ਗ਼ਰੂਰ-ਏ-ਹਿਕਮਤ-ਓ-ਦਾਨਿਸ਼ ਮੇਂ ਝੂਮਨੇ ਵਾਲੋ,
ਕੁਛ ਅਹਿਲ-ਏ-ਦਿਲ ਭੀ ਇਸੀ ਖ਼ਾਕ-ਦਾਂ ਮੇਂ ਰਹਤੇ ਹੈਂ।
(ਕਤੀਲ ਸ਼ਿਫਾਈ)
(ਗ਼ਰੂਰ-ਏ-ਹਿਕਮਤ-ਓ-ਦਾਨਿਸ਼=ਅਕਲ ਤੇ ਜਾਣਕਾਰੀ ਦਾ ਹੰਕਾਰ, ਖ਼ਾਕ-ਦਾਂ=ਦੁਨੀਆ, ਧਰਤੀ)
ਰਾਜਨੀਤੀ ਵਿਚ ਕੋਈ ਵੀ ਕਦਮ ਜਾਂ ਚਾਲ ਬਿਨਾਂ ਉਦੇਸ਼ ਤੋਂ ਨਹੀਂ ਹੁੰਦੀ, ਪਰ ਹਰ ਚਾਲ ਨੂੰ ਸਮਝਣਾ ਵੀ ਸੌਖਾ ਨਹੀਂ ਹੁੰਦਾ। ਖ਼ੈਰ, ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਤਾਜਪੋਸ਼ੀ ਦੇ ਸਮਾਰੋਹ ਵਿਚ ਹੈਰਾਨੀਜਨਕ ਤੌਰ 'ਤੇ ਮਹਾਰਾਜਾ ਰਣਜੀਤ ਸਿੰਘ ਦੀ ਫੋਟੋ ਦੀ ਨੁਮਾਇਸ਼ ਤੇ ਉਹ ਫੋਟੋ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਭਾਜਪਾ ਨੇਤਾਵਾਂ ਦੀਆਂ ਤਸਵੀਰਾਂ ਤੋਂ ਕਿਤੇ ਵੱਡੀ ਲਾਉਣੀ ਕਈ ਸੰਕੇਤਾਂ ਤੇ ਸਵਾਲਾਂ ਵੱਲ ਇਸ਼ਾਰਾ ਕਰ ਗਈ ਹੈ। ਬੇਸ਼ੱਕ ਭਾਜਪਾ ਇਸ ਵੇਲੇ 2027 ਦੀਆਂ ਚੋਣਾਂ ਦੀਆਂ ਤਿਆਰੀਆਂ ਵਿਚ ਰੁੱਝੀ ਹੋਈ ਹੈ, ਪਰ ਇਸ ਤਸਵੀਰ ਦੇ ਪ੍ਰਤੀਕ ਨੂੰ ਵਰਤਣਾ ਇਕ ਆਮ ਰਾਜਨੀਤਕ ਸੰਕੇਤ ਨਹੀਂ ਹੋ ਸਕਦਾ, ਸਗੋਂ ਇਹ ਭਾਜਪਾ ਦੀ ਪੰਜਾਬ ਪ੍ਰਤੀ ਇਕ ਦਲੇਰਾਨਾ ਚਾਲ ਵੱਲ ਇਸ਼ਾਰਾ ਕਰਦਾ ਹੈ। ਇਸ ਤੋਂ ਸਾਫ਼ ਪ੍ਰਭਾਵ ਮਿਲਦਾ ਹੈ ਕਿ ਭਾਜਪਾ ਤੇ ਆਰ.ਐਸ.ਐਸ. ਨੇ ਪੰਜਾਬ ਤੇ ਸਿੱਖ ਭਾਈਚਾਰੇ ਲਈ ਇਕ ਵੱਖਰੀ ਪਹੁੰਚ ਅਪਣਾਉਣ ਦਾ ਫ਼ੈਸਲਾ ਬਹੁਤ ਕੁਝ ਸੋਚ-ਵਿਚਾਰ ਕੇ ਲਿਆ ਹੈ।
