ਦੇਸ਼ ਦੀ ਰਾਜਧਾਨੀ ਦਿੱਲੀ ਦੇ ਇਕ ਵੱਡੇ ਹੋਟਲ 'ਚ ਵਾਪਰੇ ਅਗਨੀ-ਕਾਂਡ ਨੇ ਇਕ ਪਾਸੇ ਜਿੱਥੇ ਮਨੁੱਖੀ ਕੁਤਾਹੀਆਂ ਕਾਰਨ ਹੋਣ ਵਾਲੀਆਂ ਦੁਰਘਟਨਾਵਾਂ ਦੀ ਗਿਣਤੀ 'ਚ ਹੋਰ ਵਾਧਾ ਕੀਤਾ ਹੈ, ਉੱਥੇ ਪ੍ਰਸ਼ਾਸਨਿਕ ਪੱਧਰ 'ਤੇ ਫੈਲੇ ਵਿਆਪਕ ਭ੍ਰਿਸ਼ਟਾਚਾਰ ਦੀ ਇਕ ਹੋਰ ਉਦਾਹਰਣ ਨੂੰ ਵੀ ਸਾਹਮਣੇ ਲਿਆਂਦਾ ਹੈ। ਇਸ ਅਗਨੀ-ਕਾਂਡ 'ਚ ਹੁਣ ਤੱਕ 22 ਲੋਕਾਂ ਦੀ ਸੜ ਜਾਣ ਜਾਂ ਸਾਹ ਘੁਟਣ ਨਾਲ ਮੌਤ ਹੋ ਚੁੱਕੀ ਹੈ, ਮਰਨ ਵਾਲਿਆਂ 'ਚ 12 ਵਿਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ। ਅੱਗ ਲੱਗਣ ਨਾਲ ਫੈਲੇ ਧੂੰਏਂ ਕਾਰਨ ਪਈ ਭਾਜੜ ਤੇ ਸਾਹ ਘੁਟਣ ਨਾਲ ਲਗਭਗ 20 ਲੋਕ ਜ਼ਖਮੀ ਵੀ ਹੋਏ ਹਨ, ਜਿਨ੍ਹਾਂ 'ਚੋਂ ਬਹੁਤਿਆਂ ਦੀ ਹਾਲਤ ਗੰਭੀਰ ਹੋਣ ਕਰਕੇ ਉਨ੍ਹਾਂ ਨੂੰ ਆਈ.ਸੀ.ਯੂ. 'ਚ ਰੱਖਿਆ ਗਿਆ ਹੈ। ਇਸ ਦੌਰਾਨ ਬਚਾਅ ਕਾਰਜਾਂ 'ਚ ਲੱਗੇ 10 ਕਰਮਚਾਰੀ ਵੀ ਜ਼ਖ਼ਮੀ ਹੋਏ ਸਨ। ਇਸ ਦੁਖਦਾਈ ਘਟਨਾ 'ਚ ਮਾਰੇ ਗਏ ਭਾਰਤੀਆਂ 'ਚੋਂ 7 ਗੁੜਗਾਉਂ ਦੇ ਇਕੋ ਪਰਿਵਾਰ ਨਾਲ ਸੰਬੰਧਿਤ ਹਨ, ਜੋ ਆਪਣੇ ਕਿਸੇ ਕਰੀਬੀ ਦਾ ਹਾਲਚਾਲ ਪੁੱਛਣ ਲਈ ਦਿੱਲੀ ਗਏ ਸਨ ਤੇ ਇਸ ਹੋਟਲ 'ਚ ਠਹਿਰੇ ਹੋਏ ਸਨ। ਇਸ ਅਗਨੀ-ਕਾਂਡ ਦੀ ਤੀਬਰਤਾ ਦਾ ਅੰਦਾਜ਼ਾ ਇਸ ਤੱਥ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਅੱਗ 'ਚ ਸੜ ਕੇ ਮਰਨ ਵਾਲਿਆਂ 'ਚੋਂ ਬਹੁਤਿਆਂ ਦੀ ਸ਼ਨਾਖਤ ਤੱਕ ਨਹੀਂ ਹੋ ਸਕੀ। ਕਈ ਮ੍ਰਿਤਕਾਂ ਦਾ ਸਰੀਰ ਤਾਂ ਸਿਰਫ਼ ਹੱਡੀਆਂ ਦਾ ਢਾਂਚਾ ਬਣ ਕੇ ਰਹਿ ਗਿਆ ਹੈ। ਅੱਗ ਲੱਗਣ 'ਤੇ ਹੋਟਲ ਦੇ ਕਮਰਿਆਂ 'ਚ ਸੰਘਣਾ ਧੂੰਆਂ ਭਰਨ ਬਾਅਦ ਕਈ ਔਰਤਾਂ ਤੇ ਮਰਦਾਂ ਨੇ ਤਾਂ ਖਿੜਕੀਆਂ ਤੋਂ ਹੇਠਾਂ ਛਾਲ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ ਹਨ। ਇਕ ਦਲੇਰ ਔਰਤ ਨੇ ਤਾਂ ਖੁਦ ਤੇ ਆਪਣੇ ਬੱਚੇ ਨੂੰ ਬਚਾਉਣ ਲਈ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸ ਦੁਰਘਟਨਾ ਦੌਰਾਨ ਮਾਨਵੀ ਸੰਵੇਦਨਾ ਦਾ ਇਕ ਸੁਖਦ ਪੱਖ ਵੀ ਸਾਹਮਣੇ ਆਇਆ ਹੈ, ਅੱਗ ਬੁਝਾਊ ਵਿਭਾਗ ਦੇ ਘਟਨਾ ਸਥਾਨ 'ਤੇ ਪਹੁੰਚਣ ਤੋਂ ਪਹਿਲਾਂ ਹੀ ਬਚਾਅ ਕਾਰਜਾਂ 'ਚ ਲੱਗੇ ਲੋਕਾਂ ਨੇ ਜ਼ਮੀਨ 'ਤੇ ਮੋਟੇ ਗੱਦੇ ਵਿਛਾ ਦਿੱਤੇ ਸਨ ਤਾਂ ਜੋ ਹੋਟਲ ਤੋਂ ਛਾਲਾਂ ਮਾਰਨ ਵਾਲਿਆਂ ਨੂੰ ਸੱਟ-ਚੋਟ ਤੋਂ ਬਚਾਇਆ ਜਾ ਸਕੇ।
ਇਸ ਅਗਨੀ-ਕਾਂਡ ਦੌਰਾਨ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਵੱਡੀ ਵਜ੍ਹਾ ਇਹ ਰਹੀ ਕਿ ਹੋਟਲ ਮਾਲਕਾਂ ਤੇ ਪ੍ਰਬੰਧਕਾਂ ਨੇ ਇਸ ਹੋਟਲ ਦੇ ਤਹਿਖਾਨੇ ਤੱਕ ਵਿਚ ਉਸਾਰੀ ਨਿਯਮਾਂ ਦੀ ਉਲੰਘਣਾ ਕਰ ਕੇ ਕਮਰੇ ਬਣਾਏ ਹੋਏ ਸਨ। ਇਸ ਤੋਂ ਇਲਾਵਾ ਹੋਟਲ ਦੀ ਸੁਰੱਖਿਆ ਵਿਵਸਥਾ ਮਾੜੀ ਸੀ ਅਤੇ ਬਾਹਰ ਨਿਕਲਣ ਲਈ ਵੀ ਬਹੁਤ ਸੀਮਤ ਪ੍ਰਬੰਧ ਸਨ। ਹੇਠਲੀ ਮੰਜ਼ਿਲ ਤੇ ਤਹਿਖਾਨੇ 'ਚ ਧੂੰਆਂ ਭਰ ਜਾਣ ਮਗਰੋਂ ਲੋਕਾਂ ਨੂੰ ਭੱਜ ਕੇ ਬਚਣ ਲਈ ਕੋਈ ਰਸਤਾ ਨਹੀਂ ਮਿਲਿਆ। ਫਿਰ ਵੀ ਬਚਾਅ ਵਿਚ ਲੱਗੇ ਲੋਕਾਂ ਤੇ ਸੁਰੱਖਿਆ ਕਰਮਚਾਰੀਆਂ ਨੇ ਮਿਲ ਕੇ ਲਗਭਗ 40 ਲੋਕਾਂ ਨੂੰ ਸੁਰੱਖਿਅਤ ਬਚਾਉਣ ਵਿਚ ਸਫ਼ਲਤਾ ਹਾਸਿਲ ਕੀਤੀ। ਹੋਟਲ ਵਿਚ ਅੱਗ ਕਿਉਂ ਤੇ ਕਿਵੇਂ ਲੱਗੀ, ਇਸ ਦਾ ਪਤਾ ਤਾਂ ਮੈਜਿਸਟ੍ਰੇਟੀ ਜਾਂਚ ਤੋਂ ਬਾਅਦ ਹੀ ਲੱਗੇਗਾ ਪਰ ਹੋਟਲ ਪ੍ਰਬੰਧਕਾਂ ਦੇ ਨਾਲ ਪ੍ਰਸ਼ਾਸਨਿਕ ਤੰਤਰ ਦੀ ਮਿਲੀਭੁਗਤ ਦੇ ਕਈ ਪ੍ਰਮਾਣ ਇਕੱਠੇ ਸਾਹਮਣੇ ਆਏ ਹਨ। ਸਭ ਤੋਂ ਵੱਡਾ ਪ੍ਰਮਾਣ ਤਾਂ ਇਹ ਕਿ ਹੋਟਲ ਲਈ ਮੁਢਲੀ ਮਨਜ਼ੂਰੀ ਸਿਰਫ਼ 6 ਕਮਰਿਆਂ ਦੀ ਸੀ ਪਰ ਪ੍ਰਬੰਧਕਾਂ ਨੇ ਰਿਸ਼ਵਤ ਦੇ ਕੇ 6 ਮੰਜ਼ਿਲਾਂ ਤੱਕ ਇਮਾਰਤ ਖੜ੍ਹੀ ਕਰ ਲਈ, ਜਿਸ ਵਿਚ 25 ਕਮਰੇ ਤੱਕ ਬਣਾ ਲਏ ਗਏ। ਪ੍ਰਸ਼ਾਸਨਿਕ ਤੰਤਰ ਨੇ ਇੰਨੀ ਵੱਡੀ ਇਮਾਰਤ ਵਿਚ ਬਚਾਅ ਤੇ ਅੱਗ ਬੁਝਾਉਣ ਦੀ ਪੂਰੀ ਵਿਸਵਥਾ ਦੀ ਕਦੇ ਵੀ ਜਾਂਚ ਨਹੀਂ ਕੀਤੀ ਸੀ। ਹੋਟਲ ਪ੍ਰਬੰਧਨ ਕੋਲ 'ਕੋਈ ਇਤਰਾਜ਼ ਨਹੀਂ' ਸਰਟੀਫਿਕੇਟ ਵੀ ਨਹੀਂ ਸੀ ਅਤੇ ਹੋਟਲ ਦੇ ਸਾਰੇ ਨਿਰਮਾਣ ਕਾਰਜ ਗ਼ੈਰ-ਕਾਨੂੰਨੀ ਢੰਗ ਨਾਲ ਕੀਤੇ ਗਏ ਸਨ।
ਅਸੀਂ ਸਮਝਦੇ ਹਾਂ ਕਿ ਬੇਸ਼ੱਕ ਇਸ ਅਗਨੀ ਕਾਂਡ ਦੀ ਮੈਜਿਸਟ੍ਰੇਟੀ ਜਾਂਚ ਅਤੇ ਪੀੜਤਾਂ ਦੇ ਉੱਚਿਤ ਇਲਾਜ ਲਈ ਹੁਕਮ ਜਾਰੀ ਕਰ ਦਿੱਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ਦੇ ਪੀੜਤ ਪਰਿਵਾਰਾਂ ਲਈ ਆਪਣੀ ਸੰਵੇਦਨਾ ਵੀ ਪ੍ਰਗਟ ਕੀਤੀ ਹੈ। ਦਿੱਲੀ ਦੇ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਨੇ ਵੀ ਦਿੱਲੀ ਦੇ ਕਾਫ਼ੀ ਸੰਸਥਾਨਾਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ, ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਅਜਿਹੀ ਹੋਸ਼ ਅਕਸਰ ਪ੍ਰਸ਼ਾਸਨਿਕ ਤੰਤਰ ਨੂੰ ਵੱਡਾ ਮਨੁੱਖੀ ਨੁਕਸਾਨ ਹੋਣ ਤੋਂ ਬਾਅਦ ਹੀ ਕਿਉਂ ਆਉਂਦੀ ਹੈ। ਦੇਸ਼ ਦੇ ਵੱਖ-ਵੱਖ ਹਿੱਸਿਆ ਤੇ ਰਾਸ਼ਟਰੀ ਰਾਜਧਾਨੀ ਖੇਤਰ ਵਿਚ ਵੀ ਅਜਿਹੇ ਹਾਦਸੇ ਹੁੰਦੇ ਰਹਿੰਦੇ ਹਨ। ਦਿੱਲੀ ਵਾਲੀ ਘਟਨਾ ਦੇ ਅਗਲੇ ਹੀ ਦਿਨ ਮੁਜ਼ੱਫਰਪੁਰ (ਬਿਹਾਰ) ਦੇ ਇਕ ਨਿੱਜੀ ਹਸਪਤਾਲ ਦੇ ਆਈ.ਸੀ.ਯੂ. ਵਿਚ ਲੱਗੀ ਅੱਗ ਨਾਲ ਪੰਜ ਲੋਕ ਮਾਰੇ ਗਏ ਤੇ ਬਹੁਤ ਸਾਰੇ ਜ਼ਖ਼ਮੀ ਹੋ ਗਏ। ਦੇਸ਼ ਦੇ ਜੰਗਲਾਂ ਵਿਚ ਵੀ ਗਰਮੀਆਂ ਦੇ ਮੌਸਮ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ।
ਹਿਮਾਚਲ ਦੇ ਸੋਲਨ ਤੋਂ ਕਸ਼ਮੀਰ ਦੇ ਰਾਮ ਵਣ ਤੱਕ ਗਰਮੀ ਦੇ ਮੌਸਮ ਵਿਚ ਅਕਸਰ ਜੰਗਲ ਸੜਦੇ ਰਹਿੰਦੇ ਹਨ ਪਰ ਇਨ੍ਹਾਂ ਵਿਚੋਂ ਬਹੁਤੀਆਂ ਘਟਨਾਵਾਂ ਲਈ ਪ੍ਰਸ਼ਾਸਨਿਕ ਕੁਤਾਹੀ, ਭ੍ਰਿਸ਼ਟਾਚਾਰ ਤੇ ਸਭ ਤੋਂ ਵੱਧ ਭ੍ਰਿਸ਼ਟ ਤੰਤਰ ਦੀ ਲਾਪ੍ਰਵਾਹੀ ਜ਼ਿੰਮੇਦਾਰ ਹੁੰਦੀ ਹੈ। ਅਸੀਂ ਸਮਝਦੇ ਹਾਂ ਕਿ ਦਿੱਲੀ ਦੀ ਇਸ ਵੱਡੀ ਘਟਨਾ ਤੋਂ ਜ਼ਰੂਰ ਸਬਕ ਲਿਆ ਜਾਣਾ ਚਾਹੀਦਾ ਹੈ। ਦਿੱਲੀ ਵਿਚ ਖ਼ਾਸ ਕਰਕੇ ਵੱਡੇ ਸਿੱਖਿਆ ਸੰਸਥਾਨਾਂ, ਸਿਹਤ ਕੇਂਦਰਾਂ, ਹੋਟਲਾਂ, ਹਸਪਤਾਲਾਂ ਤੇ ਹੋਰ ਅਜਿਹੇ ਕੇਂਦਰਾਂ ਵਿਚ ਵੱਡੇ ਪੱਧਰ 'ਤੇ ਨਿਰੀਖਣ ਕਰਕੇ ਸਖ਼ਤੀ ਨਾਲ ਸੁਰੱਖਿਆ ਨਿਯਮਾਂ-ਕਾਨੂੰਨਾਂ ਦੀ ਪਾਲਣਾ ਕਰਵਾਈ ਜਾਣੀ ਚਾਹੀਦੀ ਹੈ। ਜਿੱਥੇ-ਜਿੱਥੇ ਭ੍ਰਿਸ਼ਟਾਚਾਰ ਦਿਖਾਈ ਦੇਵੇ, ਉੱਥੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸੇ ਤਰ੍ਹਾਂ ਦੇ ਯਤਨਾਂ ਨਾਲ ਹੀ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕਦਾ ਹੈ।
ਦਿੱਲੀ ਅਗਨੀ-ਕਾਂਡ ਦਾ ਦੁਖਾਂਤ
ਅਜੀਤ ਡੈਸਕ
05-06-2026