28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਭਾਜਪਾ ਨੇ ਡਾ. ਅਰਚਨਾ ਗੁਪਤਾ ਨੂੰ ਸੌਂਪੀ ਹਰਿਆਣਾ ਭਾਜਪਾ ਦੀ ਕਮਾਨ

ਅਜੀਤ ਡੈਸਕ 11-06-2026

ਭਾਜਪਾ ਹਾਈਕਮਾਂਡ ਡਾ. ਅਰਚਨਾ ਗੁਪਤਾ (58) ਨੂੰ ਹਰਿਆਣਾ ਭਾਜਪਾ ਦੀ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ। ਡਾ. ਅਰਚਨਾ ਗੁਪਤਾ ਇਸ ਸਮੇਂ ਪੂਰੇ ਦੇਸ਼ 'ਚ ਭਾਜਪਾ ਦੀ ਇਕਲੌਤੀ ਮਹਿਲਾ ਸੂਬਾ ਪ੍ਰਧਾਨ ਹੈ। ਉਹ ਹਰਿਆਣਾ 'ਚ ਭਾਜਪਾ ਦੀ ਸੂਬਾ ਪ੍ਰਧਾਨ ਬਣਨ ਵਾਲੀ ਦੂਸਰੀ ਮਹਿਲਾ ਪ੍ਰਧਾਨ ਹੈ, ਉਨ੍ਹਾਂ ਤੋਂ ਪਹਿਲਾ ਡਾ. ਕਮਲਾ ਵਰਮਾ 1980 ਤੋਂ 1983 ਤੱਕ ਹਰਿਆਣਾ ਭਾਜਪਾ ਦੀ ਪਹਿਲੀ ਮਹਿਲਾ ਪ੍ਰਧਾਨ ਬਣੀ ਸੀ। ਡਾ. ਅਰਚਨਾ ਗੁਪਤਾ ਨੂੰ ਮੋਹਨ ਲਾਲ ਬੜੌਲੀ ਦੀ ਜਗ੍ਹਾ ਹਰਿਆਣਾ ਭਾਜਪਾ ਦੀ ਵਾਗਡੋਰ ਦਿੱਤੀ ਗਈ ਹੈ। ਇਸ ਤੋਂ ਪਹਿਲਾ ਡਾ. ਗੁਪਤਾ ਹਰਿਆਣਾ ਭਾਜਪਾ 'ਚ ਜਨਰਲ ਸਕੱਤਰ ਵਜੋਂ ਸੇਵਾ ਨਿਭਾਅ ਰਹੀ ਸੀ। ਡਾ. ਅਰਚਨਾ ਗੁਪਤਾ ਪੇਸ਼ੇ ਵਜੋਂ ਰੇਡੀਓਲੋਜਿਸਟ ਹਨ ਅਤੇ ਉਨ੍ਹਾਂ ਨੇ ਪੀ.ਜੀ.ਆਈ. ਰੋਹਤਕ ਤੋਂ ਐਮ.ਡੀ. ਦੀ ਡਿਗਰੀ ਹਾਸਿਲ ਕੀਤੀ ਹੈ। ਉਹ ਲੰਬੇ ਸਮੇਂ ਤੋਂ ਸੰਗਠਨ ਨਾਲ ਜੁੜੀ ਰਹੀ ਹੈ। ਉਨ੍ਹਾਂ 2010 ਤੋਂ 2016 ਤੱਕ ਵਿਸ਼ਵ ਹਿੰਦੂ ਪ੍ਰੀਸ਼ਦ 'ਚ ਜ਼ਿਲ੍ਹਾ ਸਹਿ-ਸੰਯੋਜਿਕ, ਸੰਯੋਜਿਕ ਤੇ ਹਰਿਆਣਾ ਦੀ ਉਪ ਪ੍ਰਧਾਨ ਜਿਹੀਆਂ ਜ਼ਿੰਮੇਵਾਰੀਆਂ ਨਿਭਾਈਆਂ ਹਨ। ਉਨ੍ਹਾਂ ਭਾਜਪਾ ਮਹਿਲਾ ਮੋਰਚਾ 'ਚ ਸਰਗਰਮ ਭੂਮਿਕਾ ਨਿਭਾਉਂਦਿਆਂ 2019 ਦੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ 'ਚ ਭਾਜਪਾ ਉਮੀਦਵਾਰਾਂ ਲਈ ਪ੍ਰਚਾਰ ਕੀਤਾ ਸੀ। ਉਨ੍ਹਾਂ ਨੂੰ 2020 'ਚ ਭਾਜਪਾ ਪਾਣੀਪਤ ਦੀ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ 2024 'ਚ ਭਾਜਪਾ ਦੀ ਸੂਬਾ ਜਨਰਲ ਸਕੱਤਰ ਬਣਾਇਆ ਗਿਆ ਸੀ। ਹੁਣ ਉਨ੍ਹਾਂ ਨੂੰ ਮੋਹਨ ਲਾਲ ਬੜੌਲੀ ਦੀ ਜਗ੍ਹਾ ਹਰਿਆਣਾ ਭਾਜਪਾ ਦੀ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਭਾਜਪਾ ਨੇਤਾਵਾਂ ਦਾ ਮੰਨਣਾ ਹੈ ਕਿ ਡਾ. ਅਰਚਨਾ ਗੁਪਤਾ ਨੂੰ ਸੂਬਾ ਪ੍ਰਧਾਨ ਬਣਾਉਣ ਨਾਲ ਭਾਜਪਾ ਦੀ ਮਹਿਲਾ ਰਾਖਵਾਂਕਰਨ ਦੀ ਮੁਹਿੰਮ ਨੂੰ ਹੁਲਾਰਾ ਮਿਲੇਗਾ।
ਕਿਸਮਤ ਦੀ ਧਨੀ ਡਾ. ਅਰਚਨਾ ਗੁਪਤਾ
ਕਿਸਮਤ ਦੀ ਧਨੀ ਮੰਨੀ ਜਾਂਦੀ ਡਾ. ਅਰਚਨਾ ਗੁਪਤਾ ਦੀ ਸੂਬਾ ਪ੍ਰਧਾਨ ਬਣਨ ਦੀ ਕਹਾਣੀ ਬਹੁਤ ਦਿਲਚਸਪ ਰਹੀ ਹੈ। ਦਰਅਸਲ ਇਸ ਵਾਰ ਭਾਜਪਾ ਨੇ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਪਾਰਟੀ ਦੇ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਅਗਰਵਾਲ ਸਮਾਜ ਦੇ ਕਿਸੇ ਆਗੂ ਨੂੰ ਦਿੱਤੀ ਜਾਵੇਗੀ। ਸ਼ਾਇਦ ਇਸੇ ਲਈ ਭਾਜਪਾ ਹਾਈਕਮਾਂਡ ਨੂੰ ਸਿਰਫ਼ 3 ਨਾਂਅ- ਸਾਬਕਾ ਮੰਤਰੀ ਅਸੀਮ ਗੋਇਲ, ਪਲਵਲ ਤੋਂ ਸਾਬਕਾ ਵਿਧਾਇਕ ਦੀਪਕ ਮੰਗਲਾ ਤੇ ਡਾ. ਅਰਚਨਾ ਗੁਪਤਾ ਦੇ ਹੀ ਭੇਜੇ ਗਏ ਸਨ। ਭਾਜਪਾ ਹਾਈਕਮਾਂਡ ਨੇ ਅਸੀਮ ਗੋਇਲ ਤੇ ਦੀਪਕ ਮੰਗਲਾ ਦੀ ਬਜਾਏ ਡਾ. ਗੁਪਤਾ ਨੂੰ ਸੂਬੇ ਦੀ ਪ੍ਰਧਾਨ ਬਣਾਉਣ ਨੂੰ ਪਹਿਲ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਦੀ ਨਵੀਂ ਪ੍ਰਧਾਨ ਡਾ. ਅਰਚਨਾ ਗੁਪਤਾ ਸੂਬੇ ਦੇ ਜ਼ਿਆਦਾਤਰ ਜ਼ਿਲ੍ਹਾ ਪ੍ਰਧਾਨਾਂ ਤੇ ਬੂਥ ਪੱਧਰ ਦੇ ਅਹੁਦੇਦਾਰਾਂ ਨੂੰ ਬਣਾਈ ਰੱਖਣਾ ਚਾਹੁੰਦੀ ਹੈ ਪਰ ਸੂਬਾਈ ਕਮੇਟੀ ਅਤੇ ਵੱਖ-ਵੱਖ ਮੋਰਚਿਆਂ ਦੇ ਪ੍ਰਧਾਨਾਂ ਨੂੰ ਬਦਲਣਾ ਚਾਹੁੰਦੀ ਹੈ। ਡਾ. ਅਰਚਨਾ ਗੁਪਤਾ ਦੇ ਸੂਬੇ ਦੀ ਭਾਜਪਾ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਮੌਕੇ ਹੋਏ ਸਮਾਗਮ 'ਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਓਮ ਪ੍ਰਕਾਸ਼ ਧਨਖੜ, ਸਾਬਕਾ ਪ੍ਰਧਾਨ ਮੋਹਨ ਲਾਲ ਬੜੌਲੀ ਸਮੇਤ ਕਈ ਮੰਤਰੀ, ਵਿਧਾਇਕ, ਸੰਸਦ ਮੈਂਬਰ, ਚੇਅਰਮੈਨ ਤੇ ਪਾਰਟੀ ਦੇ ਸੀਨੀਅਰ ਅਹੁਦੇਦਾਰ ਸ਼ਾਮਿਲ ਹੋਏ ਸਨ। ਭਾਜਪਾ ਡਾ. ਗੁਪਤਾ ਦੇ ਸਵਾਗਤ ਲਈ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਪ੍ਰੋਗਰਾਮ ਕਰਵਾਉਣ ਦੀ ਤਿਆਰੀ ਵੀ ਕਰ ਰਹੀ ਹੈ, ਤਾਂ ਜੋ ਉਨ੍ਹਾਂ ਦੀ ਨਿਯੁਕਤੀ ਨਾਲ ਮਹਿਲਾ ਵਰਗ ਤੇ ਅਗਰਵਾਲ ਸਮਾਜ ਨੂੰ ਵਿਸ਼ੇਸ਼ ਤੌਰ 'ਤੇ ਸੁਨੇਹਾ ਦਿੱਤਾ ਜਾ ਸਕੇ।
ਕਾਂਗਰਸ ਦੇ ਮੁਅੱਤਲ ਵਿਧਾਇਕ
ਰਾਜ ਸਭਾ ਚੋਣਾਂ ਮੌਕੇ ਕ੍ਰਾਸ ਵੋਟਿੰਗ ਕਰਨ ਦੇ ਦੋਸ਼ਾਂ ਤਹਿਤ ਕਾਂਗਰਸ ਤੋਂ ਮੁਅੱਤਲ ਕੀਤੇ ਗਏ 5 ਵਿਧਾਇਕ ਹੁਣ ਭਾਜਪਾ ਨੇਤਾਵਾਂ ਨਾਲ ਖੁੱਲ੍ਹ ਕੇ ਸਰਕਾਰੀ ਸਮਾਗਮਾਂ 'ਚ ਨਜ਼ਰ ਆਉਣ ਲੱਗੇ ਹਨ। ਸੂਬਾ ਸਰਕਾਰ ਦੇ ਸਿਹਤ ਵਿਭਾਗ ਵਲੋਂ 9 ਪ੍ਰਾਜੈਕਟਾਂ ਦੇ ਪ੍ਰੋਗਰਾਮਾਂ 'ਚ ਸ਼ਾਮਿਲ ਹੋਣ ਵਾਲੇ ਕੇਂਦਰੀ ਮੰਤਰੀਆਂ, ਸੂਬੇ ਦੇ ਮੰਤਰੀਆਂ, ਭਾਜਪਾ ਦੇ ਸੰਸਦ ਮੈਂਬਰਾਂ, ਵਿਧਾਇਕਾਂ ਦੀ ਤਿਆਰ ਕੀਤੀ ਸੂਚੀ 'ਚ ਕਾਂਗਰਸ ਦੇ ਉਕਤ 5 ਬਾਗੀ ਵਿਧਾਇਕਾਂ ਦੇ ਨਾਂਅ ਵੀ ਸ਼ਾਮਿਲ ਕੀਤੇ ਗਏ ਹਨ। ਬਾਗੀ ਕਾਂਗਰਸੀ ਵਿਧਾਇਕਾਂ ਨੇ ਵਿਧਾਨ ਸਭਾ ਦੇ ਇਕ ਦਿਨ ਦੇ ਵਿਸ਼ੇਸ਼ ਸੈਸ਼ਨ ਦੌਰਾਨ ਭਾਜਪਾ ਸਰਕਾਰ ਦੇ ਕੰਮਕਾਜ ਦੀ ਸ਼ਲਾਘਾ ਕਰਦਿਆਂ ਕਾਂਗਰਸ ਦੁਆਰਾ ਵਿਧਾਨ ਸਭਾ ਦੀ ਪਾਰਕਿੰਗ 'ਚ ਸੰਚਾਲਿਤ ਕੀਤੇ ਸਮਾਨਾਂਤਰ ਸੈਸ਼ਨ ਦੀ ਨਿੰਦਾ ਕੀਤੀ ਸੀ। ਦੱਸਣਯੋਗ ਹੈ ਕਿ ਕਾਂਗਰਸ ਦੇ ਬਾਗੀ ਵਿਧਾਇਕਾਂ 'ਚ ਨਰਾਇਣਗੜ੍ਹ ਤੋਂ ਸ਼ੈਲੀ ਚੌਧਰੀ, ਰਤੀਆ ਤੋਂ ਜਰਨੈਲ ਸਿੰਘ, ਸਢੌਰਾ ਤੋਂ ਰੇਨੂੰ ਬਾਲਾ, ਪੁੰਹਾਨਾ ਤੋਂ ਮੁਹੰਮਦ ਇਲਿਆਸ ਤੇ ਹਥੀਨ ਦੇ ਵਿਧਾਇਕ ਮੁਹੰਮਦ ਇਸਰਾਈਲ ਸ਼ਾਮਿਲ ਹਨ। ਇਨ੍ਹਾਂ ਸਭ ਵਿਧਾਇਕਾਂ ਨੂੰ ਹੁਣ ਜ਼ਿਲ੍ਹਾ ਪ੍ਰਸ਼ਾਸਨ ਵੀ ਸੱਤਾਧਾਰੀ ਵਿਧਾਇਕਾਂ ਵਾਂਗ ਮਾਣ-ਸਨਮਾਨ ਦੇਣ ਲੱਗਾ ਹੈ ਅਤੇ ਇਨ੍ਹਾਂ ਦੇ ਕਹਿਣ 'ਤੇ ਛੋਟੇ-ਮੋਟੇ ਕੰਮ ਵੀ ਹੋਣ ਲੱਗ ਪਏ ਹਨ। ਜ਼ਿਕਰਯੋਗ ਹੈ ਕਿ ਸਢੌਰਾ ਤੋਂ ਵਿਧਾਇਕ ਰੇਨੂੰ ਬਾਲਾ ਦੇ ਪਤੀ ਰਿਸ਼ੀਪਾਲ ਤਾਂ ਭਾਜਪਾ 'ਚ ਸ਼ਾਮਿਲ ਵੀ ਹੋ ਚੁੱਕੇ ਹਨ ਅਤੇ ਉਸ ਨੂੰ ਭਾਜਪਾ 'ਚ ਖ਼ੁਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸ਼ਾਮਿਲ ਕਰਵਾਇਆ ਸੀ।
ਰਾਸ਼ਟਰਮੰਡਲ ਸੰਸਦੀ ਸੰਘ ਸੰਮੇਲਨ
ਰਾਸ਼ਟਰਮੰਡਲ ਸੰਸਦੀ ਸੰਘ ਇੰਡੀਆ ਰੀਜ਼ਨ ਦੇ ਜ਼ੋਨ-2 ਦਾ ਹਰਿਆਣਾ ਵਿਧਾਨ ਸਭਾ ਚੰਡੀਗੜ੍ਹ 'ਚ ਕਰਵਾਇਆ ਗਿਆ ਸੰਮੇਲਨ ਬਹੁਤ ਸਫਲ ਰਿਹਾ। ਇਸ ਸੰਮੇਲਨ 'ਚ ਦੇਸ਼ ਭਰ ਦੀਆਂ ਵਿਧਾਨ ਸਭਾਵਾਂ ਦੇ ਸਪੀਕਰਾਂ ਤੇ ਡਿਪਟੀ ਸਪੀਕਰਾਂ ਤੋਂ ਇਲਾਵਾ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਤੇ ਰਾਜ ਸਭਾ ਦੇ ਉਪ ਸਭਾਪਤੀ ਹਰੀਵੰਸ਼ ਦੇ ਨਾਲ-ਨਾਲ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਰਾਜਪਾਲ ਪ੍ਰੋ. ਅਸੀਮ ਕੁਮਾਰ ਘੋਸ਼ ਸਮੇਤ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਿਲ ਹੋਈਆਂ। ਇਸ ਸੰਮੇਲਨ ਨੂੰ ਕਾਮਯਾਬ ਬਣਾਉਣ ਲਈ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਤੇ ਉਨ੍ਹਾਂ ਦੀ ਟੀਮ ਨੇ ਦਿਨ-ਰਾਤ ਬਹੁਤ ਮਿਹਨਤ ਕੀਤੀ ਸੀ। ਇਸ ਸੰਮੇਲਨ 'ਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ, ਡਿਪਟੀ ਸਪੀਕਰ ਜੈਕਿਸ਼ਨ ਰੋੜੀ, ਦਿੱਲੀ ਵਿਧਾਨ ਸਭਾ ਦੇ ਸਪੀਕਰ ਵਜਿੰਦਰ ਗੁਪਤਾ, ਹਿਮਾਚਲ ਦੇ ਸਪੀਕਰ ਨਰਿੰਦਰ ਤੋਮਰ, ਰਾਜਸਥਾਨ ਵਿਧਾਨ ਸਭਾ ਦੇ ਸਪੀਕਰ ਵਾਸੂਦੇਵ ਦੇਵਨਾਨੀ, ਉੱਤਰ ਪ੍ਰਦੇਸ਼ ਦੇ ਵਿਧਾਨ ਸਭਾ ਦੇ ਸਪੀਕਰ ਸਤੀਸ਼ ਮਹਾਨਾ ਤੇ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੇ ਚੇਅਰਮੈਨ ਸ੍ਰੀ ਰਾਮ ਸ਼ਿੰਦੇ ਵੀ ਸ਼ਾਮਿਲ ਹੋਏ। ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਨੇ ਇਨ੍ਹਾਂ ਸਭ ਮਹਿਮਾਨਾਂ ਦੇ ਠਹਿਰਣ ਤੇ ਖਾਣ-ਪੀਣ ਦਾ ਉਚੇਚਾ ਪ੍ਰਬੰਧ ਕਰਦਿਆਂ ਇਸ ਗੱਲ ਦਾ ਵੀ ਪੂਰਾ ਧਿਆਨ ਰੱਖਿਆ ਕਿ ਇਹ ਸੰਮੇਲਨ ਜਿਸ ਮਕਸਦ ਨੂੰ ਲੈ ਕੇ ਕਰਵਾਇਆ ਜਾ ਰਿਹਾ ਹੈ, ਉਸ ਦੇ ਸਭ ਉਦੇਸ਼ ਪੂਰੇ ਹੋਣ। ਇਸ ਸੰਮੇਲਨ ਦੌਰਾਨ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਗਿਆ ਕਿ ਵੱਖ-ਵੱਖ ਸਦਨਾਂ 'ਚ ਹੋਣ ਵਾਲੀ ਕਾਰਵਾਈ ਬਿਨਾਂ ਕਿਸੇ ਸ਼ੋਰ-ਸ਼ਰਾਬੇ ਤੇ ਅੜਿੱਕੇ ਦੇ ਪੂਰੀ ਹੋਣੀ ਚਾਹੀਦੀ ਹੈ, ਤਾਂ ਜੋ ਲੋਕਤੰਤਰ ਦੇ ਆਸ਼ੇ ਅਨੁਸਾਰ ਵਿਆਪਕ ਚਰਚਾ ਉਪਰੰਤ ਬਿੱਲ ਪਾਸ ਹੋਣ ਤੇ ਸਭ ਸਦਨਾਂ 'ਚ ਵੱਧ ਤੋਂ ਵੱਧ ਰਚਨਾਤਮਿਕ ਕਾਰਜ ਹੋ ਸਕੇ। ਇਸ ਸੰਮੇਲਨ ਦੌਰਾਨ ਟੈਗੋਰ ਥੀਏਟਰ 'ਚ ਹੋਏ ਇਕ ਪ੍ਰੋਗਰਾਮ ਦੌਰਾਨ ਇਨ੍ਹਾਂ ਸਭ ਮਹਿਮਾਨਾਂ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਵੀ ਸ਼ਾਮਿਲ ਹੋਏ। ਇਸ ਸੰਮੇਲਨ 'ਚ ਆਏ ਵੱਖ-ਵੱਖ ਵਿਧਾਨ ਸਭਾਵਾਂ ਦੇ ਸਪੀਕਰਾਂ ਤੇ ਸਭਾਪਤੀਆਂ ਨੇ ਸਮਾਜ , ਸ਼ਾਸਨ ਤੇ ਲੋਕ ਪ੍ਰਤੀਨਿਧੀਆਂ ਵਿਚਾਲੇ ਬਿਹਤਰ ਸੰਵਾਦ ਤੇ ਵਿਆਪਕ ਵਿਚਾਰ-ਵਟਾਂਦਰੇ ਨਾਲ ਲੋਕ ਭਲਾਈ ਦੇ ਕਾਰਜਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

-ਵਿਸ਼ੇਸ਼ ਪ੍ਰਤੀਨਿਧੀ
ਮੋਬਾਈਲ - 9855465946
ਈ-ਮੇਲ : ramsinghbrar@gmail.com

ਪਿਛਲੀ ਖ਼ਬਰ 10-06-26 ਅਗਲੀ ਖ਼ਬਰ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਦੇਸ਼ ਨੇ ਕੀਤੀਆਂ ਅਹਿਮ ਪ੍ਰਾਪਤੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।