ਅੱਜ ਲਈ ਵਿਸ਼ੇਸ਼
ਇੰਦਰਾ ਗਾਂਧੀ ਦੇ ਪ੍ਰਮੁੱਖ ਸਕੱਤਰ ਪੀ.ਸੀ. ਅਲੈਗਜ਼ੈਂਡਰ ਨੇ ਕਿਹਾ ਸੀ ਕਿ, 'ਇੰਦਰਾ ਗਾਂਧੀ ਨੇ ਆਪ੍ਰੇਸ਼ਨ ਬਲੂ ਸਟਾਰ ਨੂੰ ਗ਼ਲਤੀ ਨਹੀਂ ਸੀ ਮੰਨਿਆ।' ਉਨ੍ਹਾਂ ਦੇ ਬੀ.ਬੀ.ਸੀ. ਨੂੰ ਦਿੱਤੇ ਇਕ ਇੰਟਰਵਿਊ ਵਿਚ, ਜਦੋਂ ਇਹ ਪੁੱਛਿਆ ਗਿਆ ਕਿ, 'ਕੀ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਪਛਤਾਵਾ ਹੈ' ਤਾਂ ਇੰਦਰਾ ਗਾਂਧੀ ਨੇ ਜਵਾਬ ਦਿੱਤਾ ਸੀ ਕਿ, 'ਖ਼ੈਰ, ਸ਼ਾਇਦ ਸਾਨੂੰ ਪਹਿਲਾਂ ਕਾਰਵਾਈ ਕਰਨੀ ਚਾਹੀਦੀ ਸੀ। ਦੂਜੇ ਪਾਸੇ, ਪਹਿਲਾਂ ਕਾਰਵਾਈ ਕਰਨਾ ਉਦੋਂ ਤੱਕ ਮੁਸ਼ਕਿਲ ਸੀ ਜਦੋਂ ਤੱਕ ਕਿ ਤੁਸੀਂ ਉਨ੍ਹਾਂ ਨੂੰ ਇਹ ਜਚਾ ਨਹੀਂ ਦਿੰਦੇ ਕਿ ਤੁਹਾਡੇ ਕੋਲ ਹੋਰ ਕੋਈ ਬਦਲ ਨਹੀਂ ਹੈ।' ਇਹ ਪੁੱਛੇ ਜਾਣ 'ਤੇ ਕਿ, ਕੀ ਉਹ ਹੋਰ ਕੁਝ ਨਹੀਂ ਕਰ ਸਕਦੇ ਸਨ, ਉਨ੍ਹਾਂ ਨੇ ਜਵਾਬ ਦਿੱਤਾ, 'ਮੈਨੂੰ ਨਹੀਂ ਲਗਦਾ ਕਿ ਇਸ ਵਿਸ਼ੇਸ਼ ਸਥਿਤੀ ਵਿਚ ਅਸੀਂ ਬਹੁਤ ਕੁਝ ਹੋਰ ਕਰ ਸਕਦੇ ਸੀ।' ਪਰ ਸਿੱਖਾਂ ਦੀ ਧਾਰਨਾ ਵੱਖਰੀ ਹੈ। ਮੈਂ ਅਕਸਰ ਲੋਕਾਂ ਨੂੰ ਇਸ ਬਾਰੇ ਪੁੱਛਿਆ ਹੈ ਕਿ ਉਹ ਆਪ੍ਰੇਸ਼ਨ ਬਲੂ ਸਟਾਰ ਨੂੰ ਕਿਵੇਂ ਸਮਝਦੇ ਹਨ-ਕੀ ਇਹ ਸ੍ਰੀ ਹਰਿਮੰਦਰ ਸਾਹਿਬ 'ਤੇ ਫ਼ੌਜੀ ਹਮਲਾ ਸੀ ਜਾਂ ਇਹ ਹਥਿਆਰਬੰਦ ਕੱਟੜਪੰਥੀਆਂ ਦਾ ਸ੍ਰੀ ਹਰਿਮੰਦਰ ਸਾਹਿਬ ਤੋਂ ਸਫਾਇਆ ਕਰਨ ਲਈ ਇਕ ਆਪ੍ਰੇਸ਼ਨ ਸੀ, ਜਿਨ੍ਹਾਂ ਨੇ ਪਵਿੱਤਰ ਜਗ੍ਹਾ ਦੀ ਘੇਰਾਬੰਦੀ ਕਰ ਲਈ ਸੀ ਤੇ ਸੰਵਿਧਾਨਕ ਰੂਪ ਨਾਲ ਸਥਾਪਿਤ ਰਾਜ ਵਿਵਸਥਾ ਦੀ ਜਾਇਜ਼ਤਾ ਨੂੰ ਚੁਣੌਤੀ ਦਿੱਤੀ ਸੀ।
ਬਹੁਤੇ ਸਿੱਖਾਂ ਨੇ ਬਲੂ ਸਟਾਰ ਨੂੰ ਆਪਣੇ ਪਵਿੱਤਰ ਅਸਥਾਨ 'ਤੇ ਇਕ ਯੋਜਨਾਬੱਧ ਹਮਲੇ ਵਜੋਂ ਦੱਸਿਆ। ਇਹ ਉਸ ਪ੍ਰਤੀਕਿਰਿਆ ਦੀ ਵਿਆਖਿਆ ਕਰਦਾ ਹੈ ਜੋ ਆਪ੍ਰੇਸ਼ਨ ਤੋਂ ਬਾਅਦ ਹੋਈ। ਇਸ ਨੇ ਸਮੂਹਿਕ ਆਵਾਜ਼ ਵਜੋਂ ਰਾਜ ਦੇ ਵਿਰੁੱਧ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਦਰਸਾਇਆ। ਜਨਤਕ ਧਾਰਨਾ ਦੀ ਲੜਾਈ ਵਿਚ ਸਰਕਾਰ ਸਿੱਖ ਭਾਈਚਾਰੇ ਨੂੰ ਨਾਲ ਲੈ ਕੇ ਚੱਲਣ ਵਿਚ ਬੁਰੀ ਤਰ੍ਹਾਂ ਅਸਫਲ ਰਹੀ। ਇਹ ਕਿਸੇ ਵੀ ਹੋਰ ਕਾਰਕ ਤੋਂ ਵੱਧ, ਬਲੂ ਸਟਾਰ ਤੋਂ ਬਾਅਦ ਦੇ ਘਾਤਕ ਨਤੀਜਿਆਂ ਦਾ ਕਾਰਨ ਸੀ। ਇਹ ਅੱਜ ਵੀ ਸਿੱਖ ਭਾਈਚਾਰੇ ਨੂੰ ਦੁਖੀ ਕਰਦਾ ਹੈ।
ਪਵਿੱਤਰ ਸਥਾਨਾਂ ਨੂੰ ਨਾਜ਼ੁਕਤਾ ਨਾਲ ਸੰਭਾਲਣ ਦੀ ਲੋੜ ਹੁੰਦੀ ਹੈ। ਪਵਿੱਤਰ ਸਥਾਨ ਜਿੰਨਾ ਪਵਿੱਤਰ ਹੁੰਦਾ ਹੈ, ਪੈਰੋਕਾਰਾਂ ਦੀ ਸੰਵੇਦਨਸ਼ੀਲਤਾ ਓਨੀ ਹੀ ਜ਼ਿਆਦਾ ਹੁੰਦੀ ਹੈ। ਉਨ੍ਹਾਂ ਦੀ ਦ੍ਰਿਸ਼ਟੀ ਵਿਚ ਇਸ ਦੀ ਪਵਿੱਤਰਤਾ ਦੀ ਉਲੰਘਣਾ ਹੋਣ 'ਤੇ ਉਨ੍ਹਾਂ ਦੀ ਪ੍ਰਤੀਕਿਰਿਆ ਹੋਰ ਵੀ ਤਿੱਖੀ ਹੁੰਦੀ ਹੈ। ਸਰਕਾਰ ਨੇ ਇਸ ਭਾਵਨਾ ਨੂੰ ਨਜ਼ਰਅੰਦਾਜ਼ ਕੀਤਾ ਅਤੇ ਇਸ ਦੇ ਨਤੀਜੇ ਘਾਤਕ ਸਨ।
