400 ਸਾਲਾ ਸਥਾਪਨਾ ਸ਼ਤਾਬਦੀ 'ਤੇ ਵਿਸ਼ੇਸ਼
ਸਿੱਖ ਇਤਿਹਾਸ ਵਿਚ ਕੀਰਤਪੁਰ ਸਾਹਿਬ ਸਿਰਫ਼ ਇਕ ਨਗਰ ਨਹੀਂ, ਬਲਕਿ ਇਕ ਦਾਰਸ਼ਨਿਕ ਸੰਕਲਪ ਦਾ ਜੀਵੰਤ ਰੂਪ ਹੈ। ਛੇ ਗੁਰੂ ਸਾਹਿਬਾਨ ਦੀ ਚਰਨਛੋਹ ਪ੍ਰਾਪਤ ਕੀਰਤਪੁਰ ਸਾਹਿਬ ਲਗਪਗ ਤਿੰਨ ਦਹਾਕੇ ਗੁਰਿਆਈ ਦਾ ਕੇਂਦਰ ਰਿਹਾ ਅਤੇ ਇਸ ਧਰਤੀ ਨੇ ਗੁਰੂ ਸਾਹਿਬਾਨ ਦੀਆਂ ਬੌਧਿਕ ਅਤੇ ਆਤਮਿਕ ਯਾਤਰਾਵਾਂ ਨੂੰ ਇਕ ਨਵੀਂ ਦਿਸ਼ਾ ਦਿੱਤੀ।
ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਕਰਤਾਰਪੁਰ (ਪਾਕਿਸਤਾਨ), ਸ੍ਰੀ ਗੁਰੂ ਅੰਗਦ ਦੇਵ ਸਾਹਿਬ ਵਲੋਂ ਖਡੂਰ ਸਾਹਿਬ, ਸ੍ਰੀ ਗੁਰੂ ਅਮਰਦਾਸ ਸਾਹਿਬ ਵਲੋਂ ਗੋਇੰਦਵਾਲ ਸਾਹਿਬ, ਸ੍ਰੀ ਗੁਰੂ ਰਾਮਦਾਸ ਸਾਹਿਬ ਵਲੋਂ ਚੱਕ ਰਾਮਦਾਸਪੁਰ (ਅੰਮ੍ਰਿਤਸਰ), ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਤਰਨਤਾਰਨ, ਸ੍ਰੀ ਹਰਿਗੋਬਿੰਦਪੁਰ ਅਤੇ ਕਰਤਾਰਪੁਰ (ਜਲੰਧਰ) ਦੀ ਉਸਾਰੀ ਕਰਵਾਈ ਗਈ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਕਰਵਾਉਣ ਸਦਕਾ ਪਹਾੜੀ ਰਾਜੇ ਗੁਰੂ ਸਾਹਿਬ ਦੇ ਸ਼ਰਧਾਲੂ ਬਣ ਗਏ ਸਨ। ਲਾਹੌਰ ਦੇ ਨਵੇਂ ਬਾਦਸ਼ਾਹ ਨੂੰ ਸਲਾਮੀ ਦੇਣ ਉਪਰੰਤ ਵਾਪਸੀ ਵੇਲੇ ਮੰਡੀ, ਸਕੇਤ, ਬਿਲਾਸਪੁਰ, ਨਾਲਾਗੜ੍ਹ ਅਤੇ ਨੂਰਪੁਰ ਦੇ ਰਾਜੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਰੁਕੇ ਸਨ। ਗੁਰੂ ਸਾਹਿਬ ਕੋਲੋਂ ਹਿੰਦੋਸਤਾਨ ਦੇ ਹਾਲਾਤ ਬਾਰੇ ਜਾਣਨ ਤੋਂ ਬਾਅਦ ਉਨ੍ਹਾਂ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਲਾਹੌਰ ਤੋਂ ਦੂਰ ਪਹਾੜਾਂ ਵੱਲ ਟਿਕਾਣਾ ਬਣਾਇਆ ਜਾਵੇ।
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਕੋਲੋਂ ਕੀਰਤਪੁਰ ਦੀ ਮੋੜੀ ਗਡਵਾਈ।
ਗ੍ਰਹ ਲੋਕ ਸਮਗਰੀ ਸੰਗ ਨਿਜ ਲਏ।
ਕਹਲੂਰ ਹਡੂਰ ਦੇਸ ਮੋਹ ਗਏ।
ਸਤਲੁਦ੍ਰ ਕੰਠ ਪਰਬਤ ਕੀ ਤਰੀ।
ਨਿਰਬਘਨ ਸੁਖ ਚੌਰ ਸੰਪਟ ਪ੍ਰਭ ਕਰੀ।
ਧਰ ਨਾਮ ਕੀਰਤਪੁਰ ਕੀਨਾ ਬਾਸਾ।
ਹੋਇ ਪਰਮ ਅਨੰਦ ਸੁਖ ਸਦਾ ਬਿਲਾਸਾ।
ਦੇਖ ਬਿਘਨ ਤਹਾ ਕਛੁ ਨਾ ਹੋਇ।
ਦੁਸ਼ਟ ਭਾਉ ਰਖੈ ਨਹੀ ਕੋਇ।
ਸਭ ਰਾਜਾ ਪਰਜਾ ਦਰਸ਼ਨ ਆਵੈ
ਗੁਰ ਚਰਨ ਪ੍ਰਤਾਪ ਮਨ ਇਛਿਆ ਪਾਵੈ।
(ਮਹਿਮਾ ਪ੍ਰਕਾਸ਼, ਪੰਨਾ: 475)
ਕੀਰਤਪੁਰ ਸਾਹਿਬ ਦੀ ਸਥਾਪਨਾ ਦੀ ਤਰੀਕ ਬਾਰੇ ਵੱਖ-ਵੱਖ ਇਤਿਹਾਸਕਾਰਾਂ ਦੀ ਰਾਇ ਵੱਖ-ਵੱਖ ਹੈ। ਭਾਈ ਕਾਨ੍ਹ ਸਿੰਘ ਨਾਭਾ ਦੀ ਕ੍ਰਿਤ 'ਮਹਾਨ ਕੋਸ਼' ਅਨੁਸਾਰ, 'ਪਹਾੜੀ ਇਲਾਕੇ ਸਤਲੁਜ ਦੇ ਕਿਨਾਰੇ ਇਹ ਨਗਰ ਹੈ, ਜੋ ਸੰਮਤ 1683 (1626 ਈਸਵੀ) ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਕਹਿਲੂਰ ਦੇ ਰਾਜਾ ਤਾਰਾ ਚੰਦ ਤੋਂ ਜ਼ਮੀਨ ਖਰੀਦ ਕੇ ਬਾਬਾ ਗੁਰਦਿੱਤਾ ਜੀ ਦੀ ਮਾਰਫਤ ਆਬਾਦ ਕਰਵਾਇਆ। ਇਸ ਦੇ ਵਸਣ ਦਾ ਵਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਦਿੱਤਾ ਸੀ, ਜਦੋਂ ਗੁਰੂ ਜੀ ਇੱਥੇ ਆਏ ਹੋਏ 'ਚਰਣਕਮਲ' (ਗੁਰਦੁਆਰਾ ਸਾਹਿਬ) ਠਹਿਰੇ ਅਤੇ ਸਾਈਂ ਬੁੱਢਣਸ਼ਾਹ ਨੂੰ ਜੰਗਲ ਵਿਚ ਮਿਲੇ।'
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕਰਤਾਰਪੁਰ (ਜਲੰਧਰ) ਦੀ ਚੌਥੀ ਜੰਗ ਤੋਂ ਬਾਅਦ ਕੀਰਤਪੁਰ ਸਾਹਿਬ ਵੱਲ ਚੱਲ ਪਏ। ਰਸਤੇ ਵਿਚ ਫਗਵਾੜੇ ਨੇੜੇ ਮੁਗਲਾਂ ਨੇ ਹਮਲਾ ਕਰ ਦਿੱਤਾ ਅਤੇ ਪਲਾਹੀ ਦੀ ਲੜਾਈ ਜਿੱਤਣ ਤੋਂ ਬਾਅਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਪੁੱਜੇ।
