ਚੋਣ ਕਮਿਸ਼ਨ ਵਲੋਂ 5 ਰਾਜਾਂ ਵਿਚ ਐਲਾਨੀਆਂ ਚੋਣਾਂ ਦਾ ਪਹਿਲਾ ਪੜਾਅ 23 ਅਪ੍ਰੈਲ ਨੂੰ ਸ਼ੁਰੂ ਹੋਇਆ ਸੀ। ਦੂਸਰੇ ਪੜਾਅ ਵਿਚ ਪੱਛਮੀ ਬੰਗਾਲ ਵਿਚ ਬਾਕੀ ਰਹਿੰਦੀਆਂ 142 ਸੀਟਾਂ 'ਤੇ ਚੋਣ ਹੋਈ ਸੀ। ਚੋਣ ਕਮਿਸ਼ਨ ਵਲੋਂ ਹਰ ਪੱਖੋਂ ਕੀਤੇ ਗਏ ਸਖ਼ਤ ਪ੍ਰਬੰਧਾਂ ਕਰਕੇ ਪੱਛਮੀ ਬੰਗਾਲ ਵਿਚ ਇਸ ਵਾਰ ਬਹੁਤੀਆਂ ਹਿੰਸਾ ਦੀਆਂ ਘਟਨਾਵਾਂ ਨਹੀਂ ਵਾਪਰੀਆਂ। ਪਹਿਲਾਂ ਪੱਛਮੀ ਬੰਗਾਲ ਦੇ ਇਤਿਹਾਸ ਵਿਚ ਚੋਣਾਂ ਦੌਰਾਨ ਅਕਸਰ ਵੱਡੀ ਪੱਧਰ 'ਤੇ ਹਿੰਸਾ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਸਨ। ਆਪਸੀ ਝੜਪਾਂ, ਪੱਥਰਬਾਜ਼ੀ, ਗੋਲੀਆਂ ਅਤੇ ਬੰਬ ਤੱਕ ਚੱਲਣ ਨਾਲ ਬਹੁਤ ਸਾਰੇ ਲੋਕ ਮਾਰੇ ਜਾਂਦੇ ਰਹੇ ਸਨ। ਇਸ ਸੂਬੇ ਵਿਚ 2 ਪੜਾਵਾਂ ਵਿਚ ਹੋਈਆਂ ਚੋਣਾਂ ਵਿਚ ਅਹਿਮ ਗੱਲ ਉੱਭਰ ਕੇ ਇਹ ਆਈ ਕਿ ਇਸ ਵਾਰ ਵੋਟ ਫ਼ੀਸਦੀ 92.47 ਦਰਜ ਕੀਤੀ ਗਈ ਹੈ। ਇਹ ਗੱਲ ਹੈਰਾਨ ਕਰਨ ਵਾਲੀ ਹੈ। ਇੱਥੇ ਪਿਛਲੇ 70 ਸਾਲਾਂ ਵਿਚ ਚੋਣਾਂ ਦੌਰਾਨ ਇਸ ਕਦਰ ਵੱਡੀ ਗਿਣਤੀ ਵਿਚ ਲੋਕ ਵੋਟ ਪਾਉਣ ਨਹੀਂ ਆਏ।
ਇਸ ਵਾਰ ਦੀਆਂ ਚੋਣਾਂ ਵਿਚ ਅਸੀਂ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਨੂੰ ਇਸ ਪੱਖੋਂ ਬੇਹੱਦ ਨਿਰਾਸ਼ਾਜਨਕ ਸਮਝਦੇ ਹਾਂ ਕਿ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ ਦੀ ਪ੍ਰਕਿਰਿਆ ਦੌਰਾਨ ਬੰਗਾਲ ਵਿਚ ਲੱਖਾਂ ਹੀ ਵੋਟਰਾਂ ਨੂੰ ਵੋਟ ਦੇਣ ਤੋਂ ਵਾਂਝੇ ਰਹਿਣਾ ਪਿਆ। ਸੁਧਾਈ ਦੀ ਇਹ ਪ੍ਰਕਿਰਿਆ ਜ਼ਰੂਰ ਹੋਣੀ ਚਾਹੀਦੀ ਸੀ ਪਰ ਜੇਕਰ ਚੋਣ ਕਮਿਸ਼ਨ ਵਲੋਂ ਇਸ ਪ੍ਰਕਿਰਿਆ ਨੂੰ ਪੂਰੀ ਨਾ ਕਰ ਸਕਣ ਕਾਰਨ ਲੱਖਾਂ ਹੀ ਲੋਕ ਆਪਣੇ ਮੁਢਲੇ ਅਧਿਕਾਰ ਤੋਂ ਵਾਂਝੇ ਰਹਿ ਗਏ ਹਨ ਤਾਂ ਇਸ ਕਾਰਨ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ 'ਤੇ ਹਰਫ਼ ਆਉਣਾ ਕੁਦਰਤੀ ਹੈ। ਇਸ ਸਮੇਂ ਦੌਰਾਨ ਵਾਰ-ਵਾਰ ਸਰਬਉੱਚ ਅਦਾਲਤ ਨੇ ਵੀ ਇਸ ਸੰਬੰਧੀ ਟਿੱਪਣੀਆਂ ਕੀਤੀਆਂ ਸਨ। ਉਸ ਦੀਆਂ ਹਿਦਾਇਤਾਂ 'ਤੇ ਨਿਆਇਕ ਅਧਿਕਾਰੀ ਵੀ ਇਸ ਕੰਮ 'ਤੇ ਲਾਏ ਗਏ, ਪਰ ਇਸ ਦੇ ਬਾਵਜੂਦ ਇਹ ਕੰਮ ਅੱਧਾ-ਅਧੂਰਾ ਰਿਹਾ, ਜਿਸ ਕਾਰਨ ਵਿਰੋਧੀ ਪਾਰਟੀਆਂ ਨੇ ਸੰਸਦ ਵਿਚ ਵੀ ਅਤੇ ਚੋਣਾਂ ਸਮੇਂ ਵੀ ਚੋਣ ਕਮਿਸ਼ਨ ਨੂੰ ਨਿਸ਼ਾਨੇ 'ਤੇ ਰੱਖਿਆ ਅਤੇ ਉਸ 'ਤੇ ਮੌਜੂਦਾ ਕੇਂਦਰੀ ਸਰਕਾਰ ਨਾਲ ਮਿਲੀਭੁਗਤ ਹੋਣ ਦੇ ਦੋਸ਼ ਵੀ ਲਗਾਏ, ਜਿਸ ਕਰਕੇ ਉਸ ਦਾ ਅਕਸ ਹੋਰ ਵੀ ਧੁੰਦਲਾ ਹੋਇਆ। ਪਰ ਇਸ ਦੇ ਬਾਵਜੂਦ ਇਸ ਦੌਰਾਨ ਵੱਡੀ ਗਿਣਤੀ ਵਿਚ ਵੋਟਰਾਂ ਦਾ ਪੁੱਜਣਾ ਵੀ ਹੈਰਾਨੀਜਨਕ ਹੈ। ਇਸ ਵਾਰ ਇਸ ਸੂਬੇ ਦੀਆਂ ਚੋਣਾਂ ਵਿਚ ਖੱਬੇ ਪੱਖੀ ਪਾਰਟੀਆਂ ਅਤੇ ਕਾਂਗਰਸ ਬਹੁਤ ਪਿੱਛੇ ਖੜ੍ਹੀ ਨਜ਼ਰ ਆਈ ਹੈ। ਮੁੱਖ ਮੁਕਾਬਲਾ ਤ੍ਰਿਣਮੂਲ ਕਾਂਗਰਸ ਅਤੇ ਭਾਜਪਾ ਦਾ ਹੀ ਨਜ਼ਰ ਆਉਂਦਾ ਰਿਹਾ ਹੈ। ਮਮਤਾ ਬੈਨਰਜੀ ਨੇ ਪਿਛਲੇ 15 ਸਾਲ ਤੋਂ ਸੂਬੇ ਦਾ ਪ੍ਰਸ਼ਾਸਨ ਸੰਭਾਲਿਆ ਹੋਇਆ ਹੈ। ਇਸ ਤੋਂ ਪਹਿਲਾਂ ਮਾਰਕਸਵਾਦੀ ਕਮਿਊਨਿਸਟ ਪਾਰਟੀ ਆਪਣੇ ਗੱਠਜੋੜ ਨਾਲ 34 ਸਾਲ ਤੱਕ ਪ੍ਰਸ਼ਾਸਨ 'ਤੇ ਕਾਬਜ਼ ਰਹੀ ਸੀ।
ਅਸਲ ਚੋਣ ਨਤੀਜਿਆਂ ਤੋਂ ਪਹਿਲਾਂ ਵੱਖ-ਵੱਖ ਚੋਣ ਸਰਵੇਖਣ ਕਰਨ ਵਾਲੀਆਂ ਏਜੰਸੀਆਂ ਵਲੋਂ ਚੋਣ ਨਤੀਜਿਆਂ ਬਾਰੇ ਭਵਿੱਖਬਾਣੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ਸਰਵੇਖਣਾਂ ਅਨੁਸਾਰ ਇਸ ਵਾਰ ਪੱਛਮੀ ਬੰਗਾਲ ਵਿਚ ਭਾਜਪਾ ਦਾ ਪਲੜਾ ਭਾਰੀ ਦਿਖਾਈ ਦੇ ਰਿਹਾ ਹੈ, ਦੂਸਰੇ ਰਾਜਾਂ ਸੰਬੰਧੀ ਲਗਾਏ ਗਏ ਅੰਦਾਜ਼ਿਆਂ ਵਿਚ ਤਾਮਿਲਨਾਡੂ ਵਿਚ ਡੀ.ਐੱਮ.