24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਮਮਤਾ ਦੀ ਨਿਰਾਸ਼ਾ

ਅਜੀਤ ਡੈਸਕ 06-06-2026

ਪੱਛਮੀ ਬੰਗਾਲ ਦੇ ਵਿਧਾਨ ਸਭਾ ਦੇ ਨਤੀਜੇ ਮਹੀਨਾ ਭਰ ਪਹਿਲਾਂ 4 ਮਈ ਨੂੰ ਸਾਹਮਣੇ ਆਏ ਸਨ। ਇਨ੍ਹਾਂ ਵਿਚ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਨੂੰ ਨਿਰਾਸ਼ਾ ਦਾ ਮੂੰਹ ਦੇਖਣਾ ਪਿਆ ਸੀ। 294 ਸੀਟਾਂ ਵਾਲੀ ਇਸ ਵਿਧਾਨ ਸਭਾ ਵਿਚ ਉਸ ਨੂੰ 80 ਸੀਟਾਂ ਹੀ ਮਿਲ ਸਕੀਆਂ ਸਨ। ਇਸ ਤਰ੍ਹਾਂ 15 ਸਾਲ ਤੱਕ ਸੂਬੇ ਦੀ ਮੁੱਖ ਮੰਤਰੀ ਰਹੀ ਮਮਤਾ ਦਾ ਰਾਜ ਖ਼ਤਮ ਹੋ ਗਿਆ ਸੀ। ਮਮਤਾ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕਾਂਗਰਸ ਤੋਂ ਕੀਤੀ ਸੀ। ਲੰਮਾ ਸਮਾਂ ਉਹ ਇਸ ਨਾਲ ਜੁੜੀ ਰਹੀ, ਪਰ 28 ਸਾਲ ਪਹਿਲਾਂ 1998 ਵਿਚ ਉਸ ਨੇ ਕਾਂਗਰਸ ਤੋਂ ਵੱਖ ਹੋ ਕੇ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦਾ ਗਠਨ ਕੀਤਾ ਸੀ ਅਤੇ ਕਮਿਊਨਿਸਟ ਪਾਰਟੀਆਂ ਦੇ ਤਿੰਨ ਦਹਾਕਿਆਂ ਤੋਂ ਵੀ ਵਧੇਰੇ ਸੂਬੇ ਵਿਚ ਚਲੇ ਆ ਰਹੇ ਲੰਮੇ ਰਾਜ ਨੂੰ ਖ਼ਤਮ ਕਰਨ ਲਈ ਬੜੀ ਦਲੇਰੀ ਅਤੇ ਦ੍ਰਿੜ੍ਹਤਾ ਨਾਲ ਉਸ ਦਾ ਮੁਕਾਬਲਾ ਕੀਤਾ ਸੀ। ਇਸ ਸਮੇਂ ਲੋਕ ਸਭਾ ਵਿਚ ਇਸ ਦੇ 28 ਅਤੇ ਰਾਜ ਸਭਾ ਵਿਚ 13 ਮੈਂਬਰ ਹਨ। ਪਰ ਪਿਛਲੇ ਲੰਮੇ ਸਮੇਂ ਤੋਂ ਇਸ ਪਾਰਟੀ ਅੰਦਰ ਮਮਤਾ ਦੀਆਂ ਤਾਨਾਸ਼ਾਹੀ ਅਤੇ ਟਕਰਾਅ ਵਾਲੀਆਂ ਨੀਤੀਆਂ ਕਾਰਨ ਅਸੰਤੋਸ਼ ਅਤੇ ਅਸਹਿਮਤੀ ਚੱਲ ਰਹੀ ਸੀ, ਪਰ ਉਸ ਦੀ ਪ੍ਰਸ਼ਾਸਨ 'ਤੇ ਸਖ਼ਤ ਪਕੜ ਅਤੇ ਕਰੜੇ ਫ਼ੈਸਲਿਆਂ ਨਾਲ ਇਹ ਬਗ਼ਾਵਤ ਅੰਦਰੋਂ-ਅੰਦਰ ਹੀ ਸੁਲਘਦੀ ਰਹੀ ਸੀ।
ਮਮਤਾ ਨੇ ਆਪਣੇ ਭਤੀਜੇ ਅਭਿਸ਼ੇਕ ਬੈਨਰਜੀ ਨੂੰ ਆਪਣੇ ਨਾਲ ਸਿਆਸਤ ਵਿਚ ਲਿਆ ਕੇ ਉਸ ਨੂੰ ਵਧੇਰੇ ਸ਼ਕਤੀਆਂ ਦੇ ਦਿੱਤੀਆਂ ਸਨ। ਬੈਨਰਜੀ ਦੇ ਕੰਮ ਕਰਨ ਦੇ ਢੰਗ-ਤਰੀਕੇ ਤੋਂ ਵੀ ਪਾਰਟੀ ਸਫ਼ਾਂ ਵਿਚ ਅਸੰਤੁਸ਼ਟੀ ਸੀ, ਜਿਸ ਬਾਰੇ ਮਮਤਾ ਨੂੰ ਲਗਾਤਾਰ ਉਸ ਦੀ ਪਾਰਟੀ ਦੇ ਆਗੂਆਂ ਵਲੋਂ ਦੱਸਿਆ ਵੀ ਜਾਂਦਾ ਰਿਹਾ ਸੀ ਪਰ ਮਮਤਾ ਨੇ ਇਸ ਗੱਲ ਦੀ ਪ੍ਰਵਾਹ ਨਹੀਂ ਸੀ ਕੀਤੀ। ਆਪਣੀ ਤਾਕਤ ਦੇ ਬਲਬੂਤੇ 'ਤੇ ਉਸ ਨੇ ਵੱਡੀ ਕੌਮੀ ਆਗੂ ਹੋਣ ਦਾ ਭਰਮ ਵੀ ਪਾਲ ਲਿਆ ਸੀ, ਜਿਸ ਕਰਕੇ ਕੌਮੀ ਪੱਧਰ 'ਤੇ ਦਰਜਨਾਂ ਹੀ ਪਾਰਟੀਆਂ ਵਲੋਂ ਬਣਾਏ ਗਏ 'ਇੰਡੀਆ ਗੱਠਜੋੜ' ਦੀ ਉਹ ਮੈਂਬਰ ਜ਼ਰੂਰ ਬਣੀ ਰਹੀ ਸੀ ਪਰ ਇਸ ਵਿਚ ਸ਼ਾਮਿਲ ਵੱਖ-ਵੱਖ ਪਾਰਟੀਆਂ ਦੇ ਸਾਰੇ ਆਗੂਆਂ ਤੋਂ ਉੱਚਾ ਕੱਦ ਹੋਣ ਦਾ ਭਰਮ ਉਸ ਨੇ ਪਾਲ ਰੱਖਿਆ ਸੀ। ਇਸੇ ਲਈ ਹੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਸ ਨੇ ਆਪਣੀ ਕਿਸੇ ਵੀ ਸਹਿਯੋਗੀ ਪਾਰਟੀ ਨਾਲ ਗੱਠਜੋੜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਸ ਦੇ ਪ੍ਰਸ਼ਾਸਨ ਸਮੇਂ ਸੂਬੇ ਦੀ ਆਰਥਿਕਤਾ ਵੀ ਬੇਹੱਦ ਕਮਜ਼ੋਰ ਹੋ ਗਈ ਸੀ। ਇਹ ਨੱਕੋ-ਨੱਕ ਕਰਜ਼ੇ ਵਿਚ ਡੁੱਬ ਚੁੱਕਾ ਸੀ। ਕੇਂਦਰ ਨਾਲ ਲਗਾਤਾਰ ਟਕਰਾਅ ਰਹਿਣ ਕਾਰਨ ਅਤੇ ਸਨਅਤ ਨੂੰ ਹੁੰਗਾਰਾ ਨਾ ਮਿਲਣ ਕਰਕੇ ਸੂਬੇ ਦੀ ਆਰਥਿਕਤਾ ਡੋਲ ਗਈ ਸੀ। ਇਸ ਦੇ ਨਾਲ ਹੀ ਬੇਰੁਜ਼ਗਾਰੀ ਦੀ ਦਰ ਵੀ ਵਧ ਚੁੱਕੀ ਸੀ, ਪਰ ਪਿਛਲਾ ਸਾਰਾ ਸਮਾਂ ਕੇਂਦਰ ਅਤੇ ਹੋਰ ਪਾਰਟੀਆਂ ਨਾਲ ਟਕਰਾਅ ਬਣੇ ਰਹਿਣ ਕਾਰਨ ਵੀ ਉਸ ਦੀ ਪ੍ਰਸ਼ਾਸਨਿਕ ਤੌਰ 'ਤੇ ਪਕੜ ਢਿੱਲੀ ਪੈ ਚੁੱਕੀ ਸੀ। ਅਜਿਹੀ ਸਥਿਤੀ ਲੋਕਾਂ ਅੰਦਰ ਨਿਰਾਸ਼ਤਾ 'ਚ ਬਦਲਦੀ ਗਈ। ਲਗਾਤਾਰ ਸਰਕਾਰ ਵਿਰੋਧੀ ਭਾਵਨਾਵਾਂ ਦੇ ਵਧਣ ਦਾ ਅੰਦਾਜ਼ਾ ਲਗਾਉਣ ਤੋਂ ਉਹ ਅਸਮਰੱਥ ਰਹੀ ਅਤੇ ਨਾ ਹੀ ਉਹ ਦੀਵਾਰ 'ਤੇ ਲਿਖੇ ਨੂੰ ਪੜ੍ਹ ਸਕੀ, ਜਿਸ ਕਰਕੇ ਉਸ ਨੂੰ ਚੋਣਾਂ ਵਿਚ ਨਿਰਾਸ਼ਾ ਦਾ ਮੂੰਹ ਦੇਖਣਾ ਪਿਆ।
ਹਾਰ ਤੋਂ ਬਾਅਦ ਵੀ ਉਸ ਨੇ ਖੁੱਲ੍ਹੇ ਮਨ ਨਾਲ ਆਤਮ-ਮੰਥਨ ਕਰਨ ਦੀ ਬਜਾਏ ਆਪਣੀ ਪਾਰਟੀ ਅੰਦਰਲੀ ਅਸੰਤੁਸ਼ਟੀ ਨੂੰ ਅਣਗੌਲਿਆਂ ਕਰੀ ਰੱਖਿਆ ਜੋ ਅਖ਼ੀਰ ਵਿਚ ਉਸ ਲਈ ਘਾਟੇਵੰਦੀ ਸਾਬਿਤ ਹੋਈ। ਅੰਦਰਲੀ ਇਹ ਚਿੰਗਾਰੀ ਉਸ ਸਮੇਂ ਭਾਂਬੜ ਬਣ ਗਈ, ਜਦੋਂ ਉਸ ਨੇ ਬਹੁਤੇ ਪਾਰਟੀ ਆਗੂਆਂ ਨੂੰ ਅਣਗੌਲਿਆਂ ਕਰਕੇ ਅਭਿਸ਼ੇਕ ਬੈਨਰਜੀ ਦੀ ਸਲਾਹ ਨਾਲ ਵਿਧਾਨ ਸਭਾ ਵਿਚ ਵਿਰੋਧੀ ਨੇਤਾ ਲਈ ਸੈਮਨ ਦੇਵ ਦਾ ਨਾਂਅ ਸਪੀਕਰ ਨੂੰ ਭੇਜ ਦਿੱਤਾ, ਪਰ ਬਹੁਤੇ ਵਿਧਾਇਕ ਇਸ ਅਹੁਦੇ ਲਈ ਰਿਤਾਬ੍ਰਤ ਬੈਨਰਜੀ ਦੇ ਹੱਕ ਵਿਚ ਸਨ, ਪਰ ਮਮਤਾ ਨੇ ਇਸ ਗੱਲ ਦੀ ਪ੍ਰਵਾਹ ਨਾ ਕੀਤੀ ਅਤੇ ਇਸ ਅਹੁਦੇ ਲਈ ਸਪੀਕਰ ਨੂੰ ਵਿਧਾਇਕਾਂ ਦੇ ਦਸਤਖ਼ਤਾਂ ਵਾਲਾ ਇਕ ਪੱਤਰ ਭੇਜ ਦਿੱਤਾ, ਜਿਸ ਕਾਰਨ ਬਹੁਤੇ ਆਗੂਆਂ ਨੇ ਬਗ਼ਾਵਤ ਦਾ ਰਾਹ ਅਖ਼ਤਿਆਰ ਕਰ ਲਿਆ। ਇਸ ਮਸਲੇ ਨੂੰ ਲੈ ਕੇ ਹੀ ਬੁੱਧਵਾਰ ਨੂੰ ਪਾਰਟੀ ਦੇ 80 ਵਿਧਾਇਕਾਂ ਵਿਚੋਂ 59 ਵਿਧਾਇਕਾਂ ਨੇ ਵਿਧਾਨ ਸਭਾ ਦੇ ਸਪੀਕਰ ਕੋਲ ਪਹੁੰਚ ਕੀਤੀ। ਆਪਣੇ ਦਸਤਖ਼ਤਾਂ ਵਾਲਾ ਪੱਤਰ ਉਸ ਨੂੰ ਸੌਂਪਿਆ ਅਤੇ ਆਪਣੇ ਗੁੱਟ ਨੂੰ ਅਸਲੀ ਤ੍ਰਿਣਮੂਲ ਕਾਂਗਰਸ ਦੱਸਿਆ। ਪਾਰਟੀ ਦੇ 28 ਸਾਲ ਦੇ ਇਤਿਹਾਸ ਵਿਚ ਮਮਤਾ 'ਤੇ ਪਹਿਲੀ ਵਾਰ ਏਡਾ ਵੱਡਾ ਹਮਲਾ ਹੋਇਆ ਹੈ। ਇਸ ਦੀ ਉਦਾਹਰਨ ਮਹਾਰਾਸ਼ਟਰ ਨਾਲ ਮਿਲਦੀ ਹੈ, ਜਦੋਂ 20 ਜੂਨ 2022 ਨੂੰ ਉੱਥੇ ਸ਼ਿਵ ਸੈਨਾ ਦੇ 55 ਵਿਚੋਂ 40 ਵਿਧਾਇਕਾਂ ਨੇ ਏਕਨਾਥ ਸ਼ਿੰਦੇ ਦਾ ਉਸ ਸਮੇਂ ਸਾਥ ਦਿੱਤਾ ਸੀ, ਜਦੋਂ ਊਧਵ ਠਾਕਰੇ ਉਸ ਸਮੇਂ ਮੁੱਖ ਮੰਤਰੀ ਸੀ। ਉਸ ਤੋਂ ਹਫ਼ਤੇ ਭਰ ਬਾਅਦ ਹੀ ਸ਼ਿੰਦੇ ਉੱਥੇ ਭਾਜਪਾ ਦੇ ਸਮਰਥਨ ਨਾਲ ਮੁੱਖ ਮੰਤਰੀ ਬਣ ਗਿਆ ਸੀ। ਹੁਣ ਦੋ ਤਿਹਾਈ ਮੈਂਬਰਾਂ ਦੇ ਇਕੱਠੇ ਹੋਣ ਨਾਲ ਵਿਧਾਨ ਸਭਾ ਵਿਚ ਮਮਤਾ ਦੇ ਸਮਰਥਕ ਮੈਂਬਰ 2 ਦਰਜਨ ਤੋਂ ਵੀ ਘੱਟ ਰਹਿ ਗਏ ਹਨ, ਜਿਸ ਨਾਲ ਉਸ ਦੀ ਸਿਆਸੀ ਹਾਲਤ ਹੋਰ ਵੀ ਖ਼ਸਤਾ ਹੋ ਗਈ ਜਾਪਦੀ ਹੈ।
ਦੂਸਰੇ ਪਾਸੇ ਉੱਥੇ ਭਾਜਪਾ ਨੂੰ ਵੱਡੀ ਜਿੱਤ ਪ੍ਰਾਪਤ ਹੋਣ ਕਰਕੇ ਉਸ ਦੇ ਆਗੂਆਂ ਨੇ ਤ੍ਰਿਣਮੂਲ ਦੇ ਬਾਗ਼ੀਆਂ ਨਾਲ ਵੀ ਕੋਈ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਰਿਤਾਬ੍ਰਤਾ ਬੈਨਰਜੀ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਖੱਬੇ-ਪੱਖੀ ਵਿਦਿਆਰਥੀ ਸੰਗਠਨ ਤੋਂ ਕੀਤੀ ਸੀ। 34 ਸਾਲ ਦੀ ਉਮਰ ਵਿਚ ਉਹ ਰਾਜ ਸਭਾ ਦਾ ਮੈਂਬਰ ਬਣ ਗਿਆ ਸੀ ਅਤੇ ਬਾਅਦ ਵਿਚ ਉਹ ਟੀ. ਐੱਮ.ਸੀ. ਵਿਚ ਸ਼ਾਮਿਲ ਹੋ ਗਿਆ ਸੀ। ਮਮਤਾ ਨੇ ਹੀ ਉਸ ਨੂੰ ਸਾਲ 2024 ਵਿਚ ਰਾਜ ਸਭਾ ਵਿਚ ਭੇਜਿਆ ਸੀ। ਵਿਧਾਨ ਸਭਾ ਚੋਣਾਂ ਵਿਚ ਉਹ ਉਲਬੇਰੀਆ ਸੀਟ ਤੋਂ ਵਿਧਾਇਕ ਚੁਣਿਆ ਗਿਆ ਹੈ। ਚਾਹੇ ਮਮਤਾ ਨੇ ਇਸ ਵੱਡੀ ਚੁਣੌਤੀ ਸਾਹਮਣੇ ਵੀ ਆਪਣਾ ਹੌਸਲਾ ਕਾਇਮ ਰੱਖਦਿਆਂ ਇਨ੍ਹਾਂ ਬਾਗ਼ੀਆਂ ਅਤੇ ਭਾਜਪਾ ਨੂੰ ਲਲਕਾਰਿਆ ਹੈ। ਇਸ ਦੇ ਨਾਲ ਹੀ ਉਸ ਨੇ ਭਾਜਪਾ ਵਿਰੋਧੀ ਪਾਰਟੀਆਂ ਨਾਲ ਸੰਪਰਕ ਕਾਇਮ ਕਰਨ ਦੀ ਗੱਲ ਵੀ ਕੀਤੀ ਹੈ, ਪਰ ਹੁਣ ਇਹ ਵੇਖਣਾ ਬਾਕੀ ਹੋਵੇਗਾ, ਕਿ ਉਹ ਨੇੜ ਭਵਿੱਖ ਵਿਚ ਸੂਬੇ ਅਤੇ ਦੇਸ਼ ਦੀ ਸਿਆਸਤ ਵਿਚ ਕਿਸ ਤਰ੍ਹਾਂ ਵਿਚਰ ਸਕੇਗੀ।

-ਬਰਜਿੰਦਰ ਸਿੰਘ ਹਮਦਰਦ

 

ਪਿਛਲੀ ਖ਼ਬਰ ਇਕ ਵੱਡੀ ਗ਼ਲਤੀ ਸੀ ਸਾਕਾ ਨੀਲਾ ਤਾਰਾ ਅਗਲੀ ਖ਼ਬਰ ਕਿਸੇ ਵੀ ਥਾਂ ਹੋ ਰਹੀ ਬੇਇਨਸਾਫ਼ੀ ਸਭ ਥਾਵਾਂ 'ਤੇ ਹੋਣ ਵਾਲੇ ਇਨਸਾਫ਼ ਲਈ ਖ਼ਤਰਾ ਹੁੰਦੀ ਹੈ। -ਮਾਰਟਿਨ ਲੂਥਰ ਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।