05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਦੇਸ਼ ਵਿਚ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ ਮਿਹਨਤਕਸ਼ ਲੋਕ

ਅਜੀਤ ਡੈਸਕ 01-05-2026

ਮਈ ਦਿਵਸ 'ਤੇ ਵਿਸ਼ੇਸ਼

ਮਿਹਨਤਕਸ਼ ਲੋਕਾਂ ਦੇ ਦਿਨ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਜਾਂ ਮਈ ਦਿਵਸ ਵਜੋਂ ਜਾਣਿਆ ਜਾਂਦਾ ਹੈ। ਹਰ ਸਾਲ 1 ਮਈ ਨੂੰ ਭਾਰਤ ਸਮੇਤ ਪੂਰੀ ਦੁਨੀਆ ਵਿਚ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਦੁਨੀਆ ਭਰ ਦੇ ਕਿਰਤੀਆਂ ਤੇ ਮਜ਼ਦੂਰਾਂ ਦੇ ਸੰਘਰਸ਼, ਕੁਰਬਾਨੀਆਂ ਤੇ ਉਨ੍ਹਾਂ ਦੇ ਹੱਕਾਂ ਨੂੰ ਸਮਰਪਿਤ ਹੈ। ਅਮਰੀਕਾ ਵਿਚ ਜਦੋਂ 1 ਮਈ 1886 ਨੂੰ ਮਜ਼ਦੂਰਾਂ ਨੇ ਆਪਣੇ ਹੱਕਾਂ ਲਈ ਹੜਤਾਲ ਕੀਤੀ ਸੀ ਤਾਂ ਹੜਤਾਲ ਨੂੰ ਕੁਚਲਣ ਲਈ ਸਾਜਿਸ਼ ਤਹਿਤ ਸ਼ਿਕਾਗੋ 'ਚ ਬੰਬ ਧਮਾਕਾ ਕਰਵਾਇਆ ਗਿਆ ਤੇ ਪੁਲਿਸ ਵਲੋਂ ਮਜ਼ਦੂਰਾਂ 'ਤੇ ਗੋਲ਼ੀਆਂ ਚਲਾਉਣ ਕਾਰਨ ਕਈ ਮਜ਼ਦੂਰ ਮਾਰੇ ਗਏ ਸਨ। ਉਨ੍ਹਾਂ ਦੀ ਯਾਦ ਵਿਚ ਸ਼ਿਕਾਗੋ ਵਿਚ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਜਾਣ ਲੱਗਿਆ। ਇਸ ਸਮੇਂ ਭਾਰਤ ਸਮੇਤ ਦੁਨੀਆ ਦੇ 85 ਦੇਸ਼ਾਂ 'ਚ 1 ਮਈ ਨੂੰ ਸਰਕਾਰੀ ਛੁੱਟੀ ਕਰਕੇ ਮਜ਼ਦੂਰ ਦਿਵਸ ਮਨਾਇਆ ਜਾਂਦਾ ਹੈ, ਹਾਲਾਂਕਿ ਮਜ਼ਦੂਰ ਦਿਵਸ ਮਨਾਉਣ ਦਾ ਕਿਰਤੀ ਵਰਗ ਨੂੰ ਕਿੰਨਾ ਕੁ ਫ਼ਾਇਦਾ ਹੋਇਆ ਇਸ ਦਾ ਪਤਾ ਭਾਰਤ ਦੇ ਮਜ਼ਦੂਰਾਂ ਦੀ ਆਰਥਿਕ ਹਾਲਤ ਤੋਂ ਸਹਿਜੇ ਹੀ ਲੱਗ ਜਾਂਦਾ ਹੈ। ਪੰਜਾਬੀ ਸ਼ਾਇਰ ਸੰਤ ਰਾਮ ਉਦਾਸੀ ਨੇ ਆਪਣੀ ਕਵਿਤਾ ਰਾਹੀਂ ਮਜ਼ਦੂਰ ਜਮਾਤ ਦੀ ਹਾਲਤ ਬਾਖੂਬੀ ਪੇਸ਼ ਕੀਤੀ ਹੈ-
ਮੇਰੀ ਕਿਰਤ ਨੂੰ ਲੁੱਟਣ ਵਾਲੜਿਓ,
ਕਿਉਂ ਪੀਵੋ ਰੱਤ ਬਹਾਰਾਂ ਦੀ ।
ਇਹ ਧਰਤੀ ਹੈ ਮਜ਼ਦੂਰਾਂ ਦੀ,
ਇਹ ਨਹੀਂ ਸਰਮਾਏਦਾਰਾਂ ਦੀ ।
ਮੇਰੇ ਤੇਸੇ ਅਤੇ ਹਥੌੜੇ ਨੇ,
ਲੱਖ ਮੰਦਰ ਮਹਿਲ ਉਸਾਰੇ ਹੋ ।
ਪਰ ਮੇਰੀ ਨੀਂਦ ਉਤਾਰਨ ਨੂੰ,
ਕੱਖ ਕਾਨਿਆਂ ਦੇ ਹਨ ਢਾਰੇ ਹੋ ।
ਮਜ਼ਦੂਰ ਵਰਗ ਦੀ ਕਿਸੇ ਵੀ ਦੇਸ਼ ਦੇ ਵਿਕਾਸ 'ਚ ਹਮੇਸ਼ਾ ਹੀ ਅਹਿਮ ਭੂਮਿਕਾ ਰਹੀ ਹੈ, ਚਾਹੇ ਸੜਕ ਨਿਰਮਾਣ ਹੋਵੇ, ਮਕਾਨ ਬਣਾਉਣੇ ਜਾਂ ਕਾਰਖਾਨੇ ਚਲਾਉਣੇ ਹੋਣ, ਮਜ਼ਦੂਰਾਂ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੈ। ਭਾਰਤ 'ਚ ਮਜ਼ਦੂਰਾਂ ਦੀ ਹਾਲਤ ਬਹੁਤ ਤਰਸਯੋਗ ਹੈ, ਭਾਵੇਂ ਕੇਂਦਰ ਸਰਕਾਰ ਜਾਂ ਸੂਬਾ ਸਰਕਾਰਾਂ ਮਜ਼ਦੂਰਾਂ ਵਾਸਤੇ ਕਈ ਸਕੀਮਾਂ ਐਲਾਨਦੀਆਂ ਹਨ, ਪਰ ਜ਼ਮੀਨੀ ਹਕੀਕਤ ਬਿਲਕੁਲ ਵੱਖ ਹੁੰਦੀ ਹੈ। ਮਹਿੰਗਾਈ ਤੇ ਬੇਰੁਜ਼ਗਾਰੀ ਕਾਰਨ ਅੱਜ ਹਰ ਮਜ਼ਦੂਰ ਪਰਿਵਾਰ ਮੰਦਹਾਲੀ ਦਾ ਸਾਹਮਣਾ ਕਰ ਰਿਹਾ ਹੈ। ਹਾਲਾਂਕਿ ਕਾਰਖਾਨਿਆਂ ਵਿਚ ਪੱਕੇ ਤੌਰ 'ਤੇ ਕੰਮ ਕਰਨ ਵਾਲਿਆਂ ਦੀ ਹਾਲਤ ਦਿਹਾੜੀਦਾਰ ਮਜ਼ਦੂਰਾਂ ਤੋਂ ਕੁਝ ਹੱਦ ਤੱਕ ਬਿਹਤਰ ਹੈ। ਦਿਹਾੜੀਦਾਰ ਕਾਮਿਆਂ ਨੂੰ ਤਾਂ ਦਿਹਾੜੀ ਲਗਾਉਣ ਵਾਸਤੇ ਸਵੇਰ ਸਾਰ ਹੀ ਲੇਬਰ ਚੌਕਾਂ 'ਚ ਜਾ ਕੇ ਖੜ੍ਹਨਾ ਪੈਂਦਾ ਹੈ, ਫਿਰ ਵੀ ਕਈ ਵਾਰ ਬਿਨਾਂ ਕੰਮ ਮਿਲਣ 'ਤੇ ਖਾਲੀ ਹੱਥ ਹੀ ਘਰ ਪਰਤਣਾ ਪੈਦਾ ਹੈ। ਮਜ਼ਦੂਰ ਆਪਣੇ ਬੱਚਿਆਂ ਨੂੰ ਚੰਗੀਆਂ ਸਿਹਤ ਸਹੂਲਤਾਂ ਤੇ ਸਿੱਖਿਆ ਦੇਣੀ ਤਾਂ ਦੂਰ ਭਰ ਪੇਟ ਰੋਟੀ ਦੇਣ ਤੋਂ ਵੀ ਅਸਮਰੱਥ ਹਨ। ਇਹੀ ਹਾਲ ਪੰਜਾਬ ਦੇ ਪਿੰਡਾਂ ਵਿਚ ਬੇਜ਼ਮੀਨੇ ਮਜ਼ਦੂਰ ਵਰਗ ਦਾ ਹੈ, ਜੋ ਸਦੀਆਂ ਤੋਂ ਪੀੜ੍ਹੀ- ਦਰ-ਪੀੜ੍ਹੀ ਮਜ਼ਦੂਰੀ ਕਰਦੇ ਆ ਰਹੇ ਹਨ। ਕਿਸੇ ਵੀ ਦੇਸ਼ ਦਾ ਵਿਕਾਸ ਮਜ਼ਦੂਰ ਵਰਗ ਤੋਂ ਬਿਨਾਂ ਨਾਮੁਮਕਿਨ ਹੈ, ਉਹ ਦੇਸ਼ ਤੇ ਲੋਕਾਂ ਵਾਸਤੇ ਵੱਡੇ-ਵੱਡੇ ਮਕਾਨ, ਸੜਕਾਂ, ਪੁਲ, ਫੈਕਟਰੀਆਂ ਤੇ ਇਮਾਰਤਾਂ ਬਣਾਉਂਦੇ ਹਨ, ਪਰ ਇਨ੍ਹਾਂ 'ਚੋਂ ਬਹੁਤਿਆਂ ਨੂੰ ਆਪਣੇ ਰਹਿਣ ਲਈ ਛੱਤ ਵੀ ਨਸੀਬ ਨਹੀਂ ਹੁੰਦੀ।
ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ, ਸਰਕਾਰਾਂ ਤੇ ਨੇਤਾ ਮਜ਼ਦੂਰਾਂ ਨਾਲ ਵੱਡੇ-ਵੱਡੇ ਵਾਅਦੇ ਕਰਦੇ ਹਨ, ਪਰ ਸੱਤਾ 'ਚ ਆਉਣ ਬਾਅਦ ਕੋਈ ਵੀ ਇਨ੍ਹਾਂ ਦੀ ਸਾਰ ਨਹੀਂ ਲੈਂਦਾ। ਮਜ਼ਦੂਰਾਂ ਦੇ ਬੱਚੇ ਵੀ ਪੀੜ੍ਹੀ-ਦਰ-ਪੀੜ੍ਹੀ ਮਜ਼ਦੂਰੀ ਕਰਨ ਲਈ ਮਜਬੂਰ ਹਨ। ਭਾਵੇਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਵੱਖ-ਵੱਖ ਥਾਵਾਂ 'ਤੇ ਹੁੰਦੇ ਸਮਾਗਮਾਂ 'ਚ ਮਜ਼ਦੂਰਾਂ ਦੀ ਤਰਸਯੋਗ ਹਾਲਤ 'ਤੇ ਚਿੰਤਾ ਪ੍ਰਗਟਾਉਂਦਿਆ ਇਨ੍ਹਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਸਕੀਮਾਂ ਐਲਾਨੀਆਂ ਜਾਂਦੀਆਂ ਹਨ। ਗੈਰ-ਸੰਗਠਿਤ ਖੇਤਰ-ਹੋਟਲਾਂ, ਢਾਬਿਆਂ, ਖੇਤੀਬਾੜੀ, ਭੱਠਿਆਂ, ਸੜਕ ਤੇ ਬਿਲਡਿੰਗ ਨਿਰਮਾਣ, ਠੇਕੇਦਾਰਾਂ ਵਲੋਂ ਕਰਵਾਏ ਜਾ ਰਹੇ ਬਹੁਤੇ ਕੰਮ ਵਿਚ ਲੱਗੇ ਮਜ਼ਦੂਰਾਂ ਦੀ ਭਲਾਈ ਦੇ ਨਾਂਅ 'ਤੇ ਹਰ ਸਾਲ ਕਰੋੜਾਂ ਰੁਪਏ ਖਰਚੇ ਜਾਂਦੇ ਹਨ। ਸਰਕਾਰਾਂ ਮਹਿਲਾ ਮਜ਼ਦੂਰਾਂ, ਬਾਲ ਮਜ਼ਦੂਰਾਂ ਵੱਲ ਵਿਸ਼ੇਸ਼ ਧਿਆਨ ਦੇਣ ਦਾ ਦਾਅਵਾ ਕਰਦੀਆਂ ਹਨ, ਪਰ ਸਾਰੇ ਐਲਾਨ ਤੇ ਸਕੀਮਾਂ ਸਿਰਫ਼ ਕਾਗਜ਼ਾਂ ਤੱਕ ਸੀਮਤ ਰਹਿ ਜਾਂਦੇ ਹਨ ਅਤੇ ਨੇਤਾਵਾਂ ਤੇ ਅਧਿਕਾਰੀਆਂ ਨੂੰ ਪੂਰਾ ਸਾਲ ਕਦੇ ਇਨ੍ਹਾਂ ਦੀ ਯਾਦ ਨਹੀਂ ਆਉਂਦੀ। ਮਜ਼ਦੂਰ ਭਲਾਈ ਵਿਭਾਗ ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਮਜ਼ਦੂਰਾਂ ਦੀ ਲੁੱਟਖਸੁੱਟ ਜਾਰੀ ਹੈ। ਸਰਕਾਰ ਵਲੋਂ ਪੇਂਡੂ ਮਜ਼ਦੂਰਾਂ ਲਈ ਸ਼ੁਰੂ ਕੀਤੀ ਗਈ ਮਨਰੇਗਾ ਯੋਜਨਾ (ਹੁਣ ਜੀ ਰਾਮ ਜੀ) ਅਧਿਕਾਰੀਆਂ ਤੇ ਨੇਤਾਵਾਂ ਦੀ ਮਿਲੀਭੁਗਤ ਕਾਰਨ ਮਜ਼ਦੂਰਾਂ ਨਾਲੋਂ ਅਧਿਕਾਰੀਆਂ ਲਈ ਹੀ ਲਾਹੇਵੰਦ ਸਾਬਿਤ ਹੋ ਰਹੀ ਹੈ।