ਬਲੂ ਸਟਾਰ ਨੂੰ ਅੰਜਾਮ ਦੇਣ ਦਾ ਤਰੀਕਾ ਹੋਰ ਵੀ ਮਾੜਾ ਸੀ। ਮਾੜੀ ਯੋਜਨਾ ਬਣਾਈ ਗਈ ਅਤੇ ਇਸ ਨੂੰ ਬੁਰੀ ਤਰ੍ਹਾਂ ਅੰਜਾਮ ਦਿੱਤਾ ਗਿਆ ਸੀ। ਸਿੱਟੇ ਵਜੋਂ, ਫ਼ੌਜਾਂ ਨੂੰ ਵੀ ਵੱਡੀ ਕੀਮਤ ਅਦਾ ਕਰਨੀ ਪਈ। ਕੁਝ ਸੌ ਖਾੜਕੂ ਮਾਰੇ ਗਏ, ਪਰ ਉਨ੍ਹਾਂ ਦੀ ਮੌਤ ਨੇ ਨਸਲੀ-ਧਾਰਮਿਕ ਰਾਸ਼ਟਰਵਾਦ ਦੇ ਬੀਜ ਬੀਜੇ ਅਤੇ ਹਿੰਸਾ ਫੈਲਣ ਤੋਂ ਰੋਕਣ ਲਈ ਕੀਤੇ ਗਏ ਆਪ੍ਰੇਸ਼ਨ ਨੇ ਹੋਰ ਜ਼ਿਆਦਾ ਗੰਭੀਰ ਹਿੰਸਾ ਪੈਦਾ ਕੀਤੀ। ਆਪ੍ਰੇਸ਼ਨ ਬਲੂ ਸਟਾਰ ਨੇ ਹਿੰਸਾ ਨੂੰ ਖਤਮ ਨਹੀਂ ਕੀਤਾ ਸਗੋਂ ਇਸ ਨਾਲ ਖ਼ਾਲਿਸਤਾਨ ਲਈ ਹਿੰਸਕ ਸੰਘਰਸ਼ ਦੀ ਸ਼ੁਰੂਆਤ ਹੋਈ। ਫ਼ੌਜ ਨੇ ਜੰਗ ਜਿੱਤ ਲਈ, ਪਰ ਪੰਜਾਬ ਵਿਚ ਸ਼ਾਂਤੀ ਦੀ ਕੀਮਤ 'ਤੇ।
ਜਿਵੇਂ-ਜਿਵੇਂ ਘਟਨਾਵਾਂ ਸਾਹਮਣੇ ਆਈਆਂ, ਇਹ ਸਪੱਸ਼ਟ ਹੋ ਗਿਆ ਕਿ ਕੇਂਦਰੀ ਲੀਡਰਸ਼ਿਪ ਅਤੇ ਮੁੱਖ ਫ਼ੌਜੀ ਸਲਾਹਕਾਰ ਪਵਿੱਤਰ ਸਥਾਨ 'ਤੇ ਸਿੱਧਾ ਹਮਲਾ ਕਰਨ ਦੀਆਂ ਜਨਤਕ ਭਾਵਨਾਵਾਂ ਜਾਂ ਰਾਜਨੀਤਕ ਨਤੀਜਿਆਂ ਤੋਂ ਸੁਚੇਤ ਨਹੀਂ ਸਨ। ਆਪ੍ਰੇਸ਼ਨ ਵਿਚ ਤਾਇਨਾਤ ਫ਼ੌਜੀ ਜਵਾਨ ਸਿੱਖ ਭਾਵਨਾਵਾਂ ਤੋਂ ਅਨਜਾਣ ਸਨ। ਖੇਤਰ ਜਾਂ ਸ੍ਰੀ ਹਰਿਮੰਦਰ ਸਾਹਿਬ ਦੀ ਹਦੂਦ ਦੇ ਖਾਕੇ ਤੋਂ ਜਾਣੂੰ ਹੋਣ ਤੋਂ ਬਿਨਾਂ ਕਾਹਲੀ ਵਿਚ ਕੀਤਾ ਗਿਆ ਇਹ ਆਪ੍ਰੇਸ਼ਨ, ਧਾਰਮਿਕ ਤੌਰ 'ਤੇ ਪ੍ਰੇਰਿਤ ਖਾੜਕੂਆਂ ਦੇ ਵਿਰੁੱਧ ਚੰਗੀ ਕਿਲ੍ਹੇਬੰਦੀ ਵਾਲੇ ਖੇਤਰ 'ਤੇ ਕੀਤਾ ਗਿਆ ਆਤਮਘਾਤੀ ਹਮਲਾ ਸੀ। ਜਿਸ ਦਾ ਸਿਰਫ਼ ਇਕ ਕਿਸਮ ਦਾ ਨਤੀਜਾ ਹੋ ਸਕਦਾ ਸੀ-ਮੌਤ ਅਤੇ ਵਿਨਾਸ਼। ਪਵਿੱਤਰ ਸਥਾਨ ਦੀ ਬੇਅਦਬੀ ਕੀਤੀ ਗਈ ਸੀ। ਸੈਨਿਕਾਂ ਦਾ ਕਤਲੇਆਮ ਹੋ ਗਿਆ, ਵੱਡੀ ਗਿਣਤੀ ਵਿਚ ਨਿਰਦੋਸ਼ ਨਾਗਰਿਕ ਮਾਰੇ ਗਏ ਸਨ। ਅਜਿਹੀ ਸਥਿਤੀ ਦਾ ਅੰਦਾਜ਼ਾ ਲਗਾਉਂਦੇ ਹੋਏ ਕਿ ਇਥੇ ਸਿਵਲ ਪ੍ਰਸ਼ਾਸਨ ਦੀ ਮਦਦ ਲਈ ਫ਼ੌਜ ਨੂੰ ਬੁਲਾਇਆ ਜਾ ਸਕਦਾ ਹੈ, ਉਸ ਸੰਬੰਧੀ ਤਤਕਾਲੀ ਜੀਓਸੀ-ਇਨ-ਚੀਫ਼, ਪੱਛਮੀ ਕਮਾਂਡ ਲੈਫਟੀਨੈਂਟ ਜਨਰਲ ਐਸ.ਕੇ. ਸਿਨਹਾ ਨੇ ਅਗਾਮੀ ਤੌਰ 'ਤੇ 1982 ਵਿਚ ਅਜਿਹੀ ਕਾਰਵਾਈ ਕਰਨ ਦੀ ਪ੍ਰਕਿਰਿਆ ਬਾਰੇ ਹਦਾਇਤਾਂ ਜਾਰੀ ਕੀਤੀਆਂ ਸਨ। ਪੂਰੀ ਪਾਰਦਰਸ਼ਿਤਾ ਬਣਾਈ ਰੱਖਣ ਅਤੇ ਅਨੁਕੂਲ ਜਨਤਕ ਰਾਇ ਬਣਾਉਣ ਲਈ, ਉਨ੍ਹਾਂ ਨੇ ਪ੍ਰਸਤਾਵ ਦਿੱਤਾ ਸੀ ਕਿ ਆਪ੍ਰੇਸ਼ਨ ਦੀ ਵੀਡੀਓਗ੍ਰਾਫ਼ੀ ਕੀਤੀ ਜਾਵੇ ਅਤੇ ਆਪ੍ਰੇਸ਼ਨ ਨੂੰ ਦੇਖਣ ਲਈ ਦੋ ਪ੍ਰਮੁੱਖ, ਪਰ ਗ਼ੈਰ-ਸਿਆਸੀ ਸਿੱਖਾਂ ਨੂੰ ਬੁਲਾਇਆ ਜਾਵੇ।
ਸੈਨਿਕਾਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੀ ਘੇਰਾਬੰਦੀ ਕੀਤੀ ਜਾਣੀ ਚਾਹੀਦੀ ਸੀ ਅਤੇ ਲਾਊਡ ਸਪੀਕਰ 'ਤੇ ਖਾੜਕੂਆਂ ਨੂੰ ਆਤਮ-ਸਮਰਪਣ ਕਰਨ ਲਈ ਵਾਰ-ਵਾਰ ਘੋਸ਼ਣਾ ਕਰਨੀ ਚਾਹੀਦੀ ਸੀ। ਉਨ੍ਹਾਂ ਨੇ ਕਿਹਾ ਹੈ, 'ਉਨ੍ਹਾਂ (ਖਾੜਕੂਆਂ) ਨੂੰ ਦੱਸਿਆ ਜਾਣਾ ਚਾਹੀਦਾ ਸੀ ਕਿ ਉਹ ਅੰਦਰ ਰਹਿ ਕੇ ਪਵਿੱਤਰ ਸਥਾਨ ਦੀ ਪਵਿੱਤਰਤਾ ਦੀ ਉਲੰਘਣਾ ਕਰ ਰਹੇ ਹਨ। ਜੇਕਰ ਫ਼ੌਜਾਂ ਨੂੰ ਅੰਦਰ ਜਾਣ ਲਈ ਮਜਬੂਰ ਕੀਤਾ ਗਿਆ, ਤਾਂ ਇਸ ਦਾ ਦੋਸ਼ ਉਨ੍ਹਾਂ 'ਤੇ ਹੋਵੇਗਾ। ਕੱਟੜਪੰਥੀਆਂ ਨੂੰ ਵੱਧ ਤੋਂ ਵੱਧ ਸਮਾਂ ਦਿੱਤਾ ਜਾਣਾ ਚਾਹੀਦਾ ਸੀ ਅਤੇ ਉਨ੍ਹਾਂ 'ਤੇ ਮਨੋਵਿਗਿਆਨਕ ਦਬਾਅ ਪਾਇਆ ਜਾਣਾ ਚਾਹੀਦਾ ਸੀ।'
ਜਨਰਲ ਚਾਹੁੰਦਾ ਸੀ ਕਿ ਸ਼ਾਂਤੀ ਲਈ ਪ੍ਰਾਰਥਨਾ ਕਰਨ ਲਈ ਰੈਜੀਮੈਂਟਲ ਗ੍ਰੰਥੀ ਦੀ ਮਦਦ ਨਾਲ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ ਜਾਵੇ ਤਾਂ ਜੋ ਫ਼ੌਜਾਂ ਨੂੰ ਮਨੋਵਿਗਿਆਨਿਕ ਯੁੱਧ ਲੜਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਵਿਚ ਪ੍ਰਵੇਸ਼ ਨਾ ਕਰਨਾ ਪਵੇ। ਉਨ੍ਹਾਂ ਨੇ ਯੋਜਨਾ ਬਣਾਈ ਸੀ, 'ਜੇ ਇਸ ਸਭ ਦੇ ਬਾਵਜੂਦ ਕੱਟੜਪੰਥੀ ਬਾਹਰ ਨਾ ਨਿਕਲੇ ਤਾਂ ਫ਼ੌਜਾਂ ਨੂੰ ਗੁਰਦੁਆਰਾ ਸਾਹਿਬ ਵਿਚ ਦਾਖਲ ਹੋਣ ਅਤੇ ਘੱਟੋ-ਘੱਟ ਬਲ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਬਾਹਰ ਕੱਢਣ ਦਾ ਹੁਕਮ ਦਿੱਤਾ ਜਾਵੇ। ਅਜਿਹਾ ਕਰਨ ਤੋਂ ਪਹਿਲਾਂ, ਇਹ ਯਕੀਨੀ ਬਣਾਇਆ ਜਾਵੇ ਕਿ ਸਾਰੇ ਫ਼ੌਜੀ ਆਪਣੀਆਂ ਜੁੱਤੀਆਂ ਲਾਹ ਕੇ ਆਪਣਾ ਸਿਰ ਢਕ ਲੈਣ ਅਤੇ ਜਿਥੇ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਕੀਤਾ ਜਾ ਰਿਹਾ ਹੋਵੇ, ਉਥੋਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਸ਼ੀਰਵਾਦ ਲੈਣ। ਇਸ ਤੋਂ ਬਾਅਦ, 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦੇ ਜੈਕਾਰੇ ਲਾਉਂਦੇ ਹੋਏ ਆਪ੍ਰੇਸ਼ਨ ਵਿਚ ਜਾਣ।' ਉਨ੍ਹਾਂ ਨੇ ਆਪ੍ਰੇਸ਼ਨ ਨੂੰ ਅਜਿਹੇ ਢੰਗ ਨਾਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ ਸੀ, ਜਿਸ ਨਾਲ ਘੱਟੋ-ਘੱਟ ਬੇਗਾਨਗੀ ਪੈਦਾ ਹੋਵੇ। ਉਨ੍ਹਾਂ ਨੇ ਬਾਅਦ ਵਿਚ ਅਫਸੋਸ ਪ੍ਰਗਟ ਕੀਤਾ ਕਿ ਮਨੋਵਿਗਿਆਨਕ ਪਹਿਲੂ ਨੂੰ ਧਿਆਨ ਵਿਚ ਨਹੀਂ ਰੱਖਿਆ ਗਿਆ ਅਤੇ ਇਹ ਗ਼ਲਤੀ ਇਕ ਰਾਸ਼ਟਰ ਵਜੋਂ ਸਾਨੂੰ ਬਹੁਤ ਮਹਿੰਗੀ ਪਈ।'
ਬਲੂ ਸਟਾਰ ਦੀ ਕਮਾਂਡ ਸੰਭਾਲਣ ਵਾਲਿਆਂ ਵਿਚ ਦੋ ਸਿੱਖ ਜਨਰਲ ਸਨ-ਉਨ੍ਹਾਂ ਨੇ ਦੂਜੇ ਜਨਰਲਾਂ ਦੁਆਰਾ ਪਹਿਲਾਂ ਪ੍ਰਸਤਾਵਿਤ ਕੀਤੇ ਗਏ ਪ੍ਰਸਤਾਵਾਂ ਵੱਲ ਧਿਆਨ ਨਹੀਂ ਦਿੱਤਾ। ਉਹ ਇਸ ਭਰਮ ਵਿਚ ਸਨ ਕਿ ਭਾਰੀ ਹਥਿਆਰਾਂ, ਟੈਂਕਾਂ ਅਤੇ ਏ.ਪੀ.ਸੀ., ਹੈਲੀਕਾਪਟਰਾਂ ਅਤੇ ਫ਼ੌਜੀ ਚੌਕੀ ਦੀ ਗਿਣਾਤਮਕ ਉਤਮਤਾ ਅਤੇ ਤਾਕਤ ਖਾੜਕੂਆਂ ਨੂੰ ਉਨ੍ਹਾਂ ਦੀ ਕਿਲ੍ਹੇਬੰਦੀ ਵਿਚੋਂ ਬਾਹਰ ਕੱਢ ਦੇਵੇਗੀ ਅਤੇ ਉਹ ਆਤਮ-ਸਮਰਪਣ ਕਰ ਦੇਣਗੇ। ਲੜਾਈ ਸੰਬੰਧੀ ਇਹ ਘਾਤਕ ਤੇ ਗ਼ਲਤ ਅੰਦਾਜ਼ਾ ਸੀ।
ਇਹ ਮੰਨਣਾ ਕਿ ਖਾੜਕੂ ਹਾਰ ਮੰਨ ਲੈਣਗੇ, ਇਹ ਗ਼ਲਤ ਰਣਨੀਤੀ ਸੀ। ਸਿੱਟੇ ਵਜੋਂ, ਕਿਸੇ ਵੀ ਪੜਾਅ 'ਤੇ ਫ਼ੌਜਾਂ ਨੇ ਖਾੜਕੂਆਂ ਨੂੰ ਆਤਮ-ਸਮਰਪਣ ਕਰਨ ਦੀ ਅਪੀਲ ਨਹੀਂ ਕੀਤੀ। ਫ਼ੌਜ ਦੇ ਕਮਾਂਡਰਾਂ ਨੇ ਹਥਿਆਰਬੰਦ ਟਕਰਾਅ ਨੂੰ ਰੋਕਣ ਲਈ ਖਾੜਕੂਆਂ ਨਾਲ ਗੱਲਬਾਤ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਸੈਨਿਕਾਂ ਨੇ ਖੁਦ ਹੀ ਹਮਲਾ ਕਰ ਦਿੱਤਾ। ਲੈਫਟੀਨੈਂਟ ਜਨਰਲ ਵੀ.ਕੇ. ਨਈਅਰ, ਜਿਨ੍ਹਾਂ ਨੇ ਸੁੰਦਰਜੀ ਦੇ ਬਾਅਦ 1987-89 ਵਿਚ ਪੱਛਮੀ ਕਮਾਂਡ ਦੇ ਜੀ.ਓ.ਸੀ.-ਇਨ-ਚੀਫ਼ ਵਜੋਂ ਕੰਮ ਕੀਤਾ ਸੀ, ਨੇ ਕਿਹਾ 'ਸੰਤ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਅਤੇ ਸਾਬਕਾ ਮੇਜਰ ਜਨਰਲ ਸੁਬੇਗ ਸਿੰਘ ਦੀ ਅਗਵਾਈ ਵਿਚ ਕੱਟੜਪੰਥੀ ਲੜੇ, ਕਿਉਂਕਿ ਉਨ੍ਹਾਂ ਨੂੰ ਕੋਈ ਬਦਲ ਨਹੀਂ ਸੀ ਦਿੱਤਾ ਗਿਆ।'
ਜਦੋਂ ਖਾੜਕੂਆਂ ਨੇ ਹਮਲੇ ਨੂੰ ਨਾਕਾਮ ਕਰ ਦਿੱਤਾ, ਤਾਂ ਫ਼ੌਜ ਦੇ ਉੱਚ ਅਧਿਕਾਰੀਆਂ ਨੇ ਹੋਰ ਵਧੇਰੇ ਸੈਨਿਕਾਂ ਅਤੇ ਉੱਚ ਸਮਰੱਥਾ ਵਾਲੇ ਹਥਿਆਰਾਂ ਨੂੰ ਤਾਇਨਾਤ ਕਰ ਕੇ ਇਸ ਦਾ ਜਵਾਬ ਦਿੱਤਾ। ਜਦੋਂ ਵਾਰ-ਵਾਰ ਅਗਾਂਹਵਧੂ ਹਮਲੇ ਅਸਫਲ ਹੋਏ, ਤਾਂ ਏ.ਪੀ.ਸੀ. ਅਤੇ ਟੈਂਕਾਂ ਦੀ ਵਰਤੋਂ ਕੀਤੀ ਗਈ, ਜਿਸ ਦੇ ਵਿਨਾਸ਼ਕਾਰੀ ਨਤੀਜੇ ਨਿਕਲੇ। ਸਰ ਲੈਪਿਲ ਗ੍ਰਿਫਿਨ ਨੇ ਆਪਣੀ ਕਿਤਾਬ 'ਮਹਾਰਾਜਾ ਰਣਜੀਤ ਸਿੰਘ ਐਂਡ ਸਿੱਖਸ' ਵਿਚ ਸਿੱਖ ਕਿਰਦਾਰ ਬਾਰੇ ਜੋ ਲਿਖਿਆ ਸੀ, ਉਸ ਤੋਂ ਸ਼ਾਇਦ ਜਨਰਲ ਬਰਾੜ ਨੇ ਆਪਣੇ ਸੀਨੀਅਰ ਸੁੰਦਰਜੀ ਨੂੰ ਜਾਣੂੰ ਨਹੀਂ ਸੀ ਕਰਵਾਇਆ। ਜਨਰਲ ਬਰਾੜ ਨੇ ਉਸ ਦਾ ਬਲੂ ਸਟਾਰ ਬਾਰੇ ਆਪਣੀ ਕਿਤਾਬ ਵਿਚ ਹਵਾਲਾ ਇਸ ਤਰ੍ਹਾਂ ਦਿੱਤਾ ਹੈ:
ਉਕਸਾਏ ਜਾਣ 'ਤੇ ਉਸ ਨੂੰ (ਸਿੱਖ ਨੂੰ) ਦਸ ਹਾਥੀਆਂ ਜਿੰਨਾ ਕਰੋਧ ਆਉਂਦਾ ਹੈ। ਉਸ ਨੂੰ ਜੱਜ ਕਰਨਾ ਔਖਾ ਹੈ। ਉਹ ਉਤੇਜਿਤ ਹੋ ਜਾਂਦਾ ਹੈ, ਆਪਣਾ ਮਾਨਸਿਕ ਸੰਤੁਲਨ ਗੁਆ ਬੈਠਦਾ ਹੈ ਅਤੇ ਆਪਣੀ ਕਾਰਵਾਈ ਦੇ ਨਤੀਜਿਆਂ ਦੀ ਪ੍ਰਵਾਹ ਨਹੀਂ ਕਰਦਾ। ਤੁਹਾਨੂੰ ਉਸ ਨੂੰ ਤੋੜਨਾ ਪੈ ਸਕਦਾ ਹੈ, ਪਰ ਤੁਸੀਂ ਉਸ ਨੂੰ ਝੁਕਾਅ ਨਹੀਂ ਸਕਦੇ। ਜਦੋਂ ਉਹ ਨਿਰਾਸ਼ਾਜਨਕ ਮੂਡ ਵਿਚ ਹੁੰਦਾ ਹੈ, ਤਾਂ ਉਹ ਸਿਰਫ਼ ਚਤੁਰਾਈ ਨਾਲ ਨਜਿੱਠਣ, ਹਮਦਰਦੀ ਨਾਲ ਪੇਸ਼ ਆਉਣ ਅਤੇ ਮਨਾਉਣ 'ਤੇ ਹੀ ਹੁੰਗਾਰਾ ਦਿੰਦਾ ਹੈ। ਚਤੁਰਾਈ ਨਾਲ ਸੰਭਾਲਣ 'ਤੇ ਉਹ ਆਸਾਨੀ ਨਾਲ ਮੁਆਫ਼ ਕਰ ਦਿੰਦਾ ਹੈ ਅਤੇ ਭੁੱਲ ਜਾਂਦਾ ਹੈ ਅਤੇ ਪੁਰਾਣੇ ਦੁਸ਼ਮਣਾਂ ਦਾ ਸਾਥ ਦੇਣ ਲਈ ਵੀ ਤਿਆਰ ਹੋ ਜਾਂਦਾ ਹੈ।
ਇਹ ਕਿੰਨਾ ਸੱਚ ਹੈ। ਰਣਜੀਤ ਸਿੰਘ ਦੀ ਫ਼ੌਜ ਦੇ ਬਹਾਦਰ ਸੈਨਿਕ ਜਿਨ੍ਹਾਂ ਨੇ ਦੋ ਐਂਗਲੋ ਸਿੱਖ ਯੁੱਧਾਂ ਵਿਚ ਅੰਗਰੇਜ਼ਾਂ ਨਾਲ ਡਟ ਕੇ ਮੁਕਾਬਲਾ ਕੀਤਾ ਸੀ, ਪਰ ਅੰਗਰੇਜ਼ਾਂ ਨੇ ਜਿੱਤ ਹਾਸਿਲ ਕੀਤੀ ਸੀ। ਫਿਰ ਉਹ ਬ੍ਰਿਟਿਸ਼ ਇੰਡੀਅਨ ਆਰਮੀ ਦੇ ਮਾਣਮੱਤੇ ਸੈਨਿਕ ਬਣ ਗਏ, ਉਹੀ ਦੁਸ਼ਮਣ ਜਿਸ ਨੇ ਉਨ੍ਹਾਂ ਨੂੰ ਹਰਾਇਆ ਸੀ ਅਤੇ ਉਨ੍ਹਾਂ ਦੇ ਖ਼ਾਲਸਾ ਰਾਜ ਦਾ ਸਫਾਇਆ ਕੀਤਾ ਸੀ।
ਸੰਤ ਭਿੰਡਰਾਂਵਾਲੇ ਕਿਸ ਲਈ ਲੜ ਰਹੇ ਸਨ?