ਇਸ ਤਰ੍ਹਾਂ ਗੁਰਿਆਈ ਦਾ ਕੇਂਦਰ ਮਾਝੇ ਦੀ ਧਰਤੀ ਤੋਂ ਪੁਆਧ ਸਤਲੁਜ ਪਾਰ ਕੀਰਤਪੁਰ ਸਾਹਿਬ ਬਣ ਗਿਆ। ਗੁਰੂ ਦਰਬਾਰ ਤੋਂ ਦੂਰ-ਦੁਰਾਡੇ ਤੋਂ ਆਉਣ ਵਾਲੀਆਂ ਸੰਗਤਾਂ ਅਨੰਦ ਪ੍ਰਾਪਤ ਕਰਦੀਆਂ। ਗੁਰੂ ਜੀ ਦੀ ਰਿਹਾਇਸ਼ ਗੁਰਦੁਆਰਾ ਸ਼ੀਸ਼ ਮਹਿਲ ਵਾਲੀ ਥਾਂ 'ਤੇ ਸੀ। ਆਤਮਿਕ ਅਨੰਦ ਲਈ ਇੱਥੇ ਗੁਰਦੁਆਰਾ ਹਰਿਮੰਦਰ ਸਾਹਿਬ ਦੀ ਉਸਾਰੀ ਕਰਵਾਈ ਅਤੇ ਇੱਥੇ ਬੈਠ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸੰਗਤਾਂ ਨੂੰ ਦਰਸ਼ਨ ਤੇ ਉਪਦੇਸ਼ ਦਿੰਦੇ ਸਨ। ਗੁਰੂ ਜੀ ਰਾਜਸੀ ਤੇ ਧਾਰਮਿਕ ਮਸਲਿਆਂ ਦੀ ਸੁਣਵਾਈ ਗੁਰਦੁਆਰਾ ਕੋਟ ਤਖ਼ਤ ਸਾਹਿਬ ਬੈਠ ਕੇ ਕਰਦੇ ਸਨ। ਕੁਦਰਤ ਦੇ ਅੰਗ-ਸੰਗਟਹਿਲਣ ਲਈ ਨੌ-ਲੱਖਾ ਬਾਗ ਲਗਵਾਇਆ। ਪਹਾੜੀ ਰਿਆਸਤਾਂ ਦੇ ਰਾਜੇ, ਜਗੀਰਦਾਰ ਅਤੇ ਚੌਧਰੀਆਂ ਦਾ ਗੁਰੂ ਦਰਬਾਰ ਆਉਣਾ ਅਤੇ ਆਪਣੇ ਦੁੱਖ-ਤਕਲੀਫਾਂ ਬਾਰੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਦੱਸਣਾ ਆਮ ਸੀ।
ਰਿਆਸਤ ਹੰਡੂਰ ਦੇ ਰਾਜੇ ਹਿੰਮਤ ਚੰਦ ਨੇ ਰੋਪੜ ਦੇ ਨਵਾਬ ਵਲੋਂ ਤੰਗ-ਪ੍ਰੇਸ਼ਾਨ ਕਰਨ 'ਤੇ ਗੁਰੂ ਦਰਬਾਰ ਵਿਚ ਹਾਜ਼ਰ ਹੋ ਕੇ ਮਦਦ ਦੀ ਮੰਗ ਕੀਤੀ। ਗੁਰੂ ਜੀ ਨੇ ਮਦਦ ਵਾਸਤੇ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦੀ ਅਗਵਾਈ ਹੇਠ 100 ਸਿੱਖਾਂ ਦਾ ਜਥਾ ਭੇਜਿਆ ਅਤੇ ਗੁਰੂ ਜੀ ਦੀ ਮਦਦ ਨਾਲ ਰਿਆਸਤ ਹੰਡੂਰ ਦੀ ਜਿੱਤ ਹੋਈ।
ਕੀਰਤਪੁਰ ਸਾਹਿਬ ਦੀ ਧਰਤੀ 'ਤੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਸੰਸਾਰੀ ਜਾਮੇ ਦੇ ਅੰਤਲੇ ਲਗਪਗ 10 ਸਾਲ ਬਤੀਤ ਕੀਤੇ। ਇਸ ਦੌਰਾਨ ਕੀਰਤਪੁਰ ਸਾਹਿਬ ਤੋਂ ਬਾਹਰ ਗੁਰਮਤਿ ਦੇ ਪ੍ਰਚਾਰ ਲਈ ਦੌਰੇ ਵੀ ਕੀਤੇ। ਕੀਰਤਪੁਰ ਸਾਹਿਬ ਵਿਖੇ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਾਲੀ ਥਾਂ 'ਤੇ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ (ਗੁਰੂ) ਹਰਿਰਾਇ ਸਾਹਿਬ ਨੇ ਪ੍ਰਕਾਸ਼ ਧਾਰਿਆ। ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਵਿਖੇ 1637 ਈਸਵੀ ਨੂੰ ਅਕਾਲ ਚਲਾਣਾ ਕਰ ਗਏ।
ਕੀਰਤਪੁਰ ਸਾਹਿਬ ਦੀ ਧਰਤੀ 'ਤੇ ਰਾਜਪੂਤ ਰਾਜੇ ਰਾਜਾ ਰਾਮ ਪ੍ਰਤਾਪ ਸਿੰਘ ਯਾਦਵ ਤੇ ਉਸ ਦਾ ਪੁੱਤਰ ਰਾਜਾ ਰਾਮ ਸਿੰਘ, ਭਟਨੇਰ ਦਾ ਰਾਜਾ ਸੰਗਰਾਮ ਸਿੰਘ, ਰਾਜਾ ਮੰਗਲ ਸ਼ਾਹ, ਖਵਾਜਾ ਸਰਾਇ ਅਤੇ ਅਲਾ ਯਾਰ ਖਾਂ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਕੋਲ ਪਨਾਹ ਲਈ ਅਤੇ ਔਰੰਗਜ਼ੇਬ ਦੇ ਬਾਗੀ ਰਾਜੇ ਤੇ ਰਜਵਾੜੇ ਕੀਰਤਪੁਰ ਸਾਹਿਬ ਵਿਖੇ ਹਾਜ਼ਰ ਹੁੰਦੇ ਸਨ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣਾ ਸੰਸਾਰੀ ਜਾਮਾ ਛੱਡਣ ਤੋਂ ਪਹਿਲਾਂ ਆਪਣੇ ਪੁੱਤਰਾਂ ਬਾਬਾ ਅਣੀ ਰਾਏ, ਬਾਬਾ ਸੂਰਜ ਮੱਲ ਅਤੇ (ਗੁਰੂ) ਤੇਗ ਬਹਾਦਰ ਸਾਹਿਬ ਦੀ ਮੌਜੂਦਗੀ ਵਿਚ ਗੁਰਿਆਈ ਆਪਣੇ ਪੋਤਰੇ, ਭਾਵ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਪੁੱਤਰ (ਗੁਰੂ) ਹਰਿਰਾਇ ਸਾਹਿਬ ਨੂੰ ਸੌਂਪੀ ਅਤੇ ਆਪ 1644 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਜੋਤੀ-ਜੋਤਿ ਸਮਾ ਗਏ। ਆਪ ਦਾ ਸਸਕਾਰ ਗੁਰਦੁਆਰਾ ਪਤਾਲਪੁਰੀ ਸਾਹਿਬ ਵਾਲੀ ਜਗ੍ਹਾ 'ਤੇ ਕੀਤਾ ਗਿਆ।
ਇਕ ਦਿਨ ਆਪਣੇ ਦਾਦਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨਾਲ ਨੌ-ਲੱਖਾਬਾਗ਼ 'ਚ ਟਹਿਲਦਿਆਂ ਸ੍ਰੀ ਗੁਰੂ ਹਰਿਰਾਇ ਸਾਹਿਬਦੇ ਚੋਲੇ ਦੀ ਕਲੀ ਨਾਲ ਅੜ ਕੇ ਇਕ ਫੁੱਲ ਟੁੱਟ ਗਿਆ ਅਤੇ ਆਪ ਜੀ ਦੇ ਕੋਮਲ ਮਨ ਨੂੰ ਬੇਹੱਦ ਦੁੱਖ ਲੱਗਾ। ਗੁਰੂ ਦਾਦੇ ਤੋਂ ਸਿੱਖਿਆ ਮਿਲੀ, 'ਦਾਮਨ ਸੰਕੋਚ ਚਲੋ'।ਸੱਤਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਵਿਖੇ ਨੌ-ਲੱਖਾ ਬਾਗ਼ ਵਿਚ ਵਾਤਾਵਰਨਦੀ ਸ਼ੁੱਧਤਾ ਅਤੇ ਸਰੀਰਕ ਦੁੱਖਾਂ-ਰੋਗਾਂ ਦੀ ਨਵਿਰਤੀ ਲਈ ਦੁਰਲੱਭ ਕਿਸਮ ਦੀਆਂ ਜੜ੍ਹੀ-ਬੂਟੀਆਂ ਅਤੇ ਫੁੱਲ ਲਗਵਾਏ। ਔਰੰਗਜ਼ੇਬ ਨੇ ਜਦ ਆਪਣੇ ਭਰਾ ਦਾਰਾ ਸ਼ਿਕੋਹ ਨੂੰ ਸ਼ੇਰ ਦੀ ਮੁੱਛ ਦਾ ਵਾਲ ਖੁਆ ਕੇ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਇਲਾਜ ਸ੍ਰੀ ਗੁਰੂ ਹਰਿਰਾਇ ਸਾਹਿਬ ਨੇ ਕੀਰਤਪੁਰ ਸਾਹਿਬ ਵਿਖੇ ਹਰੜ ਦੀ ਦਵਾ ਬਣਾਈ ਕੇ ਕੀਤਾ ਸੀ।
ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਗ੍ਰਹਿ ਵਿਖੇ ਵੱਡੇ ਸਪੁੱਤਰ ਬਾਬਾ ਰਾਮਰਾਇ ਦਾ ਜਨਮ ਸੰਮਤ 1646 ਈਸਵੀ ਨੂੰ ਕੀਰਤਪੁਰ ਸਾਹਿਬ ਹੋਇਆ। ਸਪੁੱਤਰੀ ਬੀਬੀ ਰੂਪ ਕੌਰ ਦਾ ਜਨਮ 1649 ਈਸਵੀ ਨੂੰ ਹੋਇਆ। ਬਾਬਾ ਰਾਮਰਾਇ ਨੇ ਜਦ ਬਾਦਸ਼ਾਹ ਔਰੰਗਜ਼ੇਬ ਦੀ ਖੁਸ਼ਾਮਦ ਵਿਚ ਗੁਰਬਾਣੀ ਦੀ ਪੰਕਤੀ ਤਬਦੀਲ ਕਰਨ ਦੀ ਹਮਾਕਤ ਕੀਤੀ ਤਾਂ ਉਸ ਨੂੰ ਬੇਦਖਲ ਕਰ ਦਿੱਤਾ ਗਿਆ। (ਗੁਰੂ) ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ 1652 ਈਸਵੀ ਨੂੰ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ ਵਾਲੀ ਥਾਂ 'ਤੇ ਹੋਇਆ।
ਸ੍ਰੀ ਗੁਰੂ ਹਰਿਰਾਇ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਪੜਾਅ-ਦਰ-ਪੜਾਅ ਲਾਹੌਰ, ਨਨਕਾਣਾ ਸਾਹਿਬ, ਜਲਾਲਪੁਰਾ ਜੱਟਾ, ਦਬੁਰਜੀ, ਗਲੋਟੀਆਂ ਹੁੰਦੇ ਹੋਏ ਸ੍ਰੀਨਗਰ (ਕਸ਼ਮੀਰ) ਪਹੁੰਚੇ। ਵਾਪਸੀ ਅਖਨੂਰ, ਜੰਮੂ, ਰਾਮਗੜ੍ਹ, ਸਾਂਬਾ, ਪਠਾਨਕੋਟ, ਹੁਸ਼ਿਆਰਪੁਰ ਹੁੰਦੇ ਹੋਏ ਕੀਰਤਪੁਰ ਸਾਹਿਬ ਪਹੁੰਚੇ।
ਸ੍ਰੀ ਗੁਰੂ ਹਰਿਰਾਇ ਸਾਹਿਬ ਆਪਣੇ ਛੋਟੇ ਸਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ 1661 ਈਸਵੀ ਨੂੰ ਗੁਰਿਆਈ ਬਖਸ਼ਿਸ਼ ਕਰ ਕੇ ਜੋਤੀ-ਜੋਤਿ ਸਮਾ ਗਏ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਜੋਤ ਦਾ ਪ੍ਰਕਾਸ਼ ਵੰਡਦੇ ਸਨ। ਔਰੰਗਜ਼ੇਬ ਦੇ ਸੱਦੇ 'ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਨੂੰ ਚੱਲ ਪਏ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਿੱਲੀ ਪੁੱਜੇ ਤਾਂ ਉਥੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਚੇਚਕ ਨਿਕਲ ਆਈ ਅਤੇ ਤੇਜ਼ ਬੁਖਾਰ ਹੋ ਗਿਆ। ਗੁਰੂ ਸਾਹਿਬ ਆਪਣੇ ਸੰਸਾਰੀ ਜਾਮੇ ਦਾ ਆਖਰੀ ਸਮਾਂ ਨੇੜੇ ਆਇਆ ਜਾਣ ਕੇ ਆਪਣੇ ਮੁਖਾਰਬਿੰਦ ਤੋਂ ਬਚਨ ਕੀਤਾ 'ਬਾਬਾ ਬਸੇ ਗ੍ਰਾਮ ਬਕਾਲੇ ਸੰਗਤ ਸਭ ਸੱਦ ਬਹਾਲੇ' ਆਖ ਕੇ ਜੋਤੀ-ਜੋਤਿ ਸਮਾ ਗਏ। ਗੁਰੂ ਜੀ ਦਾ ਸਸਕਾਰ ਭੋਗਲਪੁਰ ਯਮਨਾ ਨਦੀ ਕੰਢੇ ਕੀਤਾ ਗਿਆ। ਸਾਰੀ ਬਿਭੂਤੀ ਇਕੱਠੀ ਕਰ ਕੇ ਕੀਰਤਪੁਰ ਸਤਲੁਜ ਵਿਚ ਪਤਾਲਪੁਰੀ ਸਾਹਿਬ ਵਿਖੇ ਜਲ ਪ੍ਰਵਾਹ ਕੀਤੀ ਗਈ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਿਆਈ 'ਤੇ ਬੈਠਣ ਤੋਂ ਬਾਅਦ ਮੁੱਖ ਸਿੱਖਾਂ ਨਾਲ ਕੀਰਤਪੁਰ ਸਾਹਿਬ ਪਹੁੰਚੇ। ਸੰਗਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਲਈ ਪਹੁੰਚਦੀਆਂ ਰਹੀਆਂ।
