04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਕੌਮਾਂਤਰੀ ਸਮੱਸਿਆ ਹੈ ਨਸ਼ਿਆਂ ਦੀ ਤਸਕਰੀ

ਅਜੀਤ ਡੈਸਕ 26-06-2026

ਅੱਜ ਲਈ ਵਿਸ਼ੇਸ਼

ਹਰ ਸਾਲ ਵਿਸ਼ਵ ਭਰ 'ਚ 26 ਜੂਨ ਨੂੰ 'ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਗ਼ੈਰ-ਕਾਨੂੰਨੀ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ' ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਵਲੋਂ 1987 'ਚ ਇਹ ਦਿਨ ਮਨਾਉਣ ਲਈ ਐਲਾਨ ਕੀਤਾ ਗਿਆ ਸੀ। ਇਹ ਦਿਨ ਮਨਾਉਣ ਦਾ ਮੁੱਖ ਉਦੇਸ਼ ਨਸ਼ਿਆ ਦੀ ਵਧ ਰਹੀਂ ਵਰਤੋਂ ਅਤੇ ਨਸ਼ਿਆ ਦੀ ਗ਼ੈਰ-ਕਾਨੂੰਨੀ ਤਸਕਰੀ ਨੂੰ ਰੋਕਣ ਲਈ ਕੁਝ ਖ਼ਾਸ ਤੇ ਗੰਭੀਰ ਰਣਨੀਤੀਆਂ ਬਣਾਉਣਾ ਹੈ। ਇਨ੍ਹਾਂ ਰਣਨੀਤੀਆਂ 'ਚ ਮੁੱਖ ਤੌਰ 'ਤੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨਾ, ਨਸ਼ਿਆ ਦੀ ਤਸਕਰੀ ਰੋਕਣ ਲਈ ਕੌਮਾਂਤਰੀ ਪੱਧਰ 'ਤੇ ਕਾਨੂੰਨ ਬਣਾਉਣੇ ਅਤੇ ਵੱਖ-ਵੱਖ ਦੇਸ਼ਾਂ ਤੇ ਏਜੰਸੀਆਂ 'ਚ ਸਹਿਯੋਗ ਕਾਇਮ ਕਰਨਾ ਹੈ। ਹਰ ਦੇਸ਼ ਦੀ ਸਰਕਾਰ ਹਮੇਸ਼ਾ ਪਾਬੰਦੀਸ਼ੁਦਾ ਨਸ਼ਿਆ ਦੀ ਵਰਤੋਂ ਤੇ ਤਸਕਰੀ ਵਿਰੁੱਧ ਕਾਰਵਾਈ ਕਰਦੀ ਰਹਿੰਦੀ ਹੈ। ਪਰ ਜਦੋਂ ਟੈਲੀਵੀਜ਼ਨ, ਅਖ਼ਬਾਰਾਂ ਅਤੇ ਸੋਸ਼ਲ ਮੀਡੀਆ 'ਤੇ ਦੇਸ਼-ਵਿਦੇਸ਼ਾਂ ਦੀਆਂ ਖ਼ਬਰਾਂ ਪੜ੍ਹਦੇ-ਸੁਣਦੇ ਹਾਂ ਤਾਂ ਉਨ੍ਹਾਂ 'ਚੋਂ ਜ਼ਿਆਦਾ ਖ਼ਬਰਾਂ ਨਸ਼ਿਆਂ ਕਾਰਨ ਮਰਨ ਵਾਲੇ ਲੋਕਾਂ ਦੀਆਂ ਜਾਂ ਫਿਰ ਪੁਲਿਸ ਵਲੋਂ ਸਰਹੱਦਾਂ 'ਤੇ ਨਸ਼ੀਲੇ ਪਦਾਰਥ ਜ਼ਬਤ ਕਰਨ ਸਬੰਧੀ ਹੀ ਹੁੰਦੀਆਂ ਹਨ। ਇਸ ਬਾਰੇ ਹੈਰਾਨਗੀ ਉਦੋਂ ਹੋਰ ਵੀ ਵਧ ਜਾਂਦੀ ਹੈ, ਜਦੋਂ ਜੇਲ੍ਹਾਂ ਵਿਚੋਂ ਨਸ਼ੇ ਜ਼ਬਤ ਕਰਨ ਦੀਆਂ ਖ਼ਬਰਾਂ ਮਿਲਦੀਆਂ ਹਨ। ਸੋ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਾ ਤਾਂ ਗ਼ੈਰ-ਕਾਨੂੰਨੀ ਨਸ਼ਿਆਂ ਦੀ ਵਰਤੋਂ ਰੁਕੀ ਹੈ ਤੇ ਨਾ ਹੀ ਤਸਕਰੀ। ਇਸ ਦਾ ਭਾਵ ਇਹੀ ਹੈ ਕਿ ਸਰਕਾਰਾਂ ਸਿਰਫ਼ ਸੱਤਾ ਹਾਸਿਲ ਕਰਨ ਲਈ ਫੋਕੀਆਂ ਗੱਲਾਂ ਹੀ ਕਰਦੀਆਂ ਹਨ। ਇਹ ਸੋਚਣ ਵਾਲੀ ਗੱਲ ਹੈ ਕਿ ਸਰਕਾਰਾਂ ਦੀ ਅਜਿਹੀ ਕੀ ਮਜ਼ਬੂਰੀ ਹੈ, ਕਿ ਉਹ ਨਸ਼ਿਆ ਨੂੰ ਰੋਕਣ ਵਿਚ ਕਾਮਯਾਬ ਨਹੀਂ ਹੋ ਰਹੀਆਂ ਜਾਂ ਕੀ ਲੋਕ ਹੀ ਨਸ਼ੇ ਛੱਡਣ ਨੂੰ ਤਿਆਰ ਨਹੀਂ ਹਨ? ਅਜਿਹੇ ਸਵਾਲ ਅਕਸਰ ਜ਼ਿੰਮੇਵਾਰ ਨਾਗਰਿਕਾਂ ਦੇ ਦਿਮਾਗ਼ 'ਚ ਘੁੰਮਦੇ ਰਹਿੰਦੇ ਹਨ।
ਨਸ਼ਿਆਂ ਦੀ ਰੋਕਥਾਮ ਲਈ ਸਭ ਤੋਂ ਪਹਿਲਾਂ ਨਸ਼ੇ ਦੀ ਵਰਤੋਂ ਕਰਨ ਦੇ ਕਾਰਨਾਂ ਨੂੰ ਖ਼ਤਮ ਕਰਨ ਦੀ ਲੋੜ ਹੈ। ਮੁੱਖ ਤੌਰ 'ਤੇ ਗ਼ਰੀਬੀ, ਬੇਰੁਜ਼ਗਾਰੀ, ਤਣਾਅ, ਚਿੰਤਾ, ਗ਼ਲਤ ਸੰਗਤ, ਘਰੇਲੂ ਹਿੰਸਾ, ਮਾਪਿਆਂ ਦਾ ਬੱਚਿਆਂ ਵੱਲ ਘੱਟ ਧਿਆਨ, ਭੜਕਾਊ ਫ਼ਿਲਮਾਂ, ਮੀਡੀਆ ਅਤੇ ਆਧੁਨਿਕ ਜੀਵਨ ਸ਼ੈਲੀ ਆਦਿ ਇਸ ਦੇ ਕਾਰਨ ਹਨ। ਸਭ ਤੋਂ ਪਹਿਲਾਂ ਤਾਂ ਇਨ੍ਹਾਂ ਕਾਰਨਾਂ ਨੂੰ ਦੂਰ ਕਰਨ ਦੀ ਲੋੜ ਹੈ। ਨਸ਼ਿਆਂ ਦੀ ਵਰਤੋਂ ਤੇ ਤਸਕਰੀ ਕਾਰਨ ਸਰੀਰਕ, ਮਾਨਸਿਕ, ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਦਿਨੋ-ਦਿਨ ਵਧ ਰਹੀਆਂ ਹਨ। ਨਸ਼ੇ ਦੀ ਜ਼ਿਆਦਾ ਮਾਤਰਾ ਵਿਚ ਡੋਜ਼ ਲੈਣ ਵਾਲੇ ਵਿਅਕਤੀਆਂ ਨੂੰ ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਲੱਗ ਜਾਂਦੀਆਂ ਹਨ। ਨਾਲ ਹੀ ਘਬਰਾਹਟ, ਪਾਗਲਪਨ, ਮੌਤ ਜਾਂ ਖ਼ੁਦਕੁਸ਼ੀ ਤੱਕ ਦੀ ਨੌਬਤ ਵੀ ਦੇਖਣ ਨੂੰ ਮਿਲਦੀ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਪਰਿਵਾਰਕ ਤੇ ਸਮਾਜਿਕ ਤੌਰ 'ਤੇ ਬਹੁਤ ਸਾਰੇ ਰਿਸ਼ਤਿਆਂ 'ਚ ਕੜਵਾਹਟ ਅਤੇ ਤਰੇੜਾਂ ਪੈ ਜਾਣ ਕਾਰਨ ਪਰਿਵਾਰਾਂ ਦੇ ਪਰਿਵਾਰ ਟੁੱਟ ਰਹੇ ਹਨ। ਨਸ਼ਿਆਂ ਦੀ ਲੱਤ ਕਾਰਨ ਲੜਾਈ-ਝਗੜੇ, ਹਿੰਸਾ, ਚੋਰੀ, ਡਾਕੇ, ਲੁੱਟ-ਖੋਹ, ਜਬਰ ਜਨਾਹ ਅਤੇ ਹਾਦਸਿਆਂ ਵਰਗੇ ਮਾਮਲਿਆਂ ਵਿਚ ਵਾਧਾ ਹੁੰਦਾ ਚੱਲਿਆ ਜਾ ਰਿਹਾ ਹੈ। ਨਸ਼ਿਆ ਦੀ ਗ਼ੈਰ-ਕਾਨੂੰਨੀ ਤਸਕਰੀ ਕਾਰਨ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਅਰਥਵਿਵਸਥਾ, ਕਾਨੂੰਨ ਵਿਵਸਥਾ 'ਤੇ ਬੋਝ ਪੈਂਦਾ ਹੈ ਅਤੇ ਸਰਹੱਦਾਂ 'ਤੇ ਤਣਾਅ ਵੀ ਵਧਦਾ ਹੈ। ਨਸ਼ਿਆ ਦੀ ਗ਼ੈਰ-ਕਾਨੂੰਨੀ ਤਸਕਰੀ ਰਾਹੀਂ ਹੀ ਅੱਤਵਾਦ ਨੂੰ ਫਡਿੰਗ ਹੁੰਦੀ ਹੈ, ਜਿਸ ਨਾਲ ਉਹ ਹਥਿਆਰਾਂ ਦੀ ਵਰਤੋਂ ਕਰ ਕੇ ਕਿਸੇ ਵੀ ਦੇਸ਼ ਦੀ ਅੰਦਰੂਨੀ ਸ਼ਾਂਤੀ ਨੂੰ ਭੰਗ ਕਰਦੇ ਹਨ। ਸੋ ਇਹ ਸਮਾਜ ਦੇ ਭਵਿੱਖ ਲਈ ਬਹੁਤ ਵੱਡੀ ਤੇ ਖ਼ਤਰਨਾਕ ਸਮੱਸਿਆ ਹੈ।