ਸੰਤ ਭਿੰਡਰਾਂਵਾਲਿਆਂ ਨੇ ਕਦੇ ਵੀ ਖੁੱਲ੍ਹੇ ਤੌਰ 'ਤੇ ਵੱਖਰੇ ਸਿੱਖ ਰਾਜ 'ਖਾਲਿਸਤਾਨ' ਦੀ ਮੰਗ ਨਹੀਂ ਕੀਤੀ ਸੀ। ਫਿਰ ਉਹ ਕਿਸ ਲਈ ਲੜ ਰਹੇ ਸਨ? ਇਸ ਦਾ ਜਵਾਬ ਸਿੱਖ ਇਤਿਹਾਸ ਅਤੇ ਪਰੰਪਰਾ ਵਿਚ ਹੈ, ਜਿਸ ਨੇ ਖਾੜਕੂ ਦੀ ਮਾਨਸਿਕ ਪ੍ਰਕਿਰਤੀ ਨੂੰ ਰੂਪ ਦਿੱਤਾ। ਸ਼ਹੀਦੀ ਦੀ ਪਰੰਪਰਾ ਸਿੱਖ ਲੋਕਾਚਾਰ ਵਿਚ ਗਹਿਰਾਈ ਨਾਲ ਰਚੀ ਹੋਈ ਹੈ ਅਤੇ ਇਹ ਉਨ੍ਹਾਂ ਨੂੰ ਆਪਣੇ ਧਰਮ ਦੀ ਰਾਖੀ ਕਰਨ ਦੀ ਦ੍ਰਿੜ੍ਹਤਾ ਪ੍ਰਦਾਨ ਕਰਦੀ ਹੈ। ਖ਼ਾਲਸਾ ਆਤਮ ਸਮਰਪਣ ਲਈ ਨਹੀਂ, ਸਗੋਂ ਲੜਾਈ ਦੇ ਮੈਦਾਨ ਵਿਚ ਭਿਆਨਕ ਲੜਾਈਆਂ ਅਤੇ ਸ਼ਹੀਦੀਆਂ ਲਈ ਜਾਣਿਆ ਜਾਂਦਾ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਪ੍ਰਭੂਸੱਤਾ ਦੇ ਇਤਿਹਾਸਿਕ ਦਾਅਵੇ ਅਤੇ ਮੁਗ਼ਲ ਤੇ ਅਫ਼ਗਾਨ ਜ਼ੁਲਮ ਦੇ ਵਿਰੋਧ ਦਾ ਪ੍ਰਤੀਕ ਹੈ। ਖਾੜਕੂਆਂ ਨੇ ਇਸ ਸਿੱਖ ਸੰਘਰਸ਼ ਦੀ ਵਿਰਾਸਤ ਨੂੰ ਅਪਣਾਇਆ ਅਤੇ ਦਿੱਲੀ ਦਰਬਾਰ ਦੁਆਰਾ ਪੰਥ ਦੇ ਨਸਲੀ-ਧਾਰਮਿਕ ਅਧਿਕਾਰਾਂ ਨੂੰ ਮਾਨਤਾ ਨਾ ਦੇਣ ਦੇ ਕਾਰਨ ਨਾਲ ਇਸ ਨੂੰ ਜੋੜ ਦਿੱਤਾ। ਉਨ੍ਹਾਂ ਨੇ ਫ਼ੌਜ ਨਾਲ ਉਸ ਨੂੰ ਵਰਤਮਾਨ ਸਮੇਂ ਦੇ ਹਮਲਾਵਰ ਮੁਗਲ ਤੇ ਅਫ਼ਗਾਨ ਸਮਝ ਕੇ ਲੜਾਈ ਲੜੀ ਸੀ। ਸਿੱਖ ਧਰਮ ਮੁਗ਼ਲ ਅਤੇ ਅਫ਼ਗਾਨ ਹਮਲਾਵਰਾਂ ਵਲੋਂ ਕੀਤੇ ਗਏ ਧਾਰਮਿਕ ਅੱਤਿਆਚਾਰ ਦੇ ਵਿਰੋਧ ਵਿਚ ਖੜ੍ਹਾ ਹੋਇਆ ਸੀ। ਇਸ ਦੀ ਪਰੰਪਰਾ ਧਰਮ ਦੀ ਆਜ਼ਾਦੀ ਲਈ ਬੇਅੰਤ ਕੁਰਬਾਨੀਆਂ ਨਾਲ ਭਰੀ ਹੋਈ ਹੈ। ਸਿੱਖ ਸ਼ਹਾਦਤ ਦਾ ਸਤਿਕਾਰ ਕਰਦੇ ਹਨ, ਸ਼ਹੀਦਾਂ ਦੀ ਪ੍ਰਸੰਸਾ ਕਰਦੇ ਹਨ ਅਤੇ ਹਰ ਰੋਜ਼ ਅਰਦਾਸ ਅਤੇ ਸਮਾਜਿਕ-ਸੱਭਿਆਚਾਰਕ ਮੌਕਿਆਂ 'ਤੇ ਢਾਡੀਆਂ ਦੀਆਂ ਵਾਰਾਂ ਅਤੇ ਲੋਕ ਕਥਾਵਾਂ ਰਾਹੀਂ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਗੁਣਗਾਨ ਕਰਦੇ ਹਨ। ਉਹ 'ਸ਼ਹਾਦਤ ਦੇ ਜਜ਼ਬੇ' ਨੂੰ ਸਿਰਮੌਰ ਮੰਨਦੇ ਹਨ। ਸਿੱਖ ਕੈਲੰਡਰ ਅਤੇ ਚਿੱਤਰਾਂ ਵਿਚ ਸਿੱਖ ਯੋਧਿਆਂ ਨੂੰ ਪੰਥ ਲਈ ਆਰਿਆਂ ਨਾਲ ਚੀਰੇ, ਚਰਖੜੀਆਂ 'ਤੇ ਚਾੜ੍ਹੇ ਜਾਂਦੇ, ਖੋਪੜੀਆਂ ਲਹਾਉਂਦੇ ਅਤੇ ਪੁਰਜਾ-ਪੁਰਜਾ ਕੱਟ ਮਰਦੇ ਦਿਖਾਇਆ ਜਾਂਦਾ ਹੈ। ਇਹ ਸਭ ਪਿਛਲੀਆਂ ਪੀੜ੍ਹੀਆਂ ਦੇ ਸੰਘਰਸ਼, ਸਾਹਸ ਅਤੇ ਕੁਰਬਾਨੀ ਦੀ ਰੋਜ਼ਾਨਾ ਯਾਦ ਦਿਵਾਉਂਦੇ ਹਨ। ਇਤਿਹਾਸਕਾਰ ਲੁਈ ਈ. ਫੇਨੇਕ ਨੇ ਇਹ ਸਿੱਟਾ ਕੱਢਿਆ ਕਿ ਸ਼ਹਾਦਤ 'ਸਿੱਖ ਪਛਾਣ ਦਾ ਸਰਵੋਤਮ' ਪ੍ਰਤੀਕ ਹੈ। ਇਹ ਇਕ ਅਜਿਹੀ ਸ਼ਕਤੀ ਹੈ ਜੋ ਭਵਿੱਖ ਦੀਆਂ ਪੀੜ੍ਹੀਆਂ ਲਈ ਕੁਰਬਾਨੀ ਦੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਬਣਦੀ ਹੈ।
ਸੰਤ ਭਿੰਡਰਾਂਵਾਲਿਆਂ ਨੇ ਕੁਰਬਾਨੀਆਂ ਦੀ ਇਸ ਪਰੰਪਰਾ ਦਾ ਹਵਾਲਾ ਦਿੰਦਿਆਂ ਮੌਜੂਦਾ ਸਮੇਂ ਵਿਚ ਦਿੱਲੀ ਦਰਬਾਰ ਅਤੇ ਬ੍ਰਾਹਮਣਵਾਦੀ ਸਾਮਰਾਜ ਵਲੋਂ ਸਿੱਖਾਂ ਦੇ ਹੱਕਾਂ 'ਤੇ ਡਾਕਾ ਮਾਰੇ ਜਾਣ ਦੀ ਧਾਰਨਾ ਨੂੰ ਉਭਾਰਿਆ ਅਤੇ ਮਜ਼ਬੂਤ ਕੀਤਾ। ਉਹ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਬਾਹਰੋਂ ਆਏ ਹਮਲਾਵਰ ਮੁਗ਼ਲਾਂ ਅਤੇ ਅਫ਼ਗਾਨਾਂ ਵਾਂਗ ਸਿੱਖਾਂ 'ਤੇ ਜਬਰ-ਜ਼ੁਲਮ ਢਾਹੁਣ ਵਾਲੀ ਆਖਦੇ ਸਨ। ਇਸ ਤੱਥ ਨੂੰ ਆਸਾਨੀ ਨਾਲ ਅਣਡਿੱਠ ਕਰ ਦਿੱਤਾ ਗਿਆ ਕਿ ਹੁਣ ਸਮਾਂ ਬਦਲ ਗਿਆ ਹੈ ਅਤੇ ਭਾਰਤ ਵਿਚ ਮੁਗ਼ਲ ਜਾਂ ਅਫ਼ਗਾਨ ਰਾਜ ਨਹੀਂ, ਬਲਕਿ ਇਕ ਮਜ਼ਬੂਤ ਲੋਕਤੰਤਰੀ ਢੰਗ ਨਾਲ ਚੁਣੀ ਹੋਈ ਨਿਆਂਕਾਰੀ ਵਿਵਸਥਾ ਤਹਿਤ ਚਲਦੀ ਸਰਕਾਰ ਹੈ।