ਬਾਬਾ ਗੁਰਦਿੱਤਾ ਜੀ ਦੀ ਸੁਪਤਨੀ ਮਾਤਾ ਬਸੀ ਜੀ 1664 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਅਕਾਲ ਚਲਾਣਾ ਕਰ ਗਏ। ਗੁਰੂ ਤੇਗ ਬਹਾਦਰ ਸਾਹਿਬ ਜੀ 19 ਜੂਨ 1665 ਈਸਵੀ ਨੂੰ ਚੱਕ ਮਾਤਾ ਨਾਨਕੀ (ਸ੍ਰੀ ਅਨੰਦਪੁਰ ਸਾਹਿਬ) ਦੀ ਨੀਂਹ ਬਾਬਾ ਬੁੱਢਾ ਜੀ ਦੇ ਪੋਤਰੇ ਭਾਈ ਗੁਰਦਿੱਤਾ ਜੀ ਹੱਥੋਂ ਰਖਵਾ ਕੇ ਮੁੜ ਕੀਰਤਪੁਰ ਸਾਹਿਬ ਆ ਗਏ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹੀ ਬਾਬਾ ਸੂਰਜ ਮੱਲ ਦਾ ਪਰਿਵਾਰ ਕੀਰਤਪੁਰ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਆ ਗਿਆ। ਕਸ਼ਮੀਰੀ ਪੰਡਿਤਾਂ ਦੀ ਫਰਿਆਦ 'ਤੇ ਚੱਕ ਮਾਤਾ ਨਾਨਕੀ ਤੋਂ ਦਿੱਲੀ ਦਰਬਾਰ ਕੋਲ ਗ੍ਰਿਫਤਾਰੀ ਦੇਣ ਜਾਂਦੇ ਵਕਤ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਕੀਰਤਪੁਰ ਸਾਹਿਬ ਤੋਂ ਹੋ ਕੇ ਗਏ ਸਨ ਅਤੇ ਆਪ ਜੀ ਦੀ ਸ਼ਹਾਦਤ ਉਪਰੰਤ ਭਾਈ ਜੈਤਾ ਜੀ ਕੱਟਿਆ ਹੋਇਆ ਸੀਸ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪੁੱਜਣ ਤੋਂ ਪਹਿਲਾਂ ਰਾਤ ਕੀਰਤਪੁਰ ਸਾਹਿਬ ਵਿਖੇ ਬਿਬਾਨਗੜ੍ਹ ਸਾਹਿਬ ਵਾਲੀ ਜਗ੍ਹਾ 'ਤੇ ਰੁਕੇ ਸਨ। ਅਗਲੀ ਸਵੇਰ ਸੰਗਤ ਨਾਲ ਬਾਲ ਗੁਰੂ ਗੋਬਿੰਦ ਰਾਇ ਜੀ ਅਤੇ ਮਾਤਾ ਗੁਜਰੀ ਜੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਲੈਣ ਲਈ ਸੰਗਤ ਸਮੇਤ ਸ੍ਰੀ ਅਨੰਦਪੁਰ ਸਾਹਿਬ ਤੋਂ ਪੈਦਲ ਕੀਰਤਪੁਰ ਸਾਹਿਬ ਪੁੱਜੇ ਸਨ।
ਇਸ ਤਰ੍ਹਾਂ ਕੀਰਤਪੁਰ ਸਾਹਿਬ ਦੀ ਇਤਿਹਾਸਕ ਸਥਾਪਨਾ, ਭੂਗੋਲਿਕ ਰਣਨੀਤੀ, ਘਟਨਾਵਾਂ ਅਤੇ ਦਾਰਸ਼ਨਿਕ ਗਹਿਰਾਈ ਨੇ ਸਿੱਖ ਪੰਥ ਨੂੰ ਇਕ ਨਵੀਂ ਪਛਾਣ ਦਿੱਤੀ, ਜਿਸ ਵਿਚ ਇਨਸਾਨੀ ਬਰਾਬਰੀ, ਧਰਮ ਰੱਖਿਆ ਅਤੇ ਅਧਿਆਤਮਿਕ ਉੱਨਤੀ ਇਕੋ ਥਾਂ ਉੱਤੇ ਹੈ।
-ਫੋਨ: 98780-70008.