ਕੇ. ਅਤੇ ਕੇਰਲਮ ਵਿਚ ਕਾਂਗਰਸ ਦੀ ਅਗਵਾਈ ਵਾਲੇ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ ਦੀ ਬੜ੍ਹਤ ਵਿਖਾਈ ਦਿੰਦੀ ਹੈ ਅਤੇ ਅਸਲ ਵਿਚ ਉਥੇ ਇਕ ਵਾਰ ਫਿਰ ਕਾਂਗਰਸ ਸਭ ਤੋਂ ਅੱਗੇ ਵਧਦੀ ਦਿਖਾਈ ਦੇ ਰਹੀ ਹੈ। ਪੁਡੂਚੇਰੀ ਵਿਚ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਦਾ ਪਲੜਾ ਭਾਰੀ ਦਿਖਾਈ ਦੇ ਰਿਹਾ ਹੈ। ਜੇਕਰ ਅਜਿਹੇ ਅੰਦਾਜ਼ਿਆਂ ਨੂੰ ਆਧਾਰ ਬਣਾਇਆ ਜਾਵੇ ਤਾਂ ਇਨ੍ਹਾਂ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੇ ਨੈਸ਼ਨਲ ਡੈਮੋਕ੍ਰੇਟਿਕ ਫਰੰਟ ਨੂੰ ਵੱਡਾ ਹੁੰਗਾਰਾ ਮਿਲਦਾ ਨਜ਼ਰ ਆ ਰਿਹਾ ਹੈ। ਕੇਰਲਮ ਇਕੋ-ਇਕ ਸੂਬਾ ਹੈ, ਜਿੱਥੇ ਖੱਬੇ ਪੱਖੀ ਮੁਹਾਜ਼ ਦਾ ਪ੍ਰਸ਼ਾਸਨ ਰਿਹਾ ਹੈ। ਸੰਭਾਵਿਤ ਨਤੀਜਿਆਂ ਨਾਲ ਖੱਬੇ ਪੱਖੀ ਪਾਰਟੀਆਂ ਹਾਸ਼ੀਏ 'ਤੇ ਜਾ ਸਕਦੀਆਂ ਹਨ।
ਕੇਰਲਮ ਵਿਚ ਕਾਂਗਰਸ ਲਈ ਇਹ ਸੰਤੁਸ਼ਟੀ ਵਾਲੀ ਗੱਲ ਹੋਵੇਗੀ ਜੇਕਰ ਇਥੇ ਉਹ ਆਪਣੀ ਜਿੱਤ ਦਰਜ ਕਰਵਾ ਸਕੇ, ਪਰ ਜਿਸ ਕਦਰ ਦੇਸ਼ ਵਿਚ ਇਸ ਪਾਰਟੀ ਦਾ ਘੇਰਾ ਸੁੰਗੜ ਰਿਹਾ ਹੈ, ਉਸ ਨੂੰ ਮੁੱਖ ਰੱਖਦਿਆਂ ਇਸ ਕੌਮੀ ਪਾਰਟੀ ਨੂੰ ਚਿੰਤਾਵਾਨ ਹੋ ਕੇ ਆਪਣੀਆਂ ਨੀਤੀਆਂ, ਸਰਗਰਮੀਆਂ ਅਤੇ ਅਮਲਾਂ ਬਾਰੇ ਵਿਸ਼ਲੇਸ਼ਣ ਕਰ ਕੇ ਆਪਣੇ-ਆਪ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਪਵੇਗਾ। ਭਾਜਪਾ ਦੇ ਵਧਦੇ ਆਧਾਰ ਨਾਲ ਉਸ ਦੀ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਪ੍ਰਤੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ, ਕਿਉਂਕਿ ਉਹ ਦੇਸ਼ ਦੀ ਏਕਤਾ, ਅਖੰਡਤਾ ਅਤੇ ਵੱਖ-ਵੱਖ ਭਾਈਚਾਰਿਆਂ ਵਿਚ ਸਦਭਾਵਨਾ ਬਣਾਈ ਰੱਖ ਕੇ ਹੀ ਦੇਸ਼ ਨੂੰ ਆਰਥਿਕ ਵਿਕਾਸ ਦੇ ਰਸਤੇ 'ਤੇ ਅੱਗੇ ਲੈ ਜਾ ਸਕਦੀ ਹੈ।
-ਬਰਜਿੰਦਰ ਸਿੰਘ ਹਮਦਰਦ