ਉਨ੍ਹਾਂ ਨੇ ਆਪਣੇ-ਆਪ ਨੂੰ ਆਧੁਨਿਕ ਸਮੇਂ ਵਿਚ ਧਰਮ ਦੇ ਰਾਖੇ ਅਤੇ ਇਸ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੇ ਰੱਖਿਅਕ ਦੇ ਰੂਪ ਵਿਚ ਦੇਖਿਆ। ਉਹ ਆਪਣੇ 'ਮੁੰਡਿਆਂ ਨੂੰ ਯਾਦ ਦਿਵਾਉਂਦੇ ਸਨ ਕਿ ਮੁਸਲਮਾਨ ਹਮਲਾਵਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਤਿੰਨ ਵਾਰ ਢਹਿ-ਢੇਰੀ ਕੀਤਾ ਸੀ ਅਤੇ 1734 ਵਿਚ ਮੁਗ਼ਲਾਂ ਵਲੋਂ ਭਾਈ ਮਨੀ ਸਿੰਘ ਜੀ ਨੂੰ ਸ਼ਹੀਦ ਕੀਤੇ ਜਾਣ ਸਮੇਤ ਸਿੱਖਾਂ ਦੀਆਂ ਬੇਅੰਤ ਸ਼ਹੀਦੀਆਂ ਦੀ ਪਰੰਪਰਾ ਨੂੰ ਜਿਊਂਦਾ ਰੱਖਣਾ ਨਵੀਂ ਪੀੜ੍ਹੀ ਦਾ ਕਰਤੱਵ ਹੈ। ਪੰਥ ਦੀ ਇਸ ਮਹਾਨ ਪਰੰਪਰਾ ਨੂੰ ਜਾਰੀ ਰੱਖਦਿਆਂ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦੀ ਹਮਲਾਵਰ ਫ਼ੌਜਾਂ ਤੋਂ ਰਾਖੀ ਕਰਨੀ ਹੋਵੇਗੀ, ਉਂਜ ਭਾਵੇਂ 1984 ਦੀ ਫ਼ੌਜੀ ਕਾਰਵਾਈ ਦਾ ਕਾਰਨ ਸੰਤ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਖਾੜਕੂਆਂ ਵਲੋਂ ਸ੍ਰੀ ਹਰਿਮੰਦਰ ਸਾਹਿਬ ਉੱਤੇ ਕਬਜ਼ਾ ਕਰਨਾ ਸੀ, ਪਰ ਇਸ ਧਰਮ ਪ੍ਰਚਾਰਕ ਵਲੋਂ ਦਿੱਤੇ ਸੱਦੇ ਨੇ ਸ਼ਰਧਾਵਾਨਾਂ ਦੇ ਮਨਾਂ ਵਿਚ ਲੜ-ਮਰਨ ਦੀ ਬੇਹੱਦ ਪ੍ਰੇਰਨਾ ਪੈਦਾ ਕੀਤੀ ਸੀ। ਉਨ੍ਹਾਂ ਦੀ ਬਹਾਦਰੀ ਉਨ੍ਹਾਂ ਦੇ ਬੰਦਿਆਂ ਦੇ ਮਨੋਬਲ ਨੂੰ ਕਾਇਮ ਰੱਖਣ ਦੀ ਤਾਕਤ ਸੀ। ਉਹ ਉਨ੍ਹਾਂ ਨੂੰ ਸੰਬੋਧਿਤ ਕਰਦੇ ਸਨ, ਜੇਕਰ ਅਧਿਕਾਰੀ ਸ੍ਰੀ ਹਰਿਮੰਦਰ ਸਾਹਿਬ ਵਿਚ ਦਾਖਲ ਹੁੰਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਅਜਿਹਾ ਸਬਕ ਸਿਖਾਵਾਂਗੇ ਕਿ ਇੰਦਰਾ ਦਾ ਤਖ਼ਤ ਢਹਿ ਜਾਵੇਗਾ।' ਸੰਤ ਭਿੰਡਰਾਂਵਾਲਿਆਂ ਦੁਆਲੇ ਦਲੇਰ ਅਤੇ ਬਹਾਦਰ ਰੂਹਾਨੀ ਆਗੂ ਹੋਣ ਦਾ ਆਭਾ ਮੰਡਲ ਸਿਰਜਿਆ ਗਿਆ, ਜੋ ਉਨ੍ਹਾਂ ਦੇ ਨੇੜੇ ਰਹਿਣ ਵਾਲੇ ਖਾੜਕੂਆਂ ਨੂੰ ਚੜ੍ਹਦੀ ਕਲਾ ਵਿਚ ਰੱਖਦਾ ਸੀ। ਉਹ ਅਜਿਹੀਆਂ ਪ੍ਰਭਾਵਸ਼ਾਲੀ ਢੰਗ ਨਾਲ ਆਖੀਆਂ ਜਾਂਦੀਆਂ ਗੱਲਾਂ ਸੁਣ ਕੇ ਸਹਿਮਤੀ ਵਿਚ ਸਿਰ ਹਿਲਾਉਂਦੇ ਅਤੇ ਖੁਸ਼ ਹੁੰਦੇ ਸਨ।
ਜਨਰਲਾਂ ਦੀ ਰਾਇ
ਆਪ੍ਰੇਸ਼ਨ ਬਲੂ ਸਟਾਰ ਦੇ ਸੰਬੰਧ ਵਿਚ ਫ਼ੌਜ ਵਲੋਂ ਕੁਝ ਜ਼ਿਆਦਾ ਹੀ ਤਿੱਖੀਆਂ ਆਲੋਚਨਾਵਾਂ ਆਈਆਂ ਹਨ, ਕੁਝ ਫ਼ੌਜੀ ਜਨਰਲਾਂ ਵਲੋਂ ਕੀਤੀ ਆਲੋਚਨਾ ਰਿਕਾਰਡ 'ਤੇ ਵੀ ਹੈ। ਇਸ ਦੀ ਸਭ ਤੋਂ ਵੱਧ ਸਖ਼ਤ ਨਿੰਦਾ ਲੈਫਟੀਨੈਂਟ ਜਨਰਲ ਪੀ.ਐਨ. ਹੂਨ ਨੇ ਕੀਤੀ। ਮੇਘਦੂਤ ਆਪ੍ਰੇਸ਼ਨ ਦੇ ਹੀਰੋ ਜਿਨ੍ਹਾਂ ਨੇ 1984 ਵਿਚ ਸਿਆਚਿੰਨ ਦੀਆਂ ਉਚਾਈਆਂ ਉੱਤੇ ਕਬਜ਼ਾ ਕੀਤਾ ਸੀ। ਉਨ੍ਹਾਂ ਨੇ 1986-87 ਵਿਚ ਪੱਛਮੀ ਕਮਾਂਡ ਦੇ ਜੀ.ਓ.ਸੀ.-ਇਨ-ਚੀਫ਼ ਦੇ ਤੌਰ 'ਤੇ ਸੁੰਦਰਜੀ ਤੋਂ ਬਾਅਦ ਅਹੁਦਾ ਸੰਭਾਲਿਆ ਸੀ। ਆਪਣੀ ਸੇਵਾਮੁਕਤੀ ਤੋਂ ਬਾਅਦ ਪ੍ਰਕਾਸ਼ਿਤ ਇਕ ਕਿਤਾਬ ਵਿਚ ਲੈਫਟੀਨੈਂਟ ਜਨਰਲ ਹੂਨ ਨੇ ਬਲੂ ਸਟਾਰ ਨੂੰ ਹਥਿਆਰਬੰਦ ਸੈਨਾਵਾਂ ਦੇ ਇਤਿਹਾਸ ਵਿਚ 'ਗ਼ਲਤ-ਯੋਜਨਾਬੱਧ, ਗ਼ਲਤ ਸੰਕਲਪਿਤ ਅਤੇ ਗ਼ਲਤ ਢੰਗ ਨਾਲ ਲਾਗੂ', 'ਇਕ ਕਾਲਾ ਅਧਿਆਏ' ਦੱਸਿਆ ਹੈ। ਸਖ਼ਤ ਸ਼ਬਦਾਂ ਵਿਚ ਜਨਰਲ ਹੂਨ ਲਿਖਦੇ ਹਨ, 'ਇਹ ਜਨਰਲ ਡਾਇਰ ਦੀ ਜੱਲ੍ਹਿਆਂਵਾਲਾ ਬਾਗ਼ ਵਿਚ ਕੀਤੀ ਗੋਲੀਬਾਰੀ ਵਾਂਗ ਕਰੂਰ ਕਾਰਨਾਮਾ ਸੀ।' ਉਨ੍ਹਾਂ ਨੇ ਸੁੰਦਰਜੀ 'ਤੇ ਬਹੁਤ ਜ਼ਿਆਦਾ ਉਤਸ਼ਾਹ ਅਤੇ ਨਿੱਜੀ ਲਾਲਸਾ ਦਾ ਦੋਸ਼ ਲਗਾਇਆ। ਸੁੰਦਰਜੀ ਫੀਲਡ ਮਾਰਸ਼ਲ ਬਣਨ ਲਈ ਸਿਰਫ਼ 'ਹਾਂ ਜੀ, ਪ੍ਰਧਾਨ ਮੰਤਰੀ ਜੀ' ਕਹਿਣ ਵਾਲੇ ਜਨਰਲ ਬਣੇ ਰਹੇ ਅਤੇ ਜੇਕਰ ਖੁਲਾਸਿਆਂ 'ਤੇ ਭਰੋਸਾ ਕੀਤਾ ਜਾ ਸਕਦਾ ਹੈ ਤਾਂ ਉਹ ਪ੍ਰਧਾਨ ਮੰਤਰੀ ਦੇ ਫ਼ੈਸਲਿਆਂ ਤੋਂ ਵੀ ਅੱਗੇ ਨਿਕਲ ਗਏ ਸਨ।'
ਜਨਰਲ ਵੀ.ਕੇ. ਸਿੰਘ, ਜੋ ਸੈਨਾ ਦੇ ਮੁਖੀ ਵਜੋਂ ਸੇਵਾਮੁਕਤ ਹੋਏ ਹਨ ਅਤੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਦੇ ਕੇਂਦਰੀ ਮੰਤਰੀ ਮੰਡਲ ਵਿਚ ਇਕ ਮੰਤਰੀ ਵੀ ਰਹੇ, ਉਹ ਵੀ ਆਪ੍ਰੇਸ਼ਨ ਦੀ ਆਲੋਚਨਾ ਵਿਚ ਓਨੇ ਹੀ ਗੰਭੀਰ ਹਨ:
ਹਮਲੇ ਦੀਆਂ ਯੋਜਨਾਵਾਂ ਕੰਮ ਚਲਾਊ ਸਨ ਅਤੇ ਇਕ ਬਿਲਟ-ਅੱਪ ਖੇਤਰ ਵਿਚ ਲੜਾਈ ਦੇ ਲਗਭਗ ਸਾਰੇ ਬੁਨਿਆਦੀ ਸਿਧਾਂਤਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ... ਸਭ ਤੋਂ ਸਪੱਸ਼ਟ ਸਬਕ ਸੀ : ਕਮਾਂਡ ਦੀ ਲੜੀ ਨੂੰ ਕਦੇ ਵੀ ਬਾਈਪਾਸ ਨਾ ਕਰੋ।
ਸਮੁੱਚੀ ਸਮੱਸਿਆ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਵਲੋਂ ਪੱਛਮੀ ਆਰਮੀ ਕਮਾਂਡਰ ਨੂੰ ਆਪਣੀ ਰਿਹਾਇਸ਼ 'ਤੇ ਬੁਲਾਉਣ ਤੋਂ ਹੋਈ ਜਦੋਂ ਫ਼ੌਜ ਨੂੰ ਇਸ ਵਿਚ ਸ਼ਾਮਿਲ ਕਰਨ ਦਾ ਫ਼ੈਸਲਾ ਲਿਆ ਗਿਆ। ਉਸ ਦਿਨ ਜਿਨ੍ਹਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ, ਉਸ ਲਈ ਆਖਰ ਪ੍ਰਧਾਨ ਮੰਤਰੀ ਨੂੰ ਆਪਣੇ ਜੀਵਨ ਦੀ ਕੀਮਤ ਚੁਕਾਉਣੀ ਪਈ।
ਉਹ ਅੱਗੇ ਲਿਖਦੇ ਹਨ :
ਜਨਰਲ ਸੁੰਦਰਜੀ ਨੇ ਸੀ.ਓ.ਏ.ਐਸ. (ਫ਼ੌਜ ਦੇ ਮੁਖੀ) ਨੂੰ ਪਾਸੇ ਕਰ ਕੇ ਉਨ੍ਹਾਂ ਦੀ ਪਿੱਠ ਪਿੱਛੇ ਜਾ ਕੇ ਫ਼ੌਜੀ ਤਰਕ ਨਾਲ ਸਮਝੌਤਾ ਕੀਤਾ ਅਤੇ ਬਾਅਦ ਦਾ ਹਰ ਫੈਸਲਾ ਕਾਰਜਸ਼ੀਲ ਤਰਕ ਦੀ ਬਜਾਏ ਰਾਜਨੀਤੀ ਦੁਆਰਾ ਸੇਧਿਤ ਸੀ। ਇਹ ਇਸ ਤੱਥ ਨੂੰ ਦਰਸਾਉਂਦਾ ਹੈ ਕਿ ਕਿਸੇ ਨੂੰ ਇਹ ਦੱਸਣ ਦੀ ਜ਼ਰੂਰਤ ਸੀ ਕਿ ਸਥਿਤੀ ਨੂੰ ਗ਼ਲਤ ਤਰੀਕੇ ਨਾਲ ਸੰਭਾਲਿਆ ਜਾ ਰਿਹਾ ਹੈ। ਅਜਿਹਾ ਕਦੇ ਨਹੀਂ ਹੋਇਆ ਅਤੇ ਆਰਮੀ ਹੈੱਡਕੁਆਰਟਰ ਸਿਰਫ਼ ਦਰਸ਼ਕ ਬਣ ਕੇ ਰਹਿ ਗਿਆ।
ਬੰਗਲਾਦੇਸ਼ ਦੀ ਸਿਰਜਣਾ ਦਾ ਨਾਇਕ ਲੈਫਟੀਨੈਂਟ ਜਗਜੀਤ ਸਿੰਘ ਅਰੋੜਾ ਜਿਸ ਨੇ 1971 ਵਿਚ ਢਾਕਾ ਵਿਖੇ ਪਾਕਿਸਤਾਨੀਆਂ ਨੂੰ ਹਥਿਆਰ ਸੁੱਟਣ ਲਈ ਮਜਬੂਰ ਕਰ ਦਿੱਤਾ ਸੀ, ਨੇ ਆਖਿਆ ਕਿ ਆਪ੍ਰੇਸ਼ਨ ਨਾ ਤਾਂ ਜ਼ਰੂਰੀ ਸੀ ਅਤੇ ਨਾ ਹੀ ਇਸ ਦਾ ਇਕੋ ਇਕ ਹੱਲ ਸੀ। ਉਨ੍ਹਾਂ ਨੇ ਬਲੂ ਸਟਾਰ ਸੰਬੰਧੀ ਗੋਪਨੀਅਤਾ ਅਤੇ ਜਿਸ ਕਾਹਲੀ ਵਿਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ ਸੀ, ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਕਿਹਾ, 'ਕਸੂਰ ਮੁੱਖ ਤੌਰ 'ਤੇ ਉਨ੍ਹਾਂ (ਫ਼ੌਜ) ਨੂੰ ਲੋੜੀਂਦਾ ਸਮਾਂ ਨਾ ਦੇਣ ਵਿਚ ਹੈ, ਜੋ ਸਹੀ ਯੋਜਨਾਬੰਦੀ ਅਤੇ ਤਿਆਰੀ ਲਈ ਲੋੜੀਂਦਾ ਸੀ।'
ਇਸ ਆਪ੍ਰੇਸ਼ਨ ਦੀ ਦੋ ਹੋਰ ਉੱਘੇ ਯੋਧਿਆਂ, ਲੈਫਟੀਨੈਂਟ ਜਨਰਲ ਹਰਬਖ਼ਸ਼ ਸਿੰਘ, ਜਿਨ੍ਹਾਂ ਨੇ 1965 ਵਿਚ ਪਾਕਿਸਤਾਨ ਨੂੰ ਪੰਜਾਬ 'ਤੇ ਹਾਵੀ ਹੋਣ ਤੋਂ ਬਚਾਇਆ ਸੀ ਅਤੇ ਭਾਰਤੀ ਹਵਾਈ ਸੈਨਾ ਦੇ ਇਕਲੌਤੇ ਮਾਰਸ਼ਲ ਅਰਜਨ ਸਿੰਘ ਨੇ ਵੀ ਆਪ੍ਰੇਸ਼ਨ ਬਲੂ ਸਟਾਰ ਦੀ ਸਖ਼ਤ ਨਿੰਦਾ ਕੀਤੀ। ਖਾਸ ਤੌਰ 'ਤੇ ਜਿਸ ਤਰੀਕੇ ਨਾਲ ਇਸ ਨੂੰ ਅੰਜਾਮ ਦਿੱਤਾ ਗਿਆ ਸੀ।
ਆਲੋਚਨਾ ਦੀ ਸੂਚੀ ਲੰਬੀ ਹੈ। ਇਹ ਕਹਿਣਾ ਕਾਫ਼ੀ ਹੈ ਕਿ ਪੰਜਾਬ ਦੀ ਸਮੱਸਿਆ ਨੂੰ ਹੱਲ ਕਰਨ ਲਈ ਸਿਆਸੀ ਬਿਰਤਾਂਤ ਦੀ ਅਣਹੋਂਦ ਵਿਚ ਹਥਿਆਰਬੰਦ ਹੱਲ ਕੀਤਾ ਗਿਆ ਸੀ।
ਆਪ੍ਰੇਸ਼ਨ ਤਰੁੱਟੀਆਂ ਨਾਲ ਭਰਿਆ ਹੋਇਆ ਸੀ। ਹਮਲੇ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਖਾੜਕੂਆਂ ਤੋਂ ਆਤਮ-ਸਮਰਪਣ ਕਰਵਾਉਣ ਦੀ ਕੋਸ਼ਿਸ਼ ਲੋਕਾਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਨੂੰ ਗ਼ੈਰ-ਕਾਨੂੰਨੀ ਬਣਾ ਸਕਦੀ ਸੀ। ਜੇਕਰ ਉਹ ਆਤਮ-ਸਮਰਪਣ ਨਾ ਕਰਦੇ ਤਾਂ ਕਾਰਵਾਈ ਦੇ ਨਤੀਜਿਆਂ ਲਈ ਪੂਰਾ ਦੋਸ਼ ਖਾੜਕੂਆਂ 'ਤੇ ਹੋਣਾ ਸੀ, ਨਾ ਕਿ ਸੁਰੱਖਿਆ ਬਲਾਂ 'ਤੇ। ਉਦਾਰਵਾਦੀ ਸਿੱਖਾਂ ਵਿਚ ਲੋਕ ਰਾਇ ਬਣਾਉਣ ਦਾ ਕੋਈ ਉਪਰਾਲਾ ਨਹੀਂ ਕੀਤਾ ਗਿਆ, ਨਾ ਹੀ ਸ਼੍ਰੋਮਣੀ ਕਮੇਟੀ ਜਾਂ ਸਿੰਘ ਸਾਹਿਬਾਨ ਨੂੰ ਭਰੋਸੇ ਵਿਚ ਲਿਆ ਗਿਆ ਅਤੇ ਨਾ ਹੀ ਸਹਿਯੋਗ ਦਿੱਤਾ ਗਿਆ। ਸਗੋਂ ਨਰਮਪੰਥੀ ਲੀਡਰਸ਼ਿਪ ਸਮੇਤ ਇਨ੍ਹਾਂ ਸਾਰਿਆਂ ਨੂੰ ਪੰਜਾਬ ਸਮੱਸਿਆ ਦੇ ਹਿੱਸੇ ਵਜੋਂ ਦੇਖਿਆ ਗਿਆ। ਮੀਡੀਆ ਬਲੈਕ ਆਊਟ ਨੇ ਹੋਰ ਕਥਿਤ ਵਧੀਕੀਆਂ ਦੀਆਂ ਅਫ਼ਵਾਹਾਂ ਨੂੰ ਅੱਗੇ ਵਧਾਇਆ। ਇਸ ਦੇ ਨਤੀਜੇ ਵਜੋਂ ਸਰਕਾਰ ਪ੍ਰਤੀ ਭਰੋਸੇਯੋਗਤਾ ਦਾ ਨੁਕਸਾਨ ਹੋਇਆ, ਕਿਉਂਕਿ ਪ੍ਰੈੱਸ ਅਤੇ ਜਨਤਾ ਨੇ ਕੇਵਲ ਫ਼ੌਜੀ ਕਾਰਵਾਈ ਦੇ ਨਤੀਜੇ ਵਜੋਂ ਮੌਤ ਅਤੇ ਤਬਾਹੀ ਨੂੰ ਦੇਖਿਆ, ਨਾ ਕਿ ਉਸ ਖ਼ੂਨੀ ਯੁੱਧ ਨੂੰ ਜੋ ਫ਼ੌਜ ਤੇ ਖਾੜਕੂਆਂ ਵਿਚਕਾਰ ਹੋਇਆ। ਆਪ੍ਰੇਸ਼ਨ ਸ਼ੁਰੂ ਕਰਨ ਲਈ ਫ਼ੌਜ ਵਲੋਂ ਸਿੱਖਾਂ ਦੇ ਪਵਿੱਤਰ ਦਿਹਾੜੇ ਦੀ ਅਣਉੱਚਿਤ ਚੋਣ, ਬਲ ਦੀ ਬਹੁਤ ਜ਼ਿਆਦਾ ਵਰਤੋਂ ਜਿਸ ਨਾਲ ਵੱਡੀ ਗਿਣਤੀ ਵਿਚ ਨਿਰਦੋਸ਼ ਸ਼ਰਧਾਲੂ ਮਾਰੇ ਗਏ। ਪਵਿੱਤਰ ਅਸਥਾਨ ਨੂੰ ਹੋਏ ਭਾਰੀ ਨੁਕਸਾਨ ਨੇ ਸਿੱਖ ਕੌਮ ਨੂੰ ਅਲੱਗ-ਥਲੱਗ ਕਰ ਦਿੱਤਾ। ਇਸ ਨੇ ਬਲੂ ਸਟਾਰ ਤੋਂ ਬਾਅਦ ਪਾਕਿਸਤਾਨ ਤੋਂ ਸਹਾਇਤਾ ਪ੍ਰਾਪਤ ਕੱਟੜਪੰਥੀਆਂ ਨੂੰ ਆਪਣੀ ਗਿਣਤੀ ਵਧਾਉਣ ਵਿਚ ਮਦਦ ਕੀਤੀ।
ਬਲੂ ਸਟਾਰ ਸਾਡੇ ਇਤਿਹਾਸ ਦਾ ਇਕ ਕਾਲਾ ਅਧਿਆਇ ਹੈ ਅਤੇ ਸ਼ਾਇਦ ਆਉਣ ਵਾਲੇ ਲੰਬੇ ਸਮੇਂ ਤੱਕ ਇਹ ਸਾਨੂੰ ਦੁੱਖ ਦਿੰਦਾ ਰਹੇਗਾ।
ਇਕ ਵੱਡੀ ਗ਼ਲਤੀ ਸੀ ਸਾਕਾ ਨੀਲਾ ਤਾਰਾ
ਅਜੀਤ ਡੈਸਕ
06-06-2026