ਇਸ ਵਿਚ ਸਭ ਤੋਂ ਪਹਿਲਾ ਤੇ ਸਪੱਸ਼ਟ ਨਿਸ਼ਾਨਾ ਸਿੱਖਾਂ ਵਿਚੋਂ ਭਾਜਪਾ ਦਾ ਵਿਰੋਧ ਘਟਾਉਣਾ ਅਤੇ ਇਕ ਨਵਾਂ ਅਕਸ ਬਣਾਉਣਾ ਹੈ। ਕਿਉਂਕਿ ਵੱਖ-ਵੱਖ ਕਾਰਨਾਂ ਤੋਂ ਬਿਨਾਂ ਆਰ.ਐਸ.ਐਸ. ਤੇ ਭਾਜਪਾ ਦੀ ਹਿੰਦੂ ਰਾਸ਼ਟਰ ਦੀ ਭਾਵਨਾ ਕਰਕੇ ਸਿੱਖ ਭਾਈਚਾਰੇ ਦਾ ਵੱਡਾ ਹਿੱਸਾ ਭਾਜਪਾ ਨੂੰ ਆਪਣੀ ਧਾਰਮਿਕ ਪਛਾਣ ਲਈ ਖਤਰਾ ਸਮਝਦਾ ਹੈ, ਜੋ ਖਾਸ ਕਰ ਕਿਸਾਨ ਅੰਦੋਲਨ ਅਤੇ ਅਕਾਲੀ ਦਲ ਦੇ ਭਾਜਪਾ ਨਾਲ ਤੋੜ-ਵਿਛੋੜੇ ਤੋਂ ਬਾਅਦ ਬਹੁਤ ਵਧਿਆ ਹੈ। ਇਸ ਤੋਂ ਅਕਾਲੀ ਦਲ ਬਾਦਲ ਨਾਲ ਭਾਜਪਾ ਦੇ ਸਮਝੌਤੇ ਦੇ ਆਸਾਰ ਵੀ ਘਟਦੇ ਹੀ ਨਜ਼ਰ ਆ ਰਹੇ ਹਨ। ਉਂਜ ਵੀ ਚੋਣਾਂ ਤੋਂ 7-8 ਮਹੀਨੇ ਪਹਿਲਾਂ ਪੰਜਾਬ ਭਾਜਪਾ ਦੀ ਵਾਗਡੋਰ ਇਕ ਜੱਟ ਸਿੱਖ ਨੇਤਾ ਨੂੰ ਸੌਂਪਣਾ ਅਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਸਰਬ ਸਾਂਝਾ ਰਾਜ ਦੇਣ ਦਾ ਵਾਅਦਾ ਕਰਨਾ ਇਹ ਪ੍ਰਭਾਵ ਦਿੰਦਾ ਹੈ ਕਿ ਭਾਜਪਾ ਪੰਜਾਬ ਵਿਚ ਸਾਰੇ ਦੇਸ਼ ਵਿਚ ਅਤੇ ਪੱਛਮੀ ਬੰਗਾਲ ਵਿਚ ਅਪਣਾਈ ਚੋਣ ਰਣਨੀਤੀ ਨਾਲੋਂ ਵੱਖਰੀ ਰਣਨੀਤੀ ਤੇ ਕੰਮ ਕਰੇਗੀ। ਬੇਸ਼ੱਕ ਐਸ.ਆਈ.ਆਰ. ਤੇ ਹੋਰ ਤਕਨੀਕੀ ਤਿਆਰੀਆਂ ਤਾਂ ਉਸੇ ਤਰ੍ਹਾਂ ਹੀ ਕੀਤੀਆਂ ਜਾਣਗੀਆਂ, ਪਰ ਭਾਜਪਾ ਜਿਸ ਤਰ੍ਹਾਂ ਪੂਰੇ ਦੇਸ਼ ਦੇ ਹਿੰਦੂਆਂ ਨੂੰ ਮੁਸਲਿਮ ਘੱਟ ਗਿਣਤੀ ਤੋਂ ਖਤਰੇ ਦਾ ਡਰ ਦਿਖਾ ਕੇ ਇਕੱਠੇ ਕਰਦੀ ਹੈ, ਉਸ ਤਰ੍ਹਾਂ ਪੰਜਾਬ ਵਿਚ ਸਿੱਖ ਘੱਟ ਗਿਣਤੀ ਤੋਂ ਹਿੰਦੂਆਂ ਨੂੰ ਖਤਰਾ ਨਹੀਂ ਦਿਖਾਏਗੀ, ਸਗੋਂ ਸਹਿਹੋਂਦ ਤੇ ਹਿੰਦੂ ਸਿੱਖ ਏਕਤਾ ਨੂੰ ਉਭਾਰਨ ਤੇ ਸਾਰੀਆਂ ਜਾਤ ਬਰਾਦਰੀਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਦੀ ਨਜ਼ਰ ਆਏਗੀ।