ਸਰਕਾਰ ਵਲੋਂ ਬਾਲ ਮਜ਼ਦੂਰੀ ਨੂੰ ਗ਼ੈਰਕਾਨੂੰਨੀ ਕਰਾਰ ਦਿੰਦਿਆਂ ਬਾਲ ਮਜ਼ਦੂਰੀ ਕਰਵਾਉਣ ਵਾਲਿਆਂ ਲਈ ਸਜ਼ਾ ਤੇ ਜੁਰਮਾਨਾ ਰੱਖਿਆ ਗਿਆ ਹੈ, ਫਿਰ ਵੀ ਦੇਸ਼ ਭਰ 'ਚ ਧੜੱਲੇ ਨਾਲ ਬਾਲ ਮਜ਼ਦੂਰੀ ਜਾਰੀ ਹੈ। ਹਰ ਸ਼ਹਿਰ ਤੇ ਕਸਬੇ 'ਚ ਬਹੁਤੇ ਢਾਬਿਆਂ, ਭੱਠਿਆਂ, ਸੜਕ ਤੇ ਬਿਲਡਿੰਗ ਨਿਰਮਾਣ ਤੇ ਠੇਕੇਦਾਰਾਂ ਵਲੋਂ ਕਰਵਾਏ ਜਾਂਦੇ ਕੰਮਾਂ ਵਿਚ ਲੱਗੇ ਮਜ਼ਦੂਰਾਂ 'ਚ ਜ਼ਿਆਦਾ ਗਿਣਤੀ ਬਾਲ ਮਜ਼ਦੂਰਾਂ ਦੀ ਹੀ ਹੁੰਦੀ ਹੈ। ਬਾਲ ਮਜ਼ਦੂਰਾਂ ਤੋਂ ਜੋਖਮ ਭਰੇ ਕੰਮ ਕਰਵਾਏ ਜਾਂਦੇ ਹਨ ਤੇ ਉਨ੍ਹਾਂ ਨੂੰ ਮਜ਼ਦੂਰੀ ਨਾ-ਮਾਤਰ ਦਿੱਤੀ ਜਾਂਦੀ ਹੈ। ਸਰਕਾਰਾਂ, ਮਜ਼ਦੂਰ ਯੂਨੀਅਨਾਂ, ਰਾਜਨੀਤਿਕ ਪਾਰਟੀਆ ਵਲੋਂ ਕਰਵਾਏ ਜਾਂਦੇ ਸਭ ਸਮਾਗਮ ਸਿਰਫ਼ ਖਾਨਾਪੂਰਤੀ ਹੀ ਬਣ ਕੇ ਰਹਿ ਜਾਂਦੇ ਹਨ। ਪਿਛਲੇ ਸਮੇਂ ਦੌਰਾਨ ਵਾਪਰੀਆਂ ਅਣਸੁਖਾਵੀਆਂ ਘਟਨਾਵਾਂ ਨੇ ਸਾਬਤ ਕਰ ਦਿੱਤਾ ਹੈ ਕਿ ਸਰਕਾਰਾਂ ਮਜ਼ਦੂਰਾਂ ਦੀ ਸੁਰੱਖਿਆ ਤੇ ਉਨ੍ਹਾਂ ਦੀ ਹਾਲਤ ਲਈ ਕਿੰਨੀਆਂ ਕੁ ਗੰਭੀਰ ਹਨ। ਗੈਰਸੰਗਠਿਤ ਖੇਤਰ ਵਿਚ ਕੰਮ ਕਰਦੇ ਲੱਖਾਂ ਕਰੋੜਾਂ ਮਜ਼ਦੂਰ ਤਾਂ 1 ਮਈ ਦੇ ਮਜ਼ਦੂਰ ਦਿਵਸ ਬਾਰੇ ਕੁਝ ਵੀ ਨਹੀਂ ਜਾਣਦੇ। ਜੇਕਰ ਅਸੀਂ ਸੱਚਮੁੱਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਚਾਹੁੰਦੇ ਹਾਂ ਤਾਂ ਸਾਨੂੰ ਸਭ ਨੂੰ ਮਿਲ ਕੇ ਮਜ਼ਦੂਰਾਂ ਦੀ ਤਰਸਯੋਗ ਹਾਲਤ ਵਿਚ ਸੁਧਾਰ ਲਿਆਉਣ ਲਈ ਸੰਜੀਦਗੀ ਨਾਲ ਸੋਚਣਾ ਹੋਵੇਗਾ। ਦਰਅਸਲ 1 ਮਈ ਦਿਵਸ ਮਨਾਉਣ ਦਾ ਅਸਲ ਮਕਸਦ ਤਾਂ ਹੀ ਪੂਰਾ ਹੋਵੇਗਾ ਜਦੋਂ ਮਜ਼ਦੂਰਾਂ ਦੇ ਹੱਕ ਪੂਰੀ ਤਰ੍ਹਾਂ ਸੁਰੱਖਿਅਤ ਹੋਣਗੇ ਤੇ ਉਨ੍ਹਾਂ ਦੀ ਹੋ ਰਹੀ ਲੁੱਟ-ਖਸੁੱਟ ਬੰਦ ਹੋਵੇਗੀ।