ਅਤੇ ਬਚਾਅ ਅਗਲੀ ਖ਼ਬਰ ਅਮਨ ਲਈ ਪਹਿਲ ਦੀ ਲੋੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।