03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਡਾ. ਅਮਰੀਕ ਸਿੰਘ ਚੀਮਾ ਨੂੰ ਯਾਦ ਕਰਦਿਆਂ

ਅਜੀਤ ਡੈਸਕ 18-07-2026

ਬਰਸੀ 'ਤੇ ਵਿਸ਼ੇਸ਼


ਸਬਜ਼ ਇਨਕਲਾਬ ਦੇ ਮੋਢੀਆਂ 'ਚ ਸ਼ੁਮਾਰ ਡਾ. ਅਮਰੀਕ ਸਿੰਘ ਚੀਮਾ ਨੂੰ ਅੱਜ 44 ਸਾਲ ਬਾਅਦ ਵੀ ਯਾਦ ਕੀਤਾ ਜਾਂਦਾ ਹੈ। ਉਹ ਬੜਾ ਦੂਰਅੰਦੇਸ਼ ਖੇਤੀ ਵਿਗਿਆਨੀ ਸੀ, ਜਿਸ ਨੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦਾ ਪੰਜਾਬ 'ਚ ਖੇਤੀ ਉਤਪਾਦਨ ਦੁੱਗਣਾ ਕਰਨ ਦਾ ਸੁਪਨਾ ਸਾਕਾਰ ਕੀਤਾ ਸੀ ਅਤੇ ਮੁੱਖ ਮੰਤਰੀ ਤੋਂ 'ਸੋਨ ਤਗ਼ਮਾ' ਲੈਣ ਦਾ ਮਾਣ ਪਾਇਆ ਸੀ। ਡਾ. ਚੀਮਾ ਪੰਜਾਬ ਦਾ ਖੇਤੀਬਾੜੀ ਡਾਇਰੈਕਟਰ ਤੇ ਭਾਰਤ ਦਾ ਐਗਰੀਕਲਚਰਲ ਕਮਿਸ਼ਨਰ ਰਹਿਣ ਤੋਂ ਬਾਅਦ ਵਿਸ਼ਵ ਬੈਂਕ 'ਚ ਉੱਚ ਅਹੁਦੇ 'ਤੇ ਗਿਆ। ਪਰ ਪੰਜਾਬ ਦੀ ਧਰਤੀ, ਖੇਤਰ ਦੀ ਕਿਸਾਨੀ ਤੇ ਉਦਯੋਗਪਤੀਆਂ ਦੀ ਖਿੱਚ ਨੇ ਉਸ ਨੂੰ ਵਿਸ਼ਵ ਬੈਂਕ ਤੋਂ ਥੋੜ੍ਹੇ ਅਰਸੇ ਬਾਅਦ ਹੀ ਵਾਪਸ ਆਉਣ ਲਈ ਮਜਬੂਰ ਕਰ ਦਿੱਤਾ। ਫਿਰ ਉਸ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਉਪ ਕੁਲਪਤੀ ਵਜੋਂ ਵਾਗਡੋਰ ਸੰਭਾਲੀ। ਖੇਤੀਬਾੜੀ ਯੂਨੀਵਰਸਿਟੀ ਨੂੰ ਉਹ ਪਿੰਡਾਂ 'ਚ ਲੈ ਗਏ ਅਤੇ ਕੌਣੀ ਵਿਖੇ ਹੋਮ ਸਾਇੰਸ ਕਾਲਜ ਦੀ ਸਥਾਪਨਾ ਕੀਤੀ। ਉਸ ਨੇ ਪੀ.ਏ.ਯੂ. 'ਚ ਬਦਲਵੀਂ ਪ੍ਰਣਾਲੀ (ਰੋਟੇਸ਼ਨ ਸਿਸਟਮ) ਜਾਰੀ ਕੀਤਾ, ਜਿਸ ਨਾਲ ਹਰ ਵਿਗਿਆਨੀ ਨੂੰ ਆਪਣੀ ਯੋਗਤਾ ਦਿਖਾਉਣ ਤੇ ਤਰੱਕੀ ਦਾ ਮੌਕਾ ਮਿਲਿਆ। ਯੂਨੀਵਰਸਿਟੀ 'ਚ ਕਈ ਡਿਸਪਿਲਿਨਜ਼ 'ਚ ਪੋਸਟ ਗ੍ਰੈਜੂਏਟ ਡਿਗਰੀ ਕੋਰਸ ਸ਼ੁਰੂ ਕੀਤੇ, ਜਿਨ੍ਹਾਂ ਰਾਹੀਂ ਵਿੱਦਿਅਕ ਯੋਗਤਾ ਤੇ ਡਿਗਰੀਆਂ ਪ੍ਰਾਪਤ ਕਰਕੇ ਕਈ ਵਿਅਕਤੀਆਂ ਨੇ ਵੱਖ-ਵੱਖ ਖੇਤਰਾਂ 'ਚ ਅਹਿਮ ਕਾਰਜ ਕੀਤੇ।