ਪਰ ਭਾਜਪਾ ਤੇ ਆਰ.ਐਸ.ਐਸ. ਹਮੇਸ਼ਾ ਲੰਮੇ ਸਮੇਂ ਦੀ ਰਣਨੀਤੀ 'ਤੇ ਕੰਮ ਕਰਦੇ ਹਨ, ਭਾਜਪਾ ਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਯਾਦ ਤੇ ਗੌਰਵ ਨੂੰ ਜਗਾ ਕੇ ਸਿੱਖਾਂ ਵਿਚ ਇਹ ਅਹਿਸਾਸ ਮਜ਼ਬੂਤ ਕੀਤਾ ਜਾਵੇਗਾ ਕਿ ਸਿੱਖਾਂ ਦੀ ਸਲਤਨਤ 'ਤੇ ਤਾਂ ਹੁਣ ਪਾਕਿਸਤਾਨ ਦਾ ਕਬਜ਼ਾ ਹੈ, ਇਸ ਨਾਲ ਸਿੱਖਾਂ ਵਿਚ ਪਾਕਿਸਤਾਨੀ ਸਰਕਾਰ ਅਤੇ ਫ਼ੌਜ ਨਾਲ ਮੋਹ ਨਹੀਂ, ਸਗੋਂ ਨਫ਼ਰਤ ਦੀ ਭਾਵਨਾ ਨੂੰ ਵੀ ਉਭਾਰਿਆ ਜਾ ਸਕਦਾ ਹੈ ਅਤੇ ਇਕ ਨਵੇਂ ਪੰਜਾਬ ਦੀ ਦ੍ਰਿਸ਼ਟੀ ਵੀ ਉਭਾਰੀ ਜਾ ਸਕਦੀ ਹੈ, ਇਸ ਪਿੱਛੇ ਭਾਜਪਾ ਅਤੇ ਆਰ.ਐਸ.ਐਸ. ਦੀ ਅਖੰਡ ਭਾਰਤ ਦੀ ਭਾਵਨਾ ਵੀ ਛਿਪੀ ਹੋਈ ਜਾਪਦੀ ਹੈ ਤੇ ਇਹ ਤਸਵੀਰ ਅਛੋਪਲੇ ਜਿਹੇ ਹੀ ਪਾਕਿਸਤਾਨ ਨੂੰ ਇਕ ਸੰਦੇਸ਼ ਦਿੰਦੀ ਹੈ ਕਿ ਭਾਰਤ ਵਿਚ ਹਿੰਦੂ ਸਿੱਖ ਇਕ ਮਜ਼ਬੂਤ ਗੱਠਬੰਧਨ ਹੈ। ਹਾਲਾਂਕਿ ਅਖੰਡ ਭਾਰਤ ਦੀ ਭਾਵਨਾ ਦੇ ਬਾਵਜੂਦ ਭਾਜਪਾ ਕਦੇ ਪਾਕਿਸਤਾਨ ਤੇ ਬੰਗਲਾਦੇਸ਼ ਨੂੰ ਅਮਲੀ ਤੌਰ 'ਤੇ ਭਾਰਤ ਨਾਲ ਮਿਲਾਉਣ (ਇਲਹਾਕ) ਲਈ ਤਿਆਰ ਨਹੀਂ ਹੋ ਸਕਦੀ, ਕਿਉਂਕਿ ਇਸ ਤਰ੍ਹਾਂ ਤਾਂ ਦੇਸ਼ ਵਿਚ ਮੁਸਲਿਮ ਆਬਾਦੀ ਤੇ ਵੋਟ ਭਾਜਪਾ ਲਈ ਖ਼ਤਰਨਾਕ ਹੱਦ ਤੱਕ ਵਧ ਜਾਵੇਗੀ। ਪਰ ਇਸ ਤਰ੍ਹਾਂ ਦੀ ਰਾਜਨੀਤੀ ਸਿੱਖਾਂ ਵਿਚ ਪਾਕਿਸਤਾਨੀ ਇਲਾਕਿਆਂ ਪ੍ਰਤੀ ਭਾਵਨਾਤਮਿਕ ਮੋਹ ਤੇ ਦਾਅਵੇ ਜਗਾ ਸਕਦੀ ਹੈ, ਜਿਸ ਨਾਲ ਸਿੱਖਾਂ ਦੇ ਇਕ ਹਿੱਸੇ ਵਿਚ ਖ਼ਾਲਿਸਤਾਨ ਪ੍ਰਤੀ ਮੋਹ ਦਾ ਰੁਖ਼ ਬਦਲਿਆ ਜਾ ਸਕਦਾ ਹੈ ਤੇ ਇਹ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰਵਾਦੀ ਏਜੰਡੇ ਨਾਲ ਸਿੱਖ ਇਤਿਹਾਸ ਨੂੰ ਜੋੜਨ ਦੀ ਇਕ ਕੋਸ਼ਿਸ਼ ਜਾਪਦੀ ਹੈ। ਭਾਵੇਂ ਇਹ ਬਹੁਤ ਲੰਮੇ ਸਮੇਂ ਦੀ ਸੋਚ ਵਾਲੀ ਰਾਜਨੀਤੀ ਜਾਪਦੀ ਹੈ, ਪਰ ਯਾਦ ਰੱਖਣਾ ਚਾਹੀਦਾ ਹੈ ਕਿ ਆਰ.ਐਸ.ਐਸ. ਨੇ ਭਾਰਤ ਦੀ ਹਕੂਮਤ 'ਤੇ ਕਬਜ਼ਾ ਕਰਨ ਲਈ 90 ਸਾਲ ਲੰਮਾ ਸੰਘਰਸ਼ ਕੀਤਾ ਹੈ। ਇਸ ਨਾਲ ਸਿੱਖਾਂ ਵਿਚ ਇਹ ਅਹਿਸਾਸ ਵੀ ਜਗਾਇਆ ਜਾਵੇਗਾ ਕਿ ਸਿੱਖ ਇਤਿਹਾਸ ਵਿਦੇਸ਼ੀ ਮੁਸਲਿਮ ਹਮਲਾਵਰਾਂ ਦੇ ਵਿਰੁੱਧ ਲੜਾਈ ਦਾ ਇਤਿਹਾਸ ਹੈ।
ਗੌਰਤਲਬ ਹੈ ਕਿ ਆਰ.ਐਸ.ਐਸ. ਲੰਮਾ ਸਮਾਂ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਮੰਨਦਾ ਰਿਹਾ ਹੈ, ਪਰ ਹੁਣ ਆਰ.ਐਸ.ਐਸ. ਤੇ ਭਾਜਪਾ ਦੀ ਰਣਨੀਤੀ ਬਦਲ ਰਹੀ ਜਾਪਦੀ ਹੈ। ਉਹ ਸਿੱਖ ਚਿਹਰਿਆਂ ਤੇ ਸਿੱਖ ਪ੍ਰਤੀਕਾਂ ਨੂੰ ਅੱਗੇ ਲਿਆ ਕੇ ਸਿੱਖਾਂ ਤੇ ਪੰਜਾਬੀਆਂ ਦੇ ਸੱਭਿਆਚਾਰ ਨੂੰ ਸਥਾਨਕ ਤੌਰ 'ਤੇ ਉਭਾਰ ਕੇ ਉਨ੍ਹਾਂ ਦੇ ਮਨਾਂ ਵਿਚ ਬੈਠਿਆ ਇਹ ਅਹਿਸਾਸ ਕਿ ਭਾਜਪਾ ਦਾ ਹਿੰਦੂਤਵ ਸਿੱਖਾਂ ਨੂੰ ਵੀ ਜੈਨੀਆਂ ਤੇ ਬੋਧੀਆਂ ਵਾਂਗ ਆਪਣੇ ਵਿਚ ਸਮੋ ਲਵੇਗਾ, ਨੂੰ ਖ਼ਤਮ ਕਰਨਾ ਚਾਹੇਗੀ।
ਭਾਵੇਂ ਇਹ ਸਾਰੇ ਕਾਰਨ ਭਾਜਪਾ ਤੇ ਆਰ.ਐਸ.ਐਸ. ਦੀ ਲੰਮੇ ਸਮੇਂ ਦੀ ਰਾਜਨੀਤੀ ਤੇ ਰਣਨੀਤੀ ਦਾ ਹਿੱਸਾ ਹੋਣ, ਪਰ ਫੌਰੀ ਕਾਰਨ ਤਾਂ 2027 ਦੀ ਚੋਣ ਹੀ ਹੈ ਕਿਉਂਕਿ ਭਾਜਪਾ ਦਾ ਨਿਸ਼ਾਨਾ ਪੰਜਾਬ ਵਿਚ ਸਰਕਾਰ ਬਣਾਉਣਾ ਜਾਂ ਘੱਟੋ-ਘੱਟ ਮੁੱਖ ਵਿਰੋਧੀ ਪਾਰਟੀ ਬਣਨਾ ਹੈ। ਇਸ ਲਈ ਜਿਥੇ ਵੱਡੇ ਪੱਧਰ 'ਤੇ ਦਲਬਦਲੀ, ਡੇਰਿਆਂ ਦੀ ਹਮਾਇਤ, ਐਸ.