ਭਾਰਤ ਸਰਕਾਰ ਵਲੋਂ ਇਨ੍ਹਾਂ ਦੀ ਰੋਕਥਾਮ ਲਈ ਡਰੱਗਜ਼ ਅਤੇ ਕਾਸਮੈਟਿਕਸ ਐਕਟ 1940, ਐਨ.ਡੀ.ਪੀ.ਐਸ. ਐਕਟ 1985 ਅਤੇ ਐਨ.ਡੀ.ਪੀ.ਐਸ. ਐਕਟ 1985 ਤਹਿਤ ਗ਼ੈਰ-ਕਾਨੂੰਨੀ ਤਸਕਰੀ ਦੀ ਰੋਕਥਾਮ ਵਰਗੇ ਕਾਨੂੰਨ ਬਣਾਏ ਗਏ ਹਨ। ਇਸ ਤੋਂ ਇਲਾਵਾ ਨਾਰਕੋਟਿਕਸ ਕੰਟਰੋਲ ਬਿਊਰੋ (ਐਨ.ਸੀ.ਬੀ.), ਸੈਂਟਰਲ ਬਿਊਰੋ ਆਫ਼ ਨਾਰਕੋਟਿਕਸ (ਸੀ.ਬੀ.ਐਨ.), ਰਾਜ ਐਕਸਾਈਜ਼ ਵਿਭਾਗ ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਰਗੀਆਂ ਵੱਡੀਆਂ ਏਜੰਸੀਆਂ ਅਤੇ ਫਾਸਟ ਟਰੈਕ ਅਦਾਲਤਾਂ ਵੀ ਨਸ਼ਾ ਤਸਕਰਾਂ ਵਿਰੁੱਧ ਕਰਵਾਈ ਕਰਦੀਆਂ ਹਨ। ਸਰਕਾਰਾਂ ਵੀ ਸਮੇਂ-ਸਮੇਂ ਨਸ਼ਾਮੁਕਤੀ ਸਬੰਧੀ ਅਭਿਆਨ ਚਲਾਉਂਦੀਆਂ ਰਹਿੰਦੀਆਂ ਹਨ। ਪਰ ਫਿਰ ਵੀ ਨਤੀਜੇ ਸਾਡੇ ਸਭ ਦੇ ਸਾਹਮਣੇ ਹਨ। ਸੋ ਇਸ ਸੰਬੰਧੀ ਸਰਕਾਰਾਂ ਨੂੰ ਜਲਦੀ ਹੋਰ ਸਖ਼ਤ ਕਾਨੂੰਨ ਬਣਾਉਣ ਦੇ ਨਾਲ-ਨਾਲ ਲੋਕਾਂ ਨੂੰ ਜਾਗ੍ਰਿਤ ਕਰਨ ਲਈ ਮੁਹਿੰਮ ਚਲਾਉਣ ਦੀ ਲੋੜ ਹੈ ਤਾਂ ਜੋ ਇਸ ਸਮੱਸਿਆ 'ਤੇ ਕਾਬੂ ਪਾਇਆ ਜਾ ਸਕੇ ਅਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਤੰਦਰੁਸਤ ਤੇ ਡਰ ਰਹਿਤ ਸਮਾਜ ਦੀ ਸਿਰਜਣਾ ਹੋ ਸਕੇ। ਨਸ਼ਿਆ ਦੀ ਦੁਰਵਰਤੋਂ ਤੇ ਗ਼ੈਰ-ਕਾਨੂੰਨੀ ਤਸਕਰੀ ਵਿਰੁੱਧ ਪੰਜਾਬ ਸਰਕਾਰ ਵਲੋਂ 'ਯੁੱਧ ਨਸ਼ਿਆ ਵਿਰੁੱਧ' ਮੁਹਿੰਮ ਦਾ ਆਗਾਜ਼ ਕੀਤਾ ਗਿਆ। ਇਸ ਮੁਹਿੰਮ ਰਾਹੀਂ ਪੰਜਾਬ ਸਰਕਾਰ ਨੇ ਪੰਜਾਬ ਨੂੰ ਨਸ਼ਾਮੁਕਤ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਸਪੈਸ਼ਲ ਟਾਸਕ ਫੋਰਸ ਦੀ ਸਥਾਪਨਾ ਕਰ ਕੇ ਵੱਡੀ ਪੱਧਰ 'ਤੇ ਨਸ਼ੇ ਵੇਚਣ ਤੇ ਤਸਕਰੀ ਕਰਨ ਖ਼ਿਲਾਫ਼ ਸਖ਼ਤ ਕਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗ਼ੈਰ-ਕਾਨੂੰਨੀ ਨਸ਼ਿਆ ਦੀ ਵਰਤੋਂ ਰੋਕਣ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਪ੍ਰੋਗਰਾਮ ਵੀ ਚਲਾਏ ਜਾ ਰਹੇ ਹਨ। ਪੁਨਰਵਾਸ ਅਤੇ ਓਟ ਸੈਂਟਰਾਂ ਵਿਚ ਨਸ਼ਾ ਪੀੜਤ ਵਿਅਕਤੀਆਂ ਨੂੰ ਸਲਾਹ-ਮਸ਼ਵਰਾ ਅਤੇ ਕੋਰਸਾਂ ਰਾਹੀਂ ਸਿੱਧੇ ਰਾਹ ਪਾਉਣ ਦਾ ਯਤਨ ਕੀਤੇ ਜਾ ਰਹੇ ਹਨ।
ਨਸ਼ਿਆਂ ਦੀ ਦੁਰਵਰਤੋਂ ਤੇ ਤਸਕਰੀ ਵਿਰੁੱਧ ਅੰਤਰਾਸ਼ਟਰੀ ਦਿਵਸ ਸਿਰਫ਼ ਇਕ ਦਿਨ ਲਈ ਹੀ ਨਹੀਂ ਹੈ, ਸਗੋਂ ਇਹ ਦਿਨ ਸਾਨੂੰ ਯਾਦ ਕਰਵਾਉਂਦਾ ਹੈ ਕਿ ਨਸ਼ਾ ਇਕ ਵਿਅਕਤੀ ਦੀ ਨਹੀਂ, ਸਗੋਂ ਪੂਰੇ ਸਮਾਜ ਦੀ ਬਰਬਾਦੀ ਦਾ ਰਾਹ ਹੈ। ਸੋ ਇਸ ਬਿਮਾਰੀ ਵਿਰੁੱਧ ਸਰਕਾਰਾਂ, ਪੁਲਿਸ ਤੰਤਰ, ਸਮਾਜ, ਧਾਰਮਿਕ ਸੰਸਥਾਵਾਂ, ਪਿੰਡਾਂ, ਸਕੂਲਾਂ/ਕਾਲਜਾਂ ਅਤੇ ਹਰ ਇਕ ਨਾਗਰਿਕ ਦੀ ਭੂਮਿਕਾ ਮਹੱਤਵਪੂਰਨ ਹੈ। ਅਸੀਂ ਸਾਰੇ ਮਿਲ ਕੇ ਹੀ ਇਸ ਯੁੱਧ ਵਿਚ ਜਿੱਤ ਪ੍ਰਾਪਤ ਕਰ ਸਕਦੇ ਹਾਂ।

-ਵਾਸੀ ਰਾਮਪੁਰਾ ਫੂਲ, ਜਿਲ੍ਹਾ ਬਠਿੰਡਾ।
ਮੋਬਾਈਲ : 99152-40748

ਪਿਛਲੀ ਖ਼ਬਰ ਬੈਂਕ ਘੁਟਾਲੇ 'ਚ ਅਧਿਕਾਰੀਆਂ ਦੀ ਗ੍ਰਿਫ਼ਤਾਰੀ ਨਾਲ ਅਫ਼ਸਰਸ਼ਾਹੀ 'ਚ ਫੈਲੀ ਦਹਿਸ਼ਤ ਅਗਲੀ ਖ਼ਬਰ ਸਰਬ ਹਿੰਦ ਗੁਰਦੁਆਰਾ ਐਕਟ ਲਈ ਫਿਰ ਤੋਂ ਹੋਣ ਯਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।