ਨੌਜਵਾਨ ਕਿਸਾਨ ਲਹਿਰ ਦੇ ਬਾਨੀ ਡਾ. ਚੀਮਾ ਖ਼ੁਦ ਇਕ ਸੰਸਥਾ ਸੀ। ਉਸ ਨੇ ਰੱਖੜਾ ਵਿਖੇ 'ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ' ਦੀ ਨੀਂਹ ਰੱਖੀ। ਪੰਜਾਬ ਚੈਂਬਰ ਆਫ ਐਗਰੀਕਲਚਰ ਅਤੇ ਆਲ ਇੰਡੀਆ ਚੈਂਬਰ ਆਫ ਐਗਰੀਕਲਚਰ ਸਥਾਪਤ ਕੀਤੇ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਜੂਦ 'ਚ ਲਿਆਉਣ ਲਈ ਪੂਰਾ ਯੋਗਦਾਨ ਪਾਇਆ। ਪੰਜਾਬ ਦੇ ਕਿਸਾਨਾਂ ਦੇ ਮਨ ਨੂੰ ਸ਼ਾਂਤੀ ਪਹੁੰਚਾਉਣ ਲਈ 'ਨਾਮਯੋਗ' ਪੁਸਤਕ ਲਿਖੀ ਅਤੇ ਨੌਜਵਾਨਾਂ ਤੇ ਹੋਰ ਵਿਅਕਤੀਆਂ ਲਈ 'ਗੀਤਾ ਐਂਡ ਯੂਥ ਟੁਡੇ' ਧਾਰਮਿਕ ਪੁਸਤਕ ਦੀ ਰਚਨਾ ਕੀਤੀ। ਖੇਤੀ ਗਿਆਨ ਤੇ ਵਿਗਿਆਨ ਸੰਬੰਧੀ ਅਨੇਕਾਂ ਲੇਖ ਲਿਖੇ। ਉਹ ਦਿਨ ਭਰ ਕਿਸਾਨਾਂ ਤੇ ਖੇਤੀ ਆਧਾਰਿਤ ਉਦਯੋਗਪਤੀਆਂ ਨੂੰ ਮਿਲ ਕੇ ਖੁਸ਼ ਹੁੰਦੇ ਸਨ ਤੇ ਫਾਈਲਾਂ ਦਾ ਕੰਮ ਸ਼ਾਮ ਨੂੰ ਦਫ਼ਤਰੀ ਸਮੇਂ ਤੋਂ ਬਾਅਦ ਕਰਦੇ ਸਨ। ਉਹ ਕਿਸਾਨਾਂ ਤੇ ਉਦਯੋਗਪਤੀਆਂ 'ਚ ਐਨੇ ਹਰਮਨ ਪਿਆਰੇ ਸਨ ਕਿ ਜਦੋਂ ਉਹ ਵਿਸ਼ਵ ਬੈਂਕ ਤੋਂ ਪੰਜਾਬ ਦੀ ਫੇਰੀ 'ਤੇ ਆਉਂਦੇ ਤਾਂ ਇਕਦਮ ਕਿਸਾਨ ਤੇ ਉਦਯੋਗਪਤੀ ਉਨ੍ਹਾਂ ਦੇ ਸਵਾਗਤ ਲਈ ਪਹੁੰਚ ਜਾਂਦੇ। ਉਨ੍ਹਾਂ ਨੇ ਪਿੰਡਾਂ ਦੇ ਕਈ ਮਿਸਤਰੀ, ਖੇਤੀ ਇੰਜੀਨੀਅਰ ਬਣਾਏ, ਜਿਸ ਕਰਕੇ ਅੱਜ ਭਾਦਸੋਂ 'ਚ ਕੰਬਾਈਨ ਉਦਯੋਗ ਸਿਖ਼ਰ 'ਤੇ ਹੈ। ਉਨ੍ਹਾਂ ਵਲੋਂ ਬਣਾਏ ਮਿਸਤਰੀ ਅੱਜ ਵੱਡੇ ਉਦਯੋਗਪਤੀਆਂ ਵਜੋਂ ਜਾਣੇ ਜਾਂਦੇ ਹਨ, ਜਿਨ੍ਹਾਂ 'ਚ ਕਰਤਾਰ ਐਗਰੋ ਇੰਡਸਟਰੀ ਸਿਰ ਕੱਢਵੀਂ ਹੈ। ਖੇਤੀ ਪ੍ਰਸਾਰ ਸੇਵਾ ਦੇ ਉਹ ਸਿਰੇ ਦੇ ਵਿਗਿਆਨੀ ਸਨ। ਸਬਜ਼-ਇਨਕਲਾਬ ਦੇ ਬਾਨੀ ਤੇ ਉਸ ਵੇਲੇ ਦੇ ਕੇਂਦਰ ਦੇ ਸਿਰ ਕੱਢਵੇਂ ਮੰਤਰੀ ਸੀ. ਸੁਬਰਾਮਨੀਅਮ ਦੀ ਅਗਵਾਈ 'ਚ ਆਈ.ਸੀ.ਏ.ਆਰ. ਦੇ ਡਾਇਰੈਕਟਰ ਜਨਰਲ ਡਾ. ਐਮ.ਐਸ. ਸਵਾਮੀਨਾਥਨ ਨਾਲ ਮੈਕਸੀਕੋ ਤੋਂ ਕਣਕ ਦੀਆਂ ਮਧਰੀਆਂ 'ਲਰਮਾ ਰੋਜ਼ੋ' ਤੇ 'ਸਨੋਰਾ-64' ਆਦਿ ਅਤੇ ਤਾਇਵਾਨ ਤੋਂ ਚੌਲਾਂ ਦੀ ਟੀ.ਐਨ.-1 ਕਿਸਮਾਂ ਲਿਆ ਕੇ ਪੰਜਾਬ ਦੇ ਕਿਸਾਨਾਂ ਨੂੰ ਮੁਹੱਈਆ ਕਰਾਉਣ 'ਚ ਯੋਗਦਾਨ ਪਾਇਆ, ਜਿਸ ਕਾਰਨ ਅੱਜ ਪੰਜਾਬ ਕਣਕ ਤੇ ਚੌਲਾਂ ਦੀ ਕਾਸ਼ਤ 'ਚ ਮੋਹਰੀ ਹੈ। ਕੇਂਦਰ ਦੇ ਸੀਨੀਅਰ ਮੰਤਰੀ ਤੇ ਸਬਜ਼ ਇਨਕਲਾਬ ਦੇ ਬਾਨੀ ਸੀ. ਸੁਬਰਾਮਨੀਅਮ, ਖੇਤੀਬਾੜੀ ਮੰਤਰੀ ਬਾਬੂ ਜਗਜੀਵਨ ਰਾਮ ਤੇ ਪੰਜਾਬ ਦੇ ਮੁੱਖ ਮੰਤਰੀ ਕੈਰੋਂ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਅਤੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਤੱਕ ਸਾਰੇ ਡਾ. ਚੀਮਾ 'ਤੇ ਪੂਰਾ ਵਿਸ਼ਵਾਸ਼ ਰੱਖਦੇ ਸਨ ਤੇ ਖੇਤੀ ਮਾਮਲਿਆਂ 'ਚ ਉਨ੍ਹਾਂ ਦੀ ਸਲਾਹ ਲੈਂਦੇ ਸਨ।
ਡਾ. ਚੀਮਾ ਨੇ ਕੇਂਦਰ ਦੇ ਇਨ੍ਹਾਂ ਦੋਵਾਂ ਮੰਤਰੀਆਂ ਦੀ ਅਗਵਾਈ 'ਚ ਸਟੇਟ ਬੈਂਕ ਆਫ ਪਟਿਆਲਾ ਨੂੰ ਬੈਂਕਾਂ ਦੇ ਕੌਮੀਕਰਨ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਕਰਜ਼ੇ ਦੇਣ ਲਈ ਪ੍ਰੇਰਿਆ ਅਤੇ ਉਸ ਵੇਲੇ ਦੇ ਰਿਜਨ ਦੇ ਮੁੱਖ ਬੈਂਕ ਸਟੇਟ ਬੈਂਕ ਆਫ ਪਟਿਆਲਾ ਤੋਂ ਨਨਾਣਸੂ ਪ੍ਰਾਜੈਕਟ ਸ਼ੁਰੂ ਕਰਾ ਕੇ ਪਿੰਡਾਂ 'ਚ ਲਿਆਂਦਾ। ਉਹ ਨੌਜਵਾਨਾਂ ਨੂੰ ਰੁਜਗ਼ਾਰ ਮੁਹੱਈਆ ਕਰਨ 'ਚ ਬੜਾ ਸਹਾਈ ਹੁੰਦੇ ਸਨ। ਉਨ੍ਹਾਂ ਨੇ 'ਬਾਜ਼ੀਗਰ ਗ੍ਰਾਮ ਸੁਧਾਰ ਸਭਾ' ਸਥਾਪਤ ਕਰ ਕੇ ਬਾਜ਼ੀਗਰ ਭਾਈਚਾਰੇ ਨੂੰ ਸ਼ਾਮਲਾਟ ਜ਼ਮੀਨਾਂ 'ਤੇ ਆਬਾਦ ਕਰਕੇ ਵਿਹਲੀਆਂ ਪਈਆਂ ਜ਼ਮੀਨਾਂ ਨੂੰ ਕਾਸ਼ਤ ਯੋਗ ਬਣਾਇਆ ਅਤੇ ਬਾਜ਼ੀਗਰ ਤੇ ਹੋਰ ਸ਼੍ਰੇਣੀਆਂ ਨੂੰ ਰੁਜ਼ਗਾਰ ਮੁਹੱਈਆ ਕੀਤਾ। ਘੁਮਹਾਰਾਂ ਨੂੰ ਰੇੜ੍ਹੇ ਕਰਜ਼ੇ 'ਤੇ ਦਿਵਾ ਕੇ ਉਨ੍ਹਾਂ ਨੂੰ ਵੀ ਰੁਜ਼ਗਾਰ ਮੁਹੱਈਆ ਕੀਤਾ। ਸੇਵਾਮੁਕਤੀ ਤੋਂ ਬਾਅਦ ਵੀ ਡਾ. ਚੀਮਾ ਘਰ ਨਹੀਂ ਸੀ ਬੈਠੇ। ਉਹ ਨੌਜਵਾਨਾਂ ਨੂੰ ਜ਼ਮੀਨਾਂ ਦਿਵਾ ਕੇ ਰੁਜ਼ਗ਼ਾਰ 'ਤੇ ਲਾਉਣ ਲਈ ਅਤੇ ਉਨ੍ਹਾਂ ਨੂੰ ਹੋਰ ਕਿੱਤਿਆਂ 'ਚ ਪਾਉਣ ਲਈ ਮੌਕਿਆਂ ਦੀ ਭਾਲ 'ਚ ਤਨਜ਼ਾਨੀਆ ਗਏ, ਜਿੱਥੇ ਉਹ 18 ਜੁਲਾਈ 1982 ਨੂੰ ਅਕਾਲ ਚਲਾਣਾ ਕਰ ਗਏ। ਡਾ. ਚੀਮਾ ਦੀ ਕਾਮਯਾਬੀ 'ਚ ਉਨ੍ਹਾਂ ਦੀ ਪਤਨੀ ਰਾਮਿੰਦਰ ਕੌਰ ਤੇ ਉਨ੍ਹਾਂ ਦੇ ਫ਼ਰਜੰਦ ਦਾ ਵੀ ਬੜਾ ਯੋਗਦਾਨ ਹੈ। ਸਿਰੇ ਦੇ ਮੇਜ਼ਬਾਨ ਸਨ ਰਾਮਿੰਦਰ ਕੌਰ ਤੇ ਕਰਮਯੋਗੀ ਸਨ ਜਗਦੀਪ ਸਿੰਘ ਚੀਮਾ। ਕਿਸੇ ਵਿਅਕਤੀ ਨੂੰ ਜੋ ਉਨ੍ਹਾਂ ਦੀ ਰਿਹਾਇਸ਼ 'ਤੇ ਡਾ. ਚੀਮਾ ਨੂੰ ਮਿਲਣ ਆਇਆ, ਬਿਨਾਂ ਮਿਲੇ ਵਾਪਸ ਨਹੀਂ ਜਾਣ ਦਿੱਤਾ ਗਿਆ।
ਡਾ. ਚੀਮਾ ਦਾ ਜਨਮ 1918 'ਚ 1 ਸਤੰਬਰ ਨੂੰ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਦੇ ਪਿੰਡ ਵਧਾਈ ਚੀਮਾ ਵਿਖੇ ਹੋਇਆ। ਭਾਵੇਂ ਉਹ ਥੋੜ੍ਹੀ ਉਮਰ 'ਚ ਹੀ ਅਕਾਲ ਚਲਾਣਾ ਕਰ ਗਏ ਪਰ ਉਹ ਪੰਜਾਬ ਦੇ ਵਿਕਾਸ ਖ਼ਾਸ ਕਰਕੇ ਰਾਜ ਦੀ ਖੇਤੀਬਾੜੀ ਵਿਚ ਪਾਏ ਯੋਗਦਾਨ ਕਰਕੇ ਆਪਣਾ ਵੱਡਾ ਪ੍ਰਭਾਵ ਛੱਡ ਗਏ।

ਈਮੇਲ : bhagwandass226@gmail.com

ਪਿਛਲੀ ਖ਼ਬਰ ਪਿੰਡ ਜਗਜੀਤਪੁਰਾ ਵਿਖੇ ਭਾਈ ਤਾਰੂ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਅਗਲੀ ਖ਼ਬਰ ਸਿਹਤ ਵਿਭਾਗ ਵਲੋਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਲਈ ਮੁਫ਼ਤ ਅੱਖਾਂ ਦੀ ਜਾਂਚ ਅਤੇ ਐਨਕਾਂ ਦੇ ਵਿਸ਼ੇਸ਼ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।