ਸਰਕਾਰ ਮਜ਼ਦੂਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਿਹਤ ਤੇ ਕੰਮ ਦੀ ਗਾਰੰਟੀ ਸੰਬੰਧੀ ਠੋਸ ਨੀਤੀਆਂ ਬਣਾਉਣ ਤੋਂ ਇਲਾਵਾ ਉਨ੍ਹਾਂ ਦੇ ਬੱਚਿਆਂ ਲਈ ਮਿਆਰੀ ਤੇ ਉੱਚ ਸਿੱਖਿਆ ਦੇਣ ਲਈ ਕੋਈ ਕਾਨੂੰਨ ਲੈ ਕੇ ਆਵੇ। ਕਿਸੇ ਵੀ ਦੇਸ਼ ਦੀ ਬੁਨਿਆਦ ਉੱਥੋਂ ਦੇ ਮਜ਼ਦੂਰਾਂ 'ਤੇ ਟਿਕੀ ਹੁੰਦੀ ਹੈ, ਇਸ ਲਈ ਮਜ਼ਦੂਰ ਵਰਗ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਲੈਨਿਨ ਨੇ ਰੂਸ 'ਚ ਮਜ਼ਦੂਰ ਜਮਾਤ ਨਾਲ ਸਰਮਾਏਦਾਰੀ ਪ੍ਰਬੰਧ ਵਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਲਾਮਬੰਦ ਹੋ ਕੇ ਤਿੱਖਾ ਸੰਘਰਸ਼ ਕਰਦਿਆਂ ਸਰਮਾਏਦਾਰੀ ਪ੍ਰਬੰਧ ਨੂੰ ਉਖਾੜ ਕੇ ਮਜ਼ਦੂਰ ਜਮਾਤ ਦਾ ਰਾਜ ਸਥਾਪਤ ਕੀਤਾ ਸੀ। ਪਰ ਸਾਡੇ ਦੇਸ਼ ਵਿਚ ਮਜ਼ਦੂਰ ਵਰਗ ਕਦੋਂ ਮਜ਼ਬੂਤ ਹੋਵੇਗਾ? ਇਹ ਸਭ ਤੋਂ ਵੱਡਾ ਸਵਾਲ ਹੈ।

-16-ਏ ਫੋਕਲ ਪੁਆਇੰਟ ਰਾਜਪੁਰਾ
ਮੋਬਾਈਲ : 88376-46099

ਪਿਛਲੀ ਖ਼ਬਰ ਕੀ ਰਾਜ ਸਭਾ ਦੇ ਮੈਂਬਰਾਂ ਦੀ ਦਲਬਦਲੀ-ਪੰਜਾਬ ਸਰਕਾਰ ਦੀ ਸਥਿਰਤਾ ਨੂੰ ਪ੍ਰਭਾਵਿਤ ਕਰੇਗੀ? ਅਗਲੀ ਖ਼ਬਰ ਸਿੱਖ ਇਤਿਹਾਸ ਵਿਚ ਵਿਸ਼ੇਸ਼ ਅਹਿਮੀਅਤ ਰੱਖਦਾ ਹੈ ਕੀਰਤਪੁਰ ਸਾਹਿਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।