ਆਈ.ਆਰ., ਸਿੱਖ ਭਾਈਚਾਰੇ ਵਿਚ ਜੱਟ ਤੇ ਗ਼ੈਰ-ਜੱਟ ਦੀ ਵੰਡ, ਸਿੱਖ ਵੋਟਾਂ ਦੇ ਖਿੰਡਾਅ ਤੋਂ ਇਲਾਵਾ ਭਾਜਪਾ ਸ਼ਾਮ-ਦਾਮ-ਦੰਡ-ਭੇਦ ਦਾ ਹਰ ਤਰੀਕਾ ਵਰਤੇਗੀ।
ਪਰ ਫਿਰ ਵੀ ਇਸ ਰਣਨੀਤੀ ਦਾ ਸਫਲ ਹੋਣਾ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਸਿੱਖ ਮਾਨਸਿਕਤਾ ਇਸ ਰਣਨੀਤੀ ਨੂੰ ਭਾਜਪਾ ਦੀ ਸੋਚ ਵਿਚ ਇਕ ਵੱਡੇ ਵਿਚਾਰਧਾਰਕ ਬਦਲਾਅ ਵਾਂਗ ਮਹਿਸੂਸ ਕਰਦੀ ਹੈ ਜਾਂ ਇਸ ਨੂੰ ਸਿਰਫ਼ ਚੋਣ ਰਣਨੀਤੀ ਸਮਝ ਕੇ ਨਕਾਰ ਦਿੰਦੀ ਹੈ। ਦੂਸਰਾ ਭਾਜਪਾ ਸਿੱਖਾਂ ਤੇ ਪੰਜਾਬ ਦੀਆਂ ਕੇਂਦਰ ਨਾਲ ਸੰਬੰਧਿਤ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਤੇ ਸ਼ਿਕਾਇਤਾਂ ਦਾ ਕੋਈ ਹੱਲ ਚੋਣਾਂ ਤੋਂ ਪਹਿਲਾਂ ਕੱਢਦੀ ਹੈ ਜਾਂ ਨਹੀਂ ਇਸ ਦਾ ਪ੍ਰਭਾਵ ਵੀ ਪੰਜਾਬ ਦੀ ਰਣਨੀਤੀ 'ਤੇ ਭਾਜਪਾ ਦੇ ਹੱਕ ਜਾਂ ਵਿਰੋਧ ਵਿਚ ਵੱਡੀ ਪੱਧਰ 'ਤੇ ਅਸਰ ਅੰਦਾਜ਼ ਹੋਵੇਗਾ।
ਉਫ਼ ਯੇ ਸਿਆਸਤ ਕੈਸੀ ਕੈਸੀ, ਕੈਸੀ ਕੈਸੀ ਚਾਲੇਂ ਹੈਂ।
ਰਾਮਾ ਰਾਮਾ ਕਹਤੇ ਕਹਤੇ ਸੋਚ ਮੇਂ ਰਾਵਨ ਰਖਤੇ ਹੈਂ।
(ਲਾਲ ਫਿਰੋਜ਼ਪੁਰੀ)
ਆਰ.ਐਸ.ਐਸ. ਭਾਜਪਾ ਦੇ ਨਵੇਂ ਸਲਾਹਕਾਰ
'ਸਰਗੋਸ਼ੀਆਂ' ਹਨ ਕਿ ਭਾਜਪਾ ਤੇ ਆਰ.ਐਸ.ਐਸ. ਦੇ ਪੰਜਾਬ ਅਤੇ ਸਿੱਖਾਂ ਬਾਰੇ ਪੁਰਾਣੇ ਸਲਾਹਕਾਰ ਭਾਵੇਂ ਅਜੇ ਵੀ ਭਾਜਪਾ ਤੇ ਸਰਕਾਰ ਵਿਚ ਅਹੁਦਿਆਂ 'ਤੇ ਬਿਰਾਜਮਾਨ ਹਨ। ਪਰ ਭਾਜਪਾ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਇਨ੍ਹਾਂ ਸਲਾਹਕਾਰਾਂ ਦੀ ਸਲਾਹ ਨਾਲ ਭਾਜਪਾ ਪੰਜਾਬੀਆਂ ਅਤੇ ਸਿੱਖਾਂ ਵਿਚ ਆਪਣੀ ਪਕੜ ਬਣਾਉਣ ਵਿਚ ਲਗਭਗ ਅਸਫਲ ਰਹੀ ਹੈ। ਪਤਾ ਲੱਗਾ ਹੈ ਕਿ ਭਾਜਪਾ ਨੇ ਪੰਜਾਬ ਅਤੇ ਸਿੱਖਾਂ ਬਾਰੇ ਆਪਣੇ ਕੁਝ ਸਲਾਹਕਾਰ ਬਦਲੇ ਹਨ। ਇਹ ਸਰਗੋਸ਼ੀਆਂ ਵੀ ਕਮਾਲ ਦੀਆਂ ਹਨ ਕਿ ਨਵੇਂ ਸਲਾਹਕਾਰ ਨਾ ਤਾਂ ਅਜੇ ਕਿਸੇ ਸਰਕਾਰੀ ਅਹੁਦੇ 'ਤੇ ਤਾਇਨਾਤ ਕੀਤੇ ਗਏ ਹਨ ਤੇ ਨਾ ਹੀ ਭਾਜਪਾ ਵਿਚ ਸ਼ਾਮਿਲ ਹੋਏ ਹਨ। ਇਸ ਬਾਰੇ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਭਾਜਪਾ ਤੇ ਆਰ.ਐਸ.ਐਸ. ਵਿਚਲੇ ਸਾਡੀ ਪਹੁੰਚ ਵਾਲੇ ਸੂਤਰ ਕੋਈ ਵੀ ਗੱਲ ਕਰਨ ਲਈ ਤਿਆਰ ਨਹੀਂ ਕਿ ਨਵੇਂ ਸਲਾਹਕਾਰ ਕੌਣ ਹਨ? ਇਸ ਬਾਰੇ ਬਹੁਤ ਰਹੱਸ ਹੀ ਰੱਖਿਆ ਜਾ ਰਿਹਾ ਹੈ ਤੇ ਇਸ ਬਾਰੇ ਇਸ਼ਾਰਾ ਤੱਕ ਨਹੀਂ ਕੀਤਾ ਰਿਹਾ ਕਿ ਉਨ੍ਹਾਂ ਦੇ ਨਾਂਅ ਕੀ ਹਨ, ਪਰ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਨਵੇਂ ਸਲਾਹਕਾਰਾਂ ਦੀ ਸਲਾਹ ਨਾਲ ਭਾਜਪਾ ਵਿਚ ਸ਼ਾਮਿਲ ਕੁਝ ਅਜਿਹੇ ਚਿਹਰਿਆਂ ਦਾ ਪ੍ਰਭਾਵ ਘਟਾਇਆ ਜਾ ਰਿਹਾ ਹੈ, ਜਿਨ੍ਹਾਂ ਨੂੰ ਸਿੱਖ ਵਿਰੋਧੀ ਮੰਨਿਆ ਜਾਂਦਾ ਹੈ। ਆਉਣ ਵਾਲੇ ਦਿਨਾਂ ਵਿਚ ਇਹ ਸਥਿਤੀ ਜਲਦੀ ਹੀ ਸਾਫ਼ ਹੋ ਜਾਵੇਗੀ।
ਵਕਤ ਬਦਲ ਜਾਏ ਤੋ ਖ਼ਾਬ ਬਦਲ ਜਾਤੇ ਹੈਂ।
ਦੋਸਤ ਬਦਲ ਜਾਤੇ ਹੈਂ ਅਹਿਸਾਸ ਬਦਲ ਜਾਤੇ ਹੈਂ।
ਅਕਾਲੀ ਦਲ (ਪੁਨਰ ਸੁਰਜੀਤ) ਤੇ ਭਾਜਪਾ ਦਾ ਸਮਝੌਤਾ?
ਭਾਵੇਂ ਭਾਜਪਾ ਦੇ ਬਹੁਤ ਵੱਡੇ ਨੇਤਾ ਇਹ ਐਲਾਨ ਕਰ ਚੁੱਕੇ ਹਨ ਕਿ ਭਾਜਪਾ ਪੰਜਾਬ ਵਿਚ ਸਾਰੀਆਂ ਸੀਟਾਂ 'ਤੇ ਇਕੱਲੇ ਚੋਣ ਲੜੇਗੀ, ਪਰ ਰਾਜਨੀਤੀ ਵਿਚ ਸੰਭਾਵਨਾਵਾਂ ਬਦਲਦੀਆਂ ਰਹਿੰਦੀਆਂ ਹਨ। ਹਾਲਾਂਕਿ ਕੁਝ ਲੋਕ ਤਾਂ ਭਾਜਪਾ ਅਤੇ ਅਕਾਲੀ ਦਲ (ਬਾਦਲ) ਤੇ ਅਕਾਲੀ ਦਲ (ਪੁਨਰ ਸੁਰਜੀਤ) ਦੋਵਾਂ ਨਾਲ ਭਾਜਪਾ ਦੇ ਸਮਝੌਤੇ ਦੇ ਅਸਾਰਾਂ ਦੀ ਗੱਲ ਕਰਦੇ ਹਨ ਪਰ ਸਾਡੇ ਕੋਲ ਅਕਾਲੀ ਦਲ (ਬਾਦਲ) ਨਾਲ ਸਮਝੌਤੇ ਦੀ ਗੱਲਬਾਤ ਬਾਰੇ ਕੋਈ ਪੱਕੀ ਸੂਚਨਾ ਨਹੀਂ ਹੈ ਪਰ ਪਤਾ ਲੱਗਾ ਹੈ ਕਿ ਅਕਾਲੀ ਦਲ (ਪੁਨਰ ਸੁਰਜੀਤ) ਨਾਲ ਭਾਜਪਾ ਦੇ ਸਮਝੌਤੇ ਦੀ ਗੱਲ ਜ਼ਰੂਰ ਚੱਲ ਰਹੀ ਹੈ ਅਤੇ ਇਹ ਗੱਲ ਕਾਫੀ ਉੱਚੇ ਪੱਧਰ 'ਤੇ ਭਾਜਪਾ ਦੀ ਹਾਈ ਕਮਾਨ ਨਾਲ ਚੱਲ ਰਹੀ ਹੈ। ਇਕ ਸੰਬੰਧਿਤ ਵੱਡੇ ਆਗੂ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਗੱਲਬਾਤ ਚਲਦੀ ਹੋਣ ਅਤੇ ਕਾਫੀ ਅੱਗੇ ਵਧਣ ਦੀ ਵੀ ਪੁਸ਼ਟੀ ਕੀਤੀ ਹੈ। ਪਤਾ ਲੱਗਾ ਹੈ ਕਿ ਇਸ ਸਮਝੌਤੇ ਵਿਚ ਭਾਜਪਾ ਵੱਡੇ ਭਰਾ ਦਾ ਰੋਲ ਅਦਾ ਕਰੇਗੀ। ਇਹ ਵੀ ਪਤਾ ਲੱਗਾ ਹੈ ਕਿ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਕੁਝ ਹੋਰ ਛੋਟੇ ਅਕਾਲੀ ਧੜਿਆਂ ਨੂੰ ਵੀ ਨਾਲ ਲੈਣ ਲਈ ਕਿਹਾ ਗਿਆ ਹੈ।
-1044, ਗੁਰੂ ਨਾਨਕ ਸਟਰੀਟ, ਸਮਰਾਲਾ ਰੋਡ, ਖੰਨਾ
ਮੋਬਾਈਲ : 92168-60000
E. mail : hslall@ymail.com