25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਸੰਘਰਸ਼ਸ਼ੀਲ ਆਗੂ ਸਨ ਮਾਸਟਰ ਤਾਰਾ ਸਿੰਘ

ਅਜੀਤ ਡੈਸਕ 24-06-2026

ਅੱਜ ਜਨਮ ਦਿਨ 'ਤੇ ਵਿਸ਼ੇਸ਼

20ਵੀਂ ਸਦੀ ਦੇ ਉੱਘੇ ਸਿੱਖ ਆਗੂਆਂ 'ਚੋਂ ਇਕ ਸਨ ਮਾਸਟਰ ਤਾਰਾ ਸਿੰਘ, ਜਿਨ੍ਹਾਂ ਨੇ ਆਪਣੇ ਸਾਰੇ ਜੀਵਨ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਦੇਸ਼ ਵਿਚ ਵਸਦੇ ਸਮੁੱਚੇ ਸਿੱਖ ਭਾਈਚਾਰੇ ਦੇ ਹਿੱਤਾਂ ਲਈ ਸੰਘਰਸ਼ ਕੀਤਾ। ਉਨ੍ਹਾਂ ਦਾ ਜਨਮ ਪਿੰਡ ਹਰਿਆਲ, ਜ਼ਿਲ੍ਹਾ ਰਾਵਲਪਿੰਡੀ (ਅੱਜ ਪਾਕਿਸਤਾਨ ਦੇ ਪੰਜਾਬ ਵਿਚ) ਵਿਚ ਪਿਤਾ ਬਖ਼ਸ਼ੀ ਮੂਲ ਚੰਦ ਮਲਹੋਤਰਾ (ਜੋ ਕਿੱਤੇ ਵਜੋਂ ਪਟਵਾਰੀ ਸਨ) ਅਤੇ ਮਾਤਾ ਮੂਲਾਂ ਦੇਵੀ ਦੇ ਗ੍ਰਹਿ ਵਿਖੇ 24 ਜੂਨ, 1885 ਨੂੰ ਹੋਇਆ। ਉਨ੍ਹਾਂ ਦਾ ਪਹਿਲਾ ਨਾਂਅ ਨਾਨਕ ਚੰਦ ਸੀ, ਪਰ ਸਿੰਘ ਸਭਾ ਲਹਿਰ ਅਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਦੇ ਪ੍ਰਭਾਵ ਹੇਠ 1902 ਈ: ਵਿਚ ਉਹ ਅੰਮ੍ਰਿਤ ਛਕ ਕੇ ਸਿੰਘ ਸਜ ਗਏ ਅਤੇ ਨਾਨਕ ਚੰਦ ਤੋਂ ਤਾਰਾ ਸਿੰਘ ਬਣ ਗਏ। ਉਨ੍ਹਾਂ ਨੇ ਮੁੱਢਲੀ ਸਿੱਖਿਆ ਪਿੰਡ ਦੇ ਮਦਰੱਸੇ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਉੱਚ ਸਿੱਖਿਆ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਇੱਥੋਂ ਗ੍ਰੈਜੂਏਸ਼ਨ ਕਰਨ ਤੋਂ ਪਿੱਛੋਂ ਲਾਹੌਰ ਤੋਂ ਬੀ.ਟੀ. ਪਾਸ ਕੀਤੀ। ਟੀਚਰ ਟ੍ਰੇਨਿੰਗ ਤੇ ਬੈਚੂਲਰ ਦੀ ਡਿਗਰੀ ਪ੍ਰਾਪਤ ਹੋਣ ਤੋਂ ਬਾਅਦ ਉਹ ਖ਼ਾਲਸਾ ਹਾਈ ਸਕੂਲ ਦੇ ਹੈੱਡਮਾਸਟਰ ਵਜੋਂ ਨਿਯੁਕਤ ਹੋ ਗਏ।
ਗੁਰਦੁਆਰਾ ਸੁਧਾਰ ਲਹਿਰ ਅਜਿਹੀ ਲਹਿਰ ਸੀ, ਜਿਸ ਦਾ ਅਸਰ ਹਰ ਸਿੱਖ ਨੌਜਵਾਨ ਨੇ ਕਬੂਲ ਕੀਤਾ। ਮਾਸਟਰ ਤਾਰਾ ਸਿੰਘ ਵੀ ਇਸ ਲਹਿਰ ਵਿਚ ਕੁੱਦ ਪਏ। ਛੇਤੀ ਹੀ ਅੰਗਰੇਜ਼ ਹਕੂਮਤ ਨੇ ਬਾਕੀ ਅਕਾਲੀ ਆਗੂਆਂ ਵਾਂਗ ਆਪ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਜਦੋਂ ਬਾਕੀ ਲੀਡਰਾਂ ਨਾਲ ਉਹ ਜੇਲ੍ਹ ਤੋਂ ਬਾਹਰ ਆਏ ਤਾਂ ਉਸ ਸਮੇਂ ਅੰਗਰੇਜ਼ ਸਰਕਾਰ ਨੇ ਗੁਰਦੁਆਰਿਆਂ ਦੇ ਪ੍ਰਬੰਧ ਲਈ ਗੁਰਦੁਆਰਾ ਐਕਟ-1925 ਲਾਗੂ ਕਰ ਦਿੱਤਾ ਸੀ। ਅਕਾਲੀ ਦਲ ਨੂੰ ਇਸੇ ਐਕਟ ਨੇ ਦੋ ਹਿੱਸਿਆਂ ਵਿਚ ਵੰਡ ਦਿੱਤਾ। ਮਾਸਟਰ ਤਾਰਾ ਸਿੰਘ ਦੂਜੇ ਧੜੇ ਨਾਲ ਜੁੜ ਗਏ, ਜਿਹੜਾ ਧੜਾ ਇਸ ਐਕਟ ਨੂੰ ਮੰਨਣ ਤੋਂ ਇਨਕਾਰੀ ਸੀ। ਜਦੋਂ 1926 ਈ: ਵਿਚ ਦੂਜੇ ਧੜੇ ਦੇ ਆਗੂ ਜੇਲ੍ਹ 'ਚੋਂ ਬਾਹਰ ਆਏ ਤਾਂ ਆਪ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ। ਇਸ ਤੋਂ ਪਿੱਛੋਂ ਸਮੇਂ-ਸਮੇਂ ਉਹ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਆਪਣੇ ਫ਼ਰਜ਼ ਨਿਭਾਉਂਦੇ ਰਹੇ।
ਦੇਸ਼ ਦੀ ਵੰਡ ਤੋਂ ਬਾਅਦ ਫਰਵਰੀ 1949 ਈ: ਵਿਚ ਜਦੋਂ ਦਿੱਲੀ 'ਚ ਉਹ ਅਕਾਲੀ ਕਾਨਫ਼ਰੰਸ ਵਿਚ ਹਿੱਸਾ ਲੈਣ ਜਾ ਰਹੇ ਸਨ ਤਾਂ ਆਜ਼ਾਦ ਦੇਸ਼ ਵਿਚ ਦਿੱਲੀ 'ਚ ਦਾਖ਼ਲ ਹੋਣ ਤੋਂ ਪਹਿਲਾਂ ਨਰੇਲਾ ਸਟੇਸ਼ਨ 'ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਰਿਹਾਈ ਤੋਂ ਪਿੱਛੋਂ ਉਨ੍ਹਾਂ ਨੇ ਭਾਸ਼ਾ 'ਤੇ ਆਧਾਰਿਤ ਪੰਜਾਬੀ ਸੂਬੇ ਲਈ ਸੰਘਰਸ਼ ਦਾ ਐਲਾਨ ਕਰ ਦਿੱਤਾ। 1960 ਈ: ਵਿਚ ਹੋਈਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਉਨ੍ਹਾਂ ਦੀ ਅਗਵਾਈ ਹੇਠ ਅਕਾਲੀ ਦਲ ਨੇ 140 ਸੀਟਾਂ 'ਚੋਂ 136 ਸੀਟਾਂ ਜਿੱਤੀਆਂ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ। ਛੇਤੀ ਹੀ ਉਨ੍ਹਾਂ ਨੇ ਪ੍ਰਧਾਨਗੀ ਛੱਡ ਕੇ ਪੰਜਾਬੀ ਸੂਬੇ ਦਾ ਅੰਦੋਲਨ ਨੂੰ ਸ਼ੁਰੂ ਕਰ ਦਿੱਤਾ।
ਅੰਮ੍ਰਿਤਸਰ ਵਿਚ ਪੰਜਾਬੀ ਸੂਬਾ ਕਨਵੈਨਸ਼ਨ ਵਿਚ ਉਨ੍ਹਾਂ ਨੇ ਪੰਜਾਬੀ ਸੂਬਾ ਬਣਾਉਣ ਲਈ ਮਤਾ ਪਾਸ ਕਰਵਾਇਆ ਗਿਆ ਅਤੇ ਦਿੱਲੀ ਵਿਚ ਪ੍ਰਭਾਵਸ਼ਾਲੀ ਜਲੂਸ ਕੱਢਣ ਦਾ ਐਲਾਨ ਕੀਤਾ ਗਿਆ। ਇਸ ਜਲੂਸ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਰ ਗ੍ਰਿਫ਼ਤਾਰੀ ਪਿੱਛੋਂ ਸਿੱਖਾਂ ਨੇ ਪੰਜਾਬੀ ਸੂਬੇ ਦੀ ਮੰਗ ਲਈ ਸ਼ਾਨਦਾਰ ਜਲੂਸ ਕੱਢਿਆ। 4 ਜਨਵਰੀ 1961 ਨੂੰ ਰਿਹਾਅ ਹੋ ਕੇ ਉਨ੍ਹਾਂ ਨੇ ਸੰਤ ਬਾਬਾ ਫ਼ਤਹਿ ਸਿੰਘ ਵਲੋਂ ਸ਼ੁਰੂ ਕੀਤਾ ਮਰਨ ਵਰਤ ਖੁੱਲ੍ਹਵਾਇਆ।
ਉਨ੍ਹਾਂ ਵਲੋਂ 'ਸੱਚਾ ਢੰਡੋਰਾ' ਅਤੇ 'ਪ੍ਰਦੇਸੀ ਖ਼ਾਲਸਾ' ਸਪਤਾਹਿਕ ਮੈਗਜ਼ੀਨ ਵੀ ਸ਼ੁਰੂ ਕੀਤੇ ਗਏ, ਜੋ ਪਿੱਛੋਂ ਜਾ ਕੇ ਅਕਾਲੀ ਅਖ਼ਬਾਰ ਦੇ ਰੂਪ ਵਿਚ ਬਦਲ ਗਏ। 1961 ਈ: ਵਿਚ 'ਜਥੇਦਾਰ' ਅਖ਼ਬਾਰ ਛਪਣਾ ਸ਼ੁਰੂ ਹੋਇਆ। ਉਰਦੂ ਵਿਚ ਪੰਥਕ ਹਿੱਤਾਂ ਲਈ ਅਤੇ ਮਹਾਸ਼ਾ ਪ੍ਰੈੱਸ ਦੇ ਜਵਾਬ ਲਈ 'ਪ੍ਰਭਾਤ' ਅਖ਼ਬਾਰ ਵੀ ਕੱਢਿਆ। 1946 ਈ: ਵਿਚ ਉਨ੍ਹਾਂ ਵਲੋਂ ਸ਼ੁਰੂ ਕੀਤਾ ਗਿਆ 'ਸੰਤ ਸਿਪਾਹੀ' ਮਾਸਿਕ ਪੱਤਰ ਹੁਣ ਤੱਕ ਛਪ ਰਿਹਾ ਹੈ। ਮਾਸਟਰ ਤਾਰਾ ਸਿੰਘ ਅਜਿਹੀ ਸ਼ਖ਼ਸੀਅਤ ਸਨ, ਜਿਨ੍ਹਾਂ ਦਾ ਪੂਰਾ ਜੀਵਨ ਸਿੱਖ ਹਿੱਤਾਂ ਲਈ ਸੰਘਰਸ਼ ਕਰਦਿਆਂ ਬੀਤਿਆ। ਉਹ ਆਪਣੇ ਲੱਖਾਂ ਸਨੇਹੀਆਂ ਤੇ ਪਿਆਰਿਆਂ ਨੂੰ 22 ਨਵੰਬਰ 1967 ਈ: ਨੂੰ ਸਦੀਵੀ ਵਿਛੋੜਾ ਦੇ ਗਏ।

ਈ-ਮੇਲ : bhagwansinghjohal@gmail.com

 

ਪਿਛਲੀ ਖ਼ਬਰ ਭਾਰਤ ਦੇ ਵਿਕਾਸ ਨੂੰ ਗਤੀ ਦੇ ਰਿਹਾ ਹੈ 'ਜਲ ਜੀਵਨ ਮਿਸ਼ਨ' ਅਗਲੀ ਖ਼ਬਰ ਮੋਦੀ-ਟਰੰਪ ਦੀ ਮੁਲਾਕਾਤ ਨਾਲ ਦੁਵੱਲੇ ਸੰਬੰਧਾਂ 'ਚ ਗਰਮਜੋਸ਼ੀ ਨਹੀਂ ਆ ਸਕੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।