ਭਾਰਤ ਨੇ 2014 ਦੇ ਬਾਅਦ ਤੋਂ ਜ਼ਿਕਰਯੋਗ ਤਰੱਕੀ ਕੀਤੀ ਹੈ। ਇਸ ਦੀ ਅਰਥਵਿਵਸਥਾ ਵਧੇਰੇ ਮਜ਼ਬੂਤ ਹੋਣ ਨਾਲ ਬੁਨਿਆਦੀ ਢਾਂਚਾ ਬਿਹਤਰ ਹੋਇਆ ਹੈ। ਮਹਿਲਾਵਾਂ ਵਧੇਰੇ ਸਮਰੱਥ ਹੋਈਆਂ ਹਨ, ਕਿਸਾਨਾਂ ਨੂੰ ਫਸਲਾਂ ਦੀਆਂ ਬਿਹਤਰ ਕੀਮਤਾਂ ਮਿਲ ਰਹੀਆਂ ਹਨ ਤੇ ਗ਼ਰੀਬ ਮੁਕਾਬਲਤਨ ਵਧੇਰੇ ਸੁਰੱਖਿਅਤ ਹੋਏ ਹਨ। ਇਹ ਸਭ ਬਦਲਾਅ ਪ੍ਰਧਾਨ ਮੰਤਰੀ ਮੋਦੀ ਦੀ ਦੂਰਦ੍ਰਿਸ਼ਟੀ ਤੇ ਯੋਗ ਅਗਵਾਈ ਸਦਕਾ ਸੰਭਵ ਹੋਇਆ ਹੈ। ਭਾਰਤ ਦੇ ਲੋਕਾਂ ਨੇ ਮੋਦੀ ਜੀ ਦਾ ਭਰਪੂਰ ਸਮਰਥਨ ਕਰਦਿਆਂ ਉਨ੍ਹਾਂ ਨੂੰ ਦੇਸ਼ ਦਾ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲਾ ਚੁਣਿਆ ਹੋਇਆ ਪ੍ਰਧਾਨ ਮੰਤਰੀ ਬਣਾਇਆ ਹੈ। ਮੋਦੀ ਜੀ 10 ਜੂਨ ਨੂੰ ਪ੍ਰਧਾਨ ਮੰਤਰੀ ਵਜੋਂ ਰਾਸ਼ਟਰ ਦੀ ਸੇਵਾ ਕਰਦਿਆਂ 4399 ਦਿਨ ਪੂਰੇ ਕਰਕੇ ਜਵਾਹਰ ਲਾਲ ਨਹਿਰੂ ਦੇ ਕਾਰਜਕਾਲ ਦੇ ਰਿਕਾਰਡ ਨੂੰ ਪਿੱਛੇ ਛੱਡ ਕੇ ਅੱਗੇ ਨਿਕਲ ਗਏ ਹਨ। ਇਹ ਇਤਿਹਾਸਕ ਉਪਲਬਧੀ ਭਾਰਤ ਦੀ ਲੋਕਤੰਤਰੀ ਯਾਤਰਾ ਵਿਚ ਇਕ ਮਹੱਤਵਪੂਰਨ ਮੋੜ ਹੈ। ਦੇਸ਼ ਦੇ ਲੋਕਾਂ ਨੇ 2014 ਵਿਚ ਮੋਦੀ ਸਰਕਾਰ ਨੂੰ ਭਾਰੀ ਬਹੁਮਤ ਨਾਲ ਸੱਤਾ ਸੌਂਪੀ ਸੀ, ਜਦੋਂ ਦੇਸ਼ ਦੀ ਅਰਥਵਿਵਸਥਾ ਲੜਖੜਾ ਰਹੀ ਸੀ ਅਤੇ ਯੂ.ਪੀ.ਏ ਸਰਕਾਰ ਦੇ ਕਾਰਜਕਾਲ ਦੌਰਾਨ ਨੀਤੀਗਤ ਗਤੀਰੋਧ, ਭ੍ਰਿਸ਼ਟਾਚਾਰ, ਘੁਟਾਲਿਆਂ ਤੇ ਵਿਵਾਦਾਂ ਨੂੰ ਲੈ ਕੇ ਲੋਕਾਂ 'ਚ ਨਿਰਾਸ਼ਾ ਵਧ ਰਹੀ ਸੀ।
ਸੰਵੇਦਨਸ਼ੀਲ ਅਗਵਾਈ-ਦੇਸ਼ 2014 ਤੋਂ ਲਗਾਤਾਰ ਬਦਲਾਅ ਦੀ ਯਾਤਰਾ 'ਤੇ ਹੈ। ਮੋਦੀ ਸਰਕਾਰ ਨੇ 81 ਕਰੋੜ ਤੋਂ ਵੱਧ ਲੋਕਾਂ ਲਈ ਮੁਫ਼ਤ ਅਨਾਜ ਦੀ ਵਿਵਸਥਾ ਕੀਤੀ ਹੈ, 58 ਕਰੋੜ ਜਨ ਧਨ ਬੈਂਕ ਖਾਤਿਆਂ ਦੇ ਜ਼ਰੀਏ ਵਿੱਤੀ ਲੈਣ-ਦੇਣ ਸੰਭਵ ਬਣਾਉਣ ਤੋਂ ਇਲਾਵਾ 16 ਕਰੋੜ ਘਰਾਂ ਤੱਕ ਨਲ ਦੇ ਪਾਣੀ ਦਾ ਕੁਨੈਕਸ਼ਨ ਪਹੁੰਚਾਇਆ। ਦੁਨੀਆ ਦੀ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ 'ਆਯੁਸ਼ਮਾਨ ਭਾਰਤ' ਦੇ ਜ਼ਰੀਏ 12 ਕਰੋੜ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਗਾਰੰਟੀ ਦਿੱਤੀ ਹੈ। ਮੋਦੀ ਜੀ ਦੁਆਰਾ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਤੇ ਹੁਣ ਪ੍ਰਧਾਨ ਮੰਤਰੀ ਵਜੋਂ ਲਿਆਂਦੇ ਵੱਡੇ ਬਦਲਾਵਾਂ ਤੋਂ ਪਹਿਲਾਂ ਭਾਰਤੀ ਨੌਜਵਾਨਾਂ ਦਾ ਜੀਵਨ ਬਹੁਤ ਚੁਣੌਤੀਪੂਰਨ ਸੀ।
ਨਾਰੀ ਸ਼ਕਤੀ-ਪ੍ਰਧਾਨ ਮੰਤਰੀ ਮਹਿਲਾਵਾਂ ਨੂੰ ਸਿਰਫ਼ ਸਹਾਇਤਾ ਦੀ ਲਾਭਾਰਥੀ ਨਹੀਂ, ਸਗੋਂ ਰਾਸ਼ਟਰ ਨਿਰਮਾਤਾ ਮੰਨਦੇ ਹਨ। ਉਨ੍ਹਾਂ ਸਭ ਤੋਂ ਪਹਿਲਾਂ ਮਹਿਲਾਵਾਂ ਦੀਆਂ ਬੁਨਿਆਦੀ ਜ਼ਰੂਰਤਾਂ 'ਤੇ ਧਿਆਨ ਦਿੰਦਿਆ: ਸਵੱਛ ਭਾਰਤ ਮਿਸ਼ਨ ਦੇ ਤਹਿਤ 12 ਕਰੋੜ ਤੋਂ ਵੱਧ ਪਖਾਨੇ ਬਣਵਾਏ। ਉੱਜਵਲਾ ਯੋਜਨਾ ਦੇ ਤਹਿਤ ਮਹਿਲਾਵਾਂ ਨੂੰ 10 ਕਰੋੜ ਤੋਂ ਵੱਧ ਮੁਫ਼ਤ ਐੱਲ.ਪੀ.ਜੀ. ਕੁਨੈਕਸ਼ਨ ਮੁਹੱਈਆ ਕਰਵਾਏ। 'ਬੇਟੀ ਬਚਾਓ, ਬੇਟੀ ਪੜ੍ਹਾਓ' ਪਹਿਲ ਨਾਲ ਬੇਟੀਆਂ ਦੀ ਸਿੱਖਿਆ ਤੇ ਭਲਾਈ ਦੇ ਮਹੱਤਵ ਨੂੰ ਠੋਸ ਬਣਾਇਆ ਹੈ। 'ਨਾਰੀ ਸ਼ਕਤੀ ਵੰਦਨ ਅਧਿਨਿਯਮ' ਦੇ ਜ਼ਰੀਏ ਮਹਿਲਾਵਾਂ ਦੀ ਅਗਵਾਈ ਵਿਚ ਵਿਕਾਸ ਨੂੰ ਅੱਗੇ ਵਧਾਉਣ ਲਈ ਦੇਸ਼ ਦੀਆਂ ਵਿਧਾਨ ਸਭਾਵਾਂ ਵਿਚ ਮਹਿਲਾਵਾਂ ਦੀ ਵਿਆਪਕ ਭਾਗੀਦਾਰੀ ਨੂੰ ਯਕੀਨੀ ਬਣਾਇਆ ਹੈ।
ਕਿਸਾਨਾਂ ਦੀ ਭਲਾਈ-ਕਿਸਾਨਾਂ ਦੀ ਭਲਾਈ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਦਾ ਇਕ ਮੁੱਖ ਆਧਾਰ ਰਿਹਾ ਹੈ। ਕਿਸਾਨਾਂ ਦੇ ਯੋਗਦਾਨ ਨੂੰ ਮਾਨਤਾ ਦਿੰਦਿਆਂ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪੀਐੱਮ-ਕਿਸਾਨ) ਜ਼ਰੀਏ ਉਨ੍ਹਾਂ ਨੂੰ ਸਿੱਧੀ ਵਿੱਤੀ ਮਦਦ ਦਿੱਤੀ ਹੈ। ਇਸ ਯੋਜਨਾ ਤਹਿਤ ਹੁਣ ਤੱਕ 4.28 ਲੱਖ ਕਰੋੜ ਰੁਪਏ ਤੋਂ ਵੱਧ ਦੀ ਰਕਮ ਨਾਲ 10 ਕਰੋੜ ਕਿਸਾਨ ਪਰਿਵਾਰਾਂ ਨੂੰ ਲਾਭ ਹੋਇਆ ਹੈ। ਸਰਕਾਰ ਨੇ ਐੱਮ.ਐੱਸ.ਪੀ ਵਿਚ ਵੱਡਾ ਵਾਧਾ ਕੀਤਾ ਹੈ, ਜੋ ਉਤਪਾਦਨ ਲਾਗਤ ਦਾ ਘੱਟ ਤੋਂ ਘੱਟ 1.5 ਗੁਣਾ ਹੈ। ਇਸ ਤੋਂ ਇਲਾਵਾ ਕਿਸਾਨਾਂ ਨੂੰ ਸੰਸਾਰਿਕ ਪੱਧਰ 'ਤੇ ਖਾਦਾਂ ਦੀਆਂ ਕੀਮਤਾਂ 'ਚ ਹੋਏ ਭਾਰੀ ਵਾਧੇ ਤੋਂ ਬਚਾਇਆ ਗਿਆ ਹੈ।
ਨੌਜਵਾਨਾਂ ਲਈ ਮੌਕੇ-ਨੌਜਵਾਨ ਭਾਰਤੀਆਂ ਲਈ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ, 'ਮੇਕ ਇਨ ਇੰਡੀਆ' ਤੇ 'ਸਟਾਰਟਅੱਪ ਇੰਡੀਆ' ਜਿਹੀਆਂ ਪਹਿਲਕਦਮੀਆਂ ਸ਼ੁਰੂ ਕੀਤੀਆਂ ਹਨ। ਜੇਕਰ ਨੌਜਵਾਨਾਂ ਨੂੰ ਸਮਰਪਿਤ 'ਕੌਸ਼ਲ ਵਿਕਾਸ ਤੇ ਉੱਦਮਤਾ ਮੰਤਰਾਲੇ' ਦਾ ਗਠਨ ਕਰਕੇ ਉਨ੍ਹਾਂ ਨੂੰ ਆਧੁਨਿਕ ਅਰਥਵਿਵਸਥਾ ਦੇ ਅਨੁਕੂਲ ਹੁਨਰ ਨਾਲ ਲੈਸ ਕਰਨ ਵਿਚ ਮਦਦ ਮਿਲੀ ਹੈ। 'ਸਟਾਰਟਅੱਪਸ ਇੰਡੀਆ' ਤੇ ਨਵੀਆਂ ਵਿਧੀਆਂ (ਇਨੋਵੇਸ਼ਨ) ਨੂੰ ਵਿਆਪਕ ਸਮਰਥਨ ਦੇ ਕੇ ਨੌਜਵਾਨਾਂ ਨੂੰ ਨੌਕਰੀ ਲੱਭਣ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ 'ਚ ਮਦਦ ਕੀਤੀ ਹੈ।
ਅਰਥਵਿਵਸਥਾ ਤੇ ਈਜ਼ ਆਫ਼ ਲਿਵਿੰਗ-ਭਾਰਤ ਦੀ ਗਿਣਤੀ 2014 ਤੋਂ ਪਹਿਲਾਂ ਦੁਨੀਆ ਦੀਆਂ 5 ਕਮਜ਼ੋਰ ਅਰਥਵਿਵਸਥਾਵਾਂ 'ਚ ਹੁੰਦੀ ਸੀ। ਨਿਵੇਸ਼ਕਾਂ ਦਾ ਭਰੋਸਾ ਲਗਾਤਾਰ ਘੱਟ ਹੋ ਰਿਹਾ ਸੀ। ਪਰ ਦਲੇਰੀ ਭਰੇ ਸੁਧਾਰਾਂ, ਨਿਵੇਸ਼ਕਾਂ ਲਈ ਅਨੁਕੂਲ ਨੀਤੀਆਂ, ਵਿੱਤੀ ਅਨੁਸ਼ਾਸਨ ਦੇ ਚੱਲਦਿਆਂ ਭਾਰਤ ਹੁਣ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਪ੍ਰਮੁੱਖ ਅਰਥਵਿਵਸਥਾ ਹੈ ਅਤੇ ਕਾਰੋਬਾਰ ਤੇ ਨਿਵੇਸ਼ ਦਾ ਆਕਰਸ਼ਕ ਸਥਾਨ ਬਣਦਾ ਜਾ ਰਿਹਾ ਹੈ। ਭਾਰਤ ਵਲੋਂ ਵਿਕਸਿਤ ਦੇਸ਼ਾਂ ਦੇ ਨਾਲ ਮੁਕਤ ਵਪਾਰ ਸਮਝੌਤੇ ਕਰਨ ਨਾਲ ਸਾਡੇ ਨੌਜਵਾਨਾਂ, ਕਿਸਾਨਾਂ, ਛੋਟੇ ਕਾਰੋਬਾਰਾਂ, ਕਾਰੀਗਰਾਂ ਤੇ ਵਰਕਰਾਂ ਲਈ ਵਿਸ਼ਵ ਪੱਧਰ 'ਤੇ ਨਵੇਂ ਮੌਕੇ ਪੈਦਾ ਹੋਏ ਹਨ। ਸਰਕਾਰ ਨੇ ਵਸਤੂ ਤੇ ਸੇਵਾ ਟੈਕਸ (ਜੀ.ਐੱਸ.ਟੀ) ਤੇ ਟੈਕਸਾਂ ਦੀ ਘੱਟ ਦਰਾਂ ਵਰਗੇ ਵੱਡੇ ਸੁਧਾਰਾਂ ਦੇ ਜ਼ਰੀਏ ਕਾਰੋਬਾਰ ਜਗਤ ਤੇ ਮੱਧ ਵਰਗ ਦਾ ਭਰੋਸਾ ਵੀ ਵਧਾਇਆ ਹੈ। ਮੱਧ ਵਰਗ ਨੂੰ ਵੱਡੀ ਰਾਹਤ ਦਿੰਦਿਆਂ 12.75 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਨੂੰ ਇਨਕਮ ਟੈਕਸ ਤੋਂ ਛੋਟ ਦਿੱਤੀ ਗਈ ਹੈ।
ਆਧੁਨਿਕ ਬੁਨਿਆਦੀ ਢਾਂਚਾ-ਮੋਦੀ ਸਰਕਾਰ ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਤੇਜ਼ੀ ਨਾਲ ਬਦਲ ਰਹੀ ਹੈ। 2014 ਦੇ ਮੁਕਾਬਲੇ ਸੰਚਾਲਿਤ ਹਵਾਈ ਅੱਡਿਆਂ ਦੀ ਗਿਣਤੀ 74 ਤੋਂ ਵਧ ਕੇ 160 ਹੋ ਗਈ ਹੈ। ਵੱਡੇ ਪੱਧਰ 'ਤੇ ਰੇਲਵੇ ਦੇ ਬਿਜਲੀਕਰਨ, ਮਹੱਤਵਾਕਾਂਖੀ ਬੁਲੇਟ ਟ੍ਰੇਨ ਪ੍ਰੋਜੈਕਟ ਅਤੇ ਰਾਸ਼ਟਰੀ ਰਾਜਮਾਰਗਾਂ ਤੇ ਐਕਸਪ੍ਰੈੱਸਵੇਅ ਦੇ ਤੇਜ਼ੀ ਨਾਲ ਵਿਸਥਾਰ ਨੇ ਦੇਸ਼ ਦੇ ਕਈ ਹਿੱਸਿਆਂ ਨੂੰ ਦੁਨੀਆ ਦੇ ਬਿਹਤਰੀਨ ਬੁਨਿਆਦੀ ਢਾਂਚਿਆਂ ਦੀ ਬਰਾਬਰੀ 'ਤੇ ਲਿਆ ਖੜ੍ਹਾ ਕੀਤਾ ਹੈ।
ਪ੍ਰਧਾਨ ਮੰਤਰੀ ਦੀ ਇਸ ਇਤਿਹਾਸਕ ਉਪਲਬਧੀ ਦਾ ਅਸਲ ਮਹੱਤਵ ਕਾਰਜਕਾਲ ਦੇ ਦਿਨਾਂ ਦੀ ਗਿਣਤੀ 'ਚ ਨਹੀਂ, ਸਗੋਂ ਉਨ੍ਹਾਂ ਵਲੋਂ ਕੀਤੀਆਂ ਵਿਆਪਕ ਤਬਦੀਲੀਆਂ 'ਚ ਨਿਹਿਤ ਹੈ। ਉਨ੍ਹਾਂ ਦੀ ਦੂਰਦਰਸ਼ੀ ਲੀਡਰਸ਼ਿਪ ਨੇ ਗਰੀਬਾਂ ਤੇ ਕਿਸਾਨਾਂ ਦੀ ਭਲਾਈ, ਮੱਧ ਵਰਗ ਦੀਆਂ ਇੱਛਾਵਾਂ ਤੇ ਉੱਭਰਦੇ ਭਾਰਤ ਦੀਆਂ ਇੱਛਾਵਾਂ ਨੂੰ ਸ਼ਾਸਨ ਦੇ ਕੇਂਦਰ 'ਚ ਰੱਖਿਆ ਹੈ। ਦੇਸ਼ ਤਰੱਕੀ ਦੇ ਰਾਹ 'ਤੇ ਅੱਗੇ ਵਧ ਰਿਹਾ ਹੈ। 2047 ਤੱਕ 'ਵਿਕਸਿਤ ਭਾਰਤ' ਦੇ ਨਿਰਮਾਣ ਦੇ ਨਵੇਂ ਸੰਕਲਪ ਦੇ ਨਾਲ ਬਦਲਾਅ ਦੀ ਇਹ ਯਾਤਰਾ ਨਿਰੰਤਰ ਜਾਰੀ ਰਹੇਗੀ।
(ਲੇਖਕ ਕੇਂਦਰੀ ਵਣਜ ਤੇ ਉਦਯੋਗ ਮੰਤਰੀ ਹਨ।)
ਪ੍ਰਧਾਨ ਮੰਤਰੀ ਦੀ ਅਗਵਾਈ 'ਚ ਦੇਸ਼ ਨੇ ਕੀਤੀਆਂ ਅਹਿਮ ਪ੍ਰਾਪਤੀਆਂ
ਅਜੀਤ ਡੈਸਕ